The Noble Qur'an Encyclopedia
Towards providing reliable exegeses and translations of the meanings of the Noble Qur'an in the world languagesStoneland, Rock city, Al-Hijr valley [Al-Hijr] - Bunjabi translation
Surah Stoneland, Rock city, Al-Hijr valley [Al-Hijr] Ayah 99 Location Maccah Number 15
1਼ ਅਲਿਫ਼, ਲਾਮ, ਰਾ। ਇਹ ਰੱਬੀ ਕਿਤਾਬ ਤੇ ਸਪਸ਼ਟ .ਕੁਰਆਨ ਦੀਆਂ ਆਇਤਾਂ ਹਨ।
2਼ ਇਕ ਸਮਾਂ ਉਹ ਵੀ ਹੋਵੇਗਾ ਜਦੋਂ ਕਾਫ਼ਿਰ ਚਾਹੁਣਗੇ ਕਿ ਕਾਸ਼ ਉਹ ਮੁਸਲਮਾਨ ਹੁੰਦੇ।1
3਼ (ਹੇ ਨਬੀ!) ਇਹਨਾਂ (ਦੀ ਚਿੰਤਾ) ਛੱਡ ਦਿਓ! ਇਹ ਖਾਣ ਪੀਣ ਤੇ ਆਨੰਦ ਮਾਣਨ। ਝੂਠੀਆਂ ਆਸਾਂ ਨੇ ਇਹਨਾਂ ਨੂੰ ਭੁਲੇਖੇ ਵਿਚ ਪਾ ਛੱਡਿਆ ਹੈ। ਇਹ ਛੇਤੀ ਹੀ (ਹਕੀਕਤ) ਜਾਣ ਲੈਣਗੇ।
4਼ ਅਸੀਂ ਜਿਸ ਬਸਤੀ ਨੂੰ ਵੀ ਬਰਬਾਦ ਕੀਤਾ ਹੈ, ਉਸ (ਦੀ ਬਰਬਾਦੀ) ਲਈ ਇਕ ਵਿਸ਼ੇਸ਼ ਮੋਹਲਤ ਨਿਯਤ ਕੀਤੀ ਸੀ।
5਼ ਕੋਈ ਵੀ ਕੌਮ ਨਾ ਆਪਣੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਹਲਾਕ ਹੋ ਸਕਦੀ ਹੈ ਤੇ ਨਾ ਹੀ ਉਸ ਤੋਂ ਮਗਰੋਂ ਬਚ ਸਕਦੀ ਹੈ।
6਼ ਉਹਨਾਂ (ਇਨਕਾਰੀਆਂ) ਨੇ ਆਖਿਆ ਕਿ ਹੇ ਉਹ ਵਿਅਕਤੀ! (ਭਾਵ ਮੁਹੰਮਦ ਸ:) ਜਿਸ ’ਤੇ ਇਹ ਜ਼ਿਕਰ (.ਕੁਰਆਨ) ਉਤਾਰਿਆ ਗਿਆ ਹੈ, ਤੂੰ ਤਾਂ ਜ਼ਰੂਰ ਹੀ ਸੁਦਾਈ ਹੈ।
7਼ ਜੇ ਤੂੰ ਸੱਚਾ ਹੈ ਤਾਂ ਸਾਡੇ ਸਾਹਮਣੇ ਫ਼ਰਿਸ਼ਤੇ ਕਿਉਂ ਨਹੀਂ ਲੈ ਆਉਂਦਾ।
8਼ (ਅੱਲਾਹ ਨੇ ਆਖਿਆ) ਫ਼ਰਿਸ਼ਤਿਆਂ ਨੂੰ ਤਾਂ ਅਸੀਂ ਹੱਕ (ਭਾਵ ਅਜ਼ਾਬ) ਨਾਲ ਹੀ (ਧਰਤੀ ’ਤੇ) ਉਤਾਰਦੇ ਹਨ ਅਤੇ ਫੇਰ ਉਸ ਸਮੇਂ ਉਹਨਾਂ (ਕਾਫ਼ਿਰਾਂ) ਨੂੰ ਮੋਹਲਤ ਨਹੀਂ ਦਿੱਤੀ ਜਾਂਦੀ।
9਼ ਬੇਸ਼ੱਕ ਅਸੀਂ ਹੀ ਇਸ ਜ਼ਿਕਰ (.ਕੁਰਆਨ) ਦੇ ਉਤਾਰਨ ਵਾਲੇ ਹਾਂ ਅਤੇ ਅਸੀਂ ਹੀ ਇਸ ਦੇ ਰਖਵਾਲੇ ਹਾਂ। 1
10਼ (ਹੇ ਨਬੀ!) ਤੁਹਾਥੋਂ ਪਹਿਲਾਂ ਵੀ ਅਸੀਂ ਕਈ ਉੱਮਤਾਂ ਵਿਚ ਆਪਣੇ ਰਸੂਲ ਭੇਜ ਚੁੱਕੇ ਹਾਂ।
11਼ ਉਹਨਾਂ ਕੋਲ ਜਿਹੜਾ ਵੀ ਰਸੂਲ ਆਇਆ, ਉਹ ਉਸ ਨਾਲ ਮਖੌਲ ਕਰਦੇ ਸੀ।
12਼ ਇਸ ਤਰ੍ਹਾਂ ਅਸੀਂ ਆਪਰਾਧੀਆਂ ਦੇ ਦਿਲਾਂ ਵਿਚ (ਰਸੂਲਾਂ ਦਾ) ਮਖੌਲ ਉਡਾਉਣਾ ਰਚਾ-ਬਸਾ ਦਿੰਦੇ ਹਾਂ।
13਼ ਉਹ (ਕਾਫ਼ਿਰ) ਇਸ .ਕੁਰਆਨ ’ਤੇ ਈਮਾਨ ਨਹੀਂ ਲਿਆਉਂਦੇ, ਇਹੋ ਰੀਤ ਪਹਿਲਾਂ ਤੋਂ ਚਲੀ ਆ ਰਹੀ ਹੈ।
14਼ ਜੇਕਰ ਅਸੀਂ ਉਹਨਾਂ ਲਈ ਅਕਾਸ਼ ਦਾ ਇਕ ਬੂਹਾ ਖੋਲ੍ਹ ਦਈਏ ਅਤੇ ਉਹ (ਇਨਕਾਰੀ) ਉੱਥੇ ਚੜ੍ਹ ਵੀ ਜਾਣ।
15਼ ਫੇਰ ਵੀ ਉਹ ਇਹੋ ਕਹਿਣਗੇ ਕਿ ਸਾਡੀਆਂ ਨਜ਼ਰਾਂ ਤਾਂ ਬੰਨ੍ਹ ਦਿੱਤੀਆਂ ਗਈਆਂ ਹਨ, ਸਗੋਂ ਸਾਡੇ ’ਤੇ ਜਾਦੂ ਕਰ ਦਿੱਤਾ ਗਿਆ ਹੈ।
16਼ ਅਸਾਂ ਅਕਾਸ਼ ਵਿਚ ਬੁਰਜ ਬਣਾਏ ਅਤੇ ਵੇਖਣ ਵਾਲਿਆਂ ਲਈ ਇਸ ਨੂੰ (ਤਾਰਿਆਂ ਨਾਲ) ਸਜਾ ਦਿੱਤਾ।1
17਼ ਅਤੇ ਅਸੀਂ ਇਸ (ਅਕਾਸ਼) ਨੂੰ ਹਰੇਕ ਫਿਟਕਾਰੇ ਹੋਏ ਸ਼ੈਤਾਨ ਤੋਂ ਸੁਰੱਖਿਅਤ ਰੱਖਿਆ।
18਼ ਹਾਂ! ਜਿਹੜਾ ਕੋਈ ਚੋਰੀ ਛੁਪੇ ਸੁਣਨ ਦੀ ਕੋਸ਼ਿਸ਼ ਕਰੇ, ਤਾਂ ਉਸ ਦਾ ਪਿੱਛਾ ਦਹਕਦਾ ਹੋਇਆ ਅੰਗਿਆਰਾ ਕਰਦਾ ਹੈ
19਼ ਅਤੇ ਧਰਤੀ ਨੂੰ ਅਸੀਂ ਪਸਾਰਿਆ ਅਤੇ ਇਸ ਵਿਚ ਪਹਾੜ ਗੜ੍ਹ ਦਿੱਤੇ ਅਤੇ ਇਸ (ਧਰਤੀ) ਵਿਚ ਅਸੀਂ ਹਰੇਕ ਚੀਜ਼ ਨਪੀ-ਤੁਲੀ ਮਾਤਰਾ ਵਿਚ ਉਗਾਈ ਹੈ।
20਼ ਅਤੇ ਇਸੇ (ਧਰਤੀ) ਵਿਚ ਅਸਾਂ ਤੁਹਾਡੇ ਲਈ ਰੋਜ਼ੀਆਂ ਰੱਖ ਛੱਡੀਆਂ ਹਨ ਅਤੇ ਉਹਨਾਂ ਲਈ ਵੀ ਜਿਨ੍ਹਾਂ ਨੂੰ ਰੋਜ਼ੀ ਦੇਣ ਵਾਲੇ (ਦਾਤਾ) ਤੁਸੀਂ ਨਹੀਂ।
21਼ ਸਾਰੀਆਂ ਚੀਜ਼ਾਂ ਦੇ ਭੰਡਾਰ ਸਾਡੇ ਕੋਲ ਹੀ ਹਨ ਅਤੇ ਅਸੀਂ ਹਰ ਚੀਜ਼ ਨੂੰ ਇਕ ਨਿਸ਼ਚਿਤ ਮਾਤਰਾ ਵਿਚ ਉਤਾਰਦੇ ਹਾਂ।
22਼ ਅਸੀਂ ਹੀ (ਪਾਣੀ ਨਾਲ) ਬੋਝਲ ਹਵਾਵਾਂ ਨੂੰ ਭੇਜਦੇ ਹਾਂ ਫੇਰ ਅਕਾਸ਼ ਤੋਂ ਪਾਣੀ ਵਰ੍ਹਾਉਂਦੇ ਹਾਂ ਅਤੇ ਤੁਹਾਨੂੰ ਪਿਆਉਂਦੇ ਹਾਂ, ਇਸ (ਪਾਣੀ ਦੀ) ਦੌਲਤ ਦੇ ਭੰਡਾਰੀ ਤੁਸੀਂ ਨਹੀਂ (ਅਸੀਂ ਹਾਂ)।
23਼ ਬੇਸ਼ੱਕ ਅਸੀਂ ਹੀ ਜੀਵਨ ਅਤੇ ਮੌਤ ਦਿੰਦੇ ਹਾਂ ਅਤੇ ਅੰਤ ਅਸੀਂ ਹੀ (ਸਾਰੀਆਂ ਚੀਜ਼ਾਂ) ਦੇ ਵਾਰਸ ਹਾਂ।1
24਼ ਅਸੀਂ ਉਹਨਾਂ ਸਾਰੇ ਲੋਕਾਂ ਨੂੰ ਜਾਣਦੇ ਹਾਂ ਜਿਹੜੇ ਤੁਹਾਥੋਂ ਪਹਿਲਾਂ ਬੀਤ ਚੁੱਕੇ ਹਨ ਅਤੇ ਜਿਹੜੇ ਪਿੱਛੋਂ ਆਉਣ ਵਾਲੇ ਹਨ, ਉਹਨਾਂ ਦੀ ਵੀ ਜਾਣਕਾਰੀ ਹੈ।
25਼ (ਹੇ ਨਬੀ!) ਬੇਸ਼ੱਕ ਤੁਹਾਡਾ ਪਾਲਣਹਾਰ ਇਹਨਾਂ ਸਭ ਨੂੰ ਇਕੱਠਾ ਕਰੇਗਾ। ਉਹ ਵੱਡਾ ਸੂਝਵਾਨ ਤੇ ਗਿਆਨ ਰੱਖਣ ਵਾਲਾ ਹੈ।
26਼ ਅਸੀਂ ਮਨੁੱਖ ਨੂੰ ਗਲੀ ਸੜ੍ਹੀ ਮਿੱਟੀ ਦੇ ਸੁੱਕੇ ਹੋਏ ਗਾਰੇ ਤੋਂ ਪੈਦਾ ਕੀਤਾ ਹੈ।
27਼ ਅਤੇ ਉਸ ਤੋਂ ਪਹਿਲਾਂ ਜਿੰਨਾਂ ਨੂੰ ਅਸੀਂ ਅੱਗ ਦੀ ਲਾਟ ਤੋਂ ਪੈਦਾ ਕੀਤਾ ਸੀ।
28਼ (ਹੇ ਨਬੀ! ਯਾਦ ਕਰੋ!) ਜਦੋਂ ਤੁਹਾਡੇ ਰੱਬ ਨੇ ਫ਼ਰਿਸ਼ਤਿਆਂ ਨੂੰ ਆਖਿਆ ਸੀ ਕਿ ਮੈਂ ਗਲੀ-ਸੜੀ ਖਣਖਣ ਕਰਦੀ ਹੋਈ ਮਿੱਟੀ ਤੋਂ ਇਕ ਮਨੁੱਖ ਦੀ ਰਚਨਾ ਕਰਨ ਵਾਲਾ ਹਾਂ
29਼ ਜਦੋਂ ਮੈਂ ਉਸ (ਮਨੁੱਖ) ਨੂੰ ਪੂਰੀ ਤਰ੍ਹਾਂ ਬਣਾ ਲਵਾਂ ਅਤੇ ਉਸ ਵਿਚ ਆਪਣੀ ਰੂਹ (ਆਤਮਾ) ਤੋਂ ਕੁੱਝ ਫੂਂਕ ਦਿਆਂ ਤਾਂ ਤੁਸੀਂ ਸਾਰੇ ਉਸ ਦੇ ਅੱਗੇ ਸਿਜਦੇ ਵਿਚ ਡਿਗ ਜਾਣਾ।
30਼ ਸਾਰੇ ਹੀ ਫ਼ਰਿਸ਼ਤੇ ਸਿਜਦੇ ਵਿਚ ਝੁਕ ਗਏ।
31਼ ਛੁੱਟ ਇਬਲੀਸ ਤੋਂ, ਉਸ ਨੇ ਸਿਜਦਾ ਕਰਨ ਵਾਲਿਆਂ ਦਾ ਸਾਥ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤ
32਼ ਪੁੱਛਿਆ, ਹੇ ਇਬਲੀਸ! ਤੈਨੂੰ ਕੀ ਹੋਇਆ, ਕਿ ਤੂੰ ਸਿਜਦਾ ਕਰਨ ਵਾਲਿਆਂ ਦੀ ਸੰਗਤ ਨਹੀਂ ਕੀਤੀ ?
33਼ ਉਸ (ਇਬਲੀਸ) ਨੇ ਕਿਹਾ, ਮੈਂ ਉਹ ਨਹੀਂ ਹਾਂ ਜਿਹੜਾ ਉਸ ਮਨੁੱਖ ਨੂੰ ਸਿਜਦਾ ਕਰੇ ਜਿਸ ਨੂੰ ਤੂੰ ਗਲੀ-ਸੜੀ ਖਣਕਦੀ ਹੋਈ ਮਿੱਟੀ ਤੋਂ ਪੈਦਾ ਕੀਤਾ ਹੈ।
34਼ ਕਿਹਾ, ਚੰਗਾ! ਹੁਣ ਤੂੰ ਇੱਥੋਂ (ਫ਼ਰਿਸ਼ਤਿਆਂ ਦੀ ਸੰਗਤ ਵਿੱਚੋਂ) ਨਿਕਲ ਜਾ, ਹੁਣ ਤੂੰ ਫਿਟਕਾਰਿਆ ਹੋਇਆ ਹੈ।
35਼ ਅਤੇ ਤੇਰੇ ’ਤੇ ਮੇਰੀ ਇਹ ਫਿਟਕਾਰ ਬਦਲੇ ਵਾਲੇ ਦਿਨ (ਭਾਵ ਕਿਆਮਤ ਦਿਹਾੜੇ) ਤੀਕ ਰਹੇਗੀ
36਼ (ਇਬਲੀਸ ਨੇ) ਕਿਹਾ ਕਿ ਹੇ ਮੇਰੇ ਮਾਲਿਕ! ਮੈਨੂੰ ਉਸ ਦਿਨ ਤੀਕ ਮੋਹਲਤ ਦੇ ਦੇ ਜਦੋਂ ਕਿ ਸਾਰੇ ਮਨੁੱਖ ਮੁੜ ਸੁਰਜੀਤ ਕੀਤੇ ਜਾਣਗੇ।
37਼ ਫ਼ਰਮਾਇਆ ਕਿ ਚੰਗਾ ਤੈਨੂੰ ਮੋਹਲਤ ਦੇ ਦਿੱਤੀ ਗਈ
38਼ ਇਕ ਨਿਸ਼ਚਿਤ ਸਮੇਂ ਤੀਕ (ਭਾਵ ਕਿਆਮਤ ਤੱਕ) ਲਈ (ਇਹ ਮੋਹਲਤ ਹੈ)।
39਼ ਉਸ (ਇਬਲੀਸ ਭਾਵ ਸ਼ੈਤਾਨ) ਨੇ ਆਖਿਆ ਕਿ ਹੇ ਮੇਰੇ ਰੱਬਾ! ਜਿਵੇਂ ਤੈਨੇ ਮੈਨੂੰ ਕੁਰਾਹੇ ਪਾਇਆ ਹੈ ਮੈਨੂੰ ਵੀ ਕਸਮ ਹੈ ਕਿ ਮੈਂ ਵੀ ਧਰਤੀ ਉੱਤੇ ਉਹਨਾਂ (ਲੋਕਾਂ) ਲਈ (ਸੰਸਾਰਿਕ ਸਮੱਗਰੀ ਨੂੰ) ਮਨਮੋਹਣਾ ਬਣਾ ਦਿਆਂਗਾ, ਇੰਜ ਇਹਨਾਂ ਸਭ (ਮਨੁੱਖਾਂ) ਨੂੰ ਗੁਮਰਾਹ ਕਰਾਂਗਾ।
40਼ ਛੁੱਟ ਤੇਰੇ ਉਹਨਾਂ ਬੰਦਿਆਂ ਤੋਂ ਜਿਹੜੇ ਤੂੰ ਉਹਨਾਂ ਵਿੱਚੋਂ ਚੁਣ ਲਏ ਹਨ।
41਼ ਫ਼ਰਮਾਇਆ, ਇਹੋ (ਮੇਰੇ ਹੁਕਮਾਂ ਦੀ ਪਾਲਣਾ ਹੀ) ਸਿੱਧਾ ਰਾਹ ਹੈ, ਜਿਹੜਾ ਮੇਰੇ ਤਕ ਪਹੁੰਚਦਾ ਹੈ
42਼ ਬੇਸ਼ੱਕ ਮੇਰੇ ਨੇਕ ਬੰਦਿਆਂ ’ਤੇ ਤੇਰਾ ਕੋਈ ਜ਼ੋਰ ਨਹੀਂ। ਤੇਰਾ ਜ਼ੋਰ ਕੇਵਲ ਉਹਨਾਂ ਕੁਰਾਹੇ ਪਏ ਲੋਕਾਂ ’ਤੇ ਹੀ ਚੱਲੇਗਾ ਜਿਹੜੇ ਤੇਰੇ ਪਿੱਛੇ ਲੱਗਣਗੇ।
43਼ ਅਤੇ ਉਹਨਾਂ ਸਭ ਲਈ ਨਰਕ ਦਾ ਵਾਅਦਾ ਹੈ।
44਼ ਉਸ (ਨਰਕ) ਦੇ ਸੱਤ ਬੂਹੇ ਹਨ ਅਤੇ ਹਰ ਬੂਹੇ ਲਈ ਉਹਨਾਂ (ਗੁਮਰਾਹਾਂ) ਵਿੱਚੋਂ ਇਕ ਵਿਸ਼ੇਸ਼ ਭਾਗ ਵੰਡਿਆ ਹੋਇਆ ਹੈ।
45਼ ਜਦ ਕਿ ਪਰਹੇਜ਼ਗਾਰ ਲੋਕ ਸਵਰਗ ਵਿਚ ਬਾਗ਼ਾਂ ਤੇ ਝਰਨਿਆਂ ਵਿਚ ਹੋਣਗੇ।
46਼ ਉਹਨਾਂ ਨੂੰ ਕਿਹਾ ਜਾਵੇਗਾ ਕਿ ਸਲਾਮਤੀ ਤੇ ਅਮਨ ਨਾਲ ਇਸ (ਸਵਰਗ) ਵਿਚ ਦਾਖ਼ਲ ਹੋ ਜਾਓ।
47਼ ਅਤੇ ਜੋ ਵੀ ਉਹਨਾਂ (ਨੇਕ ਲੋਕਾਂ) ਦੇ ਮਨਾਂ ਵਿਚ (ਕਿਸੇ ਲਈ ਕੁੱਝ ਵੀ) ਵੈਰ-ਵਿਰੋਧ ਹੋਵੇਗਾ ਉਸ ਨੂੰ ਅਸੀਂ ਕੱਢ ਦਿਆਂਗੇ। ਉਹ ਆਪੋ ਵਿਚ ਭਰਾ-ਭਰਾ ਬਣ ਕੇ ਇਕ ਦੂਜੇ ਦੇ ਆਹਮਣੋ-ਸਾਹਮਣੇ ਤਖ਼ਤਾਂ ਉੱਤੇ ਬੈਠੇ ਹੋਣਗੇ।
48਼ ਨਾ ਹੀ ਉੱਥੇ ਉਹਨਾਂ ਨੂੰ ਕੋਈ ਤਕਲੀਫ਼ ਹੋਵੇਗੀ ਅਤੇ ਨਾ ਹੀ ਉੱਥਿਓਂ ਕਦੇ ਕੱਢੇ ਜਾਣਗੇ।
49਼ (ਹੇ ਨਬੀ!) ਮੇਰੇ ਬੰਦਿਆਂ ਨੂੰ ਦੱਸ ਦਿਓ ਕਿ ਮੈਂ ਅਤਿ ਬਖ਼ਸ਼ਣਹਾਰ ਅਤੇ ਅਤਿ ਮਿਹਰਬਾਨ ਹਾਂ।
50਼ ਬੇਸ਼ੱਕ ਮੇਰੀ ਸਜ਼ਾ (ਅਜ਼ਾਬ) ਵੀ ਅਤਿਅੰਤ ਦੁਖਦਾਈ ਹੈ।
51਼ (ਹੇ ਨਬੀ!) ਇਹਨਾਂ ਲੋਕਾਂ ਨੂੰ ਰਤਾ ਇਬਰਾਹੀਮ ਦੇ ਮਹਿਮਾਨਾਂ ਦਾ ਕਿੱਸਾ ਸੁਣਾਓ।
52਼ ਜਦੋਂ ਉਹ (ਮਹਿਮਾਨ) ਉਸ (ਇਬਰਾਹੀਮ) ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਸਲਾਮ ਕੀਤਾ ਤਾਂ ਉਸ ਨੇ (ਇਬਰਾਹੀਮ) ਨੇ ਕਿਹਾ ਕਿ ਸਾਨੂੰ ਤਾਂ ਤੁਹਾਥੋਂ ਡਰ ਲੱਗਦਾ ਹੈ।
53਼ ਉਹਨਾਂ (ਮਹਿਮਾਨਾਂ) ਨੇ ਕਿਹਾ ਕਿ ਡਰੋ ਨਾ, ਅਸੀਂ ਤੈਨੂੰ ਇਕ ਗਿਆਨਵਾਨ ਪੁੱਤਰ ਦੀ ਖ਼ੁਸ਼ਖ਼ਬਰੀ ਸੁਣਾਉਂਦੇ ਹਾਂ।
54਼ (ਇਬਰਾਹੀਮ ਨੇ) ਕਿਹਾ ਕਿ ਇਸ ਬੁਢਾਪੇ ਵਿਚ ਮੈਨੂੰ ਖ਼ੁਸ਼ਖ਼ਬਰੀ ਦੇ ਰਹੇ ਹੋ, ਇਹ ਖ਼ੁਸ਼ਖ਼ਬਰੀ ਤੁਸੀਂ ਕਿਵੇਂ ਦੇ ਰਹੇ ਹੋ ?
55਼ ਉਹਨਾਂ (ਮਹਿਮਾਨਾਂ) ਨੇ ਕਿਹਾ ਕਿ ਅਸੀਂ ਤੁਹਾਨੂੰ ਇਕ ਸੱਚੀ ਖ਼ੁਸ਼ਖ਼ਬਰੀ ਦੇ ਰਹੇ ਹਾਂ, ਤੂੰ ਨਿਰਾਸ਼ ਨਾ ਹੋ?
56਼ ਇਬਰਾਹੀਮ ਨੇ ਕਿਹਾ ਕਿ ਆਪਣੇ ਰੱਬ ਦੀ ਰਹਿਮਤ ਤੋਂ ਕੁਰਾਹੀਏ ਹੀ ਨਿਰਾਸ਼ ਹੁੰਦੇ ਹਨ।
57਼ ਇਬਰਾਹੀਮ ਨੇ ਪੁੱਛਿਆ ਕਿ ਹੇ (ਰੱਬ ਵੱਲੋਂ) ਭੇਜੇ ਹੋਏ ਫ਼ਰਿਸ਼ਤਿਓ! ਤੁਹਾਡੇ ਆਉਣ ਦਾ ਉਦੇਸ਼ ਕੀ ਹੈ ?
58਼ ਉਹਨਾਂ ਨੇ ਕਿਹਾ ਕਿ ਅਸੀਂ ਇਕ ਪਾਪੀ ਕੌਮ ਵੱਲ ਭੇਜੇ ਗਏ ਹਨ।
59਼ ਛੁੱਟ ਲੂਤ ਦੇ ਘਰ ਵਾਲਿਆਂ ਤੋਂ, ਅਸੀਂ ਉਹਨਾਂ ਸਭ (ਈਮਾਨ ਵਾਲਿਆਂ) ਨੂੰਮ (ਅਜ਼ਾਬ ਤੋਂ) ਬਚਾ ਲਵਾਂਗੇ।
60਼ ਸਿਵਾਏ ਉਸ (ਲੂਤ) ਦੀ ਪਤਨੀ ਤੋਂ ਜਿਸ ਲਈ ਅਸੀਂ ਮਿੱਥਿਆ ਹੋਇਆ ਹੈ ਕਿ ਉਹ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਹੋਵੇਗੀ।
61਼ ਜਦੋਂ ਭੇਜੇ ਹੋਏ (ਫ਼ਰਿਸ਼ਤੇ) ਲੂਤ ਦੇ ਘਰ ਪਹੁੰਚੇ।
62਼ ਤਾਂ ਉਹਨਾਂ (ਲੂਤ) ਨੇ ਕਿਹਾ ਕਿ ਤੁਸੀਂ ਲੋਕ ਤਾਂ ਅਜਨਬੀ ਲੱਗਦੇ ਹੋ।
63਼ ਉਹਨਾਂ (ਫ਼ਰਿਸ਼ਤਿਆਂ) ਨੇ ਕਿਹਾ, (ਨਹੀਂ) ਅਸੀਂ ਤਾਂ ਤੇਰੇ ਕੋਲ ਉਹ (ਅਜ਼ਾਬ) ਲੈ ਕੇ ਆਏ ਹਾਂ ਜਿਸ ਦੇ ਆਉਣ ਵਿਚ ਇਹ ਲੋਕ ਸ਼ੱਕ ਕਰਦੇ ਸਨ।
64਼ ਅਸੀਂ ਤੇਰੇ ਕੋਲ ਸੱਚਾਈ ਲੈਕੇ ਆਏ ਹਾਂ ਅਤੇ ਬੇਸ਼ੱਕ ਅਸੀਂ ਹਾਂ ਵੀ ਸੱਚੇ।
65਼ ਹੁਣ ਤੂੰ ਆਪਣੇ ਪਰਿਵਾਰ ਸਨੇ ਰਾਤ ਰਹਿੰਦੇ ਘਰੋਂ ਨਿਕਲ ਜਾ ਅਤੇ ਤੁਸੀਂ ਇਨ੍ਹਾਂ (ਈਮਾਨ ਵਾਲਿਆਂ) ਦੇ ਪਿੱਛੇ ਹੀ ਰਹਿਣਾ ਅਤੇ ਤੁਹਾਡੇ ਵਿੱਚੋਂ ਕੋਈ ਪਿਛਾਂਹ ਮੁੜ ਕੇ ਨਾ ਵੇਖੇ। ਤੁਹਾਨੂੰ ਜਿੱਥੇ ਜਾਣ ਲਈ ਹੁਕਮ ਦਿੱਤਾ ਜਾ ਰਿਹਾ ਹੈ ਉੱਥੇ ਹੀ ਚਲੇ ਜਾਣਾ।
66਼ ਅਤੇ ਅਸੀਂ ਉਹਨਾਂ (ਕੌਮੇ-ਲੂਤ) ਲਈ ਇਹੋ ਫ਼ੈਸਲਾ ਕੀਤਾ ਕਿ ਸਵੇਰਾ ਹੋਣ ਤਕ ਇਹਨਾਂ ਲੋਕਾਂ ਦੀ ਜੜ੍ਹ ਵੱਡ ਸੁੱਟੀ ਜਾਵੇਗੀ।
67਼ ਅਤੇ ਸ਼ਹਿਰ (ਸੱਦੂਮ) ਦੇ ਵਾਸੀ (ਫ਼ਰਿਸ਼ਤਿਆਂ ਨੂੰ ਸੋਹਣੇ ਮੁੰਡਿਆਂ ਦੇ ਰੂਪ ਵਿਚ) ਵੇਖ ਕੇ ਖ਼ੁਸ਼ੀਆਂ ਮਣਾਉਂਦੇ ਹੋਏ (ਲੂਤ ਦੇ ਘਰ) ਆਏ।
68਼ ਉਸ (ਲੂਤ) ਨੇ ਕਿਹਾ ਕਿ ਬੇਸ਼ੱਕ ਇਹ ਲੋਕ ਮੇਰੇ ਮਹਿਮਾਨ ਹਨ ਤੁਸੀਂ ਮੈਨੂੰ ਅਪਮਾਨਿਤ ਨਾ ਕਰੋ।
69਼ ਅੱਲਾਹ ਤੋਂ ਡਰੋ ਅਤੇ ਮੈਨੂੰ ਹੀਣਾ ਨਾ ਕਰੋ।
70਼ ਉਹ (ਸ਼ਹਿਰ ਵਾਸੀ) ਬੋਲੇ ਕਿ ਕੀ ਅਸੀਂ ਤੁਹਾਨੂੰ ਦੁਨੀਆਂ ਭਰ ਦੀ ਠੇਕੇਦਾਰੀ ਤੋਂ ਮਨ੍ਹਾਂ ਨਹੀਂ ਸੀ ਕੀਤਾ?
71਼ ਉਸ (ਲੂਤ) ਨੇ ਕਿਹਾ ਕਿ ਜੇ ਤੁਸੀਂ ਕਰਨਾ ਹੀ ਹੈ ਤਾਂ ਇਹ ਮੇਰੀਆਂ (ਕੌਮ ਦੀਆਂ) ਧੀਆਂ ਮੌਜੂਦ ਹਨ ਤੁਸੀਂ ਇਹਨਾਂ ਨਾਲ ਨਿਕਾਹ ਕਰ ਲਓ।
72਼ (ਹੇ ਮੁਹੰਮਦ!) ਤੇਰੀ ਜਾਨ ਦੀ ਕਸਮ, ਬੇਸ਼ੱਕ ਉਹ (ਕੌਮੇ-ਲੂਤ) ਆਪਣੀ ਮਸਤੀ ਵਿਚ ਕੁਰਾਹੇ ਪਏ ਹੋਏ ਸਨ।
73਼ ਅੰਤ ਸੂਰਜ ਨਿਕਲਦੇ ਹੀ ਉਹਨਾਂ ਨੂੰ ਇਕ ਚੰਗਿਆੜ ਨੇ ਆ ਨੱਪਿਆ।
74਼ ਅਤੇ ਅਸੀਂ ਇਸ ਸ਼ਹਿਰ ਨੂੰ ਉੱਪਰ-ਥੱਲੇ ਕਰ ਸੁੱਟਿਆ ਅਤੇ ਇਹਨਾਂ ਲੋਕਾਂ ’ਤੇ ਖਿੰਘਰਾਂ ਵਾਲੇ ਪੱਥਰਾਂ ਦਾ ਮੀਂਹ ਵਰ੍ਹਾ ਦਿੱਤਾ।
75਼ ਬੇਸ਼ੱਕ ਇਸ (ਘਟਨਾ) ਵਿਚ ਸਿੱਖਿਆ ਲੈਣ ਵਾਲਿਆਂ ਲਈ ਕਈ ਨਿਸ਼ਾਨੀਆਂ ਹਨ।
76਼ ਅਤੇ ਬੇਸ਼ੱਕ ਉਹ ਬਸਤੀ ਉਸ (ਮੱਕੇ ਦੀ) ਰਾਹ ’ਤੇ ਸਥਿਤ ਹੈ।
77਼ ਬੇਸ਼ੱਕ ਇਸ (ਘਟਨਾ) ਵਿਚ ਈਮਾਨ ਵਾਲਿਆਂ ਲਈ ਵੱਡੀਆਂ ਨਿਸ਼ਾਨੀਆਂ ਹਨ।
78਼ ਬੇਸ਼ੱਕ ਐਕਾ ਬਸਤੀ ਵਾਲੇ (ਸ਼ੁਐਬ ਦੀ ਕੌਮ) ਵੀ ਜ਼ਾਲਮ ਸੀ।
79਼ ਉਹਨਾਂ ਤੋਂ ਵੀ ਅਸੀਂ (ਸ਼ੁਐਬ ਨੂੰ ਝੁਠਲਾਉਣ ਦਾ) ਬਦਲਾ ਲਿਆ, ਇਹ ਦੋਵੇਂ ਸ਼ਹਿਰ (ਕੌਮੇ-ਲੂਤ ਤੇ ਕੌਮੇ-ਸ਼ੁਐਬ ਦੀ ਬਸਤੀਆਂ) ਮੁੱਖ ਰਾਹ ’ਤੇ ਸਥਿਤ ਹਨ।
80਼ ਅਤੇ ਹਿਜਰ ਵਾਲਿਆਂ (ਭਾਵ ਕੌਮੇ-ਸਮੂਦ) ਨੇ ਵੀ ਰਸੂਲਾਂ ਨੂੰ ਝੁਠਲਾਇਆ।
81਼ ਅਸੀਂ ਉਸ (ਸਾਲੇਹ) ਨੂੰ ਆਪਣੇ ਵੱਲੋਂ ਨਿਸ਼ਾਨੀਆਂ ਵੀ ਬਖ਼ਸ਼ੀਆਂ, ਪਰ ਉਹ (ਹਿਜਰ ਵਾਲੇ) ਉਹਨਾਂ ਤੋਂ ਮੂੰਹ ਮੋੜਦੇ ਰਹੇ।
82਼ ਇਹ ਲੋਕੀ ਪਹਾੜਾਂ ਨੂੰ ਘੜ੍ਹ-ਘੜ੍ਹ ਕੇ ਘਰ ਬਣਾਉਂਦੇ ਸਨ, ਕਿਸੇ ਤੋਂ ਡਰਦੇ ਨਹੀਂ ਸੀ।
83਼ ਅੰਤ ਉਹਨਾਂ (ਕੌਮੇ-ਹਿਜਰ) ਨੂੰ ਸਵੇਰ ਹੁੰਦੇ ਹੀ ਇਕ ਜ਼ੋਰਦਾਰ ਚੰਗਿਆੜ ਨੇ ਆ ਨੱਪਿਆ।
84਼ ਉਹਨਾਂ ਦੀ ਕੋਈ ਵੀ ਕਮਾਈ ਉਹਨਾਂ ਦੇ ਕਿਸੇ ਕੰਮ ਨਾ ਆਈ।
85਼ ਅਸੀਂ ਅਕਾਸ਼ ਤੇ ਧਰਤੀ ਅਤੇ ਇਹਨਾਂ ਵਿਚਕਾਰ ਦੀਆਂ ਸਾਰੀਆਂ ਚੀਜ਼ਾਂ ਨੂੰ ਸੱਚਾਈ ਨਾਲ ਹੀ ਪੈਦਾ ਕੀਤਾ ਹੈ। ਕਿਆਮਤ ਦਿਹਾੜਾ ਲਾਜ਼ਮੀ ਆਵੇਗਾ। ਸੋ (ਹੇ ਨਬੀ!) ਤੁਸੀਂ ਸੁਚੱਜੇ ਢੰਗ ਨਾਲ ਕਾਫ਼ਿਰਾਂ ਦੀਆਂ ਵਧੀਕੀਆਂ ਨੂੰ ਅੱਖਾਂ ਉਹਲੇ ਕਰਦੇ ਰਹੋ।
86਼ ਬੇਸ਼ੱਕ ਤੁਹਾਡਾ ਰੱਬ ਹੀ ਸਭ ਦਾ ਪੈਦਾ ਕਰਨ ਵਾਲਾ ਅਤੇ ਗਿਆਨਵਾਨ ਹੈ।
87਼ ਬੇਸ਼ੱਕ ਅਸੀਂ ਤੁਹਾਨੂੰ (ਹੇ ਨਬੀ ਸ:!) ਮੁੜ-ਮੁੜ ਦੁਹਰਾਉਣ ਵਾਲਿਆਂ ਸੱਤ ਆਇਤਾਂ (ਸੂਰਤ ਫ਼ਾਤਿਹਾ) ਅਤੇ ਵੱਡੇ ਮਰਾਤਬੇ ਵਾਲਾ਼ਕੁਰਆਨ ਵੀ ਬਖ਼ਸ਼ਿਆ ਹੈ।1
88਼ ਹੇ ਨਬੀ! ਤੁਸੀਂ ਕਦੇ ਵੀ ਉਹਨਾਂ ਚੀਜ਼ਾਂ ਵੱਲ ਨਾ ਤੱਕੋ ਜਿਹੜੀਆਂ (ਜੀਵਨ ਸਮੱਗਰੀਆਂ) ਅਸੀਂ ਵੱਖ-ਵੱਖ ਲੋਕਾਂ ਨੂੰ ਦੇ ਛੱਡੀਆਂ ਹਨ ਅਤੇ ਨਾ ਹੀ ਇਹਨਾਂ ਲਈ ਚਿੰਤਿਤ ਹੋਵੋ, ਸਗੋਂ ਮੋਮਿਨਾਂ ਲਈ ਆਪਣੀਆਂ ਮੁਹੱਬਤ ਭਰੀਆਂ ਬਾਹਾਂ ਨੂੰ ਝੁਕਾਈਂ ਰੱਖੋ।
89਼ ਅਤੇ ਆਖ ਦਿਓ ਕਿ ਮੈਂ ਤਾਂ ਖੁੱਲ੍ਹਮ-ਖੁੱਲ੍ਹਾ ਡਰਾਉਣ ਵਾਲਾ ਹਾਂ।
90਼ ਅਜਿਹੇ ਅਜ਼ਾਬ ਦੀ ਚਿਤਾਵਨੀ ਅਸੀਂ ਫ਼ੁੱਟ ਪਾਉਣ ਵਾਲੇ ਲੋਕਾਂ ਵੱਲ ਭੇਜੀ ਸੀ।
91਼ ਜਿਨ੍ਹਾਂ ਨੇ ਆਪਣੇ .ਕੁਰਆਨ (ਭਾਵ ਤੌਰੈਤ) ਦੇ ਟੋਟੇ-ਟੋਟੇ ਕਰ ਛੱਡੇ ਸੀ।
92਼ ਕਸਮ ਹੈ ਤੇਰੇ ਰੱਬ ਦੀ! ਅਸੀਂ ਇਹਨਾਂ ਸਾਰਿਆਂ ਤੋਂ ਜ਼ਰੂਰ ਹੀ ਪੁੱਛ-ਗਿੱਛ ਕਰਾਂਗੇ।
93਼ ਉਹਨਾਂ ਕੰਮਾਂ ਬਾਰੇ ਜੋ ਉਹ ਕਰਦੇ ਸਨ।
94਼ (ਹੇ ਨਬੀ!) ਤੁਹਾਨੂੰ ਜੋ ਵੀ ਹੁਕਮ ਦਿੱਤਾ ਜਾ ਰਿਹਾ ਹੈ ਉਸ ਨੂੰ ਖੋਲ੍ਹ-ਖੋਲ੍ਹ ਕੇ ਸੁਣਾ ਦਿਓ ਅਤੇ ਮੁਸ਼ਰਿਕਾਂ ਦੀ ਰਤਾ ਪਰਵਾਹ ਨਾ ਕਰੋ।
95਼ ਤੁਹਾਡੇ ਵੱਲੋਂ ਅਸੀਂ ਉਹਨਾਂ ਮਖੌਲ ਕਰਨ ਵਾਲਿਆਂ ਲਈ ਬਥੇਰੇ ਹਾਂ।
96਼ ਜਿਹੜੇ ਲੋਕੀ ਅੱਲਾਹ ਦੇ ਨਾਲ-ਨਾਲ ਦੂਜੇ ਇਸ਼ਟ ਬਣਾਉਂਦੇ ਹਨ, ਉਹਨਾਂ ਨੂੰ ਛੇਤੀ ਹੀ (ਹਕੀਕਤ ਦਾ) ਪਤਾ ਲਗ ਜਾਵੇਗਾ।
97਼ (ਹੇ ਨਬੀ!) ਅਸੀਂ (ਅੱਲਾਹ) ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜੋ ਕੁੱਝ ਉਹ ਕਹਿੰਦੇ ਹਨ, ਉਸ ਨਾਲ ਤੁਹਾਡਾ ਮਨ ਕੁੜ੍ਹਦਾ ਹੈ
98਼ ਤੁਸੀਂ ਆਪਣੇ ਪਾਲਣਹਾਰ ਦੀ ਉਸਤਤ ਨਾਲ ਉਸਦੀ ਤਸਬੀਹ ਕਰੋ ਅਤੇ ਸਿਜਦੇ ਕਰਨ ਵਾਲਿਆਂ ਦੀ ਸੰਗਤ ਕਰੋ।1
99਼ ਅਤੇ ਆਪਣੇ ਰੱਬ ਦੀ ਇਬਾਦਤ ਕਰਦੇ ਰਹੋ, ਇੱਥੋਂ ਤੀਕ ਕਿ ਤੁਹਾਡੇ ਕੋਲ ਅਟੱਲ ਚੀਜ਼ (ਭਾਵ ਮੌਤ) ਆ ਜਾਵੇ।2