The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe Believers [Al-Mumenoon] - Bunjabi translation
Surah The Believers [Al-Mumenoon] Ayah 118 Location Maccah Number 23
1਼ ਬੇਸ਼ੱਕ ਉਹ ਈਮਾਨ ਵਾਲੇ (ਆਖ਼ਿਰਤ ਵਿਚ) ਜ਼ਰੂਰ ਕਾਮਯਾਬ ਹੋਣਗੇ।
2਼ ਜਿਹੜੇ ਆਪਣੀਆਂ ਨਮਾਜ਼ਾਂ ਵਿਚ ਆਜਜ਼ੀ (ਨਿਮਰਤਾ) ਧਾਰਨ ਕਰਦੇ ਹਨ।
3਼ ਜਿਹੜੇ ਵਿਅਰਥ ਗੱਲਾਂ ਤੋਂ ਦੂਰ ਰਹਿੰਦੇ ਹਨ।
4਼ ਜਿਹੜੇ ਜ਼ਕਾਤ ਅਦਾ ਕਰਦੇ ਹਨ।
5਼ ਜਿਹੜੇ ਆਪਣੇ ਗੁਪਤ ਅੰਗਾਂ ਦੀ ਰਾਖੀ ਕਰਦੇ ਹਨ।
6਼ ਛੁੱਟ ਆਪਣੀਆਂ ਪਤਨੀਆਂ ਤੋਂ ਜਾਂ ਉਹਨਾਂ ਇਸਤਰੀਆਂ ਤੋਂ ਜਿਨ੍ਹਾਂ ਦੇ ਉਹ ਮਾਲਿਕ ਹਨ, ਫੇਰ ਉਹਨਾਂ ਦੇ ਜ਼ਿੰਮੇ ਕੋਈ ਗੁਨਾਹ ਨਹੀਂ।
7਼ ਜਿਹੜਾ ਵਿਅਕਤੀ ਇਸ ਤੋਂ ਛੁੱਟ ਕਿਸੇ ਹੋਰ ਢੰਗ (ਨਾਲ ਆਪਣੀ ਕਾਮਵਾਸਨਾ ਪੂਰੀ ਕਰਨ) ਦੀ ਇੱਛਾ ਰੱਖਦਾ ਹੈ ਅਜਿਹੇ ਲੋਕ ਹੀ ਹੱਦੋਂ ਟੱਪਣ ਵਾਲੇ ਹਨ।
8਼ ਜਿਹੜੇ ਆਪਣੀਆਂ ਅਮਾਨਤਾਂ ਅਤੇ ਆਪਣੇ ਵਚਨਾਂ ਦੀ ਰਾਖੀ ਕਰਦੇ ਹਨ।
9਼ ਜਿਹੜੇ ਆਪਣੀਆਂ ਨਮਾਜ਼ਾਂ ਦੀ ਦੇਖ ਭਾਲ ਕਰਦੇ ਹਨ।
10਼ ਇਹ (ਸਿਫ਼ਤਾਂ ਰੱਖਣ ਵਾਲੇ ਹੀ ਜੰਨਤ ਦੇ) ਵਾਰਸ ਹੋਣਗੇ।
11਼ ਉਹ ਉਸ ਜੰਨਤੇ-ਫਿਰਦੌਸ ਦੇ ਵਾਰਸ ਹੋਣਗੇ ਜਿੱਥੇ ਉਹ ਸਦਾ ਰਹਿਣਗੇ।
12਼ ਅਸਾਂ ਮਨੁੱਖ ਨੂੰ ਮਿੱਟੀ ਦੇ ਸਤ ਤੋਂ ਪੈਦਾ ਕੀਤਾ।
13਼ ਫੇਰ ਅਸੀਂ ਉਸ ਨੂੰ ਇਕ ਸੁਰੱਖਿਅਤ ਥਾਂ (ਮਾਂ ਦੇ ਗਰਭ ਵਿਚ) ਵੀਰਜ ਬਣਾ ਕੇ ਰੱਖ ਦਿੱਤਾ।
14਼ ਫੇਰ ਅਸੀਂ ਉਸੇ ਵੀਰਜ ਨੂੰ ਜੰਮਿਆ ਹੋਇਆ ਖ਼ੂਨ (ਬੁੱਥ) ਬਣਾਇਆ ਫੇਰ ਜੱਮੇ ਹੋਏ ਖ਼ੂਨ ਨੂੰ ਲੋਥੜਾ ਬਣਾਇਆ, ਫੇਰ ਇਸ ਲੋਥੜੇ ਤੋਂ ਹੱਡੀਆਂ ਬਣਾਈਆਂ, ਫੇਰ ਹੱਡੀਆਂ ’ਤੇ ਮਾਸ ਚੜ੍ਹਾਇਆ ਫੇਰ ਉਸ ਵਿਚ (ਰੂਹ ਫੂਂਕ ਕੇ) ਇਕ ਹੋਰ ਹੀ ਰੂਪ ਬਣਾ ਦਿੱਤਾ। ਉਹ ਅੱਲਾਹ ਵਡੀਆਂ ਬਰਕਤਾਂ ਵਾਲਾ ਹੈ ਜਿਹੜਾ ਸਭ ਤੋਂ ਵਧੀਆ ਰਚਨਾਹਾਰ ਹੈ।1
15਼ ਫੇਰ ਇਸ (ਪੈਦਾ ਹੋਣ) ਤੋਂ ਪਿੱਛੋਂ ਤੁਸੀਂ (ਸਾਰੇ ਇਕ ਦਿਨ) ਜ਼ਰੂਰ ਹੀ ਮਰ ਜਾਣ ਵਾਲੇ ਹੋ।
16਼ ਫੇਰ ਤੁਸੀਂ ਸਾਰੇ (ਮਰੇ ਹੋਏ) ਲੋਕ ਕਿਆਮਤ ਵਾਲੇ ਦਿਨ ਮੁੜ ਉਠਾਏ ਜਾਓਗੇ।
17਼ ਅਸੀਂ ਤੁਹਾਡੇ ਉੱਤੇ ਸਤ ਅਕਾਸ਼ ਬਣਾਏ। ਅਸੀਂ ਆਪਣੀ ਬਣਾਈਆਂ ਹੋਈਆਂ ਵਸਤੂਆਂ ਤੋਂ ਕੁੱਝ ਵੀ ਬੇਖ਼ਬਰ ਨਹੀਂ।
18਼ ਅਸੀਂ ਇਕ ਵਿਸ਼ੇਸ਼ ਮਾਤਰਾ ਵਿਚ ਅਕਾਸ਼ੋਂ ਪਾਣੀ ਉਤਾਰਿਆ, ਫੇਰ ਉਸ (ਪਾਣੀ) ਨੂੰ ਧਰਤੀ ਵਿਚ ਰੋਕ ਛੱਡਿਆ। ਅਤੇ ਅਸੀਂ ਇਸ ਨੂੰ ਅਲੋਪ ਵੀ ਕਰ ਸਕਦੇ ਹਾਂ।
19਼ ਇਸੇ ਪਾਣੀ ਰਾਹੀਂ ਅਸੀਂ ਤੁਹਾਡੇ ਲਈ ਖਜੂਰਾਂ ਅਤੇ ਅੰਗੂਰਾਂ ਦੇ ਬਾਗ਼ ਉਗਾਏ, ਉਹਨਾਂ ਵਿਚ ਤੁਹਾਡੇ ਲਈ ਬਹੁਤ ਸਾਰੇ ਸੁਆਦਲੇ ਫਲ ਹਨ, ਉਹਨਾਂ ਵਿੱਚੋਂ ਕੁੱਝ (ਫਲਾਂ ਨੂੰ) ਤੁਸੀਂ ਖਾਂਦੇ ਹੋ।
20਼ ਉਹ (ਜ਼ੈਤੂਨ ਦਾ) ਰੁੱਖ ਜਿਹੜਾ ਸੀਨਾ ਦੇ ਪਹਾੜਾਂ ਵਿਚ ਪੈਦਾ ਹੁੰਦਾ ਹੈ, ਉਹ ਖਾਣ ਵਾਲਿਆਂ ਲਈ ਤੇਲ ਤੇ ਸਾਲਣ ਲੈਕੇ ਉਗਦਾ ਹੈ।
21਼ ਬੇਸ਼ੱਕ ਤੁਹਾਡੇ ਲਈ ਪਸ਼ੂਆਂ ਵਿਚ ਵੀ ਇਕ ਸਿੱਖਿਆ ਹੈ। ਜੋ ਉਹਨਾਂ ਦੇ ਢਿੱਡਾਂ ਵਿਚ ਹੈ ਅਸੀਂ ਤੁਹਾਨੂੰ ਉਹ ਦੁੱਧ ਪਿਆਉਂਦੇ ਹਾਂ। ਉਹਨਾਂ ਪਸ਼ੂਆਂ ਵਿਚ ਤੁਹਾਡੇ ਲਈ ਅਨੇਕਾਂ ਹੀ ਲਾਭ ਹਨ, ਉਹਨਾਂ ਵਿੱਚੋਂ ਕਈਆਂ ਨੂੰ ਤੁਸੀਂ ਖਾਂਦੇ ਵੀ ਹੋ।
22਼ ਉਹਨਾਂ (ਪਸ਼ੂਆਂ) ਉੱਤੇ ਅਤੇ ਬੇੜੀਆਂ ਉੱਤੇ ਤੁਸੀਂ ਲੋਕ ਸਵਾਰ ਵੀ ਹੁੰਦੇ ਹੋ।
23਼ ਬੇਸ਼ੱਕ ਅਸੀਂ ਨੂਹ ਨੂੰ ਉਸੇ ਦੀ ਕੌਮ ਵੱਲ (ਰਸੂਲ ਬਣਾ ਕੇ) ਭੇਜਿਆ। ਉਹਨਾਂ ਨੇ ਕਿਹਾ ਕਿ ਹੇ ਮੇਰੀ ਕੌਮ! ਅੱਲਾਹ ਦੀ ਬੰਦਗੀ ਕਰੋ, ਇਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ। ਕੀ ਤੁਸੀਂ (ਅੱਲਾਹ ਤੋਂ) ਨਹੀਂ ਡਰਦੇ ?
24਼ ਉਸ ਦੀ ਕੌਮ ਦੇ ਸਰਦਾਰ, ਜਿਨ੍ਹਾਂ ਨੇ ਕੁਫ਼ਰ ਕੀਤਾ ਸੀ, (ਕੌਮ ਨੂੰ) ਆਖਣ ਲੱਗੇ ਕਿ ਇਹ (ਨੂਹ) ਤਾਂ ਤੁਹਾਡੇ ਜਿਹਾ ਹੀ ਇਕ ਵਿਅਕਤੀ ਹੈ, ਇਹ ਤਾਂ ਤੁਹਾਡੇ ਉੱਤੇ ਸਰਦਾਰੀ ਕਰਨਾ ਚਾਹੁੰਦਾ ਹੈ। ਜੇ ਅੱਲਾਹ ਚਾਹੁੰਦਾ ਤਾਂ ਕਿਸੇ ਫ਼ਰਿਸ਼ਤੇ ਨੂੰ (ਨਬੀ ਬਣਾ ਕੇ) ਭੇਜਦਾ। ਅਸੀਂ ਤਾਂ ਅਜਿਹੀ (ਤੌਹੀਦ ਦੀ) ਗੱਲ ਆਪਣੇ ਪਿਓ ਦਾਦੇ ਦੇ ਸਮੇਂ ਤੋਂ ਕਦੇ ਸੁਣੀ ਹੀ ਨਹੀਂ।
25਼ (ਅਤੇ ਆਖਿਆ) ਇਹ ਇਕ ਮਨੁੱਖ ਹੀ ਤਾਂ ਹੈ ਜਿਸ ਨੂੰ ਸੁਦਾ ਹੋ ਗਿਆ ਹੈ, ਤੁਸੀਂ ਕੁੱਝ ਸਮੇਂ ਲਈ ਉਡੀਕ ਕਰ ਲਓ (ਹੋ ਸਕਦਾ ਹੈ ਕਿ ਠੀਕ ਹੋ ਜਾਵੇ)।
26਼ ਨੂਹ ਨੇ ਕਿਹਾ ਕਿ ਹੇ ਰੱਬਾ! ਤੂੰ ਮੇਰੀ ਸਹਾਇਤਾ ਕਰ, ਉਹਨਾਂ ਨੇ ਮੈਨੂੰ ਝੁਠਲਾਇਆ ਹੈ।
27਼ ਅਸੀਂ ਉਸ (ਨੂਹ) ਵੱਲ ਇਕ ਵਹੀ (ਪੈਗ਼ਾਮ) ਭੇਜੀ ਕਿ ਤੂੰ ਸਾਡੀ ਦੇਖ ਰੇਖ ਵਿਚ ਸਾਡੀ ਵਹੀ (ਆਦੇਸ਼) ਅਨੁਸਾਰ ਇਕ ਬੇੜੀ ਤਿਆਰ ਕਰ। ਜਦੋਂ ਸਾਡਾ ਹੁਕਮ ਆ ਜਾਵੇ ਅਤੇ ਤੰਦੂਰ ਉੱਬਲ ਪਵੇ (ਭਾਵ ਧਰਤੀ ਵਿਚ ਪਾਣੀ ਹੜ ਵਾਂਗ ਨਿਕਲ ਆਵੇ) ਤਾਂ ਤੂੰ ਹਰੇਕ ਭਾਂਤ ਦੇ ਜਾਨਵਰਾਂ ਦਾ ਇਕ-ਇਕ (ਨਰ-ਮਦੀਨ ਦਾ) ਜੋੜਾ ਅਤੇ ਆਪਣੇ ਪਰਿਵਾਰ ਨੂੰ ਇਸ ਬੇੜੀ ਵਿਚ ਸਵਾਰ ਕਰ ਲੈ। ਪਰੰਤੂ ਉਸ ਨੂੰ ਸਵਾਰ ਨਹੀਂ ਕਰਨਾ, ਜਿਸ ਦੇ ਸੰਬੰਧ ਵਿਚ ਅਸੀਂ ਪਹਿਲਾਂ ਹੀ ਫ਼ੈਸਲਾ ਦੇ ਚੁੱਕੇ ਹਾਂ (ਭਾਵ ਨੂਹ ਦੀ ਪਤਨੀ ਜਿਹੜੀ ਕਾਫ਼ਿਰਾਂ ਦਾ ਸਾਥ ਦੇ ਰਹੀ ਸੀ)। ਜਿਨ੍ਹਾਂ ਨੇ ਜ਼ੁਲਮ ਕੀਤਾ ਹੈ, ਉਹਨਾਂ ਬਾਰੇ ਮੇਰੇ ਨਾਲ ਕੋਈ ਗੱਲ ਨਹੀਂ ਕਰਨੀ। ਉਹ ਤਾਂ ਸਾਰੇ ਹੀ ਡੋਬ ਦਿੱਤੇ ਜਾਣਗੇ।
28਼ (ਅਤੇ ਆਖਿਆ) ਜਦੋਂ ਤੂੰ (ਨੂਹ) ਅਤੇ ਤੇਰੇ ਸਾਥੀ ਬੇੜੀ ਉੱਤੇ ਸਵਾਰ ਹੋ ਜਾਣ ਤਾਂ ਕਹਿਣਾ ਕਿ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹੀ ਹਨ ਜਿਸ ਨੇ ਸਾਨੂੰ ਜ਼ਾਲਮਾਂ ਤੋਂ ਮੁਕਤ ਕਰਵਾਇਆ।
29਼ ਅਤੇ ਕਹਿਣਾ ਕਿ ਹੇ ਮੇਰੇ ਮਾਲਿਕ! ਮੈਨੂੰ ਬਰਕਤਾਂ ਵਾਲੀ ਥਾਂ ਉਤਾਰ ਅਤੇ ਤੂੰਹੀਓ ਸਭ ਤੋਂ ਵਧੀਆ (ਥਾਂ) ਉਤਾਰਨ ਵਾਲਾ ਹੈ।
30਼ ਇਸ ਕਿੱਸੇ ਵਿਚ ਵੱਡੀਆਂ ਨਿਸ਼ਾਨੀਆਂ ਹਨ। ਬੇਸ਼ੱਕ ਅਸੀਂ ਹੀ (ਲੋਕਾਂ ਦੀ) ਪਰੀਖਿਆ ਲੈਣ ਵਾਲੇ ਹਾਂ।
31਼ ਫੇਰ ਅਸੀਂ ਉਹਨਾਂ (ਨੂਹ ਦੀ ਕੌਮ) ਮਗਰੋਂ ਇਕ ਹੋਰ ਉੱਮਤ (ਕੌਮ) ਨੂੰ ਪੈਦਾ ਕੀਤਾ।
32਼ ਅਸੀਂ ਉਹਨਾਂ ਵਿੱਚੋਂ ਹੀ ਉਹਨਾਂ ਵੱਲ ਇਕ ਰਸੂਲ ਘੱਲਿਆ (ਇਹ ਕਹਿਣ ਲਈ) ਕਿ ਤੁਸੀਂ ਸਾਰੇ ਅੱਲਾਹ ਦੀ ਹੀ ਇਬਾਦਤ ਕਰੋ, ਇਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ। ਤੁਸੀਂ (ਰੱਬ ਦੇ ਅਜ਼ਾਬ ਤੋਂ) ਕਿਉਂ ਨਹੀਂ ਡਰਦੇ ?
33਼ ਕੌਮ ਦੇ ਉਹ ਸਰਦਾਰ, ਜਿਨ੍ਹਾਂ ਨੇ (ਰਸੂਲ) ਮੰਣਨ ਤੋਂ ਨਾ ਕਰ ਦਿੱਤੀ ਸੀ ਅਤੇ ਪਰਲੋਕ ਦੀ ਮੁਲਾਕਾਤ ਨੂੰ ਝੂਠ ਆਖਦੇ ਸੀ, ਉਹਨਾਂ ਨੂੰ ਅਸੀਂ ਸੰਸਾਰਿਕ ਜੀਵਨ ਦੀ ਖ਼ੁਸ਼ਹਾਲੀ ਵੀ ਦੇ ਛੱਡੀ ਸੀ, (ਕੌਮ ਨੂੰ ਆਖਣ ਲੱਗੇ) ਕਿ ਇਹ ਰਸੂਲ ਤਾਂ ਤੁਹਾਡੇ ਵਰਗਾ ਹੀ ਇਕ ਮਨੁੱਖ ਹੈ। ਜੋ ਤੁਸੀਂ ਖਾਂਦੇ ਹੋ ਉਹਨਾਂ ਚੀਜ਼ਾਂ ਨੂੰ ਇਹ ਵੀ ਖਾਂਦਾ ਹੈ ਅਤੇ ਜਿਹੜਾ ਪਾਣੀ ਤੁਸੀਂ ਪੀਂਦੇ ਹੋ ਉਹੀਓ ਇਹ ਪੀਂਦਾ ਹੈ।
34਼ ਜੇ ਤੁਸੀਂ ਆਪਣੇ ਜਿਹੇ ਮਨੁੱਖ ਦੇ ਆਖੇ ਲੱਗ ਗਏ ਤਾਂ ਬੇਸ਼ੱਕ ਇਸ ਸਮੇਂ ਤੁਸੀਂ ਘਾਟੇ ਵਿਚ ਰਹੋਗੇ।
35਼ ਕੀ ਇਹ ਰਸੂਲ ਤੁਹਾਨੂੰ ਇਹ ਵਚਨ ਦਿੰਦਾ ਹੈ ਕਿ ਜਦੋਂ ਤੁਸੀਂ ਮਰ ਜਾਓਗੇ ਅਤੇ ਮਿੱਟੀ ਤੇ ਹੱਡੀਆਂ ਹੋ ਕੇ ਰਹਿ ਜਾਓਗੇ ਤਾਂ ਫੇਰ (ਕਬਰਾਂ ਵਿੱਚੋਂ ਕੱਢ ਕੇ) ਮੁੜ ਜੀਵਿਤ ਕੀਤੇ ਜਾਓਗੇ?
36਼ ਜਿਹੜਾ ਵਚਨ ਤੁਹਾਨੂੰ ਦਿੱਤਾ ਜਾ ਰਿਹਾ ਹੈ ਉਹ ਪੂਰਾ ਹੋਣਾ ਅਸੰਭਵ ਹੈ।
37਼ ਇਹੋ ਸਾਡਾ ਸੰਸਾਰਿਕ ਜੀਵਨ (ਹੀ ਤਾਂ ਸਭ ਕੁੱਝ) ਹੈ, ਜਿੱਥੇ ਅਸੀਂ ਮਰਦੇ ਤੇ ਜਿਊਂਦੇ ਰਹਿੰਦੇ ਹਾਂ ਅਤੇ ਸਾਨੂੰ ਮੁੜ ਉਠਾਇਆ ਨਹੀਂ ਜਾਵੇਗਾ।
38਼ ਉਹ ਇਕ ਮਨੁੱਖ ਹੀ ਤਾਂ ਹੈ ਜਿਸ ਨੇ (ਅੱਲਾਹ) ’ਤੇ ਝੂਠ ਜੜ ਦਿੱਤਾ ਹੈ, ਅਸੀਂ ਤਾਂ ਇਸ ਦੀਆਂ ਗੱਲਾਂ ਨੂੰ ਮੰਣਨ ਵਾਲੇ ਨਹੀਂ।
39਼ ਨਬੀ ਨੇ ਦੁਆ ਕੀਤੀ ਕਿ ਹੇ ਮੇਰੇ ਰੱਬਾ! ਉਹਨਾਂ ਨੇ ਮੈਨੂੰ ਝੁਠਲਾਇਆ ਹੈ, ਸੋ ਹੁਣ ਤੂੰ ਮੇਰੀ ਮਦਦ ਕਰ।
40਼ ਅੱਲਾਹ ਨੇ ਫ਼ਰਮਾਇਆ ਕਿ ਇਹ (ਕਾਫ਼ਿਰ) ਛੇਤੀ ਹੀ (ਆਪਣੀਆਂ ਕਰਤੂਤਾਂ ਲਈ) ਪਛਤਾਉਣਗੇ।
41਼ ਅੰਤ ਬਣਦੇ ਹੱਕ ਅਨੁਸਾਰ ਇਕ ਤੇਜ਼ ਚੀਕ ਨੇ ਉਹਨਾਂ ਨੂੰ ਆ ਨੱਪਿਆ ਅਤੇ ਅਸੀਂ ਉਹਨਾਂ ਨੂੰ ਕੂੜਾ-ਕਚਰਾ ਬਣਾ ਕੇ ਸੁੱਟ ਦਿੱਤਾ। ਸੋ ਜ਼ਾਲਮਾਂ ਲਈ ਲਾਅਨਤ ਹੈ।
42਼ ਉਹਨਾਂ ਤੋਂ ਮਗਰੋਂ ਅਸੀਂ ਹੋਰ ਵੀ ਕਈ ਉੱਮਤਾਂ (ਕੌਮਾਂ) ਨੂੰ ਪੈਦਾ ਕੀਤਾ।
43਼ ਨਾ ਕੋਈ ਉੱਮਤ ਆਪਣੇ ਮਿਥੇ ਸਮੇਂ ਤੋਂ ਅੱਗੇ ਲੰਘ ਸਕਦੀ ਹੈ (ਭਾਵ ਜਿਊਂਦੀ ਰਹਿ ਸਕਦੀ ਹੈ) ਅਤੇ ਨਾ ਹੀ ਉਹ ਪਿੱਛੇ ਰਹਿ ਸਕਦੀ ਹੈ (ਭਾਵ ਮਰ ਸਕਦੀ ਹੈ)।
44਼ ਅਸੀਂ ਨਾਲੋ-ਨਾਲ ਰਸੂਲ ਭੇਜਦੇ ਰਹੇ ਹਾਂ, ਜਦ ਵੀ ਕਿਸੇ ਉੱਮਤ ਕੋਲ ਉਹਨਾਂ ਦਾ ਰਸੂਲ ਆਇਆ ਤਾਂ ਉਸ (ਉੱਮਤ) ਨੇ ਉਸ ਨੂੰ ਝੁਠਲਾਇਆ। ਅਸੀਂ ਇਕ ਤੋਂ ਬਾਅਦ ਦੂਜੀ ਉੱਮਤ ਨੂੰ ਹਲਾਕ ਕਰਦੇ ਗਏ ਅਤੇ ਉਹ (ਕੌਮਾਂ) ਕੇਵਲ ਕਹਾਣੀ ਬਣ ਕੇ ਰਹਿ ਗਈਆਂ। ਉਹਨਾਂ ਲੋਕਾਂ ਲਈ ਫਿਟਕਾਰ ਹੈ ਜਿਹੜੇ ਈਮਾਨ ਨਹੀਂ ਲਿਆਉਂਦੇ।
45਼ ਅਸੀਂ ਮੂਸਾ ਅਤੇ ਉਸ ਦੇ ਭਰਾ ਹਾਰੂਨ ਨੂੰ ਆਪਣੀਆਂ ਨਿਸ਼ਾਨੀਆਂ ਅਤੇ ਖੁੱਲ੍ਹੀਆਂ ਦਲੀਲਾਂ ਦੇਕੇ ਭੇਜਿਆ।
46਼ ਅਸਾਂ ਫ਼ਿਰਔਨ ਅਤੇ ਉਸ ਦੇ ਸਰਦਾਰਾਂ ਵੱਲ (ਮੂਸਾ ਤੇ ਹਾਰੂਨ ਨੂੰ) ਭੇਜਿਆ, ਪਰ ਉਹਨਾਂ ਨੇ ਹੰਕਾਰ ਕੀਤਾ, ਉਹ ਸਰਕਸ਼ (ਬਾਗ਼ੀ) ਲੋਕ ਸੀ।
47਼ ਉਹ (ਫ਼ਿਰਔਨ ਅਤੇ ਉਸ ਦੇ ਸਾਥੀ) ਕਹਿਣ ਲੱਗੇ ਕਿ ਕੀ ਅਸੀਂ ਆਪਣੇ ਹੀ ਵਰਗੇ ਦੋ ਵਿਅਕਤੀਆਂ ’ਤੇ ਈਮਾਨ ਲਿਆਈਏ? ਜਦੋਂ ਕਿ ਉਹਨਾਂ ਦੀ ਕੌਮ ਸਾਡੀ ਗ਼ੁਲਾਮ ਹੈ।
48਼ ਬਸ ਫੇਰ ਉਹਨਾਂ (ਫ਼ਿਰਔਨੀਆਂ) ਨੇ ਉਹਨਾਂ ਨੂੰ (ਰਸੂਲ) ਮੰਣਨ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਵੀ ਤਬਾਹ ਹੋਣ ਵਾਲਿਆਂ ਵਿੱਚੋਂ ਹੋ ਗਏ।
49਼ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਵੀ ਦਿੱਤੀ ਸੀ, ਤਾਂ ਜੋ ਉਹ ਲੋਕ ਸਿੱਧੇ ਰਾਹ ਉੱਤੇ ਆ ਜਾਣ।
50਼ ਅਸੀਂ ਮਰੀਅਮ ਦੇ ਪੁੱਤਰ (ਈਸਾ) ਨੂੰ ਅਤੇ ਉਸ ਦੀ ਮਾਂ (ਮਰੀਅਮ) ਨੂੰ (ਕੁਦਰਤ ਦੀ) ਇਕ ਨਿਸ਼ਾਨੀ ਬਣਾਇਆ ਅਤੇ ਉਹਨਾਂ ਦੋਵਾਂ (ਮਾਂ ਅਤੇ ਪੁੱਤਰ) ਨੂੰ ਉੱਚੀ ਪਾਕ ਥਾਂ ’ਤੇ ਠਹਿਰਾਇਆ, ਜਿੱਥੇ ਚਸ਼ਮੇ ਵਗਦੇ ਸੀ।
51਼ ਅੱਲਾਹ ਨੇ ਫ਼ਰਮਾਇਆ ਕਿ ਹੇ ਪੈਗ਼ੰਬਰੋ! ਪਾਕ ਚੀਜ਼ਾਂ ਖਾਓ ਅਤੇ ਨੇਕ ਕੰਮ ਕਰੋ, ਤੁਸੀਂ ਜੋ ਵੀ ਕਰ ਰਹੇ ਹੋ ਮੈਂ ਉਸ ਤੋਂ ਭਲੀ-ਭਾਂਤ ਜਾਣੂ ਹਾਂ।
52਼ ਅਤੇ ਤੁਹਾਡੇ ਸਾਰੇ (ਰਸੂਲਾਂ) ਦੀ ਇਕ ਹੀ ਉੱਮਤ ਭਾਵ ਧਰਮ ਹੈ ਅਤੇ ਮੈਂ ਹੀ ਤੁਹਾਡੇ ਸਭ ਦਾ ਰੱਬ ਹਾਂ, ਸੋ ਮੈਂਥੋ ਹੀ ਡਰੋ।
53਼ ਕੁੱਝ ਸਮੇਂ ਬਾਅਦ ਉਹਨਾਂ ਨੇ ਆਪਣੇ ਦੀਨ ਨੂੰ ਆਪੋ ਵਿਚਾਲੇ ਟੋਟੇ-ਟੋਟੇ ਕਰ ਛੱਡਿਆ। ਹਰ ਧੜ੍ਹਾ ਉਸ ਵਿਚ ਮਸਤ ਹੈ ਜਿਹੜਾ ਉਸ ਦੇ ਕੋਲ ਹੈ।1
54਼ ਬਸ (ਹੇ ਨਬੀ!) ਤੁਸੀਂ ਵੀ ਕੁੱਝ ਸਮੇਂ ਲਈ ਉਹਨਾਂ ਨੂੰ ਮਸਤੀ ਵਿਚ ਰਹਿਣ ਦਿਓ।
55਼ ਕੀ ਉਹ ਇਹ ਸਮਝਦੇ ਹਨ ਕਿ ਜਿਹੜਾ ਵੀ ਅਸੀਂ ਉਨ੍ਹਾਂ ਦੇ ਮਾਲ ਅਤੇ ਔਲਾਦ ਵਿਚ ਵਾਧਾ ਕਰ ਰਹੇ ਹਾਂ।
56਼ ਤਾਂ ਕੀ ਅਸੀਂ ਉਹਨਾਂ ਲਈ ਭਲਾਈਆਂ ਕਰਨ ਵਿਚ ਛੇਤੀ ਕਰ ਰਹੇ ਹਾਂ ? ਇੰਜ ਨਹੀਂ, ਸਗੋਂ ਇਹ ਲੋਕ (ਹਕੀਕਤ ਨੂੰ) ਸਮਝਦੇ ਹੀ ਨਹੀਂ।
57਼ ਜਿਹੜੇ ਲੋਕ ਆਪਣੇ ਰੱਬ ਦੇ ਗੁੱਸੇ ਤੋਂ ਡਰਦੇ ਹਨ।
58਼ ਅਤੇ ਜਿਹੜੇ ਆਪਣੇ ਰੱਬ ਦੀਆਂ ਆਇਤਾਂ (.ਕੁਰਆਨ) ਨੂੰ ਮੰਨਦੇ ਹਨ।
59਼ ਅਤੇ ਜਿਹੜੇ ਆਪਣੇ ਰੱਬ ਨਾਲ ਕਿਸੇ ਨੂੰ ਸ਼ਰੀਕ ਨਹੀਂ ਕਰਦੇ।
60਼ ਅਤੇ ਜਿਹੜੇ (ਰੱਬ ਦੀ ਰਾਹ ਵਿਚ) ਜੋ ਵੀ ਬਣਦਾ ਸਰਦਾ ਹੈ ਦਿੰਦੇ ਹਨ ਉਹਨਾਂ ਦੇ ਦਿਲ ਕੰਬਦੇ ਹਨ ਕਿ ਜਾਣਾ ਤਾਂ ਉਹਨਾਂ ਨੇ ਆਪਣੇ ਰੱਬ ਵੱਲ ਹੀ ਹੈ। 2
61਼ ਇਹ ਉਹ ਹਨ ਜਿਹੜੇ ਨੇਕੀਆਂ ਕਰਨ ਵਿਚ ਛੇਤੀ ਕਰਦੇ ਅਤੇ ਭਲਾਈਆਂ ਵੱਲ ਇਕ ਦੂਜੇ ਤੋਂ ਅੱਗੇ ਜਾਣ ਵਾਲੇ ਹਨ।
62਼ ਅਸੀਂ ਕਿਸੇ ਵਿਅਕਤੀ ਨੂੰ ਉਸ ਦੀ ਹਿੱਮਤ ਤੋਂ ਵੱਧ (ਕਰਮ ਕਰਨ ਦੀ) ਤਕਲੀਫ਼ ਨਹੀਂ ਦਿੰਦੇ ਅਤੇ ਸਾਡੇ ਕੋਲ ਇਕ ਅਜਿਹੀ ਕਿਤਾਬ (ਕਰਮਪਤਰੀ) ਹੈ ਜੋ (ਹਰੇਕ ਦਾ ਹਾਲ) ਇੰਨ-ਬਿੰਨ ਦੱਸ ਦੇਵੇਗੀ। ਸੋ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਹੋਵੇਗਾ।
63਼ ਜਦ ਕਿ ਉਹਨਾਂ (ਕਾਫ਼ਿਰਾਂ) ਦੇ ਦਿਲ ਇਸ (.ਕੁਰਆਨ) ਤੋਂ ਬੇਪਰਵਾਹ ਹਨ ਅਤੇ (ਇਸ ਬੇਪਰਵਾਹੀ) ਤੋਂ ਛੁੱਟ ਹੋਰ ਵੀ ਵਧੇਰੇ (ਭੈੜੇ) ਕੰਮ ਹਨ ਜਿਨ੍ਹਾਂ ਨੂੰ ਉਹ ਕਰਨ ਵਾਲੇ ਹਨ।
64਼ ਇੱਥੋਂ ਤੀਕ ਕਿ ਜਦੋਂ ਅਸੀਂ ਉਹਨਾਂ ਦੇ ਖਾਂਦੇ ਪੀਂਦੇ ਲੋਕਾਂ ਨੂੰ ਅਜ਼ਾਬ ਵਿਚ ਫੜਾਂਗੇ ਫੇਰ ਉਹ ਉਸ ਸਮੇਂ ਰੋਣ ਪੀਟੱਣਗੇ।
65਼ (ਉਹਨਾਂ ਨੂੰ ਕਿਹਾ ਜਾਵੇਗਾ ਕਿ) ਅੱਜ ਹਾਏ ਦੁਹਾਈ ਨਾ ਕਰੋ, ਸਾਡੇ ਵੱਲੋਂ ਤੁਹਾਨੂੰ ਕੁੱਝ ਵੀ ਮਦਦ ਨਹੀਂ ਪਹੁੰਚੇਗੀ।
66਼ (ਕਿਹਾ ਜਾਵੇਗਾ ਕਿ) ਜਦੋਂ ਸਾਡੀਆਂ ਆਇਤਾਂ ਤੁਹਾਡੇ ਸਾਹਮਣੇ ਪੜ੍ਹੀਆਂ ਜਾਂਦੀਆਂ ਸਨ ਤਾਂ ਤੁਸੀਂ ਪਿਛਲੇ ਪੈਰੀਂ ਨੱਠ ਜਾਂਦੇ ਸੀ।
67਼ ਘਮੰਡ ਕਰਦੇ ਸੀ ਅਤੇ ਇਸ (.ਕੁਰਆਨ) ਨੂੰ ਕਿੱਸਾ ਕਹਾਣੀ ਕਹਿੰਦੇ ਹੋਏ ਬਕਵਾਸ ਕਰਦੇ ਸੀ।
68਼ ਕੀ ਉਹਨਾਂ (ਕਾਫ਼ਿਰਾਂ) ਨੇ ਕਦੇ ਇਸ (.ਕੁਰਆਨ) ’ਤੇ ਸੋਚ ਵਿਚਾਰ ਕੀਤਾ ਹੀ ਨਹੀਂ? ਜਾਂ ਉਹਨਾਂ ਕੋਲ ਉਹ ਚੀਜ਼ ਆ ਗਈ ਹੈ ਜਿਹੜੀ ਉਹਨਾਂ ਦੇ ਪਿਓ ਦਾਦਿਆਂ ਕੋਲ ਨਹੀਂ ਸੀ ਆਈ ?
69਼ ਜਾਂ ਉਹਨਾਂ ਨੇ ਆਪਣੇ ਪੈਗ਼ੰਬਰ (ਮੁਹੰਮਦ ਸ:) ਨੂੰ ਪਛਾਣਿਆ ਹੀ ਨਹੀਂ ਇਸ ਲਈ ਉਸ ਦੇ ਇਨਕਾਰੀ ਹੋ ਰਹੇ ਹਨ।
70਼ ਇਹ ਕਾਫ਼ਿਰ ਆਖਦੇ ਹਨ ਕਿ ਇਹ (ਮੁਹੰਮਦ) ਤਾਂ ਪਾਗਲ ਹੈ ਜਦ ਕਿ ਉਹ ਤਾਂ ਉਹਨਾਂ ਦੇ ਕੋਲ ਹੱਕ ਲੈ ਕੇ ਆਇਆ ਹੈ ਅਤੇ ਉਹਨਾਂ ਵਿੱਚੋਂ ਬਹੁਤੇ ਤਾਂ ਹੱਕ ਨੂੰ ਨਾ-ਪਸੰਦ ਕਰਦੇ ਹਾਂ।
71਼ ਜੇ ਹੱਕ (ਧਰਮ) ਹੀ ਉਹਨਾਂ ਦੀਆਂ ਇੱਛਾਵਾ ਦੇ ਅਧੀਨ ਹੋ ਜਾਵੇ ਤਾਂ ਧਰਤੀ, ਅਕਾਸ਼ ਅਤੇ ਉਹਨਾਂ ਵਿਚਾਲੇ ਦੀ ਹਰੇਕ ਚੀਜ਼ ਉਥਲ-ਪੁਥਲ ਹੋ ਜਾਵੇ। ਸੱਚ ਤਾਂ ਇਹ ਹੈ ਕਿ ਅਸੀਂ ਉਹਨਾਂ ਲਈ ਨਸੀਹਤ (ਭਾਵ .ਕੁਰਆਨ) ਲਿਆਏ ਹਾਂ, ਪਰ ਉਹ ਆਪਣੀ ਹੀ ਨਸੀਹਤ ਤੋਂ ਮੂੰਹ ਮੋੜਦੇ ਹਨ।
72਼ (ਹੇ ਨਬੀ!) ਕੀ ਤੁਸੀਂ ਉਹਨਾਂ ਤੋਂ ਕੋਈ ਬਦਲਾ ਚਾਹੁੰਦੇ ਹੋ, ਬਦਲਾ ਤਾਂ ਤੁਹਾਡੇ ਰੱਬ ਵੱਲੋਂ ਹੀ ਵਧੀਆ ਮਿਲੇਗਾ ਅਤੇ ਉਹੀਓ ਸਭ ਤੋਂ ਵਧੀਆ ਰਾਜ਼ਿਕ (ਬਦਲਾ ਦੇਣ ਵਾਲਾ) ਹੈ।
73਼ (ਹੇ ਪੈਗ਼ੰਬਰ ਮੁਹੰਮਦ ਸ:!) ਤੁਸੀਂ ਤਾਂ ਉਹਨਾਂ ਸਿੱਧੀ ਰਾਹ ਵੱਲ ਬੁਲਾ ਰਹੇ ਹੋ।
74਼ ਪ੍ਰੰਤੂ ਜਿਹੜੇ ਲੋਕੀ ਆਖ਼ਿਰਤ ’ਤੇ ਵਿਸ਼ਵਾਸ ਨਹੀਂ ਰੱਖਦੇ ਉਹ ਸਿੱਧੀ ਰਾਹ ਤੋਂ ਮੂਹ ਮੋੜ ਲੈਂਦੇ ਹਨ।
75਼ ਜੇ ਅਸੀਂ ਉਹਨਾਂ (ਇਨਕਾਰੀਆਂ) ਉੱਤੇ ਮਿਹਰਾਂ ਕਰੀਏ ਅਤੇ ਉਹਨਾਂ ਦੀਆਂ ਤਕਲੀਫ਼ਾਂ ਦੂਰ ਕਰ ਦਈਏ ਫੇਰ ਵੀ ਉਹ ਆਪਣੀ ਸਰਕਸ਼ੀ ’ਤੇ ਅੜੇ ਰਹਿਣਗੇ ਅਤੇ ਭਟਕੇ ਫਿਰਨਗੇ।
76਼ ਜਦੋਂ ਅਸੀਂ ਉਹਨਾਂ ਨੂੰ ਅਜ਼ਾਬ ਦੇ ਘੇਰੇ ਵਿਚ ਫੜ੍ਹਿਆ ਸੀ ਫੇਰ ਵੀ ਇਹ ਲੋਕ ਆਪਣੇ ਪਾਲਣਹਾਰ ਅੱਗੇ ਨਹੀਂ ਝੁੱਕੇ ਅਤੇ ਨਾ ਹੀ ਨਿਮਰਤਾ ਧਾਰਨ ਕੀਤੀ।
77਼ ਇੱਥੋਂ ਤੀਕ ਕਿ ਜਦੋਂ ਅਸੀਂ ਉਹਨਾਂ ਲਈ ਕਰੜੇ ਅਜ਼ਾਬ ਦਾ ਬੂਹਾ ਖੋਲ ਦਿੱਤਾ ਤਾਂ ਉਸੇ ਸਮੇਂ ਉਹ ਨਿਰਾਸ਼ ਹੋ ਗਏ।
78਼ ਉਹ ਅੱਲਾਹ ਹੀ ਹੈ ਜਿਸ ਨੇ ਤੁਹਾਨੂੰ ਕੰਨ, ਅੱਖਾਂ ਅਤੇ ਦਿਲ ਦੀਆਂ ਸ਼ਕਤੀਆਂ ਬਖ਼ਸ਼ੀਆਂ, ਪਰ ਤੁਸੀਂ ਲੋਕ ਬਹੁਤ ਹੀ ਘੱਟ ਧੰਨਵਾਦੀ ਹੁੰਦੇ ਹੋ।
79਼ ਅਤੇ ਉਸੇ ਨੇ ਤੁਹਾਨੂੰ ਧਰਤੀ ’ਤੇ ਫੈਲਾਇਆ ਹੈ ਅਤੇ ਉਸੇ ਵੱਲ ਤੁਸੀਂ ਸਾਰੇ ਇਕੱਠੇ ਕੀਤੇ ਜਾਵੋਗੇ।
80਼ ਅਤੇ ਇਹ (ਅੱਲਾਹ) ਉਹੀਓ ਹੈ ਜਿਹੜਾ ਜੀਵਨ ਦਿੰਦਾ ਹੈ ਅਤੇ ਮੌਤ ਦਿੰਦਾ ਹੈ ਅਤੇ ਰਾਤ ਤੇ ਦਿਨ ਦਾ ਉਲਟ ਫੇਰ ਉਸੇ ਨੇ ਹੀ ਪੈਦਾ ਕੀਤਾ ਹੈ। ਕੀ ਤੁਸੀਂ ਫੇਰ ਵੀ ਨਹੀਂ ਸਮਝਦੇ ?
81਼ ਸਗੋਂ ਉਹਨਾਂ ਲੋਕਾਂ ਨੇ ਵੀ ਉਹੀਓ ਗੱਲ ਆਖੀ ਜਿਹੜੀ ਉਹਨਾਂ ਤੋਂ ਪਹਿਲਾਂ ਦੇ ਲੋਕਾਂ ਨੇ ਆਖੀਆਂ ਸਨ।
82਼ ਕਿ ਜਦੋਂ ਅਸੀਂ ਮਰ ਕੇ ਮਿੱਟੀ ਅਤੇ ਹੱਡੀ ਹੋ ਜਾਵਾਂਗੇ, ਕੀ ਫੇਰ ਵੀ ਸਾਨੂੰ (ਜਿਊਂਦਾ ਕਰਕੇ) ਉਠਾਇਆ ਜਾਵੇਗਾ ?
83਼ ਸਾਥੋਂ ਵੀ ਅਤੇ ਸਾਥੋਂ ਪਹਿਲਾਂ ਅਤੇ ਸਾਡੇ ਪਿਓ ਦਾਦਿਆਂ ਤੋਂ ਵੀ ਪਹਿਲਾਂ ਤੋਂ ਇਹੋ (ਮੁੜ ਜੀਵਿਤ ਹੋਣ ਦਾ) ਵਾਅਦਾ ਹੁੰਦਾ ਆ ਰਿਹਾ ਹੈ, ਇਹ ਕੁੱਝ ਵੀ ਨਹੀਂ, ਇਹ ਤਾਂ ਕੇਵਲ ਪਹਿਲੇ ਲੋਕਾਂ ਦੇ ਕਿੱਸੇ ਕਹਾਣੀਆਂ ਹਨ।
84਼ (ਹੇ ਨਬੀ!) ਤੁਸੀਂ ਉਹਨਾਂ ਤੋਂ ਪੁੱਛੋ ਕਿ ਧਰਤੀ ਅਤੇ ਇਸ ਦੀਆਂ ਕੁੱਲ ਚੀਜ਼ਾਂ ਕਿਸ ਦੀਆਂ ਹਨ? ਜੇ ਤੁਸੀਂ ਜਾਣਦੇ ਹੋ ਤਾਂ ਦੱਸੋ?
85਼ ਇਹ ਆਖਣਗੇ ਕਿ ਇਹ ਸਭ ਅੱਲਾਹ ਦੀ ਹੀ (ਮਲਕੀਅਤ) ਹੈ। ਤੁਸੀਂ ਆਖੋ ਕਿ ਫੇਰ ਤੁਸੀਂ ਨਸੀਹਤ ਗ੍ਰਹਿਣ ਕਿਉਂ ਨਹੀਂ ਕਰਦੇ ?
86਼ ਤੁਸੀਂ ਉਹਨਾਂ (ਇਨਕਾਰੀਆਂ) ਤੋਂ ਇਹ ਵੀ ਪੁੱਛੋ ਕਿ ਸੱਤੋ ਅਕਾਸ਼ਾਂ ਦਾ ਅਤੇ ਵੱਡੇ ਅਰਸ਼ਾ ਦਾ ਮਾਲਿਕ ਕੌਣ ਹੈ ?
87਼ ਉਹ ਜਵਾਬ ਵਿਚ ਆਖਣਗੇ ਕਿ ਅੱਲਾਹ ਹੀ (ਮਾਲਿਕ) ਹੈ। ਪੁੱਛੋ ਕਿ ਫੇਰ ਤੁਸੀਂ (ਉਸ ਤੋਂ) ਡਰਦੇ ਕਿਉਂ ਨਹੀਂ।
88਼ (ਹੇ ਮੁਹੰਮਦ!) ਉਹਨਾਂ ਨੂੰ ਪੁੱਛੋ ਕਿ ਉਹਨਾਂ ਸਾਰੀਆਂ ਚੀਜ਼ਾਂ ਦੀ ਪਾਤਸ਼ਾਹੀ ਕਿਸ ਦੇ ਹੱਥ ਵਿਚ ਹੈ ਜਿਹੜਾ ਸ਼ਰਨ ਵੀ ਦਿੰਦਾ ਹੈ ਅਤੇ ਜਿਸ ਵਰਗੀ ਸ਼ਰਨ ਕੋਈ ਹੋਰ ਦੇ ਵੀ ਨਹੀਂ ਸਕਦਾ। ਜੇ ਤੁਸੀਂ ਜਾਣਦੇ ਹੋ ਤਾਂ ਦੱਸੋ ?
89਼ ਇਹ ਸਭ ਇਹੋ ਆਖਣਗੇ ਕਿ (ਪਾਤਸ਼ਾਹੀ ਦਾ ਮਾਲਿਕ) ਅੱਲਾਹ ਹੀ ਹੈ। ਉਹਨਾਂ ਨੂੰ ਪੁੱਛੋ ਫੇਰ ਤੁਸੀਂ ਕਿਸ ਪਾਸੇ ਤੋਂ ਧੋਖਾ ਖਾ ਰਹੇ ਹੋ ?
90਼ ਅਸੀਂ ਉਹਨਾਂ ਕੋਲ ਹੱਕ ਲਿਆਏ ਹਾਂ ਅਸਲ ਵਿਚ ਇਹੋ ਝੂਠੇ ਹਨ।
91਼ ਅੱਲਾਹ ਨੇ ਕਿਸੇ ਨੂੰ ਆਪਣੀ ਔਲਾਦ ਨਹੀਂ ਬਣਾਇਆ ਤੇ ਨਾ ਹੀ ਉਸ ਵਰਗਾ ਕੋਈ ਹੋਰ ਇਸ਼ਟ ਹੈ, ਜੇ ਕੋਈ ਹੁੰਦਾ ਤਾਂ ਹਰ ਇਸ਼ਟ ਆਪਣੀ ਸਾਜੀ ਹੋਈ ਚੀਜ਼ ਨੂੰ ਲੈ ਜਾਂਦਾ ਅਤੇ (ਇਸ ਦੇ ਲਈ) ਹਰੇਕ ਦੂਜੇ ’ਤੇ ਚੜ੍ਹਾਈ ਕਰ ਦਿੰਦਾ। ਅੱਲਾਹ ਉਹਨਾਂ ਗੱਲਾਂ ਤੋਂ ਪਾਕ ਹੈ ਜੋ ਉਹ ਬਿਆਨ ਕਰਦੇ ਹਨ।
92਼ ਉਹ ਗ਼ੈਬ (ਪਰੋਖ) ਤੇ ਹਾਜ਼ਰ (ਮੋਜੂਦ) ਦਾ ਜਾਣਨ ਵਾਲਾ ਹੈ, ਉਹ ਉਹਨਾਂ ਨਾਲੋਂ ਬਹੁਤ ਉੱਚੇਰਾ ਹੈ ਜਿਨ੍ਹਾਂ ਨੂੰ ਇਹ ਉਸਦੀ ਬਰਾਬਰੀ ਦਿੰਦੇ ਹਨ।
93਼ (ਹੇ ਨਬੀ!) ਆਖੋ ਕਿ ਹੇ ਮੇਰਾ ਰੱਬਾ! ਜੇ ਤੂੰ ਮੇਰੇ ਹੁੰਦੇ ਉਹ (ਅਜ਼ਾਬ) ਵਿਖਾਵੇਂ ਜਿਸ ਦਾ ਉਹਨਾਂ ਨੂੰ ਵਾਅਦਾ ਦਿੱਤਾ ਗਿਆ ਹੈ।
94਼ ਤਾਂ ਹੇ ਮੇਰਿਆ ਰੱਬਾ! ਤੂੰ ਮੈਨੂੰ ਉਹਨਾਂ ਜ਼ਾਲਮਾਂ ਵਿਚ ਨਾ ਰਲਾਈਂ।
95਼ (ਹੇ ਨਬੀ!) ਨਿਰਸੰਦੇਹ, ਉਹਨਾਂ ਨਾਲ ਅਸੀਂ ਜਿਹੜੇ ਵਾਅਦਾ ਕਰਦੇ ਹਾਂ ਤਾਂ ਅਸਾਂ ਇਸ ਗੱਲ ਦੀ ਵੀ ਕੁਰਦਰਤ ਰਖਦੇ ਹਾਂ ਕਿ ਉਸ ਨੂੰ ਤੁਹਾਨੂੰ ਕਰ ਵਿਖਾਈਏ।
96਼ (ਹੇ ਨਬੀ!) ਬੁਰਾਈ ਨੂੰ ਸਭ ਤੋਂ ਵਧੀਆ ਢੰਗ ਨਾਲ ਦੂਰ ਕਰੋ। ਜੋ ਕੁੱਝ ਵੀ ਇਹ ਬਿਆਨ ਕਰ ਰਹੇ ਹਨ, ਅਸੀਂ ਉਹਨਾਂ ਸਭ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ।
97਼ ਸੋ ਤੁਸੀਂ (ਹੇ ਨਬੀ!) ਦੁਆ ਕਰੋ ਕਿ ਹੇ ਮੇਰੇ ਰੱਬਾ! ਮੈਂ ਸ਼ੈਤਾਨਾਂ ਦੀਆਂ ਉਕਸਾਹਟਾਂ ਤੋਂ ਬਚਣ ਲਈ ਤੇਰੀ ਸ਼ਰਨ ਭਾਲਦਾ ਹਾਂ।
98਼ ਅਤੇ ਹੇ ਮੇਰੇ ਰੱਬਾ! ਮੈਂ ਇਸ ਗੱਲ ਤੋਂ ਵੀ ਤੇਰੀ ਸ਼ਰਨ ਚਾਹੁੰਦਾ ਹਾਂ ਕਿ ਉਹ (ਸ਼ੈਤਾਨ) ਮੇਰੇ ਕੋਲ ਆਉਣ।
99਼ ਪ੍ਰੰਤੂ ਜਦੋਂ ਉਹਨਾਂ (ਕਾਫ਼ਿਰਾਂ) ਵਿੱਚੋਂ ਕਿਸੇ ਨੂੰ ਮੌਤ ਆਉਂਦੀ ਹੈ ਤਾਂ ਆਖਦਾ ਹੈ ਕਿ ਹੇ ਪਾਲਣਹਾਰ! ਮੈਨੂੰ ਵਾਪਸ (ਸੰਸਾਰ ਵਿਚ) ਭੇਜ ਦੇ।
100਼ ਤਾਂ ਜੋ ਮੈਂ ਆਪਣੀ ਛੱਡੀ ਹੋਈ ਦੁਨੀਆਂ ਵਿਚ ਨੇਕ ਤੇ ਭਲੇ ਕੰਮ ਕਰ ਲਵਾਂ। ਪਰ ਇੰਜ ਉੱਕਾ ਹੀ ਨਹੀਂ ਹੋਵੇਗਾ ਇਹ ਤਾਂ ਕੇਵਲ ਇਕ ਕਹਿਣ ਦੀ ਗੱਲ ਹੈ ਜੋ ਉਹ ਕਹਿ ਰਿਹਾ ਹੈ। ਉਹਨਾਂ (ਮਰਨ ਵਾਲਿਆਂ) ਦੇ ਪਿੱਛੇ ਇਕ ਪੜਦਾ ਹੈ ਜਿਹੜਾ ਮੁੜ ਜੀਵਿਤ ਕਰਨ ਵਾਲੇ ਦਿਨ (ਕਿਆਮਤ) ਤਕ ਰਹੇਗਾ।
101਼ ਜਦੋਂ ਬਿਗਲ ਬਜਾ ਦਿੱਤਾ ਜਾਵੇਗਾ ਫੇਰ ਨਾ ਤਾਂ ਕੋਈ ਰਿਸ਼ਤੇਦਾਰੀਆਂ ਹੀ ਰਹਿਣਗੀਆਂ ਅਤੇ ਨਾ ਹੀ ਇਕ ਦੂਜੇ ਦਾ (ਹਾਲ ਚਾਲ) ਪੁੱਛਿਆ ਜਾਵੇਗਾ।
102਼ ਜਿਨ੍ਹਾਂ ਦੇ ਕਰਮਾਂ ਦੇ ਤੋਲ ਭਾਰੀ ਹੋਣਗੇ ਉਹੀਓ ਸਫ਼ਲ ਹੋਣਗੇ।
103਼ ਅਤੇ ਜਿਨ੍ਹਾਂ ਦਾ ਤੋਲ ਹਲਕਾ ਹੋਵੇਗਾ ਇਹ ਉਹ ਹੋਣਗੇ ਜਿਨ੍ਹਾਂ ਨੇ ਆਪਣਾ ਨੁਕਸਾਨ ਆਪ ਹੀ ਕੀਤਾ ਹੋਵੇਗਾ ਅਤੇ ਉਹ ਸਦਾ ਲਈ ਨਰਕ ਵਿਚ ਜਾਣਗੇ।
104਼ ਉਹਨਾਂ ਦੇ ਚਿਹਰਿਆਂ ਨੂੰ ਅੱਗ ਸਾੜੇਗੀ ਅਤੇ ਉਹਨਾਂ ਦੀਆਂ ਸ਼ਕਲਾਂ ਭੈੜੀਆਂ ਹੋ ਜਾਣਗੀਆਂ।
105਼ ਉਹਨਾਂ ਨੂੰ ਪੂੱਛਿਆ ਜਾਵੇਗਾ, ਕੀ ਮੇਰੀਆਂ ਆਇਤਾਂ ਤੁਹਾਨੂੰ ਨਹੀਂ ਸੁਣਾਈਆਂ ਜਾਂਦੀਆਂ ਸੀ ? ਫੇਰ ਤੁਸੀਂ ਉਹਨਾਂ ਨੂੰ ਝੁਠਲਾ ਦਿਆ ਕਰਦੇ ਸੀ।
106਼ (ਇਨਕਾਰੀ) ਜਵਾਬ ਵਿਚ ਆਖਣਗੇ ਕਿ ਹੇ ਸਾਡੇ ਰੱਬਾ! ਸਾਡੀ ਮਾੜੀ ਕਿਸਮਤ ਸਾਡੇ ’ਤੇ ਭਾਰੂ ਹੋ ਗਈ ਸੀ, ਬੇਸ਼ੱਕ ਅਸੀਂ ਰਾਹੋਂ ਭਟਕ ਗਏ ਸੀ।
107਼ ਹੇ ਸਾਡੇ ਰੱਬਾ! ਸਾਨੂੰ ਇਸ ਥਾਂ (ਨਰਕ) ਤੋਂ ਬਾਹਰ ਕੱਢ (ਤੇ ਸੰਸਾਰ ਵਿਚ ਭੇਜ), ਜੇ ਅਸੀਂ ਫੇਰ ਵੀ (ਕੁਫ਼ਰ) ਕਰੀਏ ਫੇਰ ਅਸੀਂ ਜ਼ਾਲਮ ਹੋਵਾਂਗੇ।
108਼ ਅੱਲਾਹ ਫ਼ਰਮਾਏਗਾ ਕਿ ਹੁਣ ਇਸੇ (ਨਰਕ) ਵਿਚ ਪਏ ਰਹੋ ਅਤੇ ਮੇਰੇ ਨਾਲ ਕਲਾਮ ਨਾ ਕਰੋ।
109਼ ਮੇਰੇ (ਨੇਕ) ਬੰਦਿਆਂ ਦੀ ਇਕ ਜਮਾਅਤ ਸੀ, ਜਿਹੜੀ ਇਹੋ ਕਿਹਾ ਕਰਦੀ ਸੀ ਕਿ ਹੇ ਸਾਡੇ ਮਾਲਿਕ! ਅਸੀਂ ਈਮਾਨ ਲਿਆਏ ਹਾਂ, ਤੂੰ ਸਾਨੂੰ ਬਖ਼ਸ਼ ਦੇ ਅਤੇ ਸਾਡੇ ਉੱਤੇ ਰਹਿਮ ਫ਼ਰਮਾ। ਤੂੰ ਸਭ ਤੋਂ ਵੱਧ ਮਿਹਰਾਂ ਕਰਨ ਵਾਲਾ ਹੈ।
110਼ ਪਰ ਤੁਸੀਂ (ਕਾਫ਼ਿਰੋ) ਉਹਨਾਂ (ਈਮਾਨ ਵਾਲਿਆਂ) ਦਾ ਮਖੌਲ ਕਰਦੇ ਰਹੇ ਇੱਥੋਂ ਤੀਕ ਕਿ ਤੁਸੀਂ ਮੈਨੂੰ ਵੀ ਭੁਲਾ ਦਿੱਤਾ ਤੁਸੀਂ ਉਹਨਾਂ ਉੱਤੇ ਹਸਿਆ ਕਰਦੇ ਸੀ।
111਼ ਅੱਜ ਮੈਂਨੇ ਉਹਨਾਂ (ਮੋਮਿਨਾਂ) ਨੂੰ ਉਹਨਾਂ ਦੇ ਸਬਰ ਦਾ ਬਦਲਾ (ਜੰਨਤ) ਦੇ ਦਿੱਤਾ ਹੈ ਅਤੇ ਉਹ ਆਪਣੀ ਸਫ਼ਲਤਾ ਨੂੰ ਪਹੁੰਚਗੇ।
112਼ ਅੱਲਾਹ ਪੁੱਛੇਗਾ ਕਿ ਤੁਸੀਂ ਧਰਤੀ ’ਤੇ ਕਿੰਨੇ ਸਾਲ ਰਹੇ ਸੀ।
113਼ ਉਹ ਕਹਿਣਗੇ ਕਿ ਇਕ ਦਿਨ ਜਾਂ ਇਕ ਦਿਨ ਤੋਂ ਵੀ ਘੱਟ (ਧਰਤੀ) ਉੱਤੇ ਰਹੇ ਸੀ, ਗਿਣਤੀਕਾਰਾਂ ਕੋਲੋਂ ਪੁੱਛ ਲਵੋ।
114਼ ਅੱਲਾਹ ਫ਼ਰਮਾਏਗਾ, ਫੇਰ ਤਾਂ ਤੁਸੀਂ ਉੱਥੇ (ਧਰਤੀ ਉੱਤੇ) ਬਹੁਤ ਹੀ ਘੱਟ ਰਹੇ ਹੋ। ਕਾਸ਼! ਤੁਸੀਂ (ਇਹ ਗੱਲ ਸੰਸਾਰ ਵਿਚ ਹੀ) ਜਾਣ ਲੈਂਦੇ।
115਼ ਕੀ ਤੁਸੀਂ ਇਸ ਖ਼ਿਆਲ ਵਿਚ ਸੀ ਕਿ ਅਸੀਂ ਤੁਹਾਨੂੰ ਐਵੇਂ ਬੇਕਾਰ ਹੀ ਪੈਦਾ ਕੀਤਾ ਹੈ ਅਤੇ ਇਹ ਵੀ ਕਿ ਤੁਸੀਂ ਸਾਡੇ ਵੱਲ ਪਰਤੇ ਨਹੀਂ ਜਾਓਗੇ ?
116਼ ਜਦ ਕਿ ਅੱਲਾਹ ਦੀ ਪਾਤਸ਼ਾਹੀ ਹੱਕ ਹੈ ਅਤੇ ਉਹ ਸਭ ਤੋਂ ਉੱਚਾ ਹੈ, ਇਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ, ਉਹੀਓ ਉੱਚੇ ਅਰਸ਼ਾਂ ਦਾ ਮਾਲਿਕ ਹੈ।
117਼ ਜਿਹੜਾ ਵੀ ਕੋਈ ਅੱਲਾਹ ਦੇ ਨਾਲ-ਨਾਲ ਕਿਸੇ ਦੂਜੇ ਇਸ਼ਟ ਨੂੰ (ਮਦਦ ਲਈ) ਪੁਕਾਰਦਾ ਹੈ, ਜਿਸ ਲਈ ਉਸ ਦੇ ਕੋਲ ਦਲੀਲ ਵੀ ਨਹੀਂ, ਉਸ ਦੀ ਪੁੱਛ-ਗਿੱਛ ਕਰਨਾ ਰੱਬ ਦੇ ਜ਼ਿੰਮੇ ਹੈ। ਬੇਸ਼ੱਕ ਕਾਫ਼ਿਰ ਲੋਕ ਕਦੇ ਵੀ ਸਫ਼ਲ ਨਹੀਂ ਹੋ ਸਕਦੇ।
118਼ ਹੇ ਨਬੀ! (ਦੁਆਵਾਂ ਕਰਦੇ ਹੋਏ) ਆਖੋ ਕਿ ਹੇ ਮੇਰੇ ਪਾਲਣਹਾਰ! ਤੂੰ ਮੈਨੂੰ ਬਖ਼ਸ਼ ਦੇ ਅਤੇ (ਮੇਰੇ ਹਾਲ ਉੱਤੇ) ਰਹਿਮ ਕਰ, ਤੂੰ ਸਭ ਤੋਂ ਵੱਧ ਮਿਹਰਾਂ ਕਰਨ ਵਾਲਾ ਹੈ।