The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe night journey [Al-Isra] - Bunjabi translation
Surah The night journey [Al-Isra] Ayah 111 Location Maccah Number 17
1਼ ਪਾਕ ਜ਼ਾਤ ਹੈ ਉਹ (ਅੱਲਾਹ) ਜਿਹੜਾ ਆਪਣੇ ਬੰਦੇ (ਮੁਹੰਮਦ ਸ:) ਨੂੰ ਰਾਤ ਦੇ ਇਕ ਹਿੱਸੇ ਵਿਚ ਹੀ ਸਤਿਕਾਰਯੋਗ ਮਸੀਤ (ਖ਼ਾਨਾ-ਕਾਅਬਾ) ਤੋਂ ਮਸਜਿਦੇ- ਅਕਸਾ (ਯਰੋਸ਼ਲਮ ਵਿਖੇ ਬੈਤੁਲ-ਮੁਕੱਦਸ) ਤਕ ਲੈ ਗਿਆ, ਜਿਸ ਦੇ ਆਲੇ-ਦੁਆਲੇ ਅਸੀਂ ਬਰਕਤਾਂ ਰੱਖੀਆਂ ਹਨ, ਤਾਂ ਜੋ ਅਸੀਂ ਉਸ (ਮੁਹੰਮਦ) ਨੂੰ ਆਪਣੀਆਂ ਕੁੱਝ ਨਿਸ਼ਾਨੀਆਂ ਵਿਖਾਈਏ।1 ਬੇਸ਼ੱਕ ਉਹੀਓ (ਅੱਲਾਹ) ਸਭ ਕੁੱਝ ਸੁਣਨ ਵਾਲਾ ਤੇ ਵੇਖਣ ਵਾਲਾ ਹੈ।
2਼ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਦਿੱਤੀ ਸੀ ਅਤੇ ਉਸ ਨੂੰ ਬਨੀ-ਇਸਰਾਈਲ ਲਈ ਮਾਰਗ ਦਰਸ਼ਕ ਬਣਾਇਆ ਅਤੇ ਕਿਹਾ ਸੀ ਕਿ ਤੁਸੀਂ ਛੁੱਟ ਮੈਥੋਂ ਹੋਰ ਕਿਸੇ ਨੂੰ ਆਪਣਾ ਵਕੀਲ (ਕਾਰਜ-ਸਾਧਕ) ਨਾ ਠਹਿਰਾਓ।
3਼ (ਹੇ ਲੋਕੋ!) ਤੁਸੀਂ ਸਾਰੇ ਹੀ ਉਹਨਾਂ ਲੋਕਾਂ ਦੀ ਨਸਲ ’ਚੋਂ ਹੋ ਜਿਨ੍ਹਾਂ ਨੂੰ ਅਸੀਂ ਨੂਹ ਦੇ ਨਾਲ (ਬੇੜੀ ’ਤੇ) ਸਵਾਰ ਕੀਤਾ ਸੀ। ਬੇਸ਼ੱਕ ਉਹ (ਨੂਹ, ਅੱਲਾਹ ਦਾ) ਧੰਨਵਾਦੀ ਬੰਦਾ ਸੀ।
4਼ ਅਸੀਂ ਬਨੀ-ਇਸਰਾਈਲ ਨੂੰ ਉਹਨਾਂ ਦੀ ਕਿਤਾਬ (ਤੌਰੈਤ) ਵਿਚ ਸਾਫ਼-ਸਾਫ਼ ਸੁਚੇਤ ਕਰ ਦਿੱਤਾ ਸੀ ਕਿ ਤੁਸੀਂ ਧਰਤੀ ’ਤੇ ਦੋ ਵਾਰੀ ਫ਼ਸਾਦ ਕਰੋਗੇ ਤੇ ਵੱਡੀ ਸਰਕਸ਼ੀ ਕਰੋਗੇ।
5਼ ਜਦੋਂ ਦੋਵਾਂ ਵਾਅਦਿਆਂ ਵਿੱਚੋਂ ਪਹਿਲੇ ਵਾਅਦੇ ਦਾ ਸਮਾਂ ਆਇਆ ਤਾਂ (ਹੇ ਬਨੀ ਇਸਰਾਈਲੀਓ!) ਅਸੀਂ ਤੁਹਾਡੇ ’ਤੇ ਬਹੁਤ ਹੀ ਲੜਾਕੂ ਬੰਦੇ ਭੇਜੇ ਉਹ ਸ਼ਹਿਰਾਂ ਵਿਚ ਫ਼ਸਾਦ ਫੈਲਾਉਣ ਲਈ ਹਰ ਪਾਸੇ ਫੈਲ ਗਏ। ਇਹ ਇਕ ਵਚਨ ਸੀ ਜਿਹੜਾ ਪੂਰਾ ਹੋਣਾ ਹੀ ਸੀ।
6਼ ਫੇਰ ਅਸੀਂ ਉਹਨਾਂ (ਲੜਾਕੂਆਂ) ’ਤੇ ਤੁਹਾਨੂੰ ਜਿੱਤ ਦੇ ਕੇ ਤੁਹਾਡੇ ਦਿਨ ਫੇਰ ਦਿੱਤੇ ਅਤੇ ਧੰਨ ਦੌਲਤ ਅਤੇ ਔਲਾਦ ਨਾਲ ਤੁਹਾਡੀ ਮਦਦ ਕੀਤੀ ਅਤੇ ਤੁਹਾਡੀ ਸੰਖਿਆ ਵਿਚ ਵੀ ਵਾਧਾ ਕੀਤਾ।
7਼ ਜੇ ਤੁਸੀਂ ਭਲਾਈ ਕਰੋਗੇ ਤਾਂ ਆਪਣੇ ਲਈ ਹੀ ਕਰੋਗੇ ਜੇ ਬੁਰਾਈ ਕਰੋਗੇ ਤਾਂ ਉਹ ਵੀ ਆਪਣੇ ਲਈ ਹੀ ਹੋਵੇਗੀ ਫੇਰ ਜਦੋਂ ਦੂਜੇ ਵਾਅਦੇ ਦਾ ਸਮਾਂ ਆਇਆ (ਤਾਂ ਇਕ ਦੂਜੀ ਕੌਮ ਤੁਹਾਡੇ ’ਤੇ ਭਾਰੂ ਹੋ ਗਈ), ਤਾਂ ਜੋ ਉਹ (ਮਾਰ ਮਾਰ ਕੇ) ਤੁਹਾਡੇ ਚਿਹਰਿਆਂ ਨੂੰ ਵਿਗਾੜ ਸੁੱਟਣ ਅਤੇ ਮਸੀਤ (ਬੈਤੁਲ ਮੁਕੱਦਸ) ਵਿਚ ਦਾਖ਼ਲ ਹੋ ਜਾਣ, ਜਿਵੇਂ ਇਸ ਵਿਚ ਪਹਿਲੀ ਵਾਰ ਦਾਖ਼ਲ ਹੋਏ ਸਨ, ਤਾਂ ਜੋ ਜਿਸ ’ਤੇ ਵੀ ਉਨ੍ਹਾਂ ਦਾ ਜ਼ੌਰ ਚੱਲੇ, ਉਸ ਨੂੰ ਉੱਕਾ ਹੀ ਬਰਬਾਦ ਕਰ ਦੇਣ।
8਼ ਹੋ ਸਕਦਾ ਹੈ ਕਿ ਤੁਹਾਡਾ ਰੱਬ ਤੁਹਾਡੇ ’ਤੇ ਰਹਿਮ ਕਰੇ। ਹਾਂ! ਜੇ ਤੁਸੀਂ ਫੇਰ ਉਹੀਓ ਚੱਜ ਕਰਨ ਲੱਗ ਪਏ ਤਾਂ ਅਸੀਂ ਵੀ ਪਹਿਲਾਂ ਵਾਂਗ ਹੀ ਕਰਾਂਗੇ। ਅਸੀਂ ਨਰਕ ਨੂੰ ਇਕ ਕੈਦ ਖ਼ਾਨਾ ਬਣਾ ਛੱਡਿਆ ਹੈ।
9਼ ਹਕੀਕਤ ਵਿਚ ਇਹ .ਕੁਰਆਨ ਉਹ ਰਾਹ ਵਿਖਾਉਂਦਾ ਹੈ ਜਿਹੜਾ ਬਹੁਤ ਹੀ ਸਿੱਧਾ ਹੈ ਅਤੇ ਉਨ੍ਹਾਂ ਈਮਾਨ ਵਾਲਿਆਂ ਨੂੰ ਜਿਹੜੇ ਨੇਕ ਕੰਮ ਕਰਦੇ ਹਨ, ਇਸ ਗੱਲ ਦੀ ਖ਼ੁਸ਼ਖ਼ਬਰੀ ਦਿੰਦਾ ਹੈ ਕਿ ਉਹਨਾਂ ਲਈ ਬਹੁਤ ਹੀ ਵੱਡਾ ਅਜਰ (ਬਦਲਾ) ਹੈ।
10਼ ਅਤੇ ਜਿਹੜੇ ਲੋਕ ਆਖ਼ਿਰਤ ’ਤੇ ਯਕੀਨ ਨਹੀਂ ਰੱਖਦੇ ਉਹਨਾਂ ਲਈ ਦਰਦਨਾਕ ਅਜ਼ਾਬ ਤਿਆਰ ਕੀਤਾ ਗਿਆ ਹੈ।
11਼ ਮਨੁੱਖ (ਆਪਣੇ ਲਈ) ਬੁਰਾਈ ਦੀ ਦੁਆਵਾਂ ਇਸ ਤਰ੍ਹਾਂ ਮੰਗਦਾ ਹੈ ਜਿਵੇਂ ਉਸ ਦੀ ਭਲਾਈ ਦੀ ਦੁਆ ਹੋਵੇ। ਮਨੁੱਖ (ਸੁਭਾ ਵਜੋਂ) ਬਹੁਤ ਹੀ ਕਾਹਲਾ ਹੈ।
12਼ ਅਸੀਂ ਰਾਤ ਤੇ ਦਿਨ ਨੂੰ (ਕੁਦਰਤ ਦੀਆਂ) ਦੋ ਨਿਸ਼ਾਨੀਆਂ ਵਜੋਂ ਬਣਾਇਆ ਹੈ, ਰਾਤ ਦੀ ਨਿਸ਼ਾਨੀ (ਚੰਨ) ਨੂੰ ਤਾਂ ਅਸੀਂ ਬੇ-ਨੂਰ ਕਰ ਦਿੱਤਾ ਤੇ ਦਿਨ ਦੀ ਨਿਸ਼ਾਨੀ (ਸੂਰਜ) ਨੂੰ ਰੁਸ਼ਨਾ ਦਿਤਾ ਤਾਂ ਜੋ ਤੁਸੀਂ ਆਪਣੇ ਰੱਬ ਦਾ ਫ਼ਜ਼ਲ (ਰੋਟੀ ਰੋਜ਼ੀ) ਦੀ ਭਾਲ ਕਰ ਸਕੋ ਅਤੇ ਇਸ ਲਈ ਵੀ ਕਿ ਵਰ੍ਹਿਆਂ (’ਤੇ ਮਹੀਨਿਆਂ) ਦਾ ਹਿਸਾਬ ਜਾਣ ਸਕੋ। ਅਸੀਂ ਹਰੇਕ ਚੀਜ਼ ਦੀ ਚੰਗੀ ਤਰ੍ਹਾਂ ਵਿਆਖਿਆ ਕੀਤੀ ਹੈ।
13਼ ਅਸੀਂ ਹਰੇਕ ਮਨੁੱਖ ਦੀ ਕਰਮ-ਪਤਰੀ ਨੂੰ ਉਸ ਦੀ ਗਰਦਨ ਵਿਚ ਪਾ ਛੱਡਿਆ ਹੈ ਅਤੇ ਕਿਆਮਤ ਦਿਹਾੜੇ ਅਸੀਂ ਉਸ ਦੇ ਸਾਹਮਣੇ ਇਕ ਕਿਤਾਬ ਪੇਸ਼ ਕਰਾਂਗੇ1 ਜਿਸ ਨੂੰ ਉਹ ਆਪਣੇ ਸਾਹਮਣੇ ਖੁੱਲ੍ਹੀ ਵੇਖੇਗਾ।
14਼ ਆਖਿਆ ਜਾਵੇਗਾ ਕਿ ਤੂੰ ਆਪ ਹੀ ਆਪਣੀ (ਕਰਮਾਂ ਵਾਲੀ) ਕਿਤਾਬ ਪੜ੍ਹ ਲੈ, ਅੱਜ ਤੂੰ ਆਪ ਹੀ ਆਪਣਾ ਹਿਸਾਬ ਲੈਣ ਲਈ ਬਥੇਰਾ ਹੈ।
15਼ ਜਿਹੜਾ ਕੋਈ ਸਿੱਧੀ ਰਾਹ ਪ੍ਰਾਪਤ ਕਰਦਾ ਹੈ ਤਾਂ ਉਸ ਦਾ ਲਾਭ ਉਸੇ ਨੂੰ ਹੀ ਹੁੰਦਾ ਹੈ ਅਤੇ ਜਿਹੜਾ ਰਾਹੋਂ ਭੱਟਕ ਜਾਵੇ ਤਾਂ ਉਹ ਆਪਣੇ ਆਪ ਨੂੰ ਹੀ ਕੁਰਾਹੇ ਪਾਉਂਦਾ ਹੈ। (ਕਿਆਮਤ ਦਿਹਾੜੇ) ਕੋਈ ਭਾਰ ਚੁੱਕਣ ਵਾਲਾ ਕਿਸੇ ਦੂਜੀ ਦਾ ਭਾਰ ਨਹੀਂ ਚੁੱਕੇਗਾ। ਅਸੀਂ ਉਸ ਸਮੇਂ ਤਕ ਕਿਸੇ (ਕੌਮ) ਨੂੰ ਅਜ਼ਾਬ ਨਹੀਂ ਦਿੰਦੇ ਜਦੋਂ ਤਕ ਕੋਈ ਰਸੂਲ ਨਾ ਭੇਜ ਦਈਏ।
16਼ ਜਦੋਂ ਅਸੀਂ ਕਿਸੇ ਬਸਤੀ ਨੂੰ ਬਰਬਾਦ ਕਰਨਾ ਚਾਹੁੰਦੇ ਹਾਂ ਤਾਂ ਉੱਥੇ ਦੇ ਖ਼ੁਸ਼ਹਾਲ ਲੋਕਾਂ ਨੂੰ ਆਦੇਸ਼ ਦਿੰਦੇ ਹਾਂ ਅਤੇ ਉਹ ਉਸ ਬਸਤੀ ਵਿਚ (ਖੁੱਲ੍ਹੇ ਤੌਰ ’ਤੇ) ਨਾ-ਫ਼ਰਮਾਨੀਆਂ ਕਰਨ ਲੱਗ ਪੈਂਦੇ ਹਨ ਅਤੇ ਇੰਜ ਉਸ (ਬਸਤੀ ਵਾਲਿਆਂ) ’ਤੇ ਅਜ਼ਾਬ ਦਾ ਆਉਣਾ ਢੁੱਕ ਜਾਂਦਾ ਹੈ ਅਤੇ ਫੇਰ ਅਸੀਂ ਉਸ (ਬਸਤੀ) ਨੂੰ ਉਜਾੜ ਕੇ ਰੱਖ ਦਿੰਦੇ ਹਾਂ।
17਼ ਅਸਾਂ ਨੂਹ ਤੋਂ ਮਗਰੋਂ ਕਿੰਨੀਆਂ ਹੀ ਕੌਮਾਂ ਹਲਾਕ ਕੀਤੀਆਂ ਹਨ। (ਹੇ ਨਬੀ) ਤੇਰਾ ਰੱਬ ਆਪਣੇ ਬੰਦਿਆਂ ਦੇ ਅਪਰਾਧਾਂ ਤੋਂ ਭਲੀ-ਭਾਂਤ ਜਾਣੂ ਹੈ, ਉਹ ਸਭ ਕੁੱਝ ਵੇਖਣ ਵਾਲਾ ਹੈ।
18਼ ਜਿਹੜਾ ਕੋਈ ਛੇਤੀ ਮਿਲਣ ਵਾਲਾ (ਸੰਸਾਰ) ਚਾਹੁੰਦਾ ਹੈ ਤਾਂ ਅਸੀਂ ਇਸੇ ਸੰਸਾਰ ਵਿਚ ਜਿਸ ਦੇ ਲਈ ਚਾਹੁੰਦੇ ਹਾਂ ਅਤੇ ਜਿੱਨਾ ਚਾਹੁੰਦੇ ਹਾਂ ਛੇਤੀ ਹੀ ਬਖ਼ਸ਼ ਦਿੰਦੇ ਹਾਂ, ਫੇਰ ਉਸ ਲਈ ਨਰਕ ਵਿਚ ਜਾਣਾ ਲਾਜ਼ਮੀ ਹੋ ਜਾਂਦਾ ਹੈ ਉਹ ਇਸ ਵਿਚ ਰੁਸਵਾਈ ਨਾਲ ਧੱਕੇ ਖਾਂਦਾ ਹੋਇਆ ਦਾਖ਼ਲ ਹੋਵੇਗਾ।
19਼ ਅਤੇ ਜਿਹੜਾ ਆਖ਼ਿਰਤ ਚਾਹੁੰਦਾ ਹੈ ਅਤੇ ਉਸ ਦੇ ਲਈ ਪੂਰੇ ਜਤਨ ਵੀ ਕਰਦਾ ਹੈ ਜਦ ਕਿ ਉਹ ਈਮਾਨ ਵਾਲਾ ਵੀ ਹੈ, ਇਹੋ ਉਹ ਲੋਕ ਹਨ ਜਿਨ੍ਹਾਂ ਦੇ ਜਤਨਾਂ ਦੀ ਕਦਰ ਕੀਤੀ ਜਾਵੇਗੀ।
20਼ (ਹੇ ਨਬੀ! ਸੰਸਾਰ ਵਿਚ) ਅਸੀਂ ਹਰੇਕ ਨੂੰ ਤੇਰੇ ਰੱਬ ਦੀਆਂ ਬਖ਼ਸ਼ਿਸ਼ਾਂ ਨਾਲ ਨਿਵਾਜ਼ਦੇ ਹਾਂ, ਉਹਨਾਂ (ਇਨਕਾਰੀਆਂ) ਨੂੰ ਵੀ (ਨਿਵਾਜ਼ਦੇ ਹਾਂ) ਅਤੇ ਉਹਨਾਂ (ਈਮਾਨ ਵਾਲਿਆਂ) ਨੂੰ ਵੀ। ਤੇਰੇ ਰੱਬ ਦੀਆਂ ਬਖ਼ਸ਼ਿਸ਼ਾਂ ਨੂੰ ਕੋਈ ਰੋਕ ਨਹੀਂ ਸਕਦਾ।
21਼ ਵੇਖੋ ਅਸੀਂ ਇਹਨਾਂ ਵਿੱਚੋਂ ਇਕ ਨੂੰ ਦੂਜੇ ’ਤੇ ਕਿੱਦਾਂ ਵਡਿਆਈ ਦੇ ਛੱਡੀ ਹੈ ਅਤੇ ਪ੍ਰਲੋਕ ਤਾਂ ਦਰਜਿਆਂ ਵਿਚ ਹੋਰ ਵੀ ਵਧੀ ਹੋਈ ਹੈ ਅਤੇ ਉਹ ਵਡਿਆਈ ਦੇਣ ਵਿਚ ਵੀ ਕਈ ਗੁਣਾ ਵਧੀ ਹੋਈ ਹੈ।
22਼ (ਹੇ ਨਬੀ!) ਤੁਸੀਂ ਅੱਲਾਹ ਦੇ ਨਾਲ ਕੋਈ ਹੋਰ ਇਸ਼ਟ ਨਾ ਬਣਾਓ ਨਹੀਂ ਤਾਂ ਤੁਸੀਂ ਵੀ ਭੰਢੇ ਹੋਏ ਤੇ ਬੇਆਸਰਾ ਹੋਕੇ ਬੈਠੇ ਰਹਿ ਜਾਓਗੇ।
23਼ ਤੁਹਾਡਾ ਰੱਬ ਹੁਕਮ ਦੇ ਚੁਕਿਆ ਹੈ ਕਿ ਤੁਸੀਂ ਉਸ (ਅੱਲਾਹ) ਤੋਂ ਛੁੱਟ ਕਿਸੇ ਹੋਰ ਦੀ ਬੰਦਗੀ ਨਾ ਕਰੋ ਅਤੇ ਮਾਪਿਆਂ ਨਾਲ ਸੋਹਣਾ ਵਿਹਾਰ ਕਰੋ। ਜੇ ਤੁਹਾਡੇ ਸਾਹਮਣੇ ਇਹਨਾਂ ਦੋਵਾਂ (ਮਾਂ-ਪਿਓ) ਵਿੱਚੋਂ ਇਕ ਜਾਂ ਦੋਵੇਂ ਬਿਰਧ-ਅਵਸਥਾ ਵਿਚ ਪਹੁੰਚ ਜਾਣ ਤਾਂ ਉਹਨਾਂ ਦੇ ਅੱਗੇ ਉਫ਼ ਤਕ ਨਾ ਕਰੋ (ਭਾਵ ਸੀ ਤਕ ਨਾ ਵੱਟੋ) ਅਤੇ ਨਾ ਹੀ ਉਹਨਾਂ ਨੂੰ (ਉੱਤਰ ਵਿਚ) ਝਿੜਕੀਆਂ ਦਿਓ ਸਗੋਂ ਉਹਨਾਂ ਨਾਲ ਨਰਮਾਈ (ਭਾਵ ਸਤਿਕਾਰ) ਨਾਲ ਹੀ ਗੱਲ ਬਾਤ ਕਰੋ।
24਼ ਮਿਹਰਾਂ ਤੇ ਨਿਮਰਤਾ ਸਹਿਤ ਉਹਨਾਂ ਦੇ ਸਾਮ੍ਹਣੇ ਆਪਣੇ ਮੋਢਿਆਂ ਨੂੰ ਝੁਕਾ ਕੇ ਰੱਖੋ ਅਤੇ ਦੁਆ ਕਰਿਆ ਕਰੋ ਕਿ ਹੇ ਮੇਰੇ ਰੱਬਾ! ਇਹਨਾਂ (ਮੇਰੇ ਮਾਂ-ਬਾਪ) ’ਤੇ ਮਿਹਰਾਂ ਫ਼ਰਮਾ ਜਿਸ ਤਰ੍ਹਾਂ (ਮਿਹਰ ਮੁਹੱਬਤ ਨਾਲ) ਉਨ੍ਹਾਂ ਨੇ ਬਚਪਣ ਵਿਚ ਮੇਰੀ ਪਰਵਰਿਸ਼ ਕੀਤੀ ਹੈ ।
25਼ ਜੋ ਕੁੱਝ ਵੀ ਤੁਹਾਡੇ ਦਿਲਾਂ ਵਿਚ ਹੈ ਤੁਹਾਡਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ। ਜੇ ਤੁਸੀਂ ਨੇਕ ਬਣ ਗਏ ਹੋ ਤਾਂ ਉਹ ਆਪਣੇ ਵੱਲ ਪਰਤ ਆਉਣ ਵਾਲਿਆਂ ਲਈ ਅਤਿ ਬਖ਼ਸ਼ਣਹਾਰ ਹੈ।
26਼ ਰਿਸ਼ਤੇਦਾਰਾਂ, ਮਸਕੀਨਾਂ ਅਤੇ ਮੁਸਾਫ਼ਿਰਾਂ 1 ਦਾ ਹੱਕ ਅਦਾ ਕਰੋ ਅਤੇ ਫਜ਼ੂਲ ਖ਼ਰਚੀ ਨਾਲ ਆਪਣਾ ਮਾਲ ਨਾ ਉਡਾਓ। 2
27਼ ਫ਼ਜ਼ੂਲ (ਲੋੜ ਤੋਂ ਵੱਧ) ਖ਼ਰਚ ਕਰਨ ਵਾਲੇ ਸ਼ੈਤਾਨ ਦੇ ਭਰਾ ਹਨ ਅਤੇ ਸ਼ੈਤਾਨ ਆਪਣੇ ਰੱਬ ਦਾ ਨਾ-ਸ਼ੁਕਰਾ ਹੈ।
28਼ ਜੇ ਤੁਹਾਨੂੰ ਉਹਨਾਂ (ਲੋੜਵੰਦਾਂ ਦੇ ਸਵਾਲਾਂ) ਤੋਂ ਇਸ ਕਰਕੇ ਕੰਨੀ ਕਤਰਾਉਣੀ ਪਵੇ ਕਿ ਹਾਲੇ ਤੁਸੀਂ ਆਪ ਹੀ ਅੱਲਾਹ ਦੀ ਮਿਹਰਾਂ ਦੀ ਭਾਲ ਕਰ ਰਹੇ ਹੋ (ਭਾਵ ਕੁਝ ਦੇ ਨਹੀਂ ਸਕਦੇ) ਤਾਂ ਨਰਮਾਈ ਨਾਲ ਜਵਾਬ ਦਿਓ।
29਼ ਨਾ ਹੀ ਤੁਸੀਂ ਆਪਣਾ ਹੱਥ ਗਰਦਨ ਨਾਲ ਬੰਨ੍ਹੀਂ ਰੱਖੋ (ਕਿ ਕੰਜੂਸੀ ਕਰੋ) ਅਤੇ ਨਾ ਹੀ ਉਸ ਨੂੰ ਉੱਕਾ ਹੀ ਖੁੱਲ੍ਹਾ ਛੱਡ ਦਿਓ (ਕਿ ਫਜ਼ੂਲ ਖ਼ਰਚੀ ਹੋਵੇ) ਕਿ ਭੰਡੀ ਕਰਵਾ ਕੇ ਤੇ ਬੇਬਸ ਹੋਕੇ ਬੈਠੇ ਰਹਿ ਜਾਓ।
30਼ ਬੇਸ਼ੱਕ ਤੇਰਾ ਰੱਬ ਜਿਸ ਲਈ ਚਾਹੁੰਦਾ ਹੈ ਉਸ ਲਈ ਖੁੱਲ੍ਹੀ-ਡੁੱਲ੍ਹੀ ਰੋਜ਼ੀ ਦਿੰਦਾ ਹੈ ਅਤੇ (ਜੇ ਚਾਹੇ) ਤੰਗ ਵੀ ਕਰ ਦਿੰਦਾ ਹੈ। ਬੇਸ਼ੱਕ ਉਹ ਆਪਣੇ ਬੰਦਿਆਂ (ਦੇ ਹਾਲਾਂ) ਤੋਂ ਭਲੀ-ਭਾਂਤ ਜਾਣੂ ਹੈ ਅਤੇ ਚੰਗੀ ਤਰ੍ਹਾਂ ਵੇਖ ਰਿਹਾ ਹੈ।
31਼ ਤੁਸੀਂ ਗ਼ਰੀਬੀ ਦੇ ਡਰ ਤੋਂ ਆਪਣੀ ਔਲਾਦ ਦੀ ਹੱਤਿਆ ਨਾ ਕਰੋ, ਅਸੀਂ ਉਹਨਾਂ ਨੂੰ ਵੀ ਰਿਜ਼ਕ ਦਿੰਦੇ ਹਾਂ ਅਤੇ ਤੁਹਾਨੂੰ ਵੀ। ਬੇਸ਼ੱਕ ਉਹਨਾਂ (ਔਲਾਦ) ਦਾ ਕਤਲ ਮਹਾ ਪਾਪ ਹੈ।
32਼ (ਖ਼ਬਰਦਾਰ) ਜ਼ਨਾ ਦੇ ਨੇੜੇ ਵੀ ਨਾ ਜਾਓ, ਬੇਸ਼ੱਕ ਇਹ ਬਹੁਤ ਹੀ ਵੱਡੀ ਅਸ਼ਲੀਲਤਾ ਹੈ ਅਤੇ ਭੈੜੀ ਰਾਹ ਹੈ।
33਼ ਤੁਸੀਂ ਉਸ ਜਾਨ ਨੂੰ, ਛੁੱਟ ਹੱਕ ਤੋਂ, ਕਤਲ ਨਾ ਕਰੋ ਜਿਸ ਨੂੰ ਅੱਲਾਹ ਨੇ ਹਰਾਮ ਕੀਤਾ ਹੈ। ਜਿਹੜਾ ਵਿਅਕਤੀ ਨਿਰਦੋਸ਼ ਮਾਰਿਆ ਜਾਵੇਗਾ ਅਸੀਂ ਉਸ ਦੇ ਵਾਰਸਾਂ ਨੂੰ (ਬਦਲਾ ਲੈਣ ਦਾ) ਹੱਕ ਦਿੱਤਾ ਹੈ। ਸੋ ਉਹ ਕਤਲ ਦਾ ਬਦਲਾ ਲੈਣ ਵਿਚ ਹੱਦੋਂ ਨਾ ਟੱਪੇ। ਹਾਂ! (ਬਦਲਾ ਲੈਣ ਵਿਚ) ਉਸ ਦੀ ਮਦਦ ਕੀਤੀ ਗਈ ਹੈ।
34਼ ਤੁਸੀਂ ਯਤੀਮ ਦੇ ਮਾਲ ਦੇ ਨੇੜੇ ਵੀ ਨਾ ਜਾਓ (ਭਾਵ ਉਸ ਵਿੱਚੋਂ ਖ਼ਰਚ ਨਾ ਕਰੋ) ਪਰ ਸੁਚੱਜੇ ਢੰਗ ਨਾਲ (ਖ਼ਰਚ ਕਰੋ) ਇੱਥੋਂ ਤੀਕ ਕਿ ਉਹ (ਯਤੀਮ) ਆਪਣੀ ਜਵਾਨੀ ਨੂੰ ਪੁੱਜ ਜਾਵੇ। ਕੀਤੇ ਹੋਏ ਵਚਨਾਂ ਨੂੰ ਨਿਭਾਓ, ਕਿਉਂ ਜੋ ਵਚਨਾਂ ਸੰਬੰਧੀ ਪੁੱਛਿਆ ਜਾਵੇਗਾ।
35਼ ਜਦੋਂ ਮਿਣਨ ਲੱਗੋ ਤਾਂ ਮਿਣਤੀ ਪੂਰੀ ਕਰੋ ਅਤੇ ਸਿੱਧੀ ਤੱਕੜੀ ਨਾਲ ਪੂਰਾ ਤੋਲੋ (ਭਾਵ ਡੰਡੀ ਨਾ ਮਾਰੋ) ਇੰਜ ਕਰਨਾ ਹੀ ਠੀਕ ਹੈ ਅਤੇ ਸਿੱਟੇ ਪੱਖੋਂ ਵੀ ਇਹੋ ਠੀਕ ਹੈ।
36਼ ਜਿਸ ਗੱਲ ਦਾ ਤੁਹਾਨੂੰ ਗਿਆਨ ਹੀ ਨਾ ਹੋਵੇ ਉਸ ਦੇ ਪਿੱਛੇ ਨਾ ਪਵੋ (ਭਾਵ ਟੋਹ ਵਿਚ ਨਾ ਲੱਗੋ) ਕਿਉਂ ਜੋ ਕੰਨ ਅੱਖ ਅਤੇ ਦਿਲ ਇਹਨਾਂ ਸਭ ਤੋਂ (ਕਿਆਮਤ ਦਿਹਾੜੇ) ਪੁੱਛ-ਗਿੱਛ ਹੋਵੇਗੀ।
37਼ ਧਰਤੀ ’ਤੇ ਆਕੜ ਕੇ ਨਾ ਤੁਰੋ। ਤੂੰ ਨਾ ਤਾਂ ਧਰਤੀ ਨੂੰ (ਆਪਣੀ ਚਾਲ ਨਾਲ) ਪਾੜ ਸਕਦਾ ਹੈਂ ਅਤੇ ਨਾ ਹੀ (ਆਕੜ ਨਾਲ) ਪਹਾੜਾਂ ਦੀਆਂ ਉੱਚਾਈਆਂ ਨੂੰ ਪੁੱਜ ਸਕਦਾ ਹੈਂ।
38਼ ਇਹ ਸਾਰੇ ਕੰਮ ਅਤੇ ਇਹਨਾਂ ਦੀਆਂ ਬੁਰਾਈਆਂ ਤੁਹਾਡੇ ਰੱਬ ਨੂੰ ਸਖ਼ਤ ਨਾ-ਪਸੰਦ ਹਨ।
39਼ ਇਹ ਉਹ ਸਿਆਣਪ ਦੀਆਂ ਗੱਲਾਂ ਹਨ, ਜਿਹੜੀਆਂ ਤੁਹਾਡੇ ਰੱਬ ਨੇ ਤੁਹਾਡੇ ਵੱਲ ਵਹੀ ਰਾਹੀਂ ਨਾਜ਼ਿਲ ਕੀਤੀਆਂ ਹਨ। ਅੱਲਾਹ ਤੋਂ ਛੁੱਟ ਹੋਰ ਕਿਸੇ ਨੂੰ ਇਸ਼ਟ ਨਾ ਬਣਾਓ ਨਹੀਂ ਤਾਂ ਤੁਹਾਡੀ ਭੰਡੀ ਕਰਕੇ ਤੇ ਹਰੇਕ ਭਲਾਈ ਤੋਂ ਵਾਂਝਾ ਕਰਕੇ ਨਰਕ ਵਿਚ ਸੁੱਟ ਦਿੱਤਾ ਜਾਵੇਗਾ।
40਼ ਕੀ ਤੁਹਾਡੇ ਰੱਬ ਨੇ ਤੁਹਾਨੂੰ ਪੁੱਤਰਾਂ ਲਈ ਚੁਣ ਲਿਆ ਹੈ ਅਤੇ ਆਪਣੇ ਲਈ ਫ਼ਰਿਸ਼ਤਿਆਂ ਵਿੱਚੋਂ ਧੀਆਂ ਬਣਾ ਲਈਆਂ ਹਨ। ਬੇਸ਼ੱਕ ਤੁਸੀਂ ਬਹੁਤ ਹੀ ਭੈੜੀਆਂ ਗੱਲਾਂ ਕਹਿੰਦੇ ਹੋ।
41਼ ਅਸੀਂ ਤਾਂ ਇਸ਼ਕੁਰਆਨ ਵਿਚ ਹਰ ਪੱਖੋਂ (ਹਕੀਕਤਾਂ ਦੀ) ਚਰਚਾ ਕੀਤੀ ਹੈ ਤਾਂ ਜੋ ਲੋਕੀ ਸਿੱਖਿਆ ਪ੍ਰਾਪਤ ਕਰਨ, ਪਰ ਇਹ ਚੀਜ਼ ਉਹਨਾਂ (ਕਾਫ਼ਿਰਾਂ) ਦੀ ਨਫ਼ਰਤ ਵਿਚ ਵਾਧਾ ਕਰਦੀ ਹੈ।
42਼ (ਹੇ ਨਬੀ!) ਆਖ ਦਿਓ ਕਿ ਜੇ ਉਸ (ਅੱਲਾਹ) ਦੇ ਨਾਲ ਹੋਰ ਵੀ ਇਸ਼ਟ ਹੁੰਦੇ ਜਿਵੇਂ ਕਿ ਇਹ (ਮੁਸ਼ਰਿਕ ਲੋਕ) ਆਖਦੇ ਹਨ ਤਾਂ ਉਹ ਅਰਸ਼ ਦੇ ਮਾਲਿਕ (ਭਾਵ ਅੱਲਾਹ) ਤਕ ਪਹੁੰਚਣ ਵਾਲੀ ਰਾਹ ਦੀ ਜ਼ਰੂਰ ਹੀ ਭਾਲ ਕਰਦੇ।
43਼ ਜੋ ਉਹ ਮੁਸ਼ਰਿਕ ਆਖਦੇ ਹਨ ਅੱਲਾਹ ਉਹਨਾਂ (ਸਾਰੀਆਂ ਗੱਲਾਂ ਤੋਂ) ਪਾਕ ਹੈ, ਸਗੋਂ ਉਹਨਾਂ ਤੋਂ ਬਹੁਤ ਉੱਚਾ ਹੈ।
44਼ ਸੱਤਾਂ ਅਕਾਸ਼, ਧਰਤੀ ਅਤੇ ਜੋ ਵੀ ਇਹਨਾਂ ਵਿਚਕਾਰ ਵਸਤੂਆਂ ਹਨ ਉਹ ਸਭ ਉਸੇ (ਅੱਲਾਹ) ਦੀ ਵਡਿਆਈ ਬਿਆਨ ਕਰ ਰਹੀਆਂ ਹਨ। ਕੋਈ ਵੀ ਅਜਿਹੀ ਵਸਤੂ ਨਹੀਂ ਜਿਹੜੀ ਉਸਤਤ ਨਾਲ ਉਸ ਦੀ ਤਸਬੀਹ ਨਾ ਕਰਦੀ ਹੋਵੇ ਪਰ ਤੁਸੀਂ ਉਹਨਾਂ ਦੀ ਤਸਬੀਹ ਨੂੰ ਸਮਝ ਨਹੀਂ ਸਕਦੇ ਵਾਸਤਵ ਵਿਚ ਉਹ ਬਹੁਤ ਹੀ ਸਹਿਣਸ਼ੀਲ ਤੇ ਬਖ਼ਸ਼ਣਹਾਰ ਹੈ।
45਼ (ਹੇ ਮੁਹੰਮਦ!) ਜਦੋਂ ਤੁਸੀਂ .ਕੁਰਆਨ ਪੜ੍ਹਦੇ ਹੋ ਤਾਂ ਅਸੀਂ ਤੁਹਾਡੇ ਅਤੇ ਉਹਨਾਂ ਵਿਚਕਾਰ ਜਿਹੜੇ ਆਖ਼ਿਰਤ ’ਤੇ ਵਿਸ਼ਵਾਸ ਨਹੀਂ ਰੱਖਦੇ, ਇਕ ਬਰੀਕ ਜਿਹਾ ਪੜਦਾ ਤਾਨ ਦਿੰਦੇ ਹਨ।1
46਼ ਉਹਨਾਂ ਦੇ ਮਨਾਂ ’ਤੇ ਅਸੀਂ ਅਜਿਹੇ ਗ਼ਲਾਫ਼ ਚਾੜ੍ਹ ਦਿੰਦੇ ਹਾਂ ਕਿ ਉਹ ਕੁੱਝ ਵੀ ਨਾ-ਸਮਝ ਸਕਣ 2 ਅਤੇ ਉਹਨਾਂ ਦੇ ਕੰਨਾ ’ਤੇ ਡਾਟ ਲਾ ਦਿੰਦੇ ਹਾਂ (ਕਿ ਉਹ ਸੁਣ ਨਾ ਸਕਣ)। ਜਦੋਂ ਤੁਸੀਂ .ਕੁਰਆਨ ਵਿਚ ਆਪਣੇ ਇੱਕੋਂ ਰੱਬ ਦੀ ਚਰਚਾ ਕਰਦੇ ਹੋ ਤਾਂ ਉਹ ਘ੍ਰਿਣਾ ਨਾਲ ਪਿੱਠ ਫੇਰ ਕੇ ਭੱਜ ਜਾਂਦੇ ਹਨ।
47਼ ਹੇ ਨਬੀ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਹ (ਕਾਫ਼ਿਰ) .ਕੁਰਆਨ ਕਿਉਂ ਸੁਣਦੇ ਹਨ। ਅਸੀਂ ਇਹ ਵੀ ਜਾਣਦੇ ਹਾਂ ਜਦੋਂ ਉਹ ਕੰਨ ਲਾ ਕੇ ਤੁਹਾਡੀਆਂ ਗੱਲਾਂ ਸੁਣਦੇ ਹਨ ਅਤੇ ਜਦੋਂ ਉਹ (ਤੁਹਾਡੇ ਵਿਰੋਧ) ਕਾਨਾਫੂਸੀਆਂ ਕਰਦੇ ਹਨ ਅਤੇ ਜਦੋਂ ਉਹ ਜ਼ਾਲਮ (ਲੋਕਾਂ) ਨੂੰ ਆਖਦੇ ਹਨ ਕਿ ਤੁਸੀਂ ਇਸ ਵਿਅਕਤੀ ਦੇ ਪਿੱਛੇ ਨਾ ਲੱਗੋ, ਉਸ ਉੱਤੇ ਤਾਂ ਜਾਦੂ ਕੀਤਾ ਹੋਇਆ ਹੈ
48਼ (ਹੇ ਮੁਹੰਮਦ!) ਵੇਖੋ ਤਾਂ ਉਹ ਤੁਹਾਡੇ ਲਈ ਕਿਹੋ ਜਹੀਆਂ ਮਿਸਾਲਾਂ ਦੇ ਰਹੇ ਹਨ। ਉਹ ਤਾਂ ਭਟਕੇ ਹੋਏ ਲੋਕ ਹਨ, ਹੁਣ ਸਿੱਧੇ ਰਾਹ ਤੁਰਨਾਂ ਉਹਨਾਂ ਦੇ ਵੱਸ ਵਿਚ ਨਹੀਂ।
49਼ ਉਹ ਕਹਿੰਦੇ ਹਨ ਕਿ ਜਦੋਂ ਅਸੀਂ ਹੱਡੀਆਂ ਅਤੇ ਚੂਰਾ-ਚੂਰਾ ਹੋ ਜਾਵਾਂਗੇ ਤਾਂ ਕੀ ਨਵੇਂ ਸਿਰਿਓਂ ਪੈਦਾ ਕਰਕੇ ਫੇਰ ਖੜੇ ਕੀਤੇ ਜਾਵਾਂਗੇ ?
50਼ (ਹੇ ਨਬੀ!) ਤੁਸੀਂ ਆਖੋ ਕਿ ਭਾਵੇਂ ਤੁਸੀਂ ਪੱਥਰ ਬਣ ਜਾਓ ਜਾ ਲੋਹਾ (ਮੁੜ ਪੈਦਾ ਕੀਤੇ) ਜਾਵੋਗੇ।
51਼ ਜਾਂ ਹੋਰ ਕੋਈ ਅਜਿਹੀ ਚੀਜ਼ ਜਿਹੜੀ ਤੁਹਾਡੀ ਸੋਚ ਅਨੁਸਾਰ ਬਹੁਤ ਹੀ ਕਰੜੀ ਹੋਵੇ (ਤਾਂ ਵੀ ਮੁੜ ਪੈਦਾ ਕੀਤੇ ਜਾਓਗੇ)। ਜੇ ਉਹ ਪੁੱਛਣ ਕਿ ਉਹ ਕੌਣ ਹੈ ਜਿਹੜਾ ਸਾਨੂੰ ਮੁੜ ਸੁਰਜੀਤ ਕਰੇਗਾ ਤਾਂ ਜਵਾਬ ਦਿਓ ਕਿ ਉਹੀਓ ਅੱਲਾਹ (ਮੁੜ ਪੈਦਾ ਕਰੇਗਾ) ਜਿਸ ਨੇ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ। ਫੇਰ ਉਹ ਸਿਰ ਹਿਲਾ ਹਿਲਾ ਕੇ ਪੁੱਛਣਗੇ ਕਿ ਇਹ ਕਦੋਂ ਹੋਵੇਗਾ ? ਤੁਸੀਂ (ਹੇ ਨਬੀ!) ਆਖ ਦਿਓ ਕਿ ਅਚਰਜ ਨਹੀਂ ਕਿ ਉਹ ਵੇਲਾ ਨੇੜੇ ਹੀ ਆ ਲੱਗਿਆ ਹੋਵੇ।
52਼ ਜਿਸ ਦਿਹਾੜੇ ਉਹ (ਅੱਲਾਹ) ਤੁਹਾਨੂੰ ਸੱਦੇਗਾ ਤਾਂ ਤੁਸੀਂ ਉਸਦੀਆਂ ਤਾਰੀਫ਼ਾਂ ਕਰਦੇ ਹੋਏ (ਕਬਰਾਂ ’ਚੋਂ) ਨਿੱਕਲ ਤੁਰੋਂਗੇ ਅਤੇ ਤੁਸੀਂ ਇਹੋ ਸਮਝੋਗੇ ਕਿ ਤੁਹਾਡਾ (ਕਬਰਾਂ ਵਿਚ) ਠਹਿਰਨਾ ਬਹੁਤ ਹੀ ਥੋੜ੍ਹੇ ਸਮੇਂ ਲਈ ਸੀ।
53਼ (ਹੇ ਨਬੀ!) ਮੇਰੇ ਬੰਦਿਆਂ ਨੂੰ ਆਖ ਦਿਓ ਕਿ ਉਹ ਸੋਹਣੀਆਂ ਗੱਲਾਂ ਹੀ ਮੂੰਹੋਂ ਆਖਿਆ ਕਰਨ। ਬੇਸ਼ੱਕ ਸ਼ੈਤਾਨ ਉਹਨਾਂ ਵਿਚਾਲੇ ਫ਼ਸਾਦ ਕਰਵਾਉਂਦਾ ਹੈ, ਅਸਲ ਵਿਚ ਸ਼ੈਤਾਨ ਮਨੁੱਖ ਦਾ ਖੁੱਲ੍ਹਾ ਵੈਰੀ ਹੈ।
54਼ ਤੁਹਾਡਾ ਰੱਬ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੇ ਉਹ ਚਾਹੇ ਤਾਂ ਤੁਹਾਡੇ ’ਤੇ ਰਹਿਮ ਕਰੇ ਜਾਂ ਜੇ ਉਹ ਚਾਹੇ ਤਾਂ ਤੁਹਾਨੂੰ ਅਜ਼ਾਬ ਦੇਵੇ। (ਹੇ ਨਬੀ!) ਅਸੀਂ ਤੁਹਾਨੂੰ ਇਹਨਾਂ ਲੋਕਾਂ ’ਤੇ ਹੋਲਦਾਰ ਬਣਾ ਕੇ ਨਹੀਂ ਭੇਜਿਆ।
55਼ ਅਕਾਸ਼ਾਂ ਤੇ ਧਰਤੀ ਵਿਚ ਜੋ ਵੀ ਹੈ ਤੁਹਾਡਾ ਰੱਬ ਉਹਨਾਂ ਸਭ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਅਸਾਂ ਕਈ ਪੈਗ਼ੰਬਰਾਂ ਨੂੰ ਕਈਆਂ ਨਾਲੋਂ ਵੱਧ ਵਡਿਆਈ ਬਖ਼ਸ਼ੀ ਹੈ ਜਿਵੇਂ ਦਾਊਦ ਨੂੰ ਅਸੀਂ ਜ਼ਬੂਰ ਬਖ਼ਸ਼ੀ।
56਼ (ਹੇ ਨਬੀ!) ਆਖ ਦਿਓ ਕਿ ਉਨ੍ਹਾਂ ਨੂੰ ਮਦਦ ਲਈ ਬੁਲਾ ਲਓ ਜਿਨ੍ਹਾਂ ਨੂੰ ਤੁਸੀਂ ਉਸ (ਅੱਲਾਹ) ਤੋਂ ਛੁੱਟ ਇਸ਼ਟ ਸਮਝਦੇ ਹੋ। ਨਾ ਤਾਂ ਉਹ ਤੁਹਾਡੇ ਕਿਸੇ ਕਸ਼ਟ ਨੂੰ ਦੂਰ ਕਰਨ ਦਾ ਅਧਿਕਾਰ ਰੱਖਦੇ ਹਨ ਅਤੇ ਨਾ ਹੀ ਬਦਲਣ ਦਾ।
57਼ ਜਿਨ੍ਹਾਂ (ਇਸ਼ਟਾਂ) ਨੂੰ ਇਹ ਪੁਕਾਰਦੇ ਹਨ ਉਹ ਤਾਂ ਆਪ ਹੀ ਆਪਣੇ ਰੱਬ ਤਕ ਪਹੁੰਚ ਪ੍ਰਾਪਤ ਕਰਨ ਲਈ ਸਾਧਨ ਭਾਲ ਰਹੇ ਹਨ ਕਿ ਇਹਨਾਂ ਵਿੱਚੋਂ ਕੌਣ ਰੱਬ ਦੇ ਵਧੇਰੇ ਨੇੜੇ ਹੋ ਸਕਦਾ ਹੈ। ਉਹ ਉਸ ਦੀ ਮਿਹਰਾਂ ਦੀ ਆਸ ਰੱਖਦੇ ਹਨ ਅਤੇ ਉਸ ਦੇ ਅਜ਼ਾਬ ਤੋਂ ਡਰਦੇ ਹਨ। ਹੇ ਨਬੀ ਤੁਹਾਡੇ ਰੱਬ ਦਾ ਅਜ਼ਾਬ ਡਰਨ ਯੋਗ ਹੀ ਹੈ।
58਼ ਕੋਈ ਵੀ ਬਸਤੀ ਅਜਿਹੀ ਨਹੀਂ ਜਿਸ ਨੂੰ ਅਸੀਂ ਕਿਆਮਤ ਤੋਂ ਪਹਿਲਾਂ ਹਲਾਕ ਨਾ ਕਰ ਦਈਏ ਜਾਂ ਉਸ ਨੂੰ ਕਰੜਾ ਅਜ਼ਾਬ (ਦੰਡ) ਨਾ ਦਈਏ। ਇਹੋ ਕਿਤਾਬ (ਲੌਹੇ-ਮਹਫ਼ੂਜ਼) ਵਿਚ ਲਿਖਿਆ ਹੋਇਆ ਹੈ।
59਼ ਅਸਾਂ ਨੂੰ ਨਿਸ਼ਾਨੀਆਂ ਭੇਜਣ ਤੋਂ ਕੇਵਲ ਇਸ ਗੱਲ ਨੇ ਰੋਕ ਰੱਖਿਆ ਹੈ ਕਿ ਪਹਿਲੇ ਲੋਕਾਂ ਨੇ ਉਨ੍ਹਾਂ (ਅੱਲਾਹ ਦੀਆਂ) ਨਿਸ਼ਾਨੀਆਂ ਨੂੰ ਝੁਠਲਾਇਆ ਸੀ। ਨਿਸ਼ਾਨੀ ਵਜੋਂ ਅਸੀਂ ਸਮੂਦ ਦੀ ਕੌਮ ਨੂੰ (ਨਸੀਹਤ ਪ੍ਰਾਪਤ ਕਰਨ ਲਈ) ਇਕ ਊਠਣੀ ਦਿੱਤੀ। ਪਰ ਉਹਨਾਂ ਨੇ ਉਸ (ਊਠਣੀ) ’ਤੇ ਜ਼ੁਲਮ ਕੀਤਾ (ਭਾਵ ਮਾਰ ਸੁੱਟਿਆ) ਅਸੀਂ ਤਾਂ ਕੇਵਲ ਡਰਾਉਣ ਲਈ ਹੀ ਨਿਸ਼ਾਨੀਆਂ ਭੇਜਦੇ ਹਾਂ।
60਼ (ਹੇ ਨਬੀ!) ਰਤਾ ਯਾਦ ਕਰੋ ਜਦੋਂ ਅਸੀਂ ਤੁਹਾਨੂੰ ਕਿਹਾ ਸੀ ਕਿ ਤੁਹਾਡੇ ਰੱਬ ਨੇ ਸਾਰੇ ਹੀ ਲੋਕਾਂ ਨੂੰ ਘੇਰ ਰੱਖਿਆ ਹੈ। ਅਸੀਂ ਤੁਹਾਨੂੰ (ਮਿਅਰਾਜ ਸਮੇਂ) ਜੋ ਕੁਝ ਵਿਖਾਇਆ ਸੀ ਉਸ ਨੂੰ ਲੋਕਾਂ ਲਈ ਇਕ ਅਜ਼ਮਾਇਸ਼ ਬਣਾ ਕੇ ਰੱਖ ਛੱਡਿਆ ਅਤੇ ਉਸ ਰੁੱਖ (ਜ਼ਕੂੱਮ) ਨੂੰ ਵੀ ਜਿਸ ’ਤੇ .ਕੁਰਆਨ ਵਿਚ ਲਾਅਨਤ ਕੀਤੀ ਗਈ ਹੈ। ਅਸੀਂ ਇਹਨਾਂ ਇਨਕਾਰੀਆਂ ਨੂੰ ਡਰਾ ਰਹੇ ਹਾਂ, ਪਰ ਇਹਨਾਂ ਦੀ ਸਰਕਸ਼ੀ ਵਿਚ ਵਾਧਾ ਹੀ ਹੁੰਦਾ ਜਾ ਰਿਹਾ ਹੈ।
61਼ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਆਖਿਆ ਸੀ ਕਿ ਆਦਮ ਨੂੰ ਸਿਜਦਾ ਕਰੋ ਤਾਂ ਇਬਲੀਸ (ਸ਼ੈਤਾਨ) ਤੋਂ ਛੁੱਟ ਸਾਰਿਆਂ ਨੇ (ਸਿਜਦਾ) ਕੀਤਾ। ਪਰ ਉਸ (ਸ਼ੈਤਾਨ) ਨੇ ਕਿਹਾ, ਕੀ ਮੈਂ ਉਸ (ਆਦਮ) ਨੂੰ ਸਿਜਦਾ ਕਰਾਂ ਜਿਸ ਨੂੰ ਤੂੰ ਮਿੱਟੀ ਤੋਂ ਸਾਜਿਆ ਹੈ?
62਼ (ਸ਼ੈਤਾਨ) ਅੱਲਾਹ ਹੈ ਕਹਿਣ ਲੱਗਾ, ਵੇਖ! ਉਸ ਨੂੰ ਜਿਸ ਨੂੰ ਤੂੰ ਮੇਰੇ ਉੱਤੇ ਇੱਜ਼ਤ ਦਿੱਤੀ ਹੈ, ਜੇ ਤੂੰ ਕਿਆਮਤ ਦਿਹਾੜੇ ਤੀਕ ਮੈਨੂੰ ਢਿੱਲ੍ਹ ਦੇਵੇਂ ਤਾਂ ਥੋੜ੍ਹੇ ਜਿਹੇ ਲੋਕਾਂ ਤੋਂ ਛੁੱਟ ਮੈਂ ਇਸ ਦੀ ਪੂਰੀ ਨਸਲ ਦੀਆਂ ਜੜ੍ਹਾਂ ਪੁੱਟ ਸੁੱਟਾਂਗਾ।
63਼ ਅੱਲਾਹ ਨੇ ਫ਼ਰਮਾਇਆ ਜਾਂ (ਤੈਨੂੰ ਛੂਟ ਹੈ) ਜਿਹੜਾ ਵੀ ਇਹਨਾਂ ਵਿੱਚੋਂ ਤੇਰੀ ਪੈਰਵੀ ਕਰੇਗਾ ਤਾਂ ਬੇਸ਼ੱਕ ਤੁਹਾਡੀ ਸਭ ਦੀ ਸਜ਼ਾ ਨਰਕ ਹੈ। ਇਹੋ ਉਹਨਾਂ (ਦੇ ਕਰਮਾਂ) ਦਾ ਠੀਕ ਬਦਲਾ ਹੋਵੇਗਾ।
64਼ ਇਹਨਾਂ ਵਿੱਚੋਂ ਜਿਨ੍ਹਾਂ ’ਤੇ ਵੀ ਤੇਰਾ ਵਸ ਚੱਲ ਸਕਦਾ ਹੈ ਉਹਨਾਂ ਨੂੰ ਆਪਣੀ ਆਵਾਜ਼ (ਗੱਲਾਂ) ਨਾਲ ਫਿਸਲਾ ਲੈ। ਉਹਨਾਂ ’ਤੇ ਆਪਣੇ ਸਵਾਰ ਤੇ ਪਿਆਦੇ ਚਾੜ੍ਹ ਲਿਆ ਅਤੇ ਮਾਲ ਤੇ ਔਲਾਦ ਵਿਚ ਇਹਨਾਂ ਦਾ ਸਾਂਝੀ ਬਣ ਜਾ ਅਤੇ ਇਹਨਾਂ ਨਾਲ (ਝੂਠੇ) ਵਾਅਦੇ ਕਰ ਜਦ ਕਿ ਸ਼ੈਤਾਨ ਦੇ ਸਾਰੇ ਵਾਅਦੇ ਝੂਠੇ ਹੁੰਦੇ ਹਨ।
65਼ ਪਰ ਮੇਰੇ (ਸੱਚੇ) ਬੰਦਿਆਂ ’ਤੇ ਤੇਰਾ ਕੁੱਝ ਵੀ ਵੱਸ ਨਹੀਂ ਚੱਲੇਗਾ ਅਤੇ ਤੇਰਾ ਰੱਬ (ਨੇਕ ਬੰਦਿਆਂ ਦੇ) ਕੰਮ ਸਵਾਰਨ ਲਈ ਬਥੇਰਾ ਹੈ।
66਼ ਤੁਹਾਡਾ ਰੱਬ ਤਾਂ ਉਹ ਹੈ ਜਿਹੜਾ ਸਮੁੰਦਰਾਂ ਵਿਚ ਤੁਹਾਡੀਆਂ ਬੇੜੀਆਂ ਤੋਰਦਾ ਹੈ ਤਾਂ ਜੋ ਤੁਸੀਂ ਉਸ (ਰੱਬ) ਦਾ ਫ਼ਜ਼ਲ (ਰੋਜ਼ੀ) ਭਾਲ ਸਕੋ। ਉਹ ਤੁਹਾਡੇ ’ਤੇ ਅਤਿਅੰਤ ਮਿਹਰਬਾਨ ਹੈ।
67਼ ਜਦੋਂ ਸਮੁੰਦਰ ਵਿਚ ਤੁਹਾਨੂੰ ਕੋਈ ਭੀੜ ਆ ਪੈਂਦੀ ਹੈ ਤਾਂ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਨੂੰ ਤੁਸੀਂ (ਮਦਦ ਲਈ) ਪੁਕਾਰਿਆ ਕਰਦੇ ਹੋ ਉਹਨਾਂ ਸਾਰਿਆਂ ਨੂੰ ਭੁੱਲ ਜਾਂਦੇ ਹੋ।1 ਜਦੋਂ ਉਹ ਤੁਹਾਨੂੰ ਖ਼ੁਸ਼ਕੀ (ਭਾਵ ਧਰਤੀ) ਵੱਲ ਬਚਾ ਲਿਆਉਂਦਾ ਹੈ ਫੇਰ ਤੁਸੀਂ ਉਸ ਤੋਂ ਮੂੰਹ ਮੋੜ ਲੈਂਦੇ ਹੋ। ਮਨੁੱਖ ਬੜਾ ਹੀ ਨਾ-ਸ਼ੁਕਰਾ।
68਼ ਕੀ ਤੁਸੀਂ ਇਸ ਗੱਲ ਤੋਂ ਬੇਡਰ ਹੋ ਗਏ ਹੋ ਕਿ ਉਹ (ਰੱਬ) ਤੁਹਾਨੂੰ ਸੁੱਕੀ ਥਾਂ (ਭਾਵ ਧਰਤੀ ਵਿਚ) ਧਸਾ ਦੇਵੇ ਜਾਂ ਤੁਹਾਡੇ ’ਤੇ ਪਥਰਾਓ ਕਰਨ ਵਾਲੀ ਹਨੇਰੀ ਭੇਜ ਦੇਵੇ, ਉਸ ਵੇਲੇ ਤੁਸੀਂ ਆਪਣੇ ਲਈ ਕੋਈ ਵੀ ਕਾਰਜ ਸਾਧਕ ਨਹੀਂ ਪਾਉਗੇ।
69਼ ਕੀ ਤੁਹਾਨੂੰ ਇਸ ਦੀ ਕੋਈ ਵੀ ਚਿੰਤਾ ਨਹੀਂ ਕਿ ਉਹ (ਅੱਲਾਹ) ਤੁਹਾਨੂੰ ਫੇਰ ਸਮੁੰਦਰ ਦੇ ਸਫ਼ਰ ’ਤੇ ਲੈ ਜਾਵੇ ਅਤੇ ਤੁਹਾਡੇ ’ਤੇ ਤੇਜ਼ ਹਵਾਵਾਂ ਦੇ ਝੱਖੜ ਭੇਜ ਦੇਵੇ ਅਤੇ ਤੁਹਾਡੀ ਨਾ-ਸ਼ੁਕਰੀ ਕਾਰਨ ਤੁਹਾਨੂੰ ਡੋਬ ਦੇਵੇ। ਫੇਰ ਤੁਸੀਂ ਅਜਿਹਾ ਕੋਈ ਵੀ ਨਾ ਪਾਓਗੇ ਜਿਹੜਾ ਸਾਥੋਂ ਪੁੱਛ-ਗਿੱਛ ਕਰ ਸਕੇ।
70਼ ਨਿਰਸੰਦੇਹ, ਅਸੀਂ ਹੀ ਆਦਮ ਦੀ ਸੰਤਾਨ ਨੂੰ ਆਦਰ-ਮਾਨ ਬਖ਼ਸ਼ਿਆ ਅਤੇ ਇਹਨਾਂ ਨੂੰ ਜਲ-ਥਲ ਲਈ ਸਵਾਰੀਆਂ ਬਖ਼ਸ਼ੀਆਂ ਅਤੇ ਇਹਨਾਂ ਨੂੰ ਪਾਕੀਜ਼ਾ ਚੀਜ਼ਾਂ ਵਿੱਚੋਂ ਰੋਜ਼ੀਆਂ ਬਖ਼ਸ਼ੀਆਂ ਅਤੇ ਇਹਨਾਂ ਨੂੰ ਆਪਣੀ ਅਸੰਖ ਜੀਅ-ਜੰਤੂ ’ਤੇ, ਜਿਨ੍ਹਾਂ ਨੂੰ ਅਸੀਂ ਪੈਦਾ ਕੀਤਾ ਹੈ, ਵਡਿਆਈ ਬਖ਼ਸ਼ੀ।
71਼ ਜਿਸ ਦਿਹਾੜੇ ਅਸਾਂ ਸਾਰੇ ਲੋਕਾਂ ਨੂੰ ਸਨੇ ਉਹਨਾਂ ਦੇ ਆਗੂ ਬੁਲਾਵਾਂਗ, ਉਸ ਦਿਨ ਜਿਨ੍ਹਾਂ ਦੀ ਕਰਮ ਪਤਰੀ ਸੱਜੇ ਹੱਥਾਂ ਵਿਚ ਫੜਾਈ ਜਾਵੇਗੀ ਉਹ ਤਾਂ ਆਪਣਾ ਚਿੱਠਾ (ਖ਼ੁਸ਼ ਹੋਕੇ) ਪੜ੍ਹਣਗੇ ਅਤੇ ਉਹਨਾਂ ਨਾਲ ਭੋਰਾਭਰ ਵੀ ਵਿਤਕਰਾ ਨਹੀਂ ਹੋਵੇਗਾ।
72਼ ਅਤੇ ਜਿਹੜਾ ਕੋਈ ਸੰਸਾਰ ਵਿਚ ਅੰਨ੍ਹਾ ਬਣ ਕੇ ਰਿਹਾ ਉਹ ਆਖ਼ਿਰਤ ਵਿਚ ਵੀ ਅੰਨ੍ਹਾ ਅਤੇ ਰਾਹੋਂ ਭਟਕਿਆ ਹੋਇਆ ਹੋਵੇਗਾ।
73਼ (ਹੇ ਨਬੀ!) ਇਹ (ਮੱਕੇ ਦੇ ਕਾਫ਼ਿਰ) ਲੋਕ ਤੁਹਾਨੂੰ ਉਸ ਵਹੀ (ਰੱਬੀ ਸੁਨੇਹੇ) ਤੋਂ ਥਿੜਕਾ ਦੇਣਾ ਚਾਹੁੰਦੇ ਹਨ ਜਿਹੜੀ ਤੁਹਾਡੇ ’ਤੇ ਉਤਾਰੀ ਹੈ ਅਤੇ ਚਾਹੁੰਦੇ ਹਨ ਕਿ ਤੁਸੀਂ ਇਸ (ਵਹੀ) ਤੋਂ ਛੁੱਟ ਕੁੱਝ ਹੋਰ ਵੀ ਸਾਡੇ ਨਾਂ ਤੋਂ ਘੜ੍ਹ ਲਵੋ (ਜੇ ਤੁਸੀਂ ਉਨ੍ਹਾਂ ਦੀ ਗੱਲ ਮੰਨ ਲੈਂਦੇ) ਤਦ ਇਹ ਲੋਕੀ ਤੁਹਾਨੂੰ ਆਪਣਾ ਮਿੱਤਰ ਬਣਾ ਲੈਂਦੇ।
74਼ (ਹੇ ਨਬੀ!) ਜੇ ਅਸੀਂ ਤੁਹਾਨੂੰ ਦ੍ਰਿੜਤਾ ਨਾ ਬਖ਼ਸ਼ੀ ਹੁੰਦੀ ਤਾਂ ਤੁਸੀਂ ਉਹਨਾਂ (ਕਾਫ਼ਿਰਾਂ) ਵੱਲ ਥੋੜ੍ਹਾ ਬਹੁਤ ਉਲਾਰ ਹੋ ਹੀ ਜਾਂਦੇ।
75਼ (ਹੇ ਨਬੀ! ਜੇ ਇੰਜ ਹੁੰਦਾ) ਫੇਰ ਅਸੀਂ ਤੁਹਾਨੂੰ ਜੀਵਨ ਵਿਚ ਵੀ ਤੇ ਮਰਨ ਤੋਂ ਬਾਅਦ ਵੀ ਦੋਹਰਾ ਅਜ਼ਾਬ ਦਿੰਦੇ। ਫੇਰ ਤੁਹਾਨੂੰ ਸਾਡੇ ਮੁਕਾਬਲੇ ਕੋਈ ਵੀ ਸਹਾਇਕ ਨਾ ਮਿਲਦਾ।
76਼ ਇਹ ਲੋਕ ਇਸ (ਮੱਕੇ) ਦੀ ਧਰਤੀ ਤੋਂ ਤੁਹਾਡੇ ਪੈਰ (ਮੱਕੇ ਤੋਂ) ਉਖਾੜ ਦੇਣਾ ਚਾਹੁੰਦੇ ਹਨ ਤਾਂ ਜੋ ਤੁਸੀਂ ਇੱਥੋਂ ਨਿਕਲ ਜਾਓ (ਜੇ ਭਲਾ ਅਜਿਹਾ ਹੋ ਵੀ ਜਾਵੇ) ਤਾਂ ਤੁਹਾਡੇ ਪਿੱਛੋਂ ਇਹ ਵੀ ਕੁੱਝ ਦੇਰ ਹੀ ਟਿਕ ਸਕਣਗੇ।
77਼ ਉਹਨਾਂ ਰਸੂਲਾਂ ਦੇ ਦਸਤੂਰ ਵਾਂਗ, ਜਿਹੜੇ (ਹੇ ਨਬੀ!) ਅਸੀਂ ਤੁਹਾਥੋਂ ਪਹਿਲਾਂ ਭੇਜੇ ਸਨ, (ਇਹ ਵੀ ਹਲਾਕ ਹੋ ਜਾਂਦੇ) ਤੁਸੀਂ ਸਾਡੇ ਦਸਤੂਰ (ਨੀਤੀ) ਵਿਚ ਕੋਈ ਬਦਲਾਓ ਨਹੀਂ ਵੇਖੋਗੇ।
78਼ ਸੂਰਜ ਢਲਣ ਤੋਂ ਲੈਕੇ ਰਾਤ ਦੇ ਹਨੇਰੇ ਤਕ ਨਮਾਜ਼ ਕਾਇਮ ਕਰੋ ਅਤੇ ਫ਼ਜਰ ਦੀ ਨਮਾਜ਼ ਵੀ (ਕਾਇਮ ਕਰੋ)। ਬੇਸ਼ੱਕ ਫ਼ਜਰ ਦੀ ਨਮਾਜ਼ ਵੇਲੇ ਫ਼ਰਿਸ਼ਤਿਆਂ ਦੀ ਹਾਜ਼ਰੀ ਦਾ ਸਮਾਂ ਹੁੰਦਾ ਹੈ।1
79਼ (ਹੇ ਨਬੀ!) ਰਾਤ ਦੇ ਕੁੱਝ ਹਿੱਸੇ ਵਿਚ ਵੀ ਤੁਸੀਂ ਇਸ .ਕੁਰਆਨ ਨੂੰ ਤਹੱਜਦ ਦੀ ਨਮਾਜ਼ ਵਿਚ ਪੜ੍ਹੋ। ਇਹ (ਤਹੱਜਦ) ਵਿਸ਼ੇਸ਼ਕਰ ਤੁਹਾਡੇ ਲਈ ਹੈ। ਆਸ ਹੈ ਕਿ ਤੁਹਾਡਾ ਰੱਬ ਤੁਹਾਨੂੰ ਮੁਕਾਮੇ ਮਹਿਮੂਦ 2 ’ਤੇ ਲਿਆ ਖੜਾ ਕਰੇਗਾ।
80਼ (ਹੇ ਨਬੀ!) ਆਖੋ ਕਿ ਹੇ ਮੇਰੇ ਰੱਬਾ! ਮੈਨੂੰ ਜਿੱਥੇ ਵੀ ਤੂੰ ਲੈ ਜਾਵੇਂ, ਸੱਚਾਈ ਦੇ ਨਾਲ ਹੀ ਲੈ ਕੇ ਜਾਈਂ ਅਤੇ ਜਿੱਥਿਓਂ ਵੀ ਕੱਢੀਂ, ਸਚਾਈ ਨਾਲ ਹੀ ਕੱਢੀਂ ਅਤੇ ਆਪਣੇ ਵੱਲੋਂ ਰਾਜ ਸੱਤਾ ਨੂੰ ਮੇਰਾ ਸਹਾਇਕ ਬਣਾ।
81਼ (ਹੇ ਨਬੀ!) ਐਲਾਨ ਕਰ ਦਿਓ ਕਿ ਸੱਚ (ਭਾਵ ਇਸਲਾਮ) ਆ ਗਿਆ ਤੇ ਝੂਠ (ਭਾਵ ਕੁਫ਼ਰ) ਦਾ ਅੰਤ ਹੋ ਗਿਆ, ਝੂਠ ਤਾਂ ਖ਼ਤਮ ਹੋਣ ਲਈ ਹੀ ਹੈ।
82਼ ਅਤੇ ਅਸੀਂ ਜਿਹੜਾ .ਕੁਰਆਨ ਨਾਜ਼ਿਲ ਕਰ ਰਹੇ ਹਾਂ, ਇਸ ਵਿਚ ਈਮਾਨ ਵਾਲਿਆਂ ਲਈ ਤਾਂ ਸ਼ਿਫ਼ਾ (ਰੋਗਾਂ ਦਾ ਇਲਾਜ) ਅਤੇ ਰਹਿਮਤ ਹੈ, ਪਰ ਉਹ ਜ਼ਾਲਮਾਂ ਦੇ ਘਾਟੇ ਵਿਚ ਹੀ ਵਾਧਾ ਕਰਦਾ ਹੈ।
83਼ ਜਦੋਂ ਅਸੀਂ ਮਨੁੱਖ ਨੂੰ ਨਿਅਮਤਾਂ ਨਾਲ ਨਿਵਾਜ਼ਦੇ ਹਾਂ ਤਾਂ ਉਹ ਮੂੰਹ ਮੋੜ ਲੈਂਦਾ ਹੈ ਤੇ ਪਿੱਠ ਫੇਰ ਲੈਂਦਾ ਹੈ, ਜਦੋਂ ਉਸ ਨੂੰ ਕੋਈ ਭੀੜ ਪੈਂਦੀ ਹੈ ਤਾਂ (ਰੱਬ ਦੀਆਂ ਮਿਹਰਾਂ ਤੋਂ) ਨਿਰਾਸ਼ ਹੋ ਜਾਂਦਾ ਹੈ।
84਼ (ਹੇ ਨਬੀ!) ਤੁਸੀਂ ਆਖ ਦਿਓ ਕਿ ਹਰ ਵਿਅਕਤੀ ਆਪਣੇ ਤਰੀਕੇ ਅਨੁਸਾਰ ਹੀ ਕੰਮ ਕਰਦਾ ਹੈ। ਹੁਣ ਇਹ ਗੱਲ ਕਿ ਕੌਣ ਸਿੱਧੇ ਰਾਹ ’ਤੇ ਹੈ ਤੁਹਾਡਾ ਰੱਬ ਹੀ ਜਾਣਦਾ ਹੈ।
85਼ (ਹੇ ਨਬੀ!) ਇਹ ਲੋਕ ਤੁਹਾਥੋਂ ਰੂਹ (ਆਤਮਾ) ਬਾਰੇ ਪੁੱਛਦੇ ਹਨ। ਤੁਸੀਂ ਕਹਿ ਦਿਓ ਕਿ ਇਹ ਰੂਹ ਮੇਰੇ ਰੱਬ ਦੇ ਹੁਕਮ ਹੈ ਅਤੇ ਤੁਹਾਨੂੰ ਤਾਂ ਬਹੁਤ ਹੀ ਥੋੜ੍ਹਾ ਗਿਆਨ ਦਿੱਤਾ ਗਿਆ ਹੈ।
86਼ (ਹੇ ਨਬੀ!) ਜੇ ਅਸੀਂ ਚਾਹੀਏ ਤਾਂ ਜਿਹੜੀ ਵਹੀ (ਰੱਬੀ ਸੰਦੇਸ਼) ਤੁਹਾਡੇ ਵੱਲ ਘੱਲੀ ਗਈ ਹੈ ਉਹ ਤੁਹਾਥੋਂ ਖੋਹ ਲਈਏ ਫੇਰ ਤੁਸੀਂ ਸਾਡੇ ਮੁਕਾਬਲੇ ਵਿਚ ਕਿਸੇ ਤੋਂ ਵੀ ਸਹਾਇਤਾ ਨਹੀਂ ਲਭ ਸਕੋਗੇ।
87਼ ਛੁੱਟ ਤੁਹਾਡੇ ਰੱਬ ਦੀਆਂ ਮਿਹਰਾਂ ਤੋਂ (ਕੋਈ ਸਹਾਈ ਨਹੀਂ) ਨਿਰਸੰਦੇਹ, ਤੁਹਾਡੇ ’ਤੇ ਉਸ ਦਾ ਬਹੁਤ ਹੀ ਵੱਡਾ ਫ਼ਜ਼ਲ ਹੈ।
88਼ (ਹੇ ਨਬੀ!) ਆਖ ਦਿਓ ਜੇਕਰ ਸਾਰੇ ਹੀ ਮਨੁੱਖ ਤੇ ਜਿੰਨ ਰਲ ਕੇ ਵੀ ਇਸ .ਕੁਰਆਨ ਜਿਹੀ ਕੋਈ ਚੀਜ਼ ਲਿਆਉਣਾ ਚਾਹਣ ਤਾਂ ਨਹੀਂ ਲਿਆ ਸਕਦੇ ਭਾਵੇਂ ਉਹ ਇਕ ਦੂਜੇ ਦੇ ਸਹਾਇਕ ਹੀ ਕਿਉਂ ਨਾ ਬਣ ਜਾਣ।
89਼ ਅਸੀਂ ਇਸ਼ਕੁਰਆਨ ਵਿਚ (ਲੋਕਾਂ ਨੂੰ ਸਮਝਾਉਣ ਲਈ) ਹਰ ਮਿਸਾਲ ਨੂੰ ਵਾਰ ਵਾਰ ਬਿਆਨ ਕੀਤਾ ਹੈ। ਫੇਰ ਵੀ ਵਧੇਰੇ ਲੋਕ ਨਾ ਸ਼ੁਕਰੀ ਕਰੇ ਬਿਨਾਂ ਨਹੀਂ ਰਹਿ ਸਕਦੇ।
90਼ ਉਹਨਾਂ (ਕਾਫ਼ਿਰਾਂ) ਨੇ ਕਿਹਾ ਕਿ ਅਸੀਂ ਤੇਰੇ ਉੱਤੇ (ਹੇ ਮੁਹੰਮਦ ਸ:!) ਉਦੋਂ ਤੀਕ ਈਮਾਨ ਨਹੀਂ ਲਿਆਵਾਂਗੇ ਜਦੋਂ ਤੀਕ ਕਿ ਤੂੰ ਸਾਡੇ ਲਈ ਧਰਤੀ ਵਿੱਚੋਂ ਕੋਈ ਸੋਮਾ ਨਾ ਵਗਾ ਦੇਵੇਂ।
أَوۡ تَكُونَ لَكَ جَنَّةٞ مِّن نَّخِيلٖ وَعِنَبٖ فَتُفَجِّرَ ٱلۡأَنۡهَٰرَ خِلَٰلَهَا تَفۡجِيرًا [٩١]
91਼ ਜਾਂ ਤੇਰੇ ਆਪਣੇ ਲਈ ਖਜੂਰਾ ਜਾਂ ਅੰਗੂਰ ਦਾ ਬਾਗ਼ ਹੋਵੇ ਫੇਰ ਤੂੰ ਉਸ ਵਿਚਾਲੇ (ਜਗ੍ਹਾ ਜਗ੍ਹਾ) ਨਹਿਰਾਂ ਵਗਾ ਦੇਵੇਂ।
92਼ ਜਾਂ ਤੂੰ ਸਾਡੇ ’ਤੇ ਅਕਾਸ਼ ਨੂੰ ਟੋਟੇ-ਟੋਟੇ ਕਰ ਕੇ (ਅਜ਼ਾਬ ਵਜੋਂ) ਡੇਗ ਦੇਵੇਂ, ਜਿਵੇਂ ਕਿ ਤੂੰ ਕਿਹਾ ਕਰਦਾ ਹੈ। ਜਾਂ ਤੂੰ (ਆਪਣੀ ਪੁਸ਼ਟੀ ਲਈ) ਅੱਲਾਹ ਅਤੇ ਫ਼ਰਿਸ਼ਤਿਆਂ ਨੂੰ ਸਾਡੇ ਸਾਹਮਣੇ ਲੈ ਆ।
93਼ ਜਾਂ ਤੇਰੇ ਰਹਿਣ ਲਈ ਸੋਨੇ ਦਾ ਕੋਈ ਘਰ ਹੋਵੇ ਜਾਂ ਤੂੰ ਅਕਾਸ਼ ’ਤੇ ਚੜ੍ਹ ਜਾਵੇਂ ਅਤੇ ਅਸੀਂ ਤੇਰੇ ਅਸਮਾਨ ’ਤੇ ਚੜ੍ਹਣ ਦਾ ਉਦੋਂ ਤੀਕ ਵਿਸ਼ਵਾਸ ਨਹੀਂ ਕਰਾਂਗੇ ਜਦੋਂ ਤੀਕ ਤੂੰ ਉਥਿਓਂ ਸਾਡੇ ਲਈ ਕੋਈ ਕਿਤਾਬ ਨਾ ਉਤਾਰ ਲਿਆਵੋਂ ਜਿਸ ਨੂੰ ਅਸੀਂ ਪੜ੍ਹ ਵੇਖੀਏ। (ਹੇ ਨਬੀ!) ਤੁਸੀਂ ਆਖੋ ਕਿ ਮੇਰਾ ਪਾਲਣਹਾਰ ਪਾਕ ਹੈ, ਮੈਂ ਤਾਂ ਕੇਵਲ ਇਕ ਮਨੁੱਖ ਹਾਂ ਜਿਸ ਨੂੰ ਪੈਗ਼ੰਬਰ ਬਣਾਇਆ ਗਿਆ ਹੈ।
94਼ ਲੋਕਾਂ ਕੋਲ ਹਿਦਾਇਤ ਆਉਣ ਤੋਂ ਬਾਅਦ ਵੀ ਉਹਨਾਂ ਨੂੰ ਈਮਾਨ ਲਿਆਉਣ ਤੋਂ ਕੇਵਲ ਇਸੇ ਚੀਜ਼ ਨੇ ਰੋਕ ਰੱਖਿਆ ਸੀ ਕਿ ਉਹ ਕਹਿੰਦੇ ਸਨ, ਕੀ ਅੱਲਾਹ ਨੇ ਮਨੁੱਖ ਨੂੰ ਰਸੂਲ ਬਣਾਇਆ ਹੈ ?
95਼ (ਹੇ ਨਬੀ!) ਤੁਸੀਂ ਕਹਿ ਦਿਓ ਕਿ ਜੇ ਧਰਤੀ ’ਤੇ ਫ਼ਰਿਸ਼ਤੇ ਨਿਸ਼ਚਿੰਤ ਹੋ ਕੇ ਤੁਰਦੇ-ਫਿਰਦੇ ਹੁੰਦੇ ਤਾਂ ਵੀ ਅਸੀਂ ਅਕਾਸ਼ੋਂ ਉਹਨਾਂ ਲਈ ਕਿਸੇ ਫ਼ਰਿਸ਼ਤੇ ਨੂੰ ਹੀ ਰਸੂਲ ਬਣਾ ਕੇ ਭੇਜਦੇ।
96਼ (ਹੇ ਨਬੀ!) ਆਖ ਦਿਓ ਕਿ ਮੇਰੇ ਅਤੇ ਤੁਹਾਡੇ ਵਿਚਕਾਰ ਅੱਲਾਹ ਦੀ ਗਵਾਹੀ ਬਥੇਰੀ ਹੈ (ਕਿ ਮੈਂਨੇ ਤੁਹਾਨੂੰ ਰੱਬੀ ਪੈਗ਼ਾਮ ਘੱਲ ਦਿੱਤਾ ਹੈ) ਉਹ (ਅੱਲਾਹ) ਆਪਣੇ ਬੰਦਿਆਂ ਤੋਂ ਭਲੀ-ਭਾਂਤ ਜਾਣੂ ਹੈ ਅਤੇ ਸਭ ਕੁੱਝ ਵੇਖਣ ਵਾਲਾ ਹੈ।
97਼ ਅੱਲਾਹ ਜਿਸ ਨੂੰ ਰਾਹ ਪਾਵੇ ਉਹੀਓ ਸਿੱਧੀ ਰਾਹ ਪ੍ਰਾਪਤ ਕਰਦਾ ਹੈ ਅਤੇ ਜਿਸ ਨੂੰ ਉਹੀਓ ਕੁਰਾਹੇ ਪਾ ਦੇਵੇ ਤਾਂ ਛੁੱਟ ਉਸ (ਅੱਲਾਹ) ਦੀ ਸਹਾਇਤਾ ਤੋਂ ਉਸ ਨੂੰ ਕੋਈ ਹੋਰ ਸਹਾਇਕ ਨਹੀਂ ਮਿਲ ਸਕਦਾ। ਅਜਿਹੇ (ਕੁਰਾਹੇ ਪਏ) ਲੋਕਾਂ ਨੂੰ ਅਸੀਂ ਕਿਆਮਤ ਦਿਹਾੜੇ ਮੂਧੇ ਮੂੰਹ 1 ਘਸੀਟ ਲਿਆਵਾਂਗੇ, ਅਤੇ ਅੰਨ੍ਹੇ-ਗੁੰਗੇ ਤੇ ਬੋਲੇ ਕਰਕੇ ਕਬਰਾਂ ’ਚੋਂ ਉਠਾਵਾਂਗੇ। ਉਹਨਾਂ ਦਾ ਟਿਕਾਣਾ ਨਰਕ ਹੋਵੇਗਾ। ਜਦੋਂ ਉਹ (ਅੱਗ) ਠੰਡੀ ਹੋਣ ਲੱਗੇਗੀ ਅਸੀਂ ਉਸ (ਅੱਗ) ਨੂੰ ਹੋਰ ਸੁਲ੍ਹਗਾ ਦੇਵਾਂਗੇ।
98਼ ਇਹ ਉਹਨਾਂ ਦੀ ਸਜ਼ਾ ਹੈ, ਕਿਉਂ ਜੋ ਉਹਨਾਂ ਨੇ ਸਾਡੀਆਂ ਆਇਤਾਂ ਦਾ ਇਨਕਾਰ ਕੀਤਾ ਅਤੇ ਕਿਹਾ ਕਿ ਜਦੋਂ ਅਸੀਂ ਹੱਡੀਆਂ ਅਤੇ ਚੂਰਾ-ਚੂਰਾ ਹੋ ਜਾਵਾਂਗੇ ਤਾਂ ਕੀ ਅਸੀਂ ਨਵੇਂ ਸਿਰਿਓਂ ਉਠਾਏ ਜਾਵਾਂਗੇ ?
99਼ ਕੀ ਉਹਨਾਂ ਨੇ ਇਸ ਗੱਲ ਵੱਲ ਝਾਤ ਨਹੀਂ ਮਾਰੀ ਕਿ ਜਿਸ ਅੱਲਾਹ ਨੇ ਅਕਾਸ਼ ਤੇ ਧਰਤੀ ਨੂੰ ਪੈਦਾ ਕੀਤਾ ਹੈ ਉਹ ਉਹਨਾਂ ਜਿਿਹਆਂ ਨੂੰ ਪੈਦਾ ਕਰਨ ਦੀ ਪੂਰੀ ਸਮਰਥਾ ਰੱਖਦਾ ਹੈ ? ਅੱਲਾਹ ਨੇ ਹੀ ਉਹਨਾਂ ਲਈ ਇਕ ਅਜਿਹਾ ਸਮਾਂ ਨਿਯਤ ਕੀਤਾ ਹੈ ਜਿਸ ਵਿਚ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਨਹੀਂ, ਪਰ ਜ਼ਾਲਮ ਲੋਕ ਇਨਕਾਰ ਕਰੇ ਬਿਨਾਂ ਰਹਿ ਹੀ ਨਹੀਂ ਸਕਦੇ।
100਼ (ਹੇ ਨਬੀ!) ਆਖ ਦਿਓ ਕਿ ਜੇ ਕੀਤੇ ਮੇਰੇ ਰੱਬ ਦੀਆਂ ਮਿਹਰਾਂ ਦੇ ਭੰਡਾਰ ਤੁਹਾਡੇ ਕਬਜ਼ੇ ਵਿਚ ਹੁੰਦੇ ਤਾਂ ਤੁਸੀਂ ਵੀ ਉਸ ਨੂੰ ਖ਼ਰਚ ਹੋ ਜਾਣ ਦੇ ਡਰ ਤੋਂ ਰੋਕੀ ਰੱਖਦੇ। ਵਾਸਤਵ ਵਿਚ ਮਨੁੱਖ ਬਹੁਤ ਹੀ ਤੰਗ ਦਿਲਾ ਹੈ।
101਼ ਅਸੀਂ ਮੂਸਾ ਨੂੰ ਨੌ ਸਪਸ਼ਟ ਮੋਅਜਜ਼ੇ (ਰੱਬੀ ਚਮਤਕਾਰ) ਬਖ਼ਸ਼ੇ, ਤੁਸੀਂ ਆਪ ਵੀ (ਹੇ ਨਬੀ!) ਬਨੀ-ਇਸਰਾਈਲ ਤੋਂ ਪੁੱਛ ਲਵੋ ਕਿ ਜਦੋਂ ਉਹ (ਮੂਸਾ) ਉਹਨਾਂ ਕੋਲ ਆਇਆ ਤਾਂ ਫ਼ਿਰਔਨ ਨੇ ਉਸ ਨੂੰ ਕਿਹਾ ਕਿ ਹੇ ਮੂਸਾ! ਮੈਂ ਸਮਝਦਾ ਹਾਂ ਕਿ ਤੂੰ ਜ਼ਰੂਰ ਇਕ ਜਾਦੂ ਦਾ ਮਾਰਿਆ ਆਦਮੀ ਹੈ।
102਼ (ਮੂਸਾ) ਨੇ ਕਿਹਾ ਕਿ ਤੂੰ ਭਲੀਭਾਂਤ ਜਾਣ ਚੁਕਿਆ ਹੈ ਕਿ ਇਹ ਸਾਰੀਆਂ ਨਿਸ਼ਾਨੀਆਂ ਅਕਾਸ਼ਾਂ ਤੇ ਧਰਤੀ ਦੇ ਰੱਬ ਨੇ ਹੀ ਵੇਖਣ ਤੇ ਸਮਝਣ ਦੇ ਮੰਤਵ ਲਈ ਨਾਜ਼ਿਲ ਕੀਤੀਆਂ ਹਨ ਅਤੇ ਹੇ ਫ਼ਿਰਔਨ! ਮੈਂ ਤੈਨੂੰ ਇਕ ਸ਼ਾਮਤ ਦਾ ਮਾਰਿਆ ਵਿਅਕਤੀ ਸਮਝਦਾ ਹਾਂ।
103਼ ਅੰਤ ਫ਼ਿਰਔਨ ਨੇ ਪੱਕਾ ਵਿਚਾਰ ਬਣਾ ਲਿਆ ਕਿ ਉਹਨਾਂ (ਮੂਸਾ ਤੇ ਬਨੀ-ਇਸਰਾਈਲ) ਨੂੰ ਧਰਤੀਓਂ ਉਖਾੜ ਸੁੱਟੇ। ਅਸੀਂ ਉਸ (ਫ਼ਿਰਔਨ) ਨੂੰ ਅਤੇ ਉਸ ਦੇ ਸਾਥੀਆਂ ਨੂੰ (ਸਮੰਦਰ ਵਿਚ) ਡੋਬ ਦਿੱਤਾ।
104਼ (ਇਸ ਤੋਂ ਮਗਰੋਂ) ਅਸੀਂ ਬਨੀ-ਇਸਰਾਈਲ ਨੂੰ ਕਿਹਾ ਕਿ ਇਸ ਧਰਤੀ ’ਤੇ ਰਸੋ-ਵਸੋ, ਹਾਂ! ਜਦੋਂ ਆਖ਼ਿਰਤ ਦੇ ਵਾਅਦੇ ਦਾ ਸਮਾਂ ਆਵੇਗਾ ਤਾਂ ਅਸੀਂ ਤੁਹਾਨੂੰ ਸਭ ਨੂੰ ਇਕੱਠਾ ਕਰਕੇ ਲਿਆਵਾਂਗੇ।
105਼ ਅਸੀਂ ਇਸ (ਕੁਰਆਨ) ਨੂੰ ਹੱਕ ਸੱਚ ਨਾਲ ਉਤਾਰਿਆ ਹੈ ਅਤੇ ਹੱਕ ਸੱਚ ਨਾਲ ਹੀ ਆਇਆ ਹੈ। (ਹੇ ਨਬੀ!) ਅਸੀਂ ਤੁਹਾਨੂੰ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਅਤੇ (ਰੱਬ ਦੇ ਅਜ਼ਾਬ ਤੋਂ) ਡਰਾਉਣ ਵਾਲਾ (ਰਸੂਲ) ਬਣਾ ਕੇ ਭੇਜਿਆ ਹੈ।1
106਼ ਅਸੀਂ .ਕੁਰਆਨ ਨੂੰ ਥੋੜ੍ਹਾ-ਥੋੜ੍ਹਾ ਕਰਕੇ ਇਸ ਲਈ ਨਾਜ਼ਿਲ ਕੀਤਾ ਹੈ ਤਾਂ ਜੋ ਤੁਸੀਂ ਇਸ ਨੂੰ ਠਹਿਰ-ਠਹਿਕ ਕੇ (ਲੋੜ ਅਨੁਸਾਰ) ਲੋਕਾਂ ਨੂੰ ਸੁਣਾ ਸਕੋਂ ਅਤੇ ਅਸਾਂ ਇਸ ਨੂੰ ਲੜੀਵਾਰ ਉਤਾਰਿਆ ਹੈ।
107਼ ਆਖ ਦਿਓ ਕਿ ਤੁਸੀਂ ਇਸ ’ਤੇ ਈਮਾਨ ਲਿਆਓ ਜਾਂ ਨਾ ਲਿਆਓ, ਪਰ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ (ਰੱਬੀ ਕਿਤਾਬਾਂ ਦਾ) ਗਿਆਨ ਦਿੱਤਾ ਗਿਆ ਸੀ, ਉਹਨਾਂ ਕੋਲ ਜਦੋਂ ਵੀ ਇਸ ਨੂੰ ਪੜ੍ਹਿਆ ਜਾਂਦਾ ਹੈ ਤਾਂ ਉਹ ਮੂੰਹ ਦੇ ਭਾਰ ਸਿਜਦੇ ਵਿਚ ਡਿਗ ਪੈਂਦੇ ਹਨ।
108਼ ਅਤੇ ਆਖਦੇ ਹਨ ਕਿ ਸਾਡਾ ਪਾਲਣਹਾਰ (ਹਰ ਐਬ ਤੋਂ) ਪਾਕ ਹੈ ਅਤੇ ਸਾਡੇ ਰੱਬ ਦਾ ਵਾਅਦਾ ਨਿਰਸੰਦੇਹ, ਪੂਰਾ ਹੋਕੇ ਰਹੇਗਾ।
109਼ ਉਹ ਵਿਲਕਦੇ ਹੋਏ ਮੂੰਹ ਦੇ ਭਾਰ ਸਿਜਦੇ ਵਿਚ ਡਿਗ ਪੈਂਦੇ ਹਨ ਅਤੇ ਇਹ (.ਕੁਰਆਨ) ਉਹਨਾਂ ਦੀ ਨਿਮਰਤਾ ਤੇ ਡਰ ਵਿਚ ਹੋਰ ਵੀ ਵਾਧਾ ਕਰਦਾ ਹੈ।
110਼ (ਹੇ ਨਬੀ!) ਆਖ ਦਿਓ ਕਿ ਤੁਸੀਂ ਅੱਲਾਹ ਨੂੰ ਅੱਲਾਹ ਕਹਿ ਕੇ ਸੱਦੋ ਜਾਂ ਰਹਿਮਾਨ ਆਖੋ, ਤੁਸੀਂ ਜਿਸ ਨਾਂ ਨਾਲ ਵੀ ਉਸ ਨੂੰ ਸੱਦੋ ਸਾਰੇ ਹੀ ਸੋਹਣੇ ਨਾਂ ਉਸੇ ਲਈ ਹਨ। ਆਪਣੀ ਨਮਾਜ਼ ਨਾ ਤਾਂ ਬਹੁਤੀਂ ਉੱਚੀ ਆਵਾਜ਼ ਨਾਲ ਪੜ੍ਹੋ ਤੇ ਨਾ ਹੀ ਬਹੁਤੀ ਹੌਲੀ ਆਵਾਜ਼ ਨਾਲ ਪੜ੍ਹੋ ਸਗੋਂ ਦੋਹਾਂ ਦੇ ਵਿਚਕਾਰਲੀ ਰਾਹ ਅਪਣਾਓ।
111਼ ਅਤੇ ਇਹ ਵੀ ਆਖੋ! ਕਿ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਸ ਨੇ (ਆਪਣੇ ਲਈ) ਕੋਈ ਔਲਾਦ ਨਹੀਂ ਬਣਾਈ ਅਤੇ ਨਾ ਹੀ ਰਾਜ ਸੱਤਾ ਵਿਚ ਉਸ ਦਾ ਕੋਈ ਸਾਂਝੀ ਹੈ। ਨਾ ਹੀ ਉਹ ਨਿਰਬਲ ਤੇ ਬੇਵਸ ਹੈ ਕਿ ਉਸ ਨੂੰ ਕਿਸੇ ਸਹਾਇਕ ਦੀ ਲੋੜ ਹੈ। ਤੁਸੀਂ ਉਸੇ ਅੱਲਾਹ ਦੀ ਵਡਿਆਈ, ਉਹ ਵੀ ਉੱਚ ਕੋਟੀ ਦੀ ਵਡਿਆਈ, ਬਿਆਨ ਕਰੋ।