عربيEnglish

The Noble Qur'an Encyclopedia

Towards providing reliable exegeses and translations of the meanings of the Noble Qur'an in the world languages

The Thunder [Ar-Rad] - Bunjabi translation

Surah The Thunder [Ar-Rad] Ayah 43 Location Maccah Number 13

1਼ ਅਲਿਫ਼, ਲਾਮ, ਰਾ। (ਹੇ ਨਬੀ!) ਇਹ (ਰੱਬੀ) ਕਿਤਾਬ (.ਕੁਰਆਨ) ਦੀਆਂ ਆਇਤਾਂ (ਆਦੇਸ਼) ਹਨ ਜੋ ਤੁਹਾਡੇ ਰੱਬ ਵੱਲੋਂ ਤੁਹਾਡੇ ’ਤੇ ਉਤਾਰੀਆਂ ਗਈਆਂ ਹਨ। ਉਹ ਹੱਕ ਸੱਚ (’ਤੇ ਆਧਾਰਿਤ) ਹਨ, ਪਰ ਵਧੇਰੇ ਲੋਕੀ ਫੇਰ ਵੀ ਈਮਾਨ ਨਹੀਂ ਲਿਆਉਂਦੇ।

2਼ ਅੱਲਾਹ ਉਹ ਜ਼ਾਤ ਹੈ ਜਿਸ ਨੇ ਥੰਮ੍ਹਾਂ ਤੋਂ ਬਿਨਾਂ ਉਹਨਾਂ ਅਕਾਸ਼ਾਂ ਨੂੰ ਉੱਚਾ ਸਥਾਪਿਤ ਕੀਤਾ, ਜਿਹੜੇ (ਅਕਾਸ਼) ਤੁਹਾਨੂੰ ਵਿਖਾਈ ਦਿੰਦੇ ਹਨ। ਫੇਰ ਉਹ ਆਪਣੀ ਰਾਜ ਗੱਦੀ ’ਤੇ ਵਿਰਾਜਮਾਨ ਹੋ ਗਿਆ ਅਤੇ ਸੂਰਜ ਤੇ ਚੰਨ ਨੂੰ ਕੰਮ ’ਤੇ ਲਾਇਆ। ਹਰੇਕ ਆਪਣੇ ਨਿਯਤ ਸਮੇਂ ਤੀਕ ਲਈ ਚੱਲ ਰਿਹਾ ਹੈ। ਉਹੀ ਹਰ ਕੰਮ ਦਾ ਪ੍ਰਬੰਧ ਕਰਦਾ ਹੈ ਅਤੇ ਆਪਣੀਆਂ ਨਿਸ਼ਾਨੀਆਂ ਵਿਸਥਾਰ ਨਾਲ ਵਰਣਨ ਕਰ ਰਿਹਾ ਹੈ ਤਾਂ ਜੋ ਤੁਸੀਂ ਆਪਣੇ ਰੱਬ ਦੀ ਮਿਲਣੀ ’ਤੇ ਵਿਸ਼ਵਾਸ ਕਰ ਲਵੋ।

3਼ ਉਹੀ (ਅੱਲਾਹ) ਹੈ ਜਿਸ ਨੇ ਧਰਤੀ ਨੂੰ (ਫਰਸ਼ ਵਾਂਗ) ਵਿਛਾਇਆ ਹੈ ਅਤੇ ਇਸ ਵਿਚ ਪਹਾੜ ਤੇ ਨਹਿਰਾਂ ਨੂੰ ਬਣਾਇਆ ਅਤੇ ਇਸ ਵਿਚ ਭਾਂਤ-ਭਾਂਤ ਦੇ ਫਲਾਂ ਦੇ ਦੋ-ਦੋ ਜੋੜੇ ਬਣਾਏ। ਉਹ ਦਿਨ ਨੂੰ ਰਾਤ ਨਾਲ ਢੱਕਦਾ ਹੈ। ਬੇਸ਼ੱਕ ਇਸ ਵਿਚ ਉਹਨਾਂ ਲੋਕਾਂ ਲਈ ਬਥੇਰੀਆਂ ਨਿਸ਼ਾਨੀਆਂ ਹਨ, ਜਿਹੜੇ ਸੋਚ ਵਿਚਾਰ ਕਰਦੇ ਹਨ।

4਼ ਧਰਤੀ ਵਿਚ ਇਕ ਦੂਜੇ ਨਾਲ ਲੱਗਦੇ ਖੱਤੇ ਹਨ, ਅੰਗੂਰਾਂ ਦੇ ਬਾਗ਼, ਖੇਤੀਆਂ ਅਤੇ ਖਜੂਰਾਂ ਦੇ ਰੁੱਖ ਹਨ, ਜਿੰਨ੍ਹਾ ਦੀਆਂ ਜੜ੍ਹਾਂ ਆਪਸ ਵਿਚ ਮਿਲੀਆਂ ਹੋਈਆਂ ਹਨ ਅਤੇ ਅੱਡੋ-ਅੱਡ ਵੀ ਹਨ, ਇਹਨਾਂ ਸਾਰਿਆਂ ਨੂੰ ਇਕ ਹੀ ਪਾਣੀ ਸਿੰਜਦਾ ਹੈ। ਅਸੀਂ ਕੁੱਝ ਫਲਾਂ ਨੂੰ ਸੁਆਦ ਵਿਚ ਦੂਜੇ ਫਲਾਂ ਨਾਲੋਂ ਚੰਗੇਰਾ ਬਣਾ ਦਿੰਦੇ ਹਾਂ। ਬੇਸ਼ੱਕ ਇਹਨਾਂ ਚੀਜ਼ਾਂ ਵਿਚ ਉਹਨਾਂ ਲੋਕਾਂ ਲਈ ਨਿਸ਼ਾਨੀਆਂ ਹਨ, ਜਿਹੜੇ ਅਕਲ-ਸਮਝ ਰੱਖਦੇ ਹਨ।

5਼ ਜੇ ਤੁਸੀਂ ਅਚਰਜ ਕਰਨਾ ਹੀ ਹੈ ਤਾਂ ਅਚਰਜਯੋਗ ਤਾਂ ਉਹਨਾਂ (ਕਾਫ਼ਿਰਾਂ) ਦਾ ਇਹ ਕਹਿਣਾ ਹੈ ਕਿ ਜਦੋਂ ਅਸੀਂ (ਮਰ ਕੇ) ਮਿੱਟੀ ਹੋ ਜਾਵਾਂਗੇ ਤਾਂ ਕੀ ਸਾਨੂੰ ਨਵੇਂ ਸਿਿਰਓਂ ਪੈਦਾ ਕੀਤਾ ਜਾਵੇਗਾ ? ਇਹੋ ਉਹ ਲੋਕ ਹਨ ਜਿਹੜੇ ਆਪਣੇ ਰੱਬ ਦੇ ਇਨਕਾਰੀ ਹਨ ਅਤੇ ਇਹੋ ਹਨ ਜਿਨ੍ਹਾਂ ਦੀਆਂ ਗਰਦਨਾਂ ਵਿਚ (ਕਿਆਮਤ ਦਿਹਾੜੇ) ਪਟੇ ਪਏ ਹੋਣਗੇ ਅਤੇ ਇਹੋ ਨਰਕ ਵਿਚ ਜਾਣ ਵਾਲੇ ਹਨ, ਜਿੱਥੇ ਉਹ ਸਦਾ ਲਈ ਰਹਿਣਗੇ।

6਼ (ਹੇ ਨਬੀ!) ਉਹ ਲੋਕ ਤੁਹਾਥੋਂ ਭਲਾਈ (ਰੱਬ ਦੀ ਮਿਹਰ) ਤੋਂ ਪਹਿਲਾਂ ਬੁਰਾਈ (ਰੱਬੀ ਅਜ਼ਾਬ) ਚਾਹੁੰਦੇ ਹਨ, ਹਾਲਾਂ ਕਿ ਇਹਨਾਂ ਤੋਂ ਪਹਿਲਾਂ (ਅਜ਼ਾਬ ਦੀਆਂ ਸਿੱਖਿਆਦਾਇਕ) ਮਿਸਾਲਾਂ ਗੁਜ਼ਰ ਚੁੱਕੀਆਂ ਹਨ ਅਤੇ ਬੇਸ਼ੱਕ ਤੁਹਾਡਾ ਰੱਬ ਲੋਕਾਂ ਵੱਲੋਂ ਵਧੀਕੀਆਂ ਹੋਣ ਦੇ ਬਾਵਜੂਦ ਉਹਨਾਂ ਨੂੰ ਬਖ਼ਸ਼ਣ ਵਾਲਾ ਹੈ। (ਹਕੀਕਤ ਇਹ ਵੀ ਹੈ ਕਿ) ਬੇਸ਼ੱਕ ਤੁਹਾਡਾ ਰੱਬ ਕਰੜੀ ਸਜ਼ਾ ਦੇਣ ਵਾਲਾ ਹੈ।

7਼ ਕਾਫ਼ਿਰ ਲੋਕ ਕਹਿੰਦੇ ਹਨ ਕਿ ਇਸ (ਮੁਹੰਮਦ ਸ:) ’ਤੇ ਇਸ ਦੇ ਰੱਬ ਵੱਲੋਂ (ਨਬੀ ਹੋਣ ਦੀ) ਕੋਈ ਨਿਸ਼ਾਨੀ ਕਿਉਂ ਨਹੀਂ ਉਤਾਰੀ ਗਈ ? (ਹੇ ਨਬੀ!) ਤੁਸੀਂ ਤਾਂ ਕੇਵਲ (ਰੱਬੀ ਅਜ਼ਾਬ ਤੋਂ) ਡਰਾਉਣ ਵਾਲੇ ਹੋ। (ਕਿਉਂ ਜੋ) ਹਰੇਕ ਕੌਮ ਲਈ (ਰੱਬ ਵੱਲੋਂ) ਇਕ ਮਾਰਗ ਦਰਸ਼ਕ ਹੁੰਦਾ ਹੈ।

8਼ ਹਰ ਮਦੀਨ ਜੋ ਵੀ ਆਪਣੇ ਗਰਭ ਵਿਚ ਚੁੱਕੀ ਫਿਰਦੀ ਹੈ, ਅੱਲਾਹ ਉਸ ਨੂੰ ਜਾਣਦਾ ਹੈ ਅਤੇ ਗਰਭਾਂ ਦਾ ਘਟਣਾ-ਵਧਣਾ ਵੀ (ਜਾਣਦਾ ਹੈ)। ਉਸ ਦੇ ਕੋਲ ਹਰ ਚੀਜ਼ ਲਈ ਇਕ ਪਰਿਮਾਣ ਨਿਸ਼ਚਿਤ ਹੈ।

9਼ ਉਹ ਗ਼ੈਬ (ਪਰੋਖ) ਤੇ ਜ਼ਾਹਿਰ (ਪਰਤੱਖ) ਦਾ ਜਾਣਨ ਵਾਲਾ ਹੈ। ਉਹ ਮਹਾਨ ਤੇ ਸਰਵਉੱਚ ਹੈ।

10਼ ਤੁਹਾਡੇ ਵਿੱਚੋਂ ਭਾਵੇਂ ਕੋਈ ਹੌਲੀ-ਹੌਲੀ ਗੱਲਾਂ ਕਰੇ ਜਾਂ ਉੱਚੀ-ਉੱਚੀ, ਅਤੇ ਭਾਵੇਂ ਕੋਈ ਰਾਤ ਦੇ ਹਨੇਰਿਆਂ ਵਿਚ ਲੁਕਿਆ ਹੋਵੇ ਜਾਂ ਦਿਨ ਦੇ ਚਾਨਣੇ ਵਿਚ ਚੱਲ ਰਿਹਾ ਹੋਵੇ, ਅੱਲਾਹ ਲਈ ਸਭ ਇਕ ਸਮਾਨ ਹੈ।

11਼ ਉਸ (ਮਨੁੱਖ) ਲਈ ਵਾਰੀ-ਵਾਰੀ ਆਉਣ ਵਾਲੇ ਫ਼ਰਿਸ਼ਤੇ ਹਨ ਜਿਹੜੇ ਉਸ ਦੇ ਅੱਗੇ-ਪਿੱਛੇ ਲੱਗੇ ਹੋਏ ਹਨ ਅੱਲਾਹ ਦੇ ਹੁਕਮ ਨਾਲ ਉਸ ਦੀ ਦੇਖ-ਭਾਲ ਕਰਦੇ ਹਨ।1 ਅੱਲਾਹ ਕਿਸੇ ਕੌਮ ਦੀ ਹਾਲਤ ਉਦੋਂ ਤਕ ਨਹੀਂ ਬਦਲਦਾ ਜਦੋਂ ਤੀਕ ਉਹ ਆਪਣੇ ਮਨ ਦੀ ਅਵਸਥਾ ਨੂੰ ਨਹੀਂ ਬਦਲਦੀ। ਜਦੋਂ ਅੱਲਾਹ ਕਿਸੇ ਕੌਮ ਨਾਲ ਬੁਰਾਈ (ਅਜ਼ਾਬ) ਦਾ ਇਰਾਦਾ ਕਰਦਾ ਹੈ ਤਾਂ ਫੇਰ ਉਸ ਨੂੰ ਟਾਲਣ ਵਾਲਾ ਕੋਈ ਨਹੀਂ ਅਤੇ ਉਹਨਾਂ ਲਈ ਉਸ (ਅੱਲਾਹ) ਤੋਂ ਛੁੱਟ ਕੋਈ ਕਾਰਜ ਸਾਧਕ ਵੀ ਨਹੀਂ।

12਼ (ਅੱਲਾਹ) ਉਹੀਓ ਹੈ ਜਿਹੜਾ ਤੁਹਾਨੂੰ ਡਰਾਉਣ ਲਈ ਅਤੇ ਆਸਾਂ ਜਗਾਉਣ ਲਈ ਬਿਜਲੀਆਂ (ਦੀ ਲਿਸ਼ਕ) ਵਿਖਾਉਂਦਾ ਹੈ ਅਤੇ (ਪਾਣੀ ਨਾਲ) ਲੱਦੇ ਹੋਏ ਬੱਦਲ ਉਠਾਉਂਦਾ ਹੈ।

13਼ ਬੱਦਲਾਂ ਦੀ ਕੜਕ 2 ਉਸ ਦੀ ਉਸਤਤ ਦੇ ਨਾਲ ਉਸ ਦੀ ਤਸਬੀਹ (ਪਾਕੀ ਬਿਆਨ) ਕਰਦੀ ਹੈ ਅਤੇ ਫ਼ਰਿਸ਼ਤੇ ਵੀ ਉਹਦੇ ਡਰ-ਖ਼ੌਫ਼ ਤੋਂ (ਕੰਬਦੇ ਹੋਏ) ਉਹਦੀ ਤਸਬੀਹ ਕਰਦੇ ਹਨ। ਉਹੀ (ਅਕਾਸ਼ੋਂ) ਕੜਕਦੀਆਂ ਬਿਜਲੀਆਂ ਭੇਜਦਾ ਹੈ ਅਤੇ ਜਿਸ (ਥਾਂ) ’ਤੇ ਵੀ ਚਾਹੁੰਦਾ ਹੈ ਡੇਗ ਦਿੰਦਾ ਹੈ ਜਦ ਕਿ ਉਹ (ਕਾਫ਼ਿਰ) ਅੱਲਾਹ ਬਾਰੇ ਝਗੜ ਰਹੇ ਹੁੰਦੇ ਹਨ,ਵਾਸਤਵ ਵਿਚ ਉਸ ਦੀ ਚਾਲ ਜ਼ਬਰਦਸਤ ਹੁੰਦੀ ਹੈ।

14਼ ਉਸੇ (ਅੱਲਾਹ) ਨੂੰ (ਹਰ ਲੋੜ ਲਈ) ਪੁਕਾਰਨ ਦਾ ਹੱਕ ਬਣਦਾ ਹੈ। ਜਿਹੜੇ ਲੋਕ ਉਸ ਨੂੰ ਛੱਡ ਕੇ ਹੋਰਾ ਇਸ਼ਟਾਂ ਨੂੰ ਪੁਕਾਰਦੇ ਹਨ ਉਹ ਉਹਨਾਂ ਦੇ ਕਿਸੇ ਵੀ ਗੱਲ ਦਾ ਉੱਤਰ ਨਹੀਂ ਦੇ ਸਕਦੇ। ਜਿਵੇਂ ਕੋਈ ਵਿਅਕਤੀ ਆਪਣੇ ਦੋਹਾਂ ਹੱਥਾਂ ਨੂੰ ਪਾਣੀ ਵੱਲ ਪਸਾਰ ਕੇ ਬੇਨਤੀ ਕਰੇ ਕਿ ਪਾਣੀ ਉਸ ਦੇ ਮੂੰਹ ਤੀਕ ਪੁੱਜ ਜਾਵੇ ਜਦੋਂ ਕਿ ਉਹ (ਪਾਣੀ) ਉਸ ਦੇ ਮੂੰਹ ਤੀਕ ਪੁਜਣ ਜੋਗਾ ਨਹੀਂ। (ਇਸੇ ਤਰ੍ਹਾਂ) ਇਨਕਾਰੀਆਂ ਦੀਆਂ ਜਿੰਨੀਆਂ ਵੀ ਅਰਦਾਸਾਂ ਹਨ ਉਹ ਸਾਰੀਆਂ ਗੁਮਰਾਹੀ ਵਾਲੀਆਂ ਹਨ।

15਼ ਅੱਲਾਹ ਨੂੰ ਹੀ ਧਰਤੀ ਤੇ ਅਕਾਸ਼ਾਂ ਦੀਆਂ ਸਾਰੀਆਂ ਚੀਜ਼ਾਂ, ਚਾਹੁੰਦੀਆਂ ਤੇ ਨਾ ਚਾਹੁੰਦੀਆਂ, ਸਿਜਦਾ ਕਰਦੀਆਂ ਹਨ ਅਤੇ ਉਹਨਾਂ ਚੀਜ਼ਾਂ ਦੇ ਪਰਛਾਵੇਂ ਵੀ ਸੰਝ-ਸਵੇਰੇ (ਉਹਦੇ ਅੱਗੇ ਝੁਕਦੇ ਹਨ)।

16਼ (ਹੇ ਨਬੀ!) ਤੁਸੀਂ ਇਹਨਾਂ ਤੋਂ ਪੁੱਛੋ ਕਿ ਅਕਾਸ਼ਾਂ ਤੇ ਧਰਤੀ ਦਾ ਰੱਬ (ਸਿਰਜਨਹਾਰ) ਕੌਣ ਹੈ ? ਤੁਸੀਂ ਆਖ ਦਿਓ ਕਿ ਅੱਲਾਹ ਹੈ! ਫਿਰ ਇਹਨਾਂ ਨੂੰ ਆਖੋ, ਕੀ ਤੁਸੀਂ ਅੱਲਾਹ ਤੋਂ ਛੁੱਟ ਉਹ ਹਿਮਾਇਤੀ ਬਣਾਏ ਹੋਏ ਹਨ ਜਿਹੜੇ ਆਪਣੀ ਜ਼ਾਤ ਲਈ ਵੀ ਲਾਭ-ਹਾਣ ਦਾ ਅਧਿਕਾਰ ਨਹੀਂ ਰੱਖਦੇ। ਪੁੱਛ ਕੀ ਅੰਨ੍ਹਾ ਤੇ ਸੁਜਾਖਾ ਇਕ ਸਮਾਨ ਹੋ ਸਕਦਾ ਹੈ ? ਜਾਂ ਕੀ ਹਨੇਰਾ ਤੇ ਚਾਨਣ ਇਕ ਬਰਾਬਰ ਹੋ ਸਕਦਾ ਹੈ ? ਜਿਨ੍ਹਾਂ ਨੂੰ ਤੁਸੀਂ ਅੱਲਾਹ ਦਾ ਸ਼ਰੀਕ ਬਣਾਇਆ ਹੈ ਕੀ ਉਹਨਾਂ ਨੇ ਵੀ ਅੱਲਾਹ ਵਾਂਗ ਕਿਸੇ ਨੂੰ ਸਾਜਿਆ ਹੈ ? ਜਿਸ ਕਾਰਨ ਰੱਬ ਵੱਲੋਂ ਸਾਜਿਆ ਹੋਇਆ (ਕੁੱਲ ਜਹਾਨ) ਉਹਨਾਂ ਲਈ ਸ਼ੱਕ-ਸ਼ੁਬਾਹ ਵਾਲਾ ਹੋ ਗਿਆ ਹੈ ? (ਹੇ ਨਬੀ!) ਆਖ ਦਿਓ ਕਿ ਕੇਵਲ ਅੱਲਾਹ ਹੀ ਸਾਰੀਆਂ ਚੀਜ਼ਾਂ ਦਾ ਖ਼ਾਲਿਕ (ਸਿਰਜਨਹਾਰ) ਹੈ। ਉਹ ਇੱਕੋ-ਇਕ ਹੈ ਤੇ ਸਭਨਾਂ ’ਤੇ ਭਾਰੂ ਹੈ।

17਼ ਉਸੇ (ਅੱਲਾਹ) ਨੇ ਅਕਾਸ਼ ਤੋਂ ਪਾਣੀ ਨਾਜ਼ਲ ਕੀਤਾ ਅਤੇ ਆਪਣੀ-ਆਪਣੀ ਸਮਾਈ ਅਨੁਸਾਰ ਨਦੀ ਨਾਲੇ (ਉਸ ਪਾਣੀ ਨੂੰ ਲੈ ਕੇ) ਵਗਣ ਲਗ ਪਏ, ਫੇਰ ਜਦੋਂ ਹੜ੍ਹ ਆਇਆ ਤਾਂ ਉੱਤੇ ਝੱਗ ਆ ਗਈ। ਇਸੇ ਪ੍ਰਕਾਰ ਦੀ ਝੱਗ ਉਹਨਾਂ ਧਾਤਾਂ ਤੋਂ ਵੀ ਉਠਦੀ ਹੈ ਜਿਨ੍ਹਾਂ ਨੂੰ ਗਿਹਣੇ ਜਾਂ ਦੂਜੇ ਸਮਾਨ ਬਣਾਉਣ ਲਈ ਅੱਗ ਵਿਚ ਢਾਲਿਆ ਜਾਂਦਾ ਹੈ। ਇਸ ਪ੍ਰਕਾਰ ਅੱਲਾਹ ਸੱਚ ਤੇ ਝੂਠ ਦੀ ਉਦਾਹਰਨ ਦਿੰਦਾ ਹੈ। ਸੋ ਜਿਹੜੀ ਝੱਗ ਹੈ ਉਹ ਸੁੱਕ ਕੇ ਉੱਡ ਜਾਂਦੀ ਹੈ ਪਰ ਜਿਹੜੀ ਚੀਜ਼ ਲੋਕਾਂ ਨੂੰ ਲਾਭ ਦੇਣ ਵਾਲੀ ਹੈ, ਉਹ ਧਰਤੀ ’ਤੇ ਰਹਿ ਜਾਂਦੀ ਹੈ।1 ਅੱਲਾਹ ਇੰਜ ਹੀ ਉਦਹਾਰਣਾਂ ਦਿੰਦਾ ਹੈ (ਤਾਂ ਜੋ ਸਮਝਣ ਵਿਚ ਆਸਾਨੀ ਹੋਵੇ)।

18਼ ਜਿਨ੍ਹਾਂ ਲੋਕਾਂ ਨੇ ਆਪਣੇ ਪਾਲਣਹਾਰ ਦਾ ਹੁਕਮ ਮੰਨਿਆ, ਉਹਨਾਂ ਲਈ ਭਲਾਈ ਹੈ ਅਤੇ ਜਿਨ੍ਹਾਂ ਨੇ ਉਸ ਦਾ ਹੁਕਮ ਨਹੀਂ ਮੰਨਿਆਂ, ਜੇਕਰ ਉਹਨਾਂ ਕੋਲ ਉਹ ਸਭ ਕੁੱਝ ਹੋਵੇ ਜੋ ਧਰਤੀ ’ਤੇ ਹੈ ਅਤੇ ਉੱਨਾਂ ਹੀ ਹੋਰ ਹੋਵੇ ਤਾਂ ਉਹ ਸਭ ਕੁੱਝ (ਕਿਆਮਤ ਦਿਹਾੜੇ) ਫ਼ਿਦਿਆ (ਛੁਡਵਾਈ ਵਜੋਂ) ਦੇਣ ਲਈ ਤਿਆਰ ਹੋ ਜਾਣਗੇ। 2 ਇਹੋ ਉਹ ਲੋਕ ਹਨ ਜਿਨ੍ਹਾਂ ਤੋਂ ਕਰੜਾਈ ਵਾਲਾ ਹਿਸਾਬ ਲਿਆ ਜਾਵੇਗਾ ਅਤੇ ਉਨ੍ਹਾਂ ਦਾ ਟਿਕਾਣਾ ਨਰਕ ਹੈ ਅਤੇ ਉਹ ਬਹੁਤ ਹੀ ਭੈੜਾ ਟਿਕਾਣਾ ਹੈ।

19਼ (ਹੇ ਨਬੀ!) ਉਹ ਵਿਅਕਤੀ ਜਿਹੜਾ ਇਹ ਗਿਆਨ ਰੱਖਦਾ ਹੈ ਕਿ ਤੁਹਾਡੇ ਰੱਬ ਨੇ ਜੋ ਵੀ ਤੁਹਾਡੇ ’ਤੇ (.ਕੁਰਆਨ) ਉਤਾਰਿਆ ਹੈ ਉਹੀਓ ਹੱਕ ਹੈ, ਕੀ ਉਹ ਵਿਅਕਤੀ ਅੰਨ੍ਹਿਆਂ ਵਾਂਗ ਹੋ ਸਕਦਾ ਹੈ ? ਸਿੱਖਿਆ ਤਾਂ ਉਹੀਓ ਪ੍ਰਾਪਤ ਕਰ ਸਕਦੇ ਹਨ ਜਿਹੜੇ ਸੂਝ-ਬੂਝ ਵਾਲੇ ਹਨ।

20਼ ਉਹ (ਲੋਕ ਸੂਝਵਾਨ ਹਨ) ਜਿਹੜੇ ਅੱਲਾਹ ਨੂੰ ਦਿੱਤੇ ਵਚਨਾਂ ਨੂੰ ਪੂਰਾ ਕਰਦੇ ਹਨ ਅਤੇ ਪੱਕੇ ਵਾਅਦਿਆਂ ਨੂੰ ਤੋੜਦੇ ਨਹੀਂ।

21਼ ਅਤੇ ਜਿਨ੍ਹਾਂ ਸੰਬੰਧਾਂ ਨੂੰ ਅੱਲਾਹ ਨੇ ਜੋੜਨ ਦਾ ਹੁਕਮ ਦਿੱਤਾ ਹੈ ਉਹਨਾਂ (ਰਿਸ਼ਤਿਆਂ) ਨੂੰ ਉਹ ਜੋੜੀਂ ਰੱਖਦੇ ਹਨ, ਉਹ ਆਪਣੇ ਪਾਲਣਹਾਰ ਤੋਂ ਡਰਦੇ ਹਨ ਅਤੇ (ਕਿਆਮਤ ਦਿਹਾੜੇ) ਕਰੜਾਈ ਵਾਲੀ ਪੁੱਛ-ਗਿੱਛ ਦਾ ਭੈਅ ਵੀ ਰੱਖਦੇ ਹਨ।

22਼ ਜੋ ਆਪਣੇ ਰੱਬ ਦੀ ਰਜ਼ਾ ਪ੍ਰਾਪਤ ਕਰਨ ਲਈ ਸਬਰ ਤੋਂ ਕੰਮ ਲੈਂਦੇ ਹਨ, ਨਮਾਜ਼ਾਂ ਨੂੰ ਕਾਇਮ ਕਰਦੇ ਹਨ ਅਤੇ ਜੋ ਵੀ ਅਸੀਂ ਉਹਨਾਂ ਨੂੰ (ਮਾਲ ਦੌਲਤ) ਦੇ ਰੱਖਿਆ ਹੈ ਉਸ ਨੂੰ ਗੁਪਤ ਰੂਪ ਵਿਚ ਵੀ ਤੇ ਖੁੱਲ੍ਹੇ-ਆਮ ਵੀ ਖ਼ਰਚ ਕਰਦੇ ਹਨ ਅਤੇ ਬੁਰਾਈ ਨੂੰ ਚੰਗਿਆਈ ਨਾਲ ਪਰਾਂ ਕਰਦੇ ਹਨ, ਉਹਨਾਂ ਸੂਝਵਾਨ ਲੋਕਾਂ ਲਈ ਹੀ ਪਰਲੋਕ ਦਾ ਵਧੀਆ ਘਰ ਹੈ।

23਼ ਉਹਨਾਂ ਲਈ ਉਹ ਸਦੀਵੀ ਬਾਗ਼ ਹਨ, ਜਿਨ੍ਹਾਂ ਵਿਚ ਉਹ ਆਪ ਵੀ ਪ੍ਰਵੇਸ਼ ਕਰਨਗੇ ਅਤੇ ਉਹਨਾਂ ਦੇ ਪਿਓ, ਦਾਦੇ, ਉਹਨਾਂ ਦੀਆਂ ਪਤਨੀਆਂ ਤੇ ਉਹਨਾਂ ਦੀ ਸੰਤਾਨ ਵਿੱਚੋਂ ਜਿਹੜੇ ਨੇਕ ਹੋਣਗੇ ਉਹ ਸਭ ਪ੍ਰਵੇਸ਼ ਕਰਨਗੇ ਤੇ ਫ਼ਰਿਸ਼ਤੇ (ਜੰਨਤ) ਦੇ ਹਰ ਬੂਹੇ ਤੋਂ (ਸੁਵਾਗਤ ਲਈ) ਉਹਨਾਂ ਕੋਲ ਆਉਣਗੇ।

24਼ (ਉਹ ਫ਼ਰਿਸ਼ਤੇ) ਆਖਣਗੇ ਕਿ ਤੁਹਾਡੇ ’ਤੇ ਸਲਾਮਤੀ ਹੋਵੇ, ਇਸ ਲਈ ਕਿ ਤੁਸੀਂ (ਸੰਸਾਰ ਵਿਚ) ਸਬਰ ਤੋਂ ਕੰਮ ਲਿਆ। ਸੋ (ਇਸ ਕਾਰਨ) ਤੁਹਾਡੇ ਲਈ ਬਹੁਤ ਹੀ ਸੋਹਣਾ ਆਖ਼ਿਰਤ ਦਾ ਘਰ ਹੈ।

25਼ ਜਿਹੜੇ ਲੋਕੀ ਅੱਲਾਹ ਨਾਲ ਕੀਤੇ ਹੋਏ ਪੱਕੇ ਵਚਨਾਂ ਨੂੰ ਤੋੜ ਦਿੰਦੇ ਹਨ ਅਤੇ ਜਿਨ੍ਹਾਂ ਸੰਬੰਧਾਂ ਨੂੰ ਜੋੜਨ ਲਈ ਅੱਲਾਹ ਨੇ ਹੁਕਮ ਦਿੱਤਾ ਹੈ ਉਸ ਨੂੰ ਤੋੜਦੇ ਹਨ ਅਤੇ ਧਰਤੀ ਉੱਤੇ ਫ਼ਸਾਦ ਫੈਲਾਉਂਦੇ ਹਨ,1 ਉਹਨਾਂ ਲਈ ਲਾਅਨਤਾਂ ਹਨ ਅਤੇ ਉਹਨਾਂ ਲਈ ਪਰਲੋਕ ਵਿਚ ਵੱਡਾ ਭੈੜਾ ਟਿਕਾਣਾ ਹੈ।

26਼ ਅੱਲਾਹ ਜਿਸ ਨੂੰ ਚਾਹੁੰਦਾ ਹੈ ਖੁੱਲ੍ਹਾ-ਡੁੱਲ੍ਹਾ ਤੇ ਜਿਸ ਨੂੰਚਾਹੁੰਦਾ ਹੈ ਗਿਣਵਾਂ ਮਿਣਵਾਂ ਰਿਜ਼ਕ ਦਿੰਦਾ ਹੈ। ਇਹ (ਕਾਫ਼ਿਰ) ਲੋਕ ਤਾਂ ਸੰਸਾਰਿਕ ਜੀਵਨ ’ਤੇ ਹੀ ਖ਼ੁਸ਼ ਹਨ ਜਦੋਂ ਕਿ ਇਹ ਸੰਸਾਰ ਜੀਵਨ ਆਖ਼ਿਰਤ (ਪਰਲੋਕ) ਦੇ ਮੁਕਾਬਲੇ ਵਿਚ ਇਕ ਨਾ-ਮਾਤਰ ਚੀਜ਼ ਹੈ।

27਼ ਕਾਫ਼ਿਰ ਆਖਦੇ ਹਨ ਕਿ ਇਸ (ਮੁਹੰਮਦ ਸ:) ਦੇ ਰੱਬ ਵੱਲੋਂ ਕੋਈ ਨਿਸ਼ਾਨੀ (ਨਬੀ ਹੋਣ ਦੀ) ਕਿਉਂ ਨਹੀਂ ਉਤਾਰੀ ਗਈ? (ਹੇ ਨਬੀ! ਕਾਫ਼ਿਰਾਂ ਨੂੰ) ਆਖੋ ਕਿ ਅੱਲਾਹ ਜਿਸ ਨੂੰ ਚਾਹੁੰਦਾ ਹੈ ਕੁਰਾਹੇ ਪਾ ਦਿੰਦਾ ਹੈ ਅਤੇ ਜਿਹੜਾ ਉਸ ਵੱਲ ਪਰਤ ਆਉਂਦਾ ਹੈ, ਉਸ ਨੂੰ ਸਿੱਧੀ ਰਾਹ ਦਰਸਾਉਂਦਾ ਹੈ।

28਼ ਜਿਹੜੇ ਲੋਕੀ ਈਮਾਨ ਲਿਆਏ ਉਹਨਾਂ ਦੇ ਹਿਰਦਿਆਂ ਨੂੰ ਅੱਲਾਹ ਦੇ ਸਿਮਰਨ ਨਾਲ ਹੀ ਸ਼ਾਂਤੀ ਪ੍ਰਾਪਤ ਹੁੰਦੀ ਹੈ। (ਹੇ ਲੋਕੋ!) ਚੇਤੇ ਰੱਖੋ ਕਿ ਅੱਲਾਹ ਦਾ ਸਿਮਰਨ ਕਰਨ ਨਾਲ ਹੀ ਮਨਾਂ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ।2

29਼ ਜਿਹੜੇ ਲੋਕ ਈਮਾਨ ਲਿਆਏ ਅਤੇ (ਉਹਨਾਂ ਨੇ) ਨੇਕ ਕੰਮ ਵੀ ਕੀਤੇ ਉਹਨਾਂ ਲਈ ਭਲਾਈ ਹੀ ਭਲਾਈ ਹੈ ਅਤੇ ਰਹਿਣ ਲਈ ਬਹੁਤ ਹੀ ਵਧੀਆ ਟਿਕਾਣਾ (ਜੰਨਤ) ਹੈ।

30਼ (ਜਿਵੇਂ ਪਹਿਲਾਂ ਰਸੂਲ ਭੇਜੇ ਸਨ। ਉਸੇ ਤਰ੍ਹਾਂ ਅਸੀਂ (ਹੇ ਮੁਹੰਮਦ ਸ:!) ਤੁਹਾਨੂੰ ਵੀ ਇਕ ਅਜਿਹੀ ਉੱਮਤ ਵਿਚ ਰਸੂਲ ਬਣਾ ਕੇ ਭੇਜਿਆ ਹੈ ਜਿਸ ਤੋਂ ਪਹਿਲਾਂ ਬਥੇਰੀਆਂ ਉੱਮਤਾਂ ਬੀਤ ਚੁੱਕੀਆਂ ਹਨ, ਤਾਂ ਜੋ ਤੁਸੀਂ ਵੀ ਇਹਨਾਂ ਨੂੰ ਉਹ (ਸੰਦੇਸ਼) ਸੁਣਾਓ ਜਿਹੜੀ ਵਹੀ ਅਸੀਂ ਤੁਹਾਡੇ ਵੱਲ ਘੱਲੀ ਹੈ। ਉਹ ਰਹਿਮਾਨ (ਭਾਵ ਅੱਲਾਹ) ਦਾ ਇਨਕਾਰ ਕਰਦੇ ਹਨ। (ਹੇ ਨਬੀ!) ਤੁਸੀਂ ਆਖ ਦਿਓ ਕਿ ਉਹੀਓ (ਰਹਿਮਾਨ) ਮੇਰਾ ਰੱਬ ਹੈ, ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ, ਉਸੇ ’ਤੇ ਮੇਰਾ (ਅਟੁੱਟ) ਵਿਸ਼ਵਾਸ ਹੈ ਅਤੇ ਮੇਰਾ ਪਰਤਣਾ ਵੀ ਉਸੇ ਵੱਲ ਹੈ।

31਼ ਜੇ ਭਲਾਂ ਕੋਈ ਅਜਿਹਾ਼ਕੁਰਆਨ ਹੁੰਦਾ ਜਿਸ ਦੁਆਰਾ ਪਹਾੜ ਤੋਰੇ ਜਾਂਦੇ ਜਾਂ ਧਰਤੀ ਦੇ ਟੋਟੇ-ਟੋਟੇ ਕਰ ਦਿੱਤੇ ਜਾਂਦੇ ਜਾਂ ਮੁਰਦਿਆਂ ਨਾਲ ਗੱਲਾਂ ਕਰਵਾਈਆਂ ਜਾਂਦੀਆਂ (ਤਾਂ ਵੀ ਇਹ ਲੋਕ ਈਮਾਨ ਨਾ ਲਿਆਂਦੇ) ਸਗੋਂ (ਇਮਾਨ ਲਿਆਉਣ ਜਾਂ ਨਾ ਲਿਆਉਣ ਦਾ) ਸਾਰਾ ਅਧਿਕਾਰ ਹੀ ਅੱਲਾਹ ਦੇ ਹੱਥ ਵਿਚ ਹੈ। ਕੀ ਈਮਾਨ ਵਾਲਿਆਂ ਦਾ ਇਸ ਗੱਲ ’ਤੇ ਦਿਲ ਨਹੀਂ ਠੁਕਦਾ ਕਿ ਜੇ ਅੱਲਾਹ ਚਾਹੁੰਦਾ ਤਾਂ ਸਾਰੇ ਲੋਕਾਂ ਨੂੰ (ਬਿਨਾਂ ਕਿਸੇ ਪ੍ਰਕਾਰ ਦਾ ਚਮਤਕਾਰ ਵਿਖਾਏ) ਸਿੱਧੇ ਰਾਹ ਪਾ ਦਿੰਦਾ? ਕਾਫ਼ਿਰਾਂ ਨੂੰ ਤਾਂ ਉਹਨਾਂ ਦੀਆਂ ਕਰਤੂਤਾਂ ਕਾਰਨ ਕੋਈ ਨਾ ਕੋਈ ਬਿਪਤਾ ਪਈ ਹੀ ਰਹੇਗੀ ਜਾਂ ਉਹਨਾਂ ਦੇ ਘਰਾਂ ਦੇ ਨੇੜੇ-ਤੇੜੇ (ਕੋਈ ਮੁਸੀਬਤ) ਉੱਤਰਦੀ ਰਹੇਗੀ। ਇੱਥੋਂ ਤਕ ਕਿ ਅੱਲਾਹ ਦਾ ਵਾਅਦਾ (ਮੋਮਿਨਾਂ ਦੀ ਸਫ਼ਲਤਾ ਦਾ ਜਾਂ ਕਿਆਮਤ ਦਿਹਾੜੇ ਦਾ) ਪੂਰਾ ਹੋ ਜਾਵੇ। ਅੱਲਾਹ ਆਪਣੇ ਵਚਨਾਂ ਵਿਰੱਧ ਕੁੱਝ ਨਹੀਂ ਕਰਦਾ।

32਼ (ਹੇ ਨਬੀ!) ਤੁਹਾਥੋਂ ਪਹਿਲਾਂ ਵੀ ਪੈਗ਼ੰਬਰਾਂ ਦਾ ਮਖੌਲ ਉਡਾਇਆ ਜਾਂਦਾ ਰਿਹਾ ਹੈ ਪਰ ਅੱਲਾਹ ਨੇ ਕਾਫ਼ਿਰਾਂ ਨੂੰ ਢਿੱਲ ਦੇ ਛੱਡੀ ਸੀ, ਅੰਤ ਉਹਨਾਂ ਨੂੰ ਨੱਪ ਲਿਆ, ਫੇਰ ਵੇਖ ਲਓ ਕਿ ਮੇਰਾ ਅਜ਼ਾਬ ਕਿੰਨਾ ਕਰੜਾ ਸੀ।

33਼ ਭਲਾਂ ਉਹ ਅੱਲਾਹ, ਜਿਹੜਾ ਹਰੇਕ ਜੀਵ ਦੇ ਕੀਤੇ ਕੰਮਾਂ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਜਿਹੜੇ ਲੋਕਾਂ ਨੇ ਅੱਲਾਹ ਦੇ ਸ਼ਰੀਕ ਬਣਾਏ ਹੋਏ ਹਨ, (ਕੀ ਉਹ ਅੱਲਾਹ ਦੇ ਬਰਾਬਰ ਹੋ ਸਕਦੇ ਹਨ? ) (ਹੇ ਨਬੀ!) ਕਹਿ ਦਿਓ ਕਿ ਉਹਨਾਂ ਦੇ ਨਾਂ ਤਾਂ ਲਵੋ? ਕੀ ਤੁਸੀਂ ਅੱਲਾਹ ਨੂੰ ਉਹ ਗੱਲਾਂ ਦੱਸ ਰਹੇ ਹੋ, ਜਿਸ ਨੂੰ ਉਹ ਆਪਣੀ ਧਰਤੀ ’ਤੇ ਨਹੀਂ ਜਾਣਦਾ? ਸਗੋਂ ਝੂਠੇ ਗੁਮਾਨਾਂ ’ਤੇ ਹੀ ਤੁਸੀਂ ਅੱਲਾਹ ਦਾ ਸ਼ਰੀਕ ਬਣਾਉਂਦੇ ਹੋ। ਅਸਲ ਗੱਲ ਇਹ ਹੈ ਕਿ ਕੁਫ਼ਰ ਕਰਨ ਵਾਲਿਆਂ ਲਈ ਉਹਨਾਂ ਦੀਆਂ ਚਾਲਬਾਜ਼ੀਆਂ ਨੂੰ (ਉਹਨਾਂ ਦੀਆਂ ਕਰਤੂਤਾਂ ਨੂੰ) ਸਜਾ-ਸੰਵਾਰ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਸਿੱਧੇ ਰਾਹ ਤੋਂ ਰੋਕ ਦਿੱਤਾ ਗਿਆ। ਜਿਸ ਨੂੰ ਅੱਲਾਹ ਕੁਰਾਹੇ ਪਾ ਦੇਵੇ ਉਸ ਨੂੰ ਸਿੱਧੇ ਰਾਹ ਪਾਉਣ ਵਾਲਾਂ ਕੋਈ ਵੀ ਨਹੀਂ।

34਼ ਇਹਨਾਂ ਕਾਫ਼ਿਰਾਂ ਲਈ ਸੰਸਾਰਿਕ ਜੀਵਨ ਵਿਚ ਵੀ ਅਜ਼ਾਬ ਹੈ ਅਤੇ ਆਖ਼ਿਰਤ (ਪਰਲੋਕ) ਦਾ ਅਜ਼ਾਬ ਤਾਂ ਬਹੁਤ ਹੀ ਕਰੜਾ ਹੈ। ਇਹਨਾਂ ਨੂੰ ਅੱਲਾਹ ਦੇ ਗ਼ਜ਼ਬ (ਗੁੱਸੇ) ਤੋਂ ਬਚਾਉਣ ਵਾਲਾ ਕੋਈ ਵੀ ਨਹੀਂ।

35਼ ਉਸ ਸਵਰਗ ਦੀ ਵਿਸ਼ੇਸ਼ਤਾ, ਜਿਸ ਦਾ ਵਚਨ (ਬੁਰਾਈਆਂ ਤੋਂ) ਪਰਹੇਜ਼ ਕਰਨ ਵਾਲੇ ਲੋਕਾਂ ਨਾਲ ਕੀਤਾ ਗਿਆ ਹੈ, ਇਹ ਹੈ ਕਿ ਉਸ ਦੇ ਹੇਠ ਨਹਿਰਾਂ ਵਗਦੀਆਂ ਹਨ ਉਸ ਦੇ ਫਲ ਸਦਾ ਲਈ ਹਨ (ਭਾਵ ਮੋਸਮੀ ਨਹੀਂ) ਅਤੇ ਉਹਨਾਂ ਦਾ ਪਰਛਾਵਾਂ ਅਮੁੱਕ ਹੈ। ਇਹ ਹੈ ਅੰਤ ਪਰਹੇਜ਼ਗਾਰਾਂ ਦਾ ਅਤੇ ਕਾਫ਼ਿਰਾਂ ਦਾ ਅੰਤ ਨਰਕ ਦੀ ਅੱਗ ਹੈ।

36਼ (ਹੇ ਨਬੀ!) ਜਿਨ੍ਹਾਂ ਨੂੰ ਅਸੀਂ ਪਹਿਲਾਂ ਕਿਤਾਬ ਦਿੱਤੀ ਸੀ, ਉਹ ਇਸ ਕਿਤਾਬ (.ਕੁਰਆਨ) ਤੋਂ ਜਿਹੜੀ ਤੁਹਾਡੇ ’ਤੇ ਉਤਾਰੀ ਹੈ, ਖ਼ੁਸ਼ ਹੁੰਦੇ ਹਨ ਅਤੇ ਕੁੱਝ ਦੂਜੇ ਧੜੇ .ਕੁਰਆਨ ਦੀਆਂ ਕੁੱਝ ਗੱਲਾਂ ਤੋਂ ਇਨਕਾਰ ਕਰਦੇ ਹਨ। (ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਮੈਨੂੰ ਤਾਂ ਕੇਵਲ ਇਹੋ ਹੁਕਮ ਦਿੱਤਾ ਗਿਆ ਹੈ ਕਿ ਮੈਂ ਅੱਲਾਹ ਦੀ ਇਬਾਦਤ ਕਰਾਂ ਅਤੇ ਇਸ ਦੇ ਨਾਲ ਕਿਸੇ ਨੂੰ ਸਾਂਝੀ ਨਾ ਬਣਾਵਾਂ। ਮੈਂ ਉਸੇ ਵੱਲ (ਸਭ ਨੂੰ) ਬੁਲਾਉਂਦਾ ਹੈ ਅਤੇ ਉਸੇ ਵੱਲ ਮੈਂ ਪਰਤਣਾ ਹੈ।

37਼ ਇਸ ਪ੍ਰਕਾਰ (ਭਾਵ ਪਹਿਲੀਆਂ ਕਿਤਾਬਾਂ ਵਾਂਗ) ਅਸੀਂ ਇਸ (.ਕੁਰਆਨ) ਨੂੰ ਅਰਬੀ ਭਾਸ਼ਾ ਵਿਚ ਹੁਕਮਨਾਮਾ ਬਣਾਕੇ ਉਤਾਰਿਆ ਹੈ। (ਹੇ ਨਬੀ!) ਜੇ ਤੁਸੀਂ ਇਸ ਦੇ ਹੁੰਦਿਆਂ ਇਹਨਾਂ (ਕਾਫ਼ਿਰਾਂ) ਦੀ ਇੱਛਾਵਾਂ ਦੀ ਪੈਰਵੀ ਕੀਤੀ, ਜਦ ਕਿ ਤੁਹਾਡੇ ਕੋਲ (ਰੱਬੀ) ਗਿਆਨ ਆ ਚੁੱਕਿਆ ਹੈ ਤਾਂ ਅੱਲਾਹ ਦੇ ਮੁਕਾਬਲੇ ਤੁਹਾਨੂੰ ਨਾ ਤਾਂ ਕੋਈ ਹਿਮਾਇਤੀ ਮਿਲੇਗਾ ਅਤੇ ਨਾ ਹੀ ਕੋਈ (ਅੱਲਾਹ ਦੀ ਸਜ਼ਾ ਤੋਂ) ਬਚਾਉਣ ਵਾਲਾ ਹੋਵੇਗਾ।

38਼ (ਹੇ ਮੁਹੰਮਦ ਸ:!) ਬੇਸ਼ੱਕ ਅਸੀਂ ਤੁਹਾਥੋਂ ਪਹਿਲਾਂ ਵੀ ਬਥੇਰੇ ਪੈਗ਼ੰਬਰ ਭੇਜ ਚੁੱਕੇ ਹਾਂ ਅਤੇ ਅਸੀਂ ਉਹਨਾਂ ਸਭ ਨੂੰ ਬੀਵੀ ਬੱਚਿਆਂ ਵਾਲਾ ਬਣਾਇਆ ਸੀ। ਕਿਸੇ ਵੀ ਰਸੂਲ ਤੋਂ ਇਹ ਸੰਭਵ ਨਹੀਂ ਕਿ ਬਿਨਾਂ ਅੱਲਾਹ ਦੀ ਆਗਿਆ ਤੋਂ ਕੋਈ ਨਿਸ਼ਾਨੀ (ਮੁਅਜਜ਼ਾ) ਆਪ ਲਿਆ ਵਿਖਾਵੇ। ਹਰੇਕ ਵਚਨ ਦੇ ਪੂਰਾ ਹੋਣ ਦਾ ਸਮਾਂ ਲਿਿਖਆ ਹੋਇਆ ਹੈ।

39਼ ਅੱਲਾਹ ਜੋ ਚਾਹੇ (ਲਿਖਿਆ ਹੋਇਆ) ਮਿਟਾ ਦਿੰਦਾ ਹੈ ਅਤੇ ਜਿਸ ਨੂੰ ਚਾਹੇ ਕਾਇਮ ਰੱਖਦਾ ਹੈ। ਮੂਲ ਕਿਤਾਬ ਤਾਂ ਉਸੇ ਕੋਲ ਹੈ।1

40਼ (ਹੇ ਨਬੀ!) ਜਿਸ (ਅਜ਼ਾਬ) ਦਾ ਵਾਅਦਾ ਅਸੀਂ ਇਹਨਾਂ (ਕਾਫ਼ਿਰਾਂ) ਨਾਲ ਕੀਤਾ ਹੋਇਆ ਹੈ, ਉਸ ਦਾ ਕੁੱਝ ਹਿੱਸਾ ਭਾਵੇਂ ਅਸੀਂ ਤੁਹਾਨੂੰ ਵਿਖਾ ਦਈਏ ਜਾਂ (ਉਸ ਤੋਂ ਪਹਿਲਾਂ ਹੀ) ਤੁਹਾਡਾ ਅਕਾਲ ਚਲਾਣਾ ਹੋ ਜਾਵੇ (ਹਰ ਹਾਲ ਵਿਚ) ਤੁਹਾਡੇ ਜ਼ਿੰਮੇ ਤਾਂ ਕੇਵਲ (ਰੱਬੀ ਪੈਗ਼ਾਮ) ਪਹੁੰਚਾਉਣਾ ਹੈ। ਹਿਸਾਬ ਲੈਣ ਦਾ ਕੰਮ ਸਾਡੇ ਜ਼ਿੰਮੇ ਹੈ।

41਼ ਕੀ ਉਹ ਲੋਕ ਨਹੀਂ ਵੇਖਦੇ ਕਿ ਅਸੀਂ (ਕਾਫ਼ਿਰਾਂ ਲਈ) ਧਰਤੀ ਨੂੰ ਹਰ ਪਾਸਿਓਂ ਘਟਾਉਂਦੇ ਜਾ ਰਹੇ ਹਾਂ (ਭਾਵ ਇਸਲਾਮ ਫੈਲ ਰਿਹਾ ਹੈ) ਅੱਲਾਹ ਜੋ ਹੁਕਮ ਦਿੰਦਾ ਹੈ, ਕੋਈ ਵੀ ਉਸ ਨੂੰ ਰੱਦ ਕਰਨ ਵਾਲਾ ਨਹੀਂ। ਉਹ ਛੇਤੀ ਹੀ ਹਿਸਾਬ ਲੈਣ ਵਾਲਾ ਹੈ।

42਼ ਇਹਨਾਂ ਇਨਕਾਰੀਆਂ ਤੋਂ ਪਹਿਲਾਂ ਵੀ ਬੀਤ ਚੁੱਕੇ ਲੋਕਾਂ ਨੇ ਆਪਣੀਆਂ ਚਾਲਬਾਜ਼ੀਆਂ (ਮੱਕਾਰੀਆਂ) ਵਿਚ ਕੋਈ ਕਸਰ ਨਹੀਂ ਛੱਡੀ ਸੀ ਪਰ ਸਾਰੀਆਂ ਕੰਮ ਆਉਣ ਵਾਲੀਆਂ ਚਾਲਾਂ ਅੱਲਾਹ ਦੀਆਂ ਹੀ ਹਨ। ਜਿਹੜਾ ਵਿਅਕਤੀ ਜੋ ਵੀ ਕਮਾਈ ਕਰ ਰਿਹਾ ਹੈ ਉਹ ਸਭ ਅੱਲਾਹ ਦੀ ਜਾਣਕਾਰੀ ਵਿਚ ਹੈ। ਕਾਫ਼ਿਰਾਂ ਨੂੰ ਹੁਣੇ ਪਤਾ ਲੱਗ ਜਾਵੇਗਾ ਕਿ ਪਰਲੋਕ ਦਾ ਘਰ ਕਿਨ੍ਹਾਂ ਲਈ ਹੈ।

43਼ (ਹੇ ਮੁਹੰਮਦ ਸ:!) ਇਹ ਕਾਫ਼ਿਰ ਆਖਦੇ ਹਨ ਕਿ ਤੁਸੀਂ ਅੱਲਾਹ ਦੇ ਪੈਗ਼ੰਬਰ ਨਹੀਂ ਹੋ। ਤੁਸੀਂ ਆਖ ਦਿਓ ਕਿ ਮੇਰੇ ਤੇ ਤੁਹਾਡੇ ਵਿਚਾਲੇ ਗਵਾਹੀ ਦੇਣ ਲਈ ਅੱਲਾਹ ਹੀ ਬਥੇਰਾ ਹੈ ਅਤੇ ਉਹ ਵੀ (ਗਵਾਹ ਹੈ) ਜਿਸ ਕੋਲ (ਆਸਮਾਨੀ) ਕਿਤਾਬ ਦਾ ਗਿਆਨ ਹੈ।