The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe Pilgrimage [Al-Hajj] - Bunjabi translation
Surah The Pilgrimage [Al-Hajj] Ayah 78 Location Maccah Number 22
1਼ ਹੇ ਲੋਕੋ! ਆਪਣੇ ਰੱਬ ਤੋਂ ਡਰੋ। ਨਿਰਸੰਦੇਹ, ਕਿਆਮਤ ਦਾ ਭੁਚਾਲ ਬਹੁਤ ਹੀ ਵੱਡੀ (ਡਰਾਉਣ ਵਾਲੀ) ਚੀਜ਼ ਹੈ।
2਼ ਜਿਸ ਦਿਨ ਤੁਸੀਂ ਵੇਖੋਗੇ ਕਿ ਹਰ ਦੁੱਧ ਪਿਆਉਣ ਵਾਲੀ ਆਪਣੇ ਦੁੱਧ ਪੀਂਦੇ ਬੱਚੇ ਨੂੰ ਭੁੱਲ ਜਾਵੇਗੀ ਅਤੇ ਗਰਭਵਤੀਆਂ ਗਰਭਪਾਤ ਹੋ ਜਾਣਗੀਆਂ ਅਤੇ ਤੁਸੀਂ ਲੋਕਾਂ ਨੂੰ ਨਸ਼ੇ ਵਿਚ ਮਦਹੋਸ਼ ਵੇਖੋਗੇ ਜਦੋਂ ਕਿ ਉਹ ਨਸ਼ੇ ਵਿਚ ਨਹੀਂ ਹੋਣਗੇ, ਪਰੰਤੂ ਅੱਲਾਹ ਦਾ ਅਜ਼ਾਬ ਬੜਾ ਹੀ ਕਰੜਾ ਹੋਵੇਗਾ।
3਼ ਕੁੱਝ ਲੋਕੀ ਉਹ ਵੀ ਹਨ ਜਿਹੜੇ ਅੱਲਾਹ ਬਾਰੇ ਬਿਨਾਂ ਗਿਆਨ ਤੋਂ ਬਹਿਸਾਂ (ਵਾਦ-ਵਿਵਾਦ) ਕਰਦੇ ਹਨ ਅਤੇ ਹਰ ਬਾਗ਼ੀ ਸ਼ੈਤਾਨ ਦੇ ਪਿੱਛੇ ਲਗ ਜਾਂਦੇ ਹਨ।
4਼ ਅਜਿਹੇ ਲੋਕਾਂ ਲਈ ਲਿਖ ਦਿੱਤਾ ਗਿਆ ਹੈ ਕਿ ਜੇ ਕੋਈ ਉਹਨਾਂ ਲੋਕਾਂ ਦਾ ਸਾਥ ਦੇਵੇਗਾ ਉਹ (ਸ਼ੈਤਾਨ) ਉਸ ਨੂੰ ਗੁਮਰਾਹ ਕਰ ਦੇਵੇਗਾ ਅਤੇ ਉਸ ਨੂੰ ਅੱਗ ਦੇ ਅਜ਼ਾਬ (ਨਰਕ) ਵੱਲ ਲੈ ਜਾਵੇਗਾ।
5਼ ਹੇ ਲੋਕੋ! ਜੇ ਤੁਹਾਨੂੰ ਮਰਨ ਮਗਰੋਂ ਮੁੜ ਜੀਵਿਤ ਹੋਣ ਬਾਰੇ ਕੋਈ ਸ਼ੱਕ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੇਸ਼ੱਕ ਅਸੀਂ (ਆਰੰਭ ਵਿਚ) ਤੁਹਾਨੂੰ ਮਿੱਟੀ ਤੋਂ ਸਾਜਿਆ ਹੈ ਫੇਰ ਵੀਰਜ ਤੋਂ, ਫੇਰ ਜੱਮੇ ਹੋਏ ਖ਼ੂਨ ਤੋਂ, ਫੇਰ ਮਾਸ ਦੀ ਬੋਟੀ 1 ਤੋਂ ਜਿਹੜਾ ਰੂਪਮਾਨ ਵੀ ਹੁੰਦੀ ਹੈ ਤੇ ਰੂਪਹੀਣ ਵੀ (ਇਹ ਅਸੀਂ ਇਸ ਲਈ ਦੱਸ ਰਹੇ ਹਾਂ) ਤਾਂ ਜੋ ਅਸੀਂ ਤੁਹਾਡੇ ’ਤੇ (ਆਪਣੀ ਕੁਦਰਤ) ਸਪਸ਼ਟ ਕਰ ਦਈਏ। ਅਸੀਂ ਜਿਸ (ਵੀਰਜ) ਨੂੰ ਵੀ ਚਾਹੀਏ ਇਕ ਮਿਥੇ ਹੋਏ ਸਮੇਂ ਲਈ ਗਰਭਾਂ ਵਿਚ ਰੱਖਦੇ ਹਾਂ ਫੇਰ ਤੁਹਾਨੂੰ ਇਕ ਬੱਚੇ ਦੇ ਰੂਪ ਵਿਚ ਕੱਢ ਲਿਆਉਂਦੇ ਹਾਂ ਤਾਂ ਜੋ ਤੁਸੀਂ ਆਪਣੀ ਜਵਾਨੀ ਨੂੰ ਪੁੱਜੋ। ਤੁਹਾਡੇ ਵਿੱਚੋਂ ਕੁੱਝ ਨੂੰ (ਬੁਢਾਪੇ ਤੋਂ ਪਹਿਲਾਂ ਹੀ) ਵਾਪਸ ਬੁਲਾ ਲਿਆ ਜਾਂਦਾ ਹੈ ਅਤੇ ਕੁੱਝ ਅਤਿ ਭੈੜੀ ਉਮਰ (ਬੁਢਾਪੇ) ਵੱਲ ਫੇਰ ਦਿੱਤੇ ਜਾਂਦੇ ਹਨ ਕਿ ਉਹ ਜਾਣਦੇ ਹੋਏ ਵੀ ਕੁੱਝ ਨਹੀਂ ਜਾਣਦੇ ਹੁੰਦੇ। (ਇਸੇ ਪ੍ਰਕਾਰ) ਤੁਸੀਂ ਵੇਖਦੇ ਹੋ ਕਿ ਧਰਤੀ ਬੰਜਰ ਤੇ ਸੁੱਕੀ ਪਈ ਹੈ। ਫੇਰ ਜਦੋਂ ਅਸੀਂ ਉਸ (ਧਰਤੀ) ’ਤੇ ਮੀਂਹ ਬਰਸਾਉਂਦੇ ਹਾਂ ਤਾਂ ਉਹ ਉਪਜਾਊ ਹੋ ਜਾਂਦੀ ਰੁ ਅਤੇ ਉਸ ਵਿਚ ਹਰੇਕ ਤਰ੍ਹਾਂ ਦੀ ਸੋਹਣੀ ਦਿਸਣ ਵਾਲੀ ਬਨਸਪਤੀ ਕੱਢੀ ਜਾਂਦੀ ਹੈ।
6਼ (ਇਹ ਸਭ) ਇਸ ਲਈ ਵਰਣਨ ਕੀਤਾ ਜਾ ਰਿਹਾ ਹੈ (ਤਾਂ ਜੋ ਤੁਸੀਂ ਜਾਣ ਲਓ) ਕਿ ਬੇਸ਼ੱਕ ਅੱਲਾਹ ਹੀ ਹੱਕ (ਸਤਿ) ਹੈ, ਬੇਸ਼ੱਕ ਉਹੀ ਮੁਰਦਿਆਂ ਨੂੰ ਜਿਊਂਦਾ ਕਰਦਾ ਹੈ ਅਤੇ ਉਹ ਹਰੇਕ ਸ਼ੈਅ ਉੱਤੇ ਕੁਦਰਤ ਰੱਖਦਾ ਹੈ।
7਼ ਨਿਰਸੰਦੇਹ, ਕਿਆਮਤ ਆਉਣ ਵਾਲੀ ਹੈ, ਇਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ ਅਤੇ ਅੱਲਾਹ ਕਬਰਾਂ ਵਾਲਿਆਂ (ਭਾਵ ਮੁਰਦਿਆਂ) ਨੂੰ ਜ਼ਰੂਰ ਉਠਾਵੇਗਾ।
8਼ ਕੁੱਝ ਲੋਕ ਉਹ ਵੀ ਹਨ ਜਿਹੜੇ ਅੱਲਾਹ ਪ੍ਰਤੀ ਬਿਨਾਂ ਕਿਸੇ ਗਿਆਨ, ਬਿਨਾਂ ਕਿਸੇ ਹਿਦਾਇਤ ਅਤੇ ਬਿਨਾਂ ਰਾਹ ਵਿਖਾਉਣ ਵਾਲੀ ਕਿਤਾਬ ਤੋਂ ਵਾਦ-ਵਿਵਾਦ ਕਰਦੇ ਹਨ।
9਼ ਜਿਹੜਾ ਘਮੰਡ 1 ਵਿਚ ਆ ਕੇ ਹੱਕ ਦੀ ਅਣ-ਦੇਖੀ ਕਰੇ ਤਾਂ ਜੋ (ਲੋਕਾਂ ਨੂੰ) ਅੱਲਾਹ ਦੀ ਰਾਹ ਤੋਂ ਕੁਰਾਹੇ ਪਾਵੇ, ਉਸ ਨੂੰ ਇਸ ਦੁਨੀਆਂ ਵਿਚ ਵੀ ਰੁਸਵਾਈ ਮਿਲੇਗੀ ਅਤੇ ਕਿਆਮਤ ਵਾਲੇ ਦਿਨ ਅਸੀਂ ਉਸ ਨੂੰ ਨਰਕ ਵਿਚ ਜਲਣ ਦਾ ਸੁਆਦ ਚਖਾਵਾਂਗੇ।
10਼ (ਕਿਹਾ ਜਾਵੇਗਾ ਕਿ) ਇਹ (ਅਜ਼ਾਬ) ਉਸ (ਦੀਆਂ ਕਰਤੂਤਾਂ) ਦੇ ਬਦਲੇ ਵਿਚ ਹੈ, ਜਿਹੜਾ ਉਸ ਨੇ ਆਪਣੇ ਹੱਥੀਂ ਅੱਗੇ ਭੇਜਿਆ ਹੈ। ਸੱਚ ਜਾਣੋਂ ਕਿ ਅੱਲਾਹ ਆਪਣੇ ਬੰਦਿਆਂ ਉੱਤੇ ਜ਼ੁਲਮ ਕਰਨ ਵਾਲਾ ਨਹੀਂ।
11਼ ਕੁੱਝ ਅਜਿਹੇ ਵੀ ਲੋਕ ਹਨ ਜਿਹੜੇ (ਸ਼ੱਕ ਦੇ) ਕੰਡੇ ’ਤੇ ਰਹਿ ਕੇ ਅੱਲਾਹ ਦੀ ਬੰਦਗੀ ਕਰਦੇ ਹਨ, ਜੇ ਕੋਈ ਲਾਭ ਮਿਲ ਗਿਆ ਤਾਂ ਸੰਤੁਸ਼ਟ ਹੋ ਜਾਂਦੇ ਹਨ, ਜੇ ਕੋਈ ਮੁਸੀਬਤ ਆ ਜਾਵੇ ਤਾਂ ਉਸੇ ਸਮੇਂ (ਇਸਲਾਮ ਤੋਂ) ਮੂੰਹ ਮੋੜ ਲੈਂਦੇ ਹਨ। ਉਹਨਾਂ ਦਾ ਦੁਨੀਆਂ ਵਿਚ ਵੀ ਅਤੇ ਆਖ਼ਿਰਤ ਵਿਚ ਵੀ ਘਾਟਾ ਹੋਵੇਗਾ। ਇਹੋ ਅਸਲੀ ਘਾਟਾ ਹੈ।
12਼ ਉਹ ਅੱਲਾਹ ਨੂੰ ਛੱਡ ਕੇ ਉਹਨਾਂ ਨੂੰ (ਮਦਦ ਲਈ) ਪੁਕਾਰਦਾ ਹੈ, ਜਿਹੜਾ ਨਾ ਉਸ ਨੂੰ ਲਾਭ ਦੇ ਸਕਣ ਅਤੇ ਨਾ ਹੀ ਨੁਕਸਾਨ ਕਰ ਸਕਣ। ਇਹੋ ਅਸਲੀ ਗੁਮਰਾਹੀ ਹੈ।
13਼ ਉਹ ਉਸੇ ਨੂੰ (ਆਪਣੀਆਂ ਲੋੜਾਂ ਲਈ) ਪੁਕਾਰਦਾ ਹੈ, ਜਿਸ ਦਾ ਨੁਕਸਾਨ ਉਸ ਦੇ ਲਾਭ ਨਾਲੋਂ ਬਹੁਤਾ ਨੇੜੇ ਹੈ। ਉਸ ਦਾ ਸਾਈਂ ਬਹੁਤ ਹੀ ਭੈੜਾ ਹੈ। ਬੇਸ਼ੱਕ ਅਜਿਹਾ ਸਾਥੀ ਬਹੁਤ ਹੀ ਭੈੜਾ ਹੈ।
14਼ ਬੇਸ਼ੱਕ ਅੱਲਾਹ ਈਮਾਨ ਲਿਆਉਣ ਵਾਲੇ ਲੋਕਾਂ ਨੂੰ ਅਤੇ ਨੇਕ ਕੰਮ ਕਰਨ ਵਾਲਿਆਂ ਨੂੰ ਉਹਨਾਂ ਜੰਨਤਾਂ ਵਿਚ ਦਾਖ਼ਲ ਕਰੇਗਾ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹੋਣਗੀਆਂ। ਬੇਸ਼ੱਕ ਅੱਲਾਹ ਜੋ ਚਾਹੁੰਦਾ ਹੈ ਉਹੀਓ ਕਰਦਾ ਹੈ।
15਼ ਜਿਹੜਾ ਕੋਈ ਇਹ ਸੋਚਦਾ ਹੈ ਕਿ ਅੱਲਾਹ ਉਸ ਰਸੂਲ ਦੀ ਮਦਦ ਲੋਕ ਪ੍ਰਲੋਕ ਵਿਚ ਨਹੀਂ ਕਰੇਗਾ ਉਸ ਨੂੰ ਚਾਹੀਦਾ ਹੈ ਕਿ ਉਹ (ਇਕ ਰੱਸਾ ਆਪਣੇ ਗਲੇ ਵਿਚ ਪਾ ਲਵੇ ਅਤੇ) ਅਕਾਸ਼ ਵਿਚ ਚੜ੍ਹ ਜਾਵੇ ਤੇ ਉਸ ਰੱਸੀ ਨੂੰ ਕੱਟ ਦੇਵੇ, ਫੇਰ ਵੇਖੇ ਕੀ ਉਸਦਾ ਇਹ ਉਪਾਅ ਉਸ ਦੇ ਗੁੱਸੇ ਨੂੰ ਦੂਰ ਕਰਦਾ ਹੈ ?
16਼ ਅਸੀਂ ਕੁਰਆਨ ਦੀਆਂ ਆਇਤਾਂ ਨੂੰ ਸਪਸ਼ਟ ਕਰਕੇ ਉਤਾਰਿਆ ਹੈ ਜਿਸ ਨੂੰ ਅੱਲਾਹ ਚਾਹਵੇ ਉਸੇ ਨੂੰ ਹਿਦਾਇਤ ਨਸੀਬ ਹੁੰਦੀ ਹੈ।
17਼ ਬੇਸ਼ੱਕ ਜਿਹੜੇ ਲੋਕੀ ਈਮਾਨ ਲਿਆਏ, ਜਾਂ ਜਿਹੜੇ ਯਹੂਦੀ, ਸਾਬੀ (ਅਧਰਮੀ) , ਈਸਾਈ, ਮਜੂਸੀ (ਅੱਗ ਪੂਜਣ ਵਾਲੇ) ਜਾਂ ਮੁਸ਼ਰਿਕ ਬਣ ਗਏ (ਭਾਵ ਉਹ ਕੋਈ ਵੀ ਹੋਵੇ) ਬੇਸ਼ੱਕ ਅੱਲਾਹ ਉਹਨਾਂ ਸਭਨਾਂ ਵਿਚਾਲੇ ਕਿਆਮਤ ਦਿਹਾੜੇ ਫ਼ੈਸਲਾ ਕਰ ਦੇਵੇਗਾ। ਅੱਲਾਹ ਤਾਂ ਹਰ ਹਰ ਚੀਜ਼ ਦਾ ਗਵਾਹ ਹੈ।1
18਼ ਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਦੇ ਅੱਗੇ ਹੀ ਸਭ ਧਰਤੀ ਵਾਲੇ ਅਤੇ ਅਕਾਸ਼ ਵਾਲੇ ਸੀਸ ਝੁਕਾਉਂਦੇ ਹਨ ਅਤੇ ਉਸ ਦੇ ਨਾਲ ਹੀ ਸੂਰਜ, ਚੰਨ ਤਾਰੇ, ਪਹਾੜ, ਰੁੱਖ ਅਤੇ ਜਾਨਵਰ ਅਤੇ ਬਥੇਰੇ ਮਨੁੱਖ ਵੀ ਸੀਸ ਝੁਕਾਉਂਦੇ ਹਨ। ਉਹਨਾਂ ਵਿਚ ਉਹ ਵੀ ਹਨ ਜਿਨ੍ਹਾਂ ਲਈ ਅਜ਼ਾਬ ਦਾ ਹੋਣਾ ਤੈਅ ਹੋ ਚੁੱਕਿਆ ਹੈ। ਜਿਸ ਨੂੰ ਰੱਬ ਹੀ ਜ਼ਲੀਲ ਕਰ ਦੇਵੇ ਉਸ ਨੂੰ ਕੋਈ ਇੱਜ਼ਤ ਦੇਣ ਵਾਲਾ ਨਹੀਂ, ਅੱਲਾਹ ਜੋ ਚਾਹੁੰਦਾ ਹੈ ਉਹੀਓ ਕਰਦਾ ਹੈ।
19਼ ਇਹ ਦੋ ਧਿਰ (ਕਾਫ਼ਿਰਾਂ ਤੇ ਮੋਮਿਨਾਂ ਦੇ) ਹਨ, ਜਿਹੜੇ ਆਪਣੇ ਰੱਬ ਬਾਰੇ ਝਗੜ ਰਹੇ ਹਨ। ਕਾਫ਼ਿਰਾਂ ਲਈ ਤਾਂ ਅੱਗ ਦੇ ਵਸਤਰ ਕੱਟੇ ਜਾਣਗੇ ਅਤੇ ਉਹਨਾਂ ਦੇ ਸਿਰਾਂ ’ਤੇ ਉੱਬਲਦਾ ਹੋਇਆ ਪਾਣੀ ਡੋਲ੍ਹਿਆ ਜਾਵੇਗਾ।
20਼ ਜਿਸ ਨਾਲ ਉਹਨਾਂ ਦੇ ਢਿਡਾਂ ਦੇ ਅੰਦਰੋਂ ਸਭ ਕੁੱਝ ਗਲ ਜਾਵੇਗਾ ਅਤੇ ਉਹਨਾਂ ਦੀ ਚਮੜੀ ਵੀ ਗਲ ਜਾਵੇਗੀ।
21਼ ਉਹਨਾਂ (ਨਰਕੀਆਂ) ਨੂੰ ਮਾਰਨ ਲਈ ਲੋਹੇ ਦੇ ਥੌੜ੍ਹੇ ਹੋਣਗੇ।
22਼ ਜਦੋਂ ਉਹ ਉੱਥਿਓਂ (ਨਰਕ ਵਿਚ) ਘਬਰਾ ਕੇ ਨਿੱਕਲਣ ਦੀ ਕੋਸ਼ਿਸ਼ ਕਰਨਗੇ, ਮੁੜ ਉੱਥੇ ਹੀ ਧੱਕ ਦਿੱਤੇ ਜਾਣਗੇ ਅਤੇ ਕਿਹਾ ਜਾਵੇਗਾ ਕਿ ਹੁਣ ਲਵੋ ਸਾੜਣ ਵਾਲੇ ਅਜ਼ਾਬ ਦਾ ਸੁਆਦ।
23਼ ਬੇਸ਼ੱਕ ਈਮਾਨ ਵਾਲਿਆਂ ਨੂੰ ਅਤੇ ਨੇਕ ਕੰਮ ਕਰਨ ਵਾਲਿਆਂ ਨੂੰ ਅੱਲਾਹ ਉਹਨਾਂ ਸਵਰਗਾਂ ਵਿਚ ਦਾਖ਼ਲ ਕਰੇਗਾ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਜਿੱਥੇ ਉਹਨਾਂ ਨੂੰ ਸੋਨੇ ਦੇ ਕੰਗਣ ਪਹਿਣਾਏ ਜਾਣਗੇ ਅਤੇ ਉੱਥੇ ਉਹਨਾਂ ਦਾ ਲਿਬਾਸ ਰੇਸ਼ਮ ਦਾ ਹੋਵੇਗਾ।
24਼ ਸੰਸਾਰ ਵਿਚ ਉਹਨਾਂ ਲੋਕਾਂ ਨੂੰ ਪਵਿੱਤਰ ਗੱਲਾਂ (ਕਲਮਾ-ਏ-ਤੌਹੀਦ ਕਬੂਲਨ) ਦੀ ਹਿਦਾਇਤ ਬਖ਼ਸ਼ੀ ਗਈ ਅਤੇ ਸਲਾਹੇ ਹੋਏ ਅੱਲਾਹ ਦਾ ਰਾਹ ਵਿਖਾਇਆ ਗਿਆ।
25਼ ਜਿਨ੍ਹਾਂ ਲੋਕਾਂ ਨੇ (ਰੱਬੀ ਹਿਦਾਇਤ ਦਾ) ਇਨਕਾਰ ਕੀਤਾ, ਉਹ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਅਤੇ ਪਾਕ ਮਸੀਤ (ਖ਼ਾਨਾ-ਕਾਅਬਾ) ਤੋਂ ਰੋਕਦੇ ਹਨ, ਜਿਸ ਨੂੰ ਅਸੀਂ ਸਾਰੇ ਜਹਾਨ ਦੇ ਲੋਕਾਂ ਲਈ ਬਣਾਇਆ ਹੈ। ਉੱਥੇ (ਮੱਕੇ) ਦੇ ਵਸਨੀਕ ਹੋਣ ਜਾਂ ਬਾਹਰੋ ਆਉਣ ਹੋਣ, ਉਹਨਾਂ ਸਭ ਦਾ ਅਧਿਕਾਰ ਇਕ ਬਰਾਬਰ ਹੈ। ਜਿਹੜਾ ਵੀ ਉੱਥੇ (ਖ਼ਾਨਾ-ਕਾਅਬਾ) ਵਿਖੇ ਜ਼ੁਲਮ ਕਰਨ ਦੇ ਇਰਾਦੇ ਨਾਲ ਕੋਈ ਭੈੜੇ ਕੰਮ ਕਰੇਗਾ ਅਸੀਂ ਉਸ ਨੂੰ ਦਰਦਨਾਕ ਅਜ਼ਾਬ ਦਾ ਸੁਆਦ ਚਖਾਵਾਂਗੇ।
26਼ ਅਤੇ (ਯਾਦ ਕਰੋ) ਜਦੋਂ ਅਸੀਂ ਇਬਰਾਹੀਮ ਲਈ ਕਾਅਬੇ ਦੀ ਥਾਂ ਨੂੰ ਨਿਯਤ ਕੀਤਾ ਸੀ, (ਅਤੇ ਹੁਕਮ ਦਿੱਤਾ ਸੀ ਕਿ) ਮੇਰੇ ਨਾਲ ਕਿਸੇ ਨੂੰ ਸ਼ਰੀਕ ਨਹੀਂ ਕਰਨਾ ਅਤੇ ਮੇਰੇ ਘਰ (ਖ਼ਾਨਾ-ਕਾਅਬਾ) ਨੂੰ ਤਵਾਫ਼ (ਪਰਿਕ੍ਰਮਾ) ਕਰਨ ਲਈ, ਨਮਾਜ਼, ਰੁਕੂਅ ਤੇ ਸਿਜਦਾ ਕਰਨ ਵਾਲਿਆਂ ਲਈ ਪਵਿੱਤਰ ਰੱਖਣਾ।
27਼ (ਅਤੇ ਆਦੇਸ਼ ਦਿੱਤਾ) ਕਿ ਲੋਕਾਂ ਵਿਚ ਹੱਜ ਕਰਨ ਲਈ ਮੁਨਾਦੀ ਕਰ ਦਿਓ, ਲੋਕੀ ਤੇਰੇ ਕੋਲ (ਦੂਰ-ਦੂਰ ਤੋਂ) ਪੈਦਲ ਵੀ ਆਉਣਗੇ ਅਤੇ ਕਮਜ਼ੋਰ ਊਠਾਂ ’ਤੇ ਸਵਾਰ ਹੋ ਕੇ ਵੀ ਆਉਣਗੇ।1
28਼ ਤਾਂ ਜੋ ਉਹ ਆਪਣੇ (ਲੋਕ-ਪਰਲੋਕ ਦਾ) ਲਾਭ ਪ੍ਰਾਪਤ ਕਰਨ ਲਈ (ਖਾਨਾ ਕਾਅਬਾ ਵਿਚ) ਹਾਜ਼ਰ ਹੋਣ ਅਤੇ ਨਿਸ਼ਚਿਤ ਦਿਨਾਂ ਵਿਚ ਉਹਨਾਂ ਪਸ਼ੂਆਂ ਤੇ ਜ਼ਿਬਹ ਕਰਦੇ ਸਮੇਂ ਅੱਲਾਹ ਦਾ ਨਾਂ ਲੈਣ ਜਿਹੜੇ ਅੱਲਾਹ ਨੇ ਉਨ੍ਹਾਂ ਨੂੰ ਦਿੱਤੇ ਹਨ। ਫੇਰ ਤੁਸੀਂ ਆਪ ਵੀ ਉਹਨਾਂ (ਪਸ਼ੂਆਂ) ਦਾ ਮਾਸ ਖਾਓ ਅਤੇ ਹਰੇਕ ਭੁੱਖੇ ਫਕੀਰ ਨੂੰ ਵੀ ਖਵਾਓ।
29਼ ਫੇਰ (ਕੁਰਬਾਨੀ ਕਰਨ ਮਗਰੋਂ) ਆਪਣੇ ਮੈਲ ਕੁਚੈਲ ਨੂੰ ਦੂਰ ਕਰੋ (ਭਾਵ ਵਾਲਾਂ ਨੂੰ ਅਤੇ ਨੋਹਾਂ ਨੂੰ ਕਟਵਾਓ) ਅਤੇ ਆਪਣੀਆਂ ਸੁੱਖਣਾ ਪੂਰੀਆਂ ਕਰੋ ਅਤੇ ਅੱਲਾਹ ਦੇ ਸਭ ਤੋਂ ਪੁਰਾਣੇ ਘਰ (ਖ਼ਾਨਾ-ਕਾਅਬਾ) ਦਾ ਤਵਾਫ਼ ਕਰੋ।1
30਼ ਇਹ (ਹੁਕਮ) ਉਹਨਾਂ ਲਈ ਰੁ ਜਿਹੜੇ ਅੱਲਾਹ ਦੀਆਂ ਨਿਯਤ ਕੀਤੀਆਂ ਹੋਈਆਂ ਪਾਬੰਦੀਆਂ ਦਾ ਸਤਿਕਾਰ ਕਰਦੇ ਹਨ, ਉਹਨਾਂ ਲਈ ਉਹਨਾਂ ਦੇ ਰੱਬ ਕੋਲ ਵਧੀਆ ਬਦਲਾ ਹੈ। ਤੁਹਾਡੇ ਲਈ ਚਾਰ ਪੈਰਾਂ ਵਾਲੇ ਪਸ਼ੂ ਜਾਇਜ਼ (ਹਲਾਲ) ਕਰ ਦਿੱਤੇ, ਛੁੱਟ ਉਹਨਾਂ ਤੋਂ ਜਿਨ੍ਹਾਂ ਬਾਰੇ ਤੁਹਾਨੂੰ ਦੱਸਿਆ ਜਾ ਚੁੱਕਿਆ ਹੈ। ਸੋ ਤੁਸੀਂ ਮੂਰਤੀਆਂ ਦੀ ਗੰਦਗੀ ਤੋਂ ਬਚੋ ਅਤੇ ਝੂਠੀਆਂ ਗੱਲਾਂ ਤੋਂ ਪਰਹੇਜ਼ ਕਰੋ।
31਼ ਅੱਲਾਹ ਦੇ ਲਈ ਇਕ ਹੋ ਜਾਓ ਉਸ ਦੇ ਸੰਗ ਕਿਸੇ ਨੂੰ ਸਾਂਝੀ ਨਾ ਬਣਾਓ। ਜਿਹੜਾ ਕੋਈ ਅੱਲਾਹ ਨਾਲ ਕਿਸੇ ਨੂੰ ਸ਼ਰੀਕ ਕਰੇਗਾ, ਇੰਜ ਸਮਝੋ ਜਿਵੇਂ ਉਹ ਅਕਾਸ਼ ਤੋਂ ਡਿਗ ਪਿਆ ਹੋਵੇ, ਫੇਰ ਉਸ ਨੂੰ ਭਾਵੇਂ ਪੰਛੀ ਝਪਟਾ ਮਾਰ ਕੇ ਲੈ ਜਾਣ ਜਾਂ ਹਵਾ ਕਿਸੇ ਦੂਰ ਥਾਂ ਲਿਜਾ ਸੁੱਟੇ।
32਼ ਇਹ ਹੁਕਮ ਉਸ ਲਈ ਹੈ ਜਿਹੜਾ ਅੱਲਾਹ ਦੀਆਂ ਮਿਥੀਆਂ ਹੋਈਆਂ ਨਿਸ਼ਾਨੀਆਂ ਦਾ ਆਦਰ ਕਰਦਾ ਹੈ। ਬੇਸ਼ੱਕ ਇਸ ਦਾ ਸੰਬੰਧ ਦਿਲਾਂ ਦੀ ਪਾਕੀਜ਼ਗੀ ਨਾਲ ਜੁੜ੍ਹਿਆ ਹੋਇਆ ਹੈ।
33਼ ਤੁਹਾਡੇ ਲਈ ਇਹਨਾਂ (ਪਸ਼ੂਆਂ) ਵਿਚ ਇਕ ਖ਼ਾਸ ਸਮੇਂ ਲਈ ਲਾਭ ਹੈ (ਭਾਵ ਉਹਨਾਂ ਤੋਂ ਦੁੱਧ, ਸਵਾਰੀ ਦਾ ਲਾਭ ਅਤੇ ਉੱਨ ਆਦਿ ਲੈ ਸਕਦੇ ਹੋ) ਅਤੇ ਉਹਨਾਂ ਨੂੰ ਜ਼ਿਬਹ (ਕੁਰਬਾਨੀ) ਕਰਨ ਦੀ ਥਾਂ ਉਸੇ ਪੁਰਾਤਣ ਘਰ (ਖ਼ਾਨਾ ਕਾਅਬਾ) ਦੇ ਕੋਲ ਹੈ।
34਼ ਅਸੀਂ ਹਰ ਉੱਮਤ ਲਈ ਕੁਰਬਾਨੀ ਕਰਨ ਦੇ ਤਰੀਕੇ ਮੁਕੱਰਰ ਕੀਤੇ ਹਨ ਕਿ ਉਹਨਾਂ ਚਾਰ ਪੈਰਾਂ ਵਾਲੇ ਜਾਨਵਰਾਂ ਉੱਤੇ, ਜਿਹੜੇ ਜਾਨਵਰ ਅੱਲਾਹ ਨੇ ਹੀ ਉਹਨਾਂ ਨੂੰ ਬਖ਼ਸ਼ੇ ਹੋਏ ਹਨ, (ਜ਼ਿਬਹ ਕਰਦੇ ਸਮੇਂ) ਅੱਲਾਹ ਦਾ ਨਾਂ ਲਿਆ ਜਾਵੇ। ਤੁਹਾਡਾ ਸਭ ਦਾ ਇਕ ਹੀ ਇਸ਼ਟ ਹੈ ਤੁਸੀਂ ਉਸੇ ਦੇ ਆਗਿਆਕਾਰੀ ਬਣੋ। (ਹੇ ਨਬੀ!) ਤੁਸੀਂ ਨਿਮਰਤਾ ਧਾਰਨ ਕਰਨ ਵਾਲਿਆਂ ਨੂੰ (ਰੱਬ ਦੀ ਰਜ਼ਾ ਦੀ) ਖ਼ੁਸ਼ਖ਼ਬਰੀ ਸੁਣਾ ਦਿਓ।
35਼ ਜਦੋਂ ਰੱਬ ਦੀ ਚਰਚਾ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਦਿਲ ਕੰਬ ਜਾਂਦੇ ਹਨ। ਜਦੋਂ ਉਹਨਾਂ ਨੂੰ ਕੋਈ ਮੁਸੀਬਤ ਆਉਂਦੀ ਹੈ ਉਸ ’ਤੇ ਸਬਰ ਕਰਦੇ ਹਨ, ਨਮਾਜ਼ਾਂ ਕਾਇਮ ਕਰਦੇ ਹਨ ਅਤੇ ਜੋ ਵੀ ਅਸੀਂ ਉਹਨਾਂ ਨੂੰ (ਧੰਨ-ਦੌਲਤ) ਬਖ਼ਸ਼ਿਆ ਹੈ, ਉਸ ਵਿੱਚੋਂ ਖ਼ਰਚ ਕਰਦੇ ਹਨ।
36਼ ਕੁਰਬਾਨੀ ਦੇ ਊਠਾਂ ਨੂੰ ਅਸੀਂ ਤੁਹਾਡੇ ਲਈ ਅੱਲਾਹ ਦੀਆਂ ਨਿਸ਼ਾਨੀਆਂ ਵਜੋਂ ਨਿਯਤ ਕੀਤਾ ਹੈ। ਇਸ ਵਿਚ ਤੁਹਾਡੇ ਲਈ (ਕਈ) ਲਾਭ ਹਨ। ਸੋ ਉਹਨਾਂ (ਊਠਾਂ) ਨੂੰ (ਕੁਰਬਾਨੀ ਕਰਦੇ ਸਮੇਂ) ਖੜਾ ਕਰਕੇ ਉਹਨਾਂ ’ਤੇ ਅੱਲਾਹ ਦਾ ਨਾ ਲਵੋ, ਫੇਰ ਜਦੋਂ ਉਹ ਧਰਤੀ ’ਤੇ ਟਿਕ ਜਾਣ ਤਾਂ ਤੁਸੀਂ ਉਹਨਾਂ ਦਾ ਮੀਟ ਆਪ ਵੀ ਖਾਓ ਅਤੇ ਮਸਕੀਨਾਂ, ਨਾ-ਮੰਗਣ ਵਾਲਿਆਂ ਅਤੇ ਮੰਗਣ ਵਾਲਿਆਂ ਨੂੰ ਵੀ ਖੁਵਾਓ। ਇਸ ਤਰ੍ਹਾਂ ਅਸੀਂ (ਅੱਲਾਹ ਨੇ ਪਸ਼ੂਆਂ ਨੂੰ) ਤੁਹਾਡੇ ਅਧੀਨ ਕਰ ਛੱਡਿਆ ਹੈ ਤਾਂ ਜੋ ਤੁਸੀਂ (ਰੱਬ ਦਾ) ਸ਼ੁਕਰ ਕਰੋਂ।
37਼ ਅੱਲਾਹ ਕੋਲ ਨਾ ਤਾਂ ਉਹਨਾਂ ਕੁਰਬਾਨੀ ਦੇ ਜਾਨਵਰਾਂ ਦਾ ਮਾਸ (ਗੋਸ਼ਤ) ਪਹੁੰਚਦਾ ਹੈ ਅਤੇ ਨਾ ਹੀ ਖ਼ੂਨ, ਉਸ ਕੋਲ ਤਾਂ ਤੁਹਾਡੀ ਪਰਹੇਜ਼ਗਾਰੀ ਪਹੁੰਚਦੀ ਹੈ। ਇਸ ਲਈ ਅੱਲਾਹ ਨੇ ਉਹਨਾਂ (ਕੁਰਬਾਨੀ ਵਾਲੇ) ਜਾਨਵਰਾਂ ਨੂੰ ਤੁਹਾਡੇ ਅਧੀਨ ਕਰ ਛੱਡਿਆ ਹੈ ਤਾਂ ਜੋ ਤੁਸੀਂ ਅੱਲਾਹ ਦੀ ਵਡਿਆਈ ਬਿਆਨ ਕਰੋ ਕਿ ਉਸ ਨੇ ਤੁਹਾਨੂੰ ਹਿਦਾਇਤ ਦਿੱਤੀ ਹੈ। (ਹੇ ਨਬੀ!) ਨੇਕ ਅਮਲ ਕਰਨ ਵਾਲਿਆਂ ਨੂੰ (ਜੰਨਤ) ਦੀ ਖ਼ੁਸ਼ਖ਼ਬਰੀ ਸੁਣਾ ਦਿਓ।
38਼ ਬੇਸ਼ੱਕ ਅੱਲਾਹ ਈਮਾਨ ਵਾਲਿਆਂ ਦਾ (ਵੈਰੀਆਂ ਤੋਂ) ਬਚਾਓ ਕਰਦਾ ਹੈ। ਅੱਲਾਹ ਕਿਸੇ ਵੀ ਖ਼ਾਇਨ (ਹੇਰਾ-ਫੇਰੀ) ਕਰਨ ਵਾਲੇ ਨੂੰ ਅਤੇ ਨਾ-ਸ਼ੁਕਰੇ ਨੂੰ ਪਸੰਦ ਨਹੀਂ ਕਰਦਾ।
39਼ ਜਿਨ੍ਹਾਂ ਮੁਸਲਮਾਨਾਂ ਨਾਲ ਕਾਫ਼ਿਰਾਂ ਵੱਲੋਂ ਲੜਾਈ ਕੀਤੀ ਜਾਂਦੀ ਹੈ ਉਹਨਾਂ ਨੂੰ (ਜੰਗ ਕਰਨ ਦੀ) ਛੂਟ ਦਿੱਤੀ ਜਾਂਦੀ ਹੈ ਕਿਉਂ ਜੋ ਉਹਨਾਂ ਉੱਤੇ ਜ਼ੁਲਮ ਹੋ ਰਿਹਾ ਹੈ। ਬੇਸ਼ੱਕ ਅੱਲਾਹ ਉਹਨਾਂ ਦੀ ਸਹਾਇਤਾ ਕਰਨ ਦੀ ਸਮਰਥਾ ਰੱਖਦਾ ਹੈ।
40਼ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਉਹਨਾਂ ਦੇ ਘਰੋਂ ਅਣ-ਹੱਕਾ ਕੱਢਿਆ ਗਿਆ ਕੇਵਲ ਇਹ ਕਹਿਣ ’ਤੇ ਕਿ ਸਾਡਾ ਮਾਲਿਕ ਅੱਲਾਹ ਹੈ। ਜੇ ਅੱਲਾਹ ਇਕ (ਜ਼ਾਲਮ) ਨੂੰ ਦੂਜੇ ਜ਼ਾਲਿਮ ਰਾਹੀਂ (ਸੱਤਾ ਤੋਂ) ਪਰਾਂ ਨਾ ਕਰਦਾ ਤਾਂ ਧਰਮ ਸਥਾਨ ਗਿਰਜੇ ਮਸੀਤਾਂ ਅਤੇ ਯਹੂਦੀਆਂ ਦੇ ਧਰਮ ਸਥਾਨ ਅਤੇ ਉਹ ਸਾਰੀਆਂ ਮਸੀਤਾਂ ਵੀ ਢਾਹ ਦਿੱਤੀਆਂ ਜਾਂਦੀਆਂ ਜਿਨ੍ਹਾਂ ਵਿਚ ਅੱਲਾਹ ਦਾ ਸਿਮਰਨ ਵੱਧ ਤੋਂ ਵੱਧ ਕੀਤਾ ਜਾਂਦਾ ਹੈ। ਜਿਹੜਾ ਵੀ ਉਸ (ਦੇ ਦੀਨ ਇਸਲਾਮ) ਦੀ ਮਦਦ ਕਰੇਗਾ, ਅੱਲਾਹ ਜ਼ਰੂਰ ਹੀ ਉਸਦੀ ਮਦਦ ਕਰੇਗਾ। ਬੇਸ਼ੱਕ ਅੱਲਾਹ ਅਤਿਅੰਤ ਜ਼ੋਰਾਵਰ ਹੈ।
41਼ ਇਹ ਉਹ ਲੋਕ ਹਨ ਕਿ ਜੇ ਅਸੀਂ ਉਹਨਾਂ ਨੂੰ ਧਰਤੀ ਉੱਤੇ ਸੱਤਾ ਬਖ਼ਸ਼ ਦਈਏ ਤਾਂ ਉਹ ਨਮਾਜ਼ ਕਾਇਮ ਕਰਨਗੇ,1 ਜ਼ਕਾਤ ਦੇਣਗੇ ਅਤੇ ਭਲੇ ਕੰਮਾਂ ਦਾ ਹੈ ਕਮ ਦੇਣਗੇ ਤੇ ਭੈੜੇ ਕੰਮਾਂ ਤੋਂ ਰੋਕਣਗੇ। ਸਾਰੇ ਹੀ ਕੰਮਾਂ ਦਾ ਬਦਲਾ ਅੱਲਾਹ ਦੇ ਅਧਿਕਾਰ ਵਿਚ ਹੈ।
42਼ (ਹੇ ਮੁਹੰਮਦ ਸ:!) ਜੇ ਇਹ ਲੋਕ ਤੁਹਾਨੂੰ (ਰੱਬ ਦਾ ਰਸੂਲ) ਨਹੀਂ ਮੰਨਦੇ ਤਾਂ ਇਸ ਤੋਂ ਪਹਿਲਾਂ ਨੂਹ ਦੀ ਕੌਮ ਅਤੇ ਆਦ ਤੇ ਸਮੂਦ ਦੀ ਕੌਮ ਨੇ ਵੀ ਆਪਣੇ ਆਪਣੇ ਨਬੀਆਂ ਨੂੰ ਝੁਠਲਾਇਆ ਹੈ।
43਼ ਅਤੇ ਇਬਰਾਹੀਮ ਅਤੇ ਲੂਤ ਦੀ ਕੌਮ ਨੇ ਵੀ ਇੰਜ ਹੀ ਕੀਤਾ ਸੀ।
44਼ ਅਤੇ ਮਦਯਨ ਦੀ ਕੌਮ ਅਤੇ ਮੂਸਾ ਦੀ ਕੌਮ ਵੀ (ਆਪਣੇ ਨਬੀਆਂ ਨੂੰ) ਝੁਠਲਾ ਚੁੱਕੀ ਹੈ। ਪਹਿਲਾਂ ਤਾਂ ਮੈਂਨੇ ਕਾਫ਼ਿਰਾਂ ਨੂੰ ਕੁੱਝ ਸਮੇਂ ਲਈ ਛੂਟ ਦਿੱਤੀ ਹੈ ਫੇਰ ਉਹਨਾਂ ਨੂੰ ਫੜ ਲਿਆ ਸੋ (ਵੇਖਣਾ) ਕਿ ਮੇਰਾ ਅਜ਼ਾਬ ਕਿਹੋ ਜਿਹਾ ਸੀ।
45਼ ਕਈ ਬਸਤੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਅਸੀਂ ਹਲਾਕ ਕਰ ਦਿੱਤਾ ਕਿਉਂ ਜੋ ਉਹ ਜ਼ੁਲਮ ਕਰਦੀਆਂ ਸਨ। ਅੱਜ ਉਹਨਾਂ (ਦੇ ਘਰਾਂ ਦੀਆਂ) ਛੱਤਾ ਡਿਗੀਆਂ ਪਈਆਂ ਹਨ ਅਤੇ ਕਿੰਨੇ ਹੀ ਖੂਹ ਬੇਆਬਦ ਪਏ ਹਨ ਅਤੇ ਕਿੰਨੇ ਹੀ ਮਜ਼ਬੂਤ ਮਹਿਲ ਉੱਜੜੇ ਪਏ ਹਨ।
46਼ ਕੀ ਇਹ (ਕਾਫ਼ਿਰ) ਲੋਕ ਧਰਤੀ ਉੱਤੇ ਘੁੰਮੇ-ਫਿਰੇ ਨਹੀਂ ਕਿ ਉਹਨਾਂ ਦੇ ਦਿਲ (ਦਿਮਾਗ਼) ਹੁੰਦੇ ਜਿਨ੍ਹਾਂ ਰਾਹੀਂ ਉਹ ਸਮਝਦੇ ਜਾਂ ਕੰਨਾਂ ਤੋਂ ਹੀ ਇਹ (ਕਿੱਸੇ) ਸੁਣ ਲੈਂਦੇ। ਅਸਲ ਗੱਲ ਇਹ ਹੈ ਕਿ ਕੇਵਲ ਅੱਖਾਂ ਤੋਂ ਹੀ ਕੋਈ ਅੰਨ੍ਹਾ ਨਹੀਂ ਹੁੰਦਾ ਸਗੋਂ ਉਹ ਦਿਲ ਵੀ ਅੰਨੇ ਹੋ ਜਾਂਦੇ ਹਨ ਜਿਹੜੇ ਸੀਨੀਆਂ ਵਿਚ ਹਨ।
47਼ ਅਤੇ (ਹੇ ਨਬੀ! ਇਹ ਜ਼ਾਲਮ ਲੋਕ) ਤੁਹਾਥੋਂ ਅਜ਼ਾਬ ਵਿਚ ਛੇਤੀ ਦੀ ਮੰਗ ਕਰ ਰਹੇ ਹਨ। ਅੱਲਾਹ ਕਦੇ ਵੀ ਆਪਣੇ ਵਚਨ ਨਹੀਂ ਬਦਲਦਾ (ਭਾਵ ਅਜ਼ਾਬ ਆਕੇ ਰਹੇਗਾ)। ਹਾਂ! ਇਹ ਗੱਲ ਵੱਖਰੀ ਹੈ ਕਿ ਤੁਹਾਡੇ ਰੱਬ ਕੋਲ ਇਕ ਦਿਨ ਹੀ ਤੁਹਾਡੀ ਗਿਣਤੀ ਦੇ ਇਕ ਹਜ਼ਾਰ ਸਾਲ ਵਰਗਾ ਹੈੈ।
48਼ ਕਿੰਨੀਆਂ ਹੀ (ਜ਼ਾਲਮ) ਬਸਤੀਆਂ ਨੂੰ ਅਸਾਂ ਢਿੱਲ ਦਿੱਤੀ ਜਦੋਂ ਕਿ ਉਹ ਜ਼ਾਲਮ ਸਨ। ਫੇਰ ਅਸਾਂ ਉਹਨਾਂ ਨੂੰ ਫੜ ਲਿਆ। ਆਉਣਾ ਤਾਂ ਮੁੜ ਮੇਰੇ ਹੀ ਕੋਲ ਹੈ।
49਼ (ਹੇ ਮੁਹੰਮਦ ਸ:!) ਆਖ ਦਿਓ! ਕਿ ਮੈਂ ਤਾਂ ਤੁਹਾਨੂੰ ਖੁੱਲ੍ਹਮ-ਖੁੱਲ੍ਹਾ (ਰੱਬ ਦੇ ਅਜ਼ਾਬ ਤੋਂ) ਡਰਾਉਣ ਵਾਲਾ ਹਾਂ।
50਼ ਸੋ ਜੋ ਲੋਕ ਈਮਾਨ ਲਿਆਏ ਤੇ ਨੇਕ ਕੰਮ ਕਰਦੇ ਹਨ, ਉਹਨਾਂ ਲਈ ਬਖ਼ਸ਼ਿਸ਼ ਅਤੇ ਮਾਨ ਸੱਮਾਨ ਵਾਲੀ ਰੋਜ਼ੀ ਹੈ।
51਼ ਜਿਹੜੇ ਲੋਕੀ ਸਾਨੂੰ ਬੇਵਸ ਕਰਨ ਲਈ ਸਾਡੀਆਂ ਨਿਸ਼ਾਨੀਆਂ ਦੀ ਹੇਠੀ ਕਰਨ ਵਿਚ ਲੱਗੇ ਰਹਿੰਦੇ ਹਨ (ਭਾਵ ਹੁਕਮਾਂ ਦੀ ਉਲੰਘਣਾ ਕਰਦੇ ਹਨ), ਉਹੀ ਨਰਕੀ ਹਨ।
52਼ (ਹੇ ਨਬੀ!) ਅਸੀਂ ਤੁਹਾਥੋਂ ਪਹਿਲਾਂ ਜੋ ਵੀ ਪੈਗ਼ੰਬਰ ਤੇ ਨਬੀ ਭੇਜੇ ਅਤੇ ਜਦੋਂ ਵੀ ਉਹ (ਰੱਬੀ ਕਲਾਮ ਦੀ) ਤਲਾਵਤ ਕਰਦੇ (ਭਾਵ ਪੜ੍ਹਦੇ) ਤਾਂ ਸ਼ੈਤਾਨ ਆਪਣੇ ਵੱਲੋਂ ਕੋਈ ਨਾ ਕੋਈ ਵਿਘਨ ਪਾ ਦਿੰਦਾ, ਪਰ ਅੱਲਾਹ ਸ਼ੈਤਾਨ ਵੱਲੋਂ ਪਾਏ ਹੋਏ ਵਿਘਨ ਨੂੰ ਮਿਟਾ ਦਿੰਦਾ। ਇੰਜ ਅੱਲਾਹ ਆਪਣੀ ਕਹੀ ਹੋਈ ਗੱਲ ਨੂੰ ਪੱਕੀ ਕਰਦਾ ਹੈ, ਕਿਉਂ ਜੋ ਅੱਲਾਹ ਹਿਕਮਤਾਂ ਵਾਲਾ ਹੈ, ਹਰ ਪ੍ਰਕਾਰ ਦੀ ਖ਼ਬਰ ਰੱਖਦਾ ਹੈ।
53਼ ਇਹ ਇਸ ਲਈ ਹੁੰਦਾ ਹੈ ਤਾਂ ਜੋ ਸ਼ੈਤਾਨ ਵੱਲੋਂ ਪਾਈ ਜਾਣ ਵਾਲੀ ਖ਼ਰਾਬੀ ਨੂੰ ਅੱਲਾਹ ਉਹਨਾਂ ਲੋਕਾਂ ਨੂੰ ਅਜ਼ਮਾਉਣ ਦਾ ਸਾਧਨ ਬਣਾ ਸਕੇ, ਜਿਨ੍ਹਾਂ ਦੇ ਮਨਾਂ ਵਿਚ (ਕੁਫ਼ਰ ਦਾ) ਰੋਗ ਹੈ ਅਤੇ ਜਿਨ੍ਹਾਂ ਦੇ ਮਨ ਖੋਟੇ ਹਨ, ਉਹੀਓ ਜ਼ਾਲਮ ਲੋਕ (ਹੱਕ ਦੇ) ਵਿਰੋਧ ਵਿਚ ਕਾਫ਼ੀ ਅੱਗੇ ਜਾ ਚੁੱਕੇ ਹਨ।
54਼ ਤਾਂ ਜੋ ਜਿਨ੍ਹਾਂ ਲੋਕਾਂ ਨੂੰ ਗਿਆਨ ਦਿੱਤਾ ਗਿਆ ਸੀ ਉਹ ਜਾਣ ਲੈਣ ਕਿ ਇਹ (ਨਬੀ ਤੇ .ਕੁਰਆਨ) ਰੱਬ ਵੱਲੋਂ ਹੱਕ ’ਤੇ ਆਧਾਰਿਤ ਹੈ। ਜੇ ਉਹ ਈਮਾਨ ਲਿਆਉਣ ਤਾਂ ਉਹਨਾਂ ਦੇ ਦਿਲ ਇਸ (ਹੱਕ) ਵੱਲ ਝੁਕ ਜਾਣਗੇ। ਬੇਸ਼ੱਕ ਅੱਲਾਹ ਈਮਾਨ ਵਾਲਿਆਂ ਨੂੰ ਸਿੱਧੀ ਰਾਹ ਵੱਲ ਸੇਧ ਦਿੰਦਾ ਹੈ।
55਼ ਕਾਫ਼ਿਰ ਇਸ ਵਹੀ (.ਕੁਰਆਨ) ਵਿਚ ਸਦਾ ਸ਼ੱਕ ਕਰਦੇ ਰਹਿਣਗੇ ਇੱਥੋਂ ਤਕ ਕਿ ਅਚਣਚੇਤ ਉਹਨਾਂ ’ਤੇ ਕਿਆਮਤ ਆ ਖੜੀ ਹੋਵੇਗੀ ਜਾਂ ਇਕ ਮਨਹੂਸ ਦਿਹਾੜੇ ਦਾ ਅਜ਼ਾਬ ਆ ਜਾਵੇਗਾ।
56਼ ਉਸ ਦਿਨ ਪਾਤਸ਼ਾਹੀ ਕੇਵਲ ਅੱਲਾਹ ਦੀ ਹੀ ਹੋਵੇਗੀ ਉਹੀਓ ਉਹਨਾਂ ਦੇ (ਕਰਮਾਂ ਦਾ) ਫ਼ੈਸਲੇ ਕਰੇਗਾ, ਈਮਾਨ ਤੇ ਨੇਕ ਕੰਮ ਕਰਨ ਵਾਲਿਆਂ ਨੂੰ ਨਿਅਮਤਾਂ ਭਰੀਆਂ ਜੰਨਤਾਂ ਮਿਲਣਗੀਆਂ।
57਼ ਅਤੇ ਜਿਨ੍ਹਾਂ ਨੇ ਕੁਫ਼ਰ ਕੀਤਾ ਅਤੇ ਸਾਡੀਆਂ ਆਇਤਾਂ (.ਕੁਰਆਨ) ਨੂੰ ਝੂਠ ਸਮਝਿਆ, ਉਹਨਾਂ ਲਈ ਜ਼ਲੀਲ ਕਰਨ ਵਾਲਾ ਅਜ਼ਾਬ ਹੈ।
58਼ ਜਿਨ੍ਹਾਂ ਲੋਕਾਂ ਨੇ ਅੱਲਾਹ ਦੀ ਰਾਹ ਵਿਚ ਆਪਣਾ ਘਰ ਬਾਰ ਛੱਡਿਆ, ਉਹਨਾਂ ਨੂੰ ਕਤਲ ਵੀ ਕੀਤਾ ਗਿਆ ਜਾਂ ਮਰ ਗਏ, ਉਹਨਾਂ ਨੂੰ ਅੱਲਾਹ ਬਹੁਤ ਹੀ ਵਧੀਆ ਰੋਜ਼ੀ ਦੇਣ ਵਾਲਾ ਹੈ। ਬੇਸ਼ੱਕ ਅੱਲਾਹ ਸਭ ਤੋਂ ਵਧੀਆ ਰਿਜ਼ਕ ਦੇਣ ਵਾਲਾ ਹੈ।
59਼ ਅੱਲਾਹ (ਉਹਨਾਂ ਨੂੰ) ਅਜਿਹੀ ਥਾਂ ਜ਼ਰੂਰ ਹੀ ਦਾਖ਼ਲ ਕਰੇਗਾ ਜਿਸ ਤੋਂ ਉਹ ਰਾਜ਼ੀ (ਸੰਤੁਸ਼ਟ) ਹੋ ਜਾਣਗੇ ਬੇਸ਼ੱਕ ਅੱਲਾਹ ਸਹਿਣਸ਼ੀਲਤਾ ਭਰਿਆ ਗਿਆਨ ਰੱਖਦਾ ਹੈ (ਭਾਵ ਸਜ਼ਾ ਦੇਣ ਵਿਚ ਛੇਤੀ ਨਹੀਂ ਕਰਦਾ)।
60਼ ਠੀਕ ਗੱਲ ਇਹ ਹੈ ਕਿ ਜੇਕਰ ਕੋਈ ਵਿਅਕਤੀ ਉੱਨਾ ਹੀ ਬਦਲਾ ਲਵੇ ਜਿੱਨਾ ਉਸ ਨਾਲ ਧੱਕਾ ਹੋਇਆ ਹੈ (ਤਾਂ ਠੀਕ ਹੈ) ਪਰ ਜੇ ਵਧੀਕੀ ਕਰੇ ਤਾਂ ਅੱਲਾਹ ਆਪ ਹੀ (ਉਸ ਮਜ਼ਲੂਮ) ਦੀ ਮਦਦ ਕਰੇਗਾ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਤੇ ਬਖ਼ਸ਼ਣਹਾਰ ਹੈ।
61਼ ਅੱਲਾਹ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਦਾਖ਼ਲ ਕਰਦਾ ਹੈ। ਅੱਲਾਹ ਸਭ ਕੁੱਝ ਵੇਖਦਾ ਤੇ ਸੁਣਦਾ ਹੈ।
62਼ ਬੇਸ਼ੱਕ ਅੱਲਾਹ ਹੀ ਹੱਕ ਹੈ ਅਤੇ ਇਸ ਤੋਂ ਛੁੱਟ ਜਿਸ ਨੂੰ ਵੀ ਉਹ (ਮਦਦ ਲਈ) ਪੁਕਾਰਦੇ ਹਨ ਉਹ ਸਭ ਝੂਠੇ ਹਨ, ਬੇਸ਼ੱਕ ਅੱਲਾਹ ਹੀ ਸਭ ਤੋਂ ਵੱਧ ਵਡਿਆਈ ਵਾਲਾ ਹੈ।
63਼ ਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਅਕਾਸ਼ ਤੋਂ (ਬੰਜਰ ਧਰਤੀ ’ਤੇ) ਪਾਣੀ ਬਰਸਾਉਂਦਾ ਹੈ, ਇਸ ਰਾਹੀਂ ਧਰਤੀ ਹਰੀ ਭਰੀ ਹੋ ਉਠਦੀ ਹੈ, ਬੇਸ਼ੱਕ ਅੱਲਾਹ ਹਰ ਗੱਲ ਨੂੰ ਬਰੀਕੀ ਨਾਲ ਜਾਣਦਾ ਹੈ।
64਼ ਅਕਾਸ਼ਾਂ ਅਤੇ ਧਰਤੀ ਵਿਚ ਜੋ ਕੁੱਝ ਵੀ ਹੈ ਸਭ ਉਸੇ ਦਾ ਹੀ ਹੈ ਅਤੇ ਬੇਸ਼ੱਕ ਅੱਲਾਹ ਉਹਨਾਂ ਸਾਰੀਆਂ ਚੀਜ਼ਾਂ ਤੋਂ ਬੇਪਰਵਾਹ ਤੇ ਸਲਾਹਿਆ ਹੋਇਆ ਹੈ।
65਼ ਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਨੇ ਧਰਤੀ ਦੀਆਂ ਸਾਰੀਆਂ ਚੀਜ਼ਾਂ ਤੁਹਾਡੇ ਅਧੀਨ ਕਰ ਛੱਡੀਆਂ ਹਨ, ਕਸ਼ਤੀਆਂ ਉਸੇ ਦੇ ਹੁਕਮ ਨਾਲ ਪਾਣੀ ਵਿਚ ਚਲਦੀਆਂ ਹਨ, ਅਕਾਸ਼ ਨੂੰ ਵੀ ਉਸੇ ਨੇ ਸਾਂਭਿਆ ਹੋਇਆ ਹੈ ਕਿ ਉਹ ਧਰਤੀ ਉੱਤੇ ਉਸ ਦੀ ਆਗਿਆ ਬਿਨਾਂ ਨਾ ਡਿੱਗੇ। ਬੇਸ਼ੱਕ ਅੱਲਾਹ ਲੋਕਾਂ ਨਾਲ ਮਿਹਰਬਾਨੀਆਂ ਸਦਕੇ ਨਰਮੀਆਂ ਕਰਦਾ ਹੈ।
66਼ ਅਤੇ ਤੁਹਾਨੂੰ ਜੀਵਨ ਵੀ ਉਸੇ ਨੇ ਬਖ਼ਸ਼ਿਆ ਹੈ ਅਤੇ ਉਹੀ ਤੁਹਾਨੂੰ ਮੌਤ ਦੇਵੇਗਾ, ਫੇਰ ਤੁਹਾਨੂੰ (ਕਿਆਮਤ ਦਿਹਾੜੇ) ਮੁੜ ਜੀਵਿਤ ਕਰੇਗਾ। ਪਰ ਮਨੁੱਖ (ਰੱਬ ਦੇ ਅਹਿਸਾਨਾ ਦੀ) ਨਾ-ਸ਼ੁਕਰੀ ਕਰਦਾ ਹੈ।
67਼ ਹਰ ਉੱਮਤ ਲਈ ਅਸੀਂ ਇਬਾਦਤ ਕਰਨ ਦਾ ਇਕ ਵਿਸ਼ੇਸ਼ ਤਰੀਕਾ ਨਿਰਧਾਰਤ ਕੀਤਾ ਹੈ ਅਤੇ ਉਹ ਸਾਰੇ ਉਸ ’ਤੇ ਅਮਲ ਕਰਦੇ ਹਨ। ਸੋ (ਹੇ ਨਬੀ!) ਉਹਨਾਂ (ਕਾਫ਼ਿਰਾਂ) ਨੂੰ ਉਹਨਾਂ ਗੱਲਾਂ ਵਿਚ ਤੁਹਾਡੇ ਨਾਲ ਝਗੜਣਾ ਨਹੀਂ ਚਾਹੀਦਾ, ਤੁਸੀਂ ਲੋਕਾਂ ਨੂੰ ਆਪਣੇ ਰੱਬ ਵੱਲ ਬੁਲਾਓ, ਬੇਸ਼ੱਕ ਤੁਸੀਂ ਸਿੱਧੀ ਰਾਹ ਉੱਤੇ ਹੋ।
68਼ ਜੇ ਫੇਰ ਵੀ ਇਹ ਕਾਫ਼ਿਰ ਤੁਹਾਡੇ ਨਾਲ ਉਲਝਦੇ ਹਨ ਤਾਂ (ਹੇ ਨਬੀ!) ਤੁਸੀਂ ਕਹਿ ਦਿਓ ਕਿ ਅੱਲਾਹ ਤੁਹਾਡੀਆਂ ਕਰਤੂਤਾਂ ਤੋਂ ਭਲੀ-ਭਾਂਤ ਜਾਣੂ ਹੈ।
69਼ ਬੇਸ਼ੱਕ ਕਿਆਮਤ ਦਿਹਾੜੇ ਅੱਲਾਹ ਉਹਨਾਂ ਸਾਰੀਆਂ ਗੱਲਾਂ ਦਾਂ ਨਿਪਟਾਰਾ ਕਰ ਦੇਵੇਗਾ, ਜਿਹੜੀਆਂ ਗੱਲਾਂ ਵਿਚ ਤੁਸੀਂ ਮਤ ਭੇਦ ਕਰ ਰਹੇ ਹਨ।
70਼ ਕੀ ਤੁਸੀਂ (ਹੇ ਨਬੀ!) ਨਹੀਂ ਜਾਣਦੇ ਕਿ ਅਕਾਸ਼ਾਂ ਤੇ ਧਰਤੀ ਦੀ ਹਰ ਇਕ ਚੀਜ਼ ਅੱਲਾਹ ਦੇ ਗਿਆਨ ਵਿਚ ਹੈ ਅਤੇ ਇਹ ਸਭ ਕੁੱਝ ਇਕ ਲਿਖੀ ਹੋਈ ਕਿਤਾਬ ਵਿਚ ਦਰਜ ਹੈ। ਇਹ ਕੰਮ ਅੱਲਾਹ ਲਈ ਤਾਂ ਬਹੁਤ ਹੀ ਆਸਾਨ ਹੈ।
71਼ ਇਹ (ਮੁਸ਼ਰਿਕ) ਅੱਲਾਹ ਨੂੰ ਛੱਡ ਕੇ ਉਹਨਾਂ ਦੀ ਪੂਜਾ ਕਰਦੇ ਹਨ ਜਿਸ ਦੇ ਲਈ ਕੋਈ ਰੱਬੀ ਦਲੀਲ ਨਹੀਂ ਅਤੇ ਨਾ ਹੀ ਉਹਨਾਂ ਨੂੰ ਇਸ ਦਾ ਕੋਈ ਗਿਆਨ ਹੈ। ਜ਼ਾਲਮਾਂ ਦਾ ਕੋਈ ਵੀ ਮਦਦਗਾਰ ਨਹੀਂ।
72਼ ਜਦੋਂ ਉਹਨਾਂ (ਕਾਫ਼ਿਰਾਂ) ਦੇ ਸਾਹਮਣੇ ਸਾਡੇ ਕਲਾਮ (.ਕੁਰਆਨ) ਦੀਆਂ ਆਇਤਾਂ ਦੀ ਤਲਾਵਤ ਕੀਤੀ ਜਾਂਦੀ ਹੈ (ਭਾਵ ਪੜ੍ਹੀਆਂ ਜਾਂਦੀਆਂ ਹਨ) ਤਾਂ ਤੁਸੀਂ ਕਾਫ਼ਿਰਾਂ ਦੇ ਚਿਹਰਿਆਂ ਨੂੰ ਵਿਗੜਦੇ ਹੋਏ ਵੇਖੋਗੇ ਅਤੇ ਇੰਜ ਲੱਗਦਾ ਹੈ ਕਿ ਹੁਣੇ ਉਹ ਸਾਡੀਆਂ ਆਇਤਾਂ (ਰੱਬੀ ਕਲਾਮ .ਕੁਰਆਨ) ਸੁਣਾਉਣ ਵਾਲਿਆਂ ਉੱਤੇ ਹਮਲਾ ਕਰ ਦੇਣਗੇ। ਹੇ ਨਬੀ! ਉਹਨਾਂ ਨੂੰ ਆਖ ਦਿਓ ਕਿ ਮੈਂ ਤੁਹਾਨੂੰ ਇਸ ਤੋਂ ਵੀ ਭੈੜੀ ਖ਼ਬਰ ਦਿੰਦਾ ਹੈ ਕਿ ਉਹ ਇਕ ਅੱਗ ਹੈ ਜਿਸ ਦਾ ਵਾਅਦਾ ਅੱਲਾਹ ਨੇ ਕਾਫ਼ਿਰਾਂ ਨਾਲ ਕੀਤਾ ਹੋਇਆ ਹੈ, ਜਿਹੜੀ ਕਿ ਸਭ ਤੋਂ ਵੱਧ ਭੈੜੀ ਥਾਂ ਹੈ।
73਼ ਹੇ ਲੋਕੋ! (ਤੁਹਾਨੂੰ ਸਮਝਾਉਣ ਲਈ) ਇਕ ਉਦਹਾਰਨ ਦਿੱਤੀ ਜਾ ਰਹੀ ਹੈ ਸੋ ਤੁਸੀਂ ਧਿਆਨ ਨਾਲ ਸੁਣੋ। ਅੱਲਾਹ ਨੂੰ ਛੱਡ ਕੇ ਜਿਨ੍ਹਾਂ (ਇਸ਼ਟਾਂ) ਨੂੰ ਤੁਸੀਂ (ਮਦਦ ਲਈ) ਪੁਕਾਰ ਦੇ ਹੋ ਉਹ ਇਕ ਮੱਖੀ ਵੀ ਪੈਦਾ ਨਹੀਂ ਕਰ ਸਕਦੇ ਭਾਵੇਂ ਕਿ ਉਹ ਸਾਰੇ ਹੀ ਇਕੱਠੇ ਹੋ ਜਾਣ। ਜੇ ਉਹਨਾਂ (ਇਸ਼ਟਾਂ ਜਿਵੇਂ ਮੂਰਤੀਆਂ, ਕਬਰਾਂ) ਤੋਂ ਮੱਖੀ ਕੋਈ ਚੀਜ਼ ਖੋਹ ਕੇ ਲੈ ਜਾਵੇ ਤਾਂ ਇਹ ਉਸ ਤੋਂ ਖੋਹ ਨਹੀਂ ਸਕਦੇ। ਕਿੰਨਾਂ ਬੋਦਾ ਹੈ ਉਹਨਾਂ ਤੋਂ ਸਹਾਇਤਾ ਮੰਗਣ ਵਾਲਾ ਅਤੇ ਕਿੰਨਾਂ ਬੋਦਾ ਹੈ ਉਹ (ਇਸ਼ਟ), ਜਿਸ ਤੋਂ ਮਦਦ ਮੰਗੀ ਜਾਂਦੀ ਹੈ।
74਼ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਦੀ ਕਦਰ ਹੀ ਨਹੀਂ ਕੀਤੀ (ਜਿਵੇਂ ਕਿ ਉਸ ਦਾ ਹੱਕ ਬਣਦਾ ਸੀ)। ਜਦ ਕਿ ਅੱਲਾਹ ਤਾਂ ਬਹੁਤ ਹੀ ਜ਼ਬਰਦਸਤ ਤਾਕਤ ਰੱਖਦਾ ਹੈ।
75਼ ਅੱਲਾਹ ਕੁੱਝ ਫ਼ਰਿਸ਼ਤਿਆਂ ਵਿੱਚੋਂ ਅਤੇ ਕੁੱਝ ਮਨੁੱਖਾਂ ਵਿੱਚੋਂ ਵੀ ਆਪਣਾ ਪੈਗ਼ਾਮ ਪਚਾਉਣ ਵਾਲੇ ਚੁਣ ਲੈਂਦਾ ਹੈ ਬੇਸ਼ੱਕ ਅੱਲਾਹ ਸਭ ਕੁੱਝ ਵੇਖਦਾ ਅਤੇ ਸੁਣਦਾ ਹੈ।
76਼ ਉਹ ਸਭ ਜਾਣਦਾ ਹੈ ਜੋ ਉਹਨਾਂ ਦੇ ਅੱਗੇ ਹੈ ਅਤੇ ਜੋ ਉਹਨਾਂ ਦੇ ਪਿੱਛੇ ਹੈ ਅਤੇ ਸਾਰੇ ਕੰਮ ਅੱਲਾਹ ਵੱਲ ਹੀ ਪਰਤਾਏ ਜਾਂਦੇ ਹਨ।
77਼ ਹੇ ਮੋਮਿਨੋ! (ਆਪਣੇ ਰੱਬ ਦੇ ਅੱਗੇ ਹੀ) ਝੁਕੋ ਅਤੇ ਸਿਜਦਾ ਕਰੋ ਅਤੇ ਆਪਣੇ ਪਾਲਣਹਾਰ ਦੀ ਹੀ ਬੰਦਗੀ ਕਰੋ ਅਤੇ ਭਲੇ ਕੰਮ ਕਰਦੇ ਰਹੋ ਤਾਂ ਜੋ ਤੁਹਾਨੂੰ ਸਫ਼ਲਤਾ ਪ੍ਰਾਪਤ ਹੋ ਸਕੇ।
78਼ ਅਤੇ ਤੁਸੀਂ ਅੱਲਾਹ ਦੀ ਰਾਹ ਵਿਚ (ਜੀ ਜਾਨ ਨਾਲ) ਜਿਹਾਦ ਕਰੋ ਜਿਵੇਂ ਕਿ ਜਿਹਾਦ ਕਰਨ ਦਾ ਹੱਕ ਹੈ। ਉਸ ਨੇ ਤੁਹਾਨੂੰ ਆਪਣੇ ਦੀਨ (ਦੀ ਸੇਵਾ) ਲਈ ਚੁਣ ਲਿਆ ਹੈ ਅਤੇ ਉਸ ਨੇ ਦੀਨ ਵਿਚ ਤੁਹਾਡੇ ਲਈ ਕੋਈ ਅੋਖਿਆਈ ਨਹੀਂ ਰੱਖੀ।1 ਆਪਣੇ ਪਿਓ ਇਬਰਾਹੀਮ ਦੇ ਦੀਨ ਦੀ ਪੈਰਵੀ ਕਰੋ। ਅੱਲਾਹ ਨੇ ਪਹਿਲਾਂ ਵੀ ਤੁਹਾਡਾ ਨਾਂ ਮੁਸਲਿਮ (ਆਗਿਆਕਾਰੀ) ਰੱਖਿਆ ਸੀ ਅਤੇ ਇਸ .ਕੁਰਆਨ ਵਿਚ ਵੀ ਤੁਹਾਡਾ ਇਹੋ ਨਾਂ ਹੈ, ਤਾਂ ਜੋ ਰਸੂਲ ਤੁਹਾਡੇ ਲਈ ਤੁਹਾਡੇ ਉੱਤੇ ਗਵਾਹ ਹੋਵੇ ਅਤੇ ਤੁਸੀਂ ਲੋਕਾਂ ਉੱਤੇ ਗਵਾਹ ਹੋਵੇ। ਸੋ ਤੁਸੀਂ ਨਮਾਜ਼ ਕਾਇਮ ਕਰੋ, ਜ਼ਕਾਤ ਅਦਾ ਕਰੋ ਅਤੇ ਅੱਲਾਹ (ਦੇ ਹੁਕਮਾਂ) ਨੂੰ ਮਜ਼ਬੂਤੀ ਨਾਲ ਫੜੀਂ ਰੱਖਿਓ। ਉਹੀਓ ਤੁਹਾਡਾ ਕਾਰਜ ਸਾਧਕ ਹੈ, ਅਤੇ ਸਭ ਤੋਂ ਵਧੀਆ ਕਾਰਜ ਸਾਧਕ ਵੀ ਉਹੀਓ ਹੈ ਅਤੇ ਸਭ ਤੋਂ ਵਧੀਆ ਸਹਾਇਕ ਵੀ ਉਹੀਓ ਹੈ।