The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe Light [An-Noor] - Bunjabi translation
Surah The Light [An-Noor] Ayah 64 Location Maccah Number 24
1਼ ਇਹ ਉਹ ਸੂਰਤ ਹੈ ਜਿਸ ਨੂੰ ਅਸੀਂ ਨਾਜ਼ਿਲ ਕੀਤਾ ਹੈ ਅਤੇ ਇਸ ਦੇ ਹੁਕਮਾਂ ਦੀ ਪਾਲਣਾ ਕਰਨਾ (ਹਰ ਮੋਮਿਨ ਲਈ) ਫ਼ਰਜ਼ ਕੀਤਾ ਹੈ ਅਤੇ ਇਸ ਵਿਚ ਅਸੀਂ ਸਾਫ਼-ਸਾਫ਼ ਆਇਤਾਂ (ਹਿਦਾਇਤਾਂ) ਉਤਾਰੀਆਂ ਹਨ ਤਾਂ ਜੋ ਤੁਸੀਂ ਸਿੱਖਿਆ ਗ੍ਰਹਿਣ ਕਰ ਸਕੋ।
2਼ ਜ਼ਾਨੀਆਂ ਔਰਤ (ਵਿਭਚਾਰਣ) ਤੇ ਜ਼ਾਨੀ ਮਰਦ (ਵਿਭਚਾਰੀ), ਉਹਨਾਂ ਦੋਹਾਂ ਵਿੱਚੋਂ ਹਰੇਕ ਨੂੰ ਸੋ-ਸੋ ਕੋੜੇ ਮਾਰੋ।1 ਜੇ ਤੁਹਾਡਾ ਅੱਲਾਹ ਤੇ ਆਖ਼ਿਰਤ ਦੇ ਦਿਹਾੜੇ ’ਤੇ ਈਮਾਨ ਹੈ ਤਾਂ ਅੱਲਾਹ ਦੇ ਧਰਮ (ਤਰੀਕੇ) ’ਤੇ ਅਮਲ ਕਰਦੇ ਹੋਏ ਤੁਹਾਨੂੰ ਉਹਨਾਂ ਦੋਹਾਂ (ਜ਼ਾਨੀ ਮਰਦ ਤੇ ਔਰਤ) ’ਤੇ ਉੱਕਾ ਹੀ ਤਰਸ ਨਹੀਂ ਆਉਣਾ ਚਾਹੀਦਾ। ਉਹਨਾਂ ਨੂੰ ਸਜ਼ਾ ਦਿੰਦੇ ਸਮੇਂ ਮੁਸਲਮਨਾਂ ਦੀ ਇਕ ਭੀੜ ਜ਼ਰੂਰ ਮੌਜੂਦ ਹੋਣੀ ਚਾਹੀਦੀ ਹੈ (ਤਾਂ ਜੋ ਲੋਕੀ ਨਸੀਹਤ ਪ੍ਰਾਪਤ ਕਰ ਸਕਣ)।
3਼ ਜ਼ਾਨੀ ਪੁਰਸ਼ ਦਾ ਛੁੱਟ ਜ਼ਾਨੀ ਜਾਂ ਮੁਸ਼ਰਿਕ ਔਰਤ ਤੋਂ ਹੋਰ ਕਿਸੇ (ਨੇਕ ਔਰਤ) ਨਾਲ ਨਿਕਾਹ ਨਹੀਂ ਹੋਣਾ ਚਾਹੀਦਾ ਅਤੇ ਜ਼ਾਨੀ ਔਰਤ ਦਾ ਛੁੱਟ ਜ਼ਾਨੀ ਮਰਦ ਜਾਂ ਮੁਸ਼ਰਿਕ ਮਰਦ ਤੋਂ ਹੋਰ (ਕਿਸੇ ਨੇਕ ਮਰਦ) ਨਾਲ ਨਿਕਾਹ ਨਹੀਂ ਹੋਣਾ ਚਾਹੀਦਾ ਅਤੇ ਈਮਾਨ ਵਾਲਿਆਂ ਨੂੰ ਇਸ ਤੋਂ ਰੋਕ (ਭਾਵ ਹਰਾਮ ਕਰ) ਦਿੱਤਾ ਗਿਆ ਹੈ।
4਼ ਜਿਹੜੇ ਲੋਕ ਪਵਿੱਤਰ ਔਰਤਾਂ ਉੱਤੇ ਜ਼ਨਾ ਦੀ ਤੁਹੱਮਤ ਲਾਉਣ ਫੇਰ ਉਹ ਚਾਰ ਗਵਾਹ ਪੇਸ਼ ਨਾ ਕਰ ਸਕਣ ਤਾਂ ਤੁਸੀਂ ਉਹਨਾਂ ਨੂੰ ਅੱਸੀ ਕੋੜੇ ਮਾਰੋ ਅਤੇ ਉਹਨਾਂ ਦੀ ਗਵਾਹੀ ਕਦੇ ਵੀ ਕਬੂਲ ਨਾ ਕਰੋ, ਇਹ ਤਾਂ ਝੂਠੇ (ਨਾ-ਫ਼ਰਮਾਨ) ਲੋਕ ਹਨ।
5਼ ਹਾਂ ਜਿਹੜੇ ਲੋਕ ਇਸ (ਕੁਕਰਮ) ਪਿੱਛੋਂ ਤੌਬਾ ਕਰ ਲੈਣ ਅਤੇ ਆਪਣੇ ਆਪ ਨੂੰ ਸੁਧਾਰ ਲੈਣ ਤਾਂ ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ।
6਼ ਜਿਹੜੇ ਲੋਕ ਆਪਣੀਆਂ ਪਤਨੀਆਂ ਉੱਤੇ ਤੁਹਮਤਾਂ (ਦੋਸ਼) ਲਾਉਣ ਅਤੇ ਉਹਨਾਂ ਕੋਲ ਆਪਣੇ ਆਪ ਤੋਂ ਛੁੱਟ ਹੋਰ ਕੋਈ ਗਵਾਹ ਨਾ ਹੋਵੇ ਤਾਂ ਅਜਿਹੀ ਸਥਿਤੀ ਵਿਚ ਉਹਨਾਂ ਵਿੱਚੋਂ ਇਕ ਵਿਅਕਤੀ (ਪਤੀ) ਦੀ ਗਵਾਹੀ ਇਹ ਹੈ ਕਿ ਉਹ ਚਾਰ ਵਾਰ ਅੱਲਾਹ ਦੀ ਸੁੰਹ ਚੁੱਕ ਕੇ ਆਖੇ ਕਿ ਉਹ ਸੱਚਾ ਹੈ।
7਼ ਅਤੇ ਪੰਜਵੀ ਵਾਰ ਆਖੇ ਕਿ ਜੇ ਉਹ ਝੂਠਾ ਹੋਵੇ ਤਾਂ ਉਸ ’ਤੇ ਅੱਲਾਹ ਦੀ ਫ਼ਿਟਕਾਰ ਹੋਵੇ।
8਼ ਅਤੇ ਔਰਤ ਸਜ਼ਾ ਤੋਂ ਇੰਜ ਬਚ ਸਕਦੀ ਹੈ ਕਿ ਉਹ ਚਾਰ ਵਾਰ ਅੱਲਾਹ ਦੀ ਸੁੰਹ ਚੁੱਕ ਕੇ ਆਖੇ ਕਿ ਉਸ ਦਾ ਪਤੀ ਝੂਠ ਬੋਲਦਾ ਹੈ।
9਼ ਅਤੇ ਪੰਜਵੀ ਵਾਰ ਕਹੇ ਕਿ ਉਸ ਉੱਤੇ ਅੱਲਾਹ ਦਾ ਗ਼ਜ਼ਬ (ਅਜ਼ਾਬ) ਹੋਵੇ, ਜੇ ਉਸ ਦਾ ਪਤੀ ਸੱਚਾ ਹੋਵੇ।
10਼ ਜੇ ਤੁਹਾਡੇ ਉੱਤੇ ਅੱਲਾਹ ਦੀ ਕ੍ਰਿਪਾ ਤੇ ਉਸ ਦੀਆਂ ਮਿਹਰਾਂ ਨਾ ਹੁੰਦੀਆਂ (ਤਾਂ ਬਹੁਤ ਔਖਿਆਈ ਹੁੰਦੀ) ਅੱਲਾਹ ਤੌਬਾ ਕਬੂਲ ਕਰਨ ਵਾਲਾ ਅਤੇ ਹਿਕਮਤ ਵਾਲਾ ਹੈ।
11਼ ਜਿਹੜੇ ਲੋਕਾਂ ਨੇ (ਉੱਮਤ ਦੀ ਮਾਂ ਹਜ਼ਰਤ ਆਇਸ਼ਾ ਉੱਤੇ) ਇਹ ਬਹੁਤਾਨ (ਊਜ) ਘੜ੍ਹਿਆ ਸੀ,1 ਉਹ ਤੁਹਾਡੇ (ਮੁਸਲਮਾਨਾਂ) ਵਿੱਚੋਂ ਹੀ ਇਕ ਟੋਲਾ ਹੈ, (ਹੇ ਮੁਹੰਮਦ!) ਤੁਸੀਂ ਇਸ ਨੂੰ ਆਪਣੇ ਲਈ ਭੈੜਾ ਨਾ-ਸਮਝੋ ਸਗੋਂ ਇਹ ਤਾਂ ਤੁਹਾਡੇ ਹੱਕ ਵਿਚ ਚੰਗਾ ਹੀ ਹੈ। ਜਿਸ ਨੇ ਜਿੱਨਾਂ (ਇਸ ਘਟਨਾ ਵਿਚ) ਭਾਗ ਲਿਆ, ਉਸ ਨੇ ਉੱਨਾ ਹੀ ਗੁਨਾਹ ਖੱਟਿਆ ਹੈ। ਜਿਸ ਨੇ ਵੀ ਇਸ ਗੁਨਾਹ ਦਾ ਭਾਰ ਚੁੱਕਿਆ, ਉਸ ਲਈ ਵੱਡਾ ਅਜ਼ਾਬ ਹੈ।
12਼ ਜਦੋਂ ਤੁਸੀਂ ਇਹ (ਝੂਠ) ਸੁਣਿਆ ਸੀ ਤਾਂ ਮੋਮਿਨ ਮਰਦਾਂ ਤੇ ਮੋਮਿਨ ਔਰਤਾਂ ਨੇ ਆਪਣੇ ਮਨ ਵਿਚ ਨੇਕ ਗੁਮਾਨ (ਵਿਚਾਰ) ਕਿਉਂ ਨਹੀਂ ਕੀਤਾ ਅਤੇ ਕਿਉਂ ਨਹੀਂ ਆਖਿਆ ਕਿ ਇਹ ਤਾਂ ਖੁੱਲਮ ਖੱਲਾ ਝੂਠ (ਊਜ) ਹੈ।
13਼ ਉਹ (ਇਸ ਤੁਹਮਤ ਨੂੰ ਸਿੱਧ ਕਰਨ ਲਈ) ਚਾਰ ਗਵਾਹ ਕਿਉਂ ਨਹੀਂ ਲਿਆਏ ? ਜਦੋਂ ਕੋਈ ਗਵਾਹ ਹੀ ਨਹੀਂ ਤਾਂ ਅੱਲਾਹ ਦੀਆਂ ਨਜ਼ਰਾਂ ਵਿਚ ਉਹੀਓ ਝੂਠੇ ਹਨ।
14਼ (ਹੇ ਮੁਸਲਮਾਨੋ!) ਜੇ ਤੁਹਾਡੇ ’ਤੇ ਦੁਨੀਆਂ ਤੇ ਆਖ਼ਿਰਤ ਵਿਚ ਅੱਲਾਹ ਦੀਆਂ ਮਿਹਰਾਂ ਤੇ ਰਹਿਮਤਾਂ ਨਾ ਹੁੰਦੀਆਂ ਤਾਂ ਜਿਨ੍ਹਾਂ ਗੱਲਾਂ ਵਿਚ ਤੁਸੀਂ ਜਾ ਪਏ ਸੀ, ਉਹਨਾਂ ਦੇ ਬਦਲੇ ਵਿਚ ਤੁਹਾਨੂੰ ਇਕ ਵੱਡਾ ਅਜ਼ਾਬ ਆ ਨੱਪਦਾ।
15਼ ਤੁਸੀਂ ਆਪਣੀਆਂ ਜ਼ੁਬਾਨਾ ਰਾਹੀਂ ਇਸ ਝੂਠ ਦੀ ਚਰਚਾ ਕਰ ਰਹੇ ਸੀ ਅਤੇ ਤੁਸੀਂ ਆਪਣੇ ਮੂੰਹੋਂ ਉਹ ਗੱਲਾਂ ਕਹਿ ਰਹੇ ਸੀ ਜਿਸ ਦਾ ਤੁਹਾਨੂੰ ਵੀ ਕੋਈ ਥਹੁ-ਪਤਾ ਨਹੀਂ ਸੀ। ਤੁਸੀਂ ਤਾਂ ਇਸ ਨੂੰ ਸਧਾਰਨ ਸਮਝਦੇ ਸੀ ਜਦ ਕਿ ਅੱਲਾਹ ਲਈ ਤਾਂ ਇਹ ਬਹੁਤ ਵੱਡੀ ਗੱਲ ਸੀ।
16਼ (ਹੇ ਮੁਸਲਮਾਨੋ!) ਤੁਸੀਂ ਅਜਿਹੀ ਗੱਲ ਸੁਣਦੇ ਸਾਰੇ ਹੀ ਇਹ ਕਿਉਂ ਨਾ ਆਖਿਆ ਕਿ ਸਾਨੂੰ ਅਜਿਹੀ ਝੂਠੀ ਗੱਲ ਮੂੰਹੋਂ ਕਢਣੀ ਸ਼ੋਭਾ ਨਹੀਂ ਦਿੰਦੀ। ਹੇ ਅੱਲਾਹ! ਤੂੰ ਪਾਕ ਹੈ, ਇਹ ਤਾਂ ਬਹੁਤ ਵੱਡਾ ਬੁਹਤਾਨ ਹੈ।
17਼ ਅੱਲਾਹ ਤੁਹਾਨੂੰ ਨਸੀਹਤ ਕਰਦਾ ਹੈ ਕਿ ਫੇਰ ਕਦੇ ਵੀ ਅਜਿਹਾ ਕੰਮ ਨਾ ਕਰਨਾ ਜੇ ਤੁਸੀਂ ਸੱਚੇ ਮੋਮਿਨ ਹੋ।
18਼ ਅੱਲਾਹ ਤੁਹਾਡੇ ਲਈ ਆਪਣੀਆਂ ਆਇਤਾਂ (ਆਦੇਸ਼) ਬਿਆਨ ਕਰ ਰਿਹਾ ਹੈ ਅਤੇ ਅੱਲਾਹ ਹੀ ਵੱਡਾ ਜਾਣਕਾਰ ਤੇ ਹਿਕਮਤਾਂ ਵਾਲਾ ਹੈ।
19਼ ਜਿਹੜੇ ਵੀ ਲੋਕ ਮੁਸਲਮਾਨਾਂ ਵਿਚ ਅਸ਼ਲੀਲਤਾ ਫੈਲਾਉਣਾ ਚਾਹੁੰਦੇ ਹਨ, ਉਹਨਾਂ ਲਈ ਦੁਨੀਆਂ ਤੇ ਆਖ਼ਿਰਤ ਵਿਚ ਦੁਖਾਂ ਭਰਿਆ ਅਜ਼ਾਬ ਹੈ। ਅੱਲਾਹ ਸਭ ਕੁਝ ਜਾਣਦਾ ਹੈ ਜਦ ਕਿ ਤੁਸੀਂ ਕੁੱਝ ਵੀ ਨਹੀਂ ਜਾਣਦੇ।
20਼ ਜੇ ਅੱਲਾਹ ਦੀਆਂ ਮਿਹਰਾਂ ਤੇ ਰਹਿਮਤਾਂ ਤੁਹਾਡੇ ਉੱਤੇ ਨਾ ਹੁੰਦੀਆਂ (ਤਾਂ ਅੱਲਾਹ ਬਹੁਤਾਨ ਲਾਉਣ ਵਾਲਿਆਂ ਨੂੰ ਉਸੇ ਸਮੇਂ ਸਜ਼ਾ ਦੇ ਦਿੰਦਾ) ਪਰ ਅੱਲਾਹ ਵੱਡਾ ਨਰਮੀ ਵਾਲਾ ਤੇ ਮਿਹਰਬਾਨ ਹੈ।
21਼ ਹੇ ਈਮਾਨ ਵਾਲਿਓ! ਸ਼ੈਤਾਨ ਦੀ ਪੈਰਵੀ ਨਾ ਕਰੋ, ਜਿਹੜਾ ਵੀ ਉਸ ਦੇ ਪਿੱਛੇ ਚੱਲੇਗਾ ਤਾਂ ਉਹ (ਸ਼ੈਤਾਨ) ਉਸ ਨੂੰ ਬੇਹਿਯਾਈ (ਅਸ਼ਲੀਲਤਾਂ) ਅਤੇ ਬੁਰੇ ਕੰਮਾਂ ਦਾ ਹੀ ਹੁਕਮ ਦੇਵੇਗਾ। ਜੇਕਰ ਤੁਹਾਡੇ ਉੱਤੇ ਅੱਲਾਹ ਦੀ ਕ੍ਰਿਪਾ ਤੇ ਮਿਹਰ ਨਾ ਹੁੰਦੀ ਤਾਂ ਤੁਹਾਡੇ ਵਿੱਚੋਂ ਕੋਈ ਵੀ ਪਾਕ ਸਾਫ਼ ਨਾ ਹੁੰਦਾ। ਅੱਲਾਹ ਜਿਸ ਨੂੰ ਚਾਹੁੰਦਾ ਹੈ ਪਾਕ ਕਰ ਦਿੰਦਾ ਹੈ ਅਤੇ ਅੱਲਾਹ ਸਭ ਕੁੱਝ ਸੁਣਨ ਵਾਲਾ ਤੇ ਜਾਣਨ ਵਾਲਾ ਹੈ।
22਼ ਤੁਹਾਡੇ ਵਿੱਚੋਂ ਜਿਹੜੇ ਵੀ ਲੋਕ ਮਾਲ ਪੱਖੋਂ ਸਰਦੇ-ਪੁੱਜਦੇ ਹਨ ਉਹਨਾਂ ਨੂੰ ਆਪਣੇ ਸਕੇ-ਸੰਬੰਧੀਆਂ ਨੂੰ, ਮੁਥਾਜਾਂ ਨੂੰ ਅਤੇ ਰੱਬ ਦੀ ਰਾਹ ਵਿਚ ਘਰ-ਬਾਰ ਛੱਡਣ ਵਾਲਿਆਂ (ਮੁਹਾਜਰਾਂ) ਨੂੰ ਸਹਾਇਤਾ ਨਾ ਦੇਣ ਦੀ ਕਸਮ ਨਹੀਂ ਖਾਣੀ ਚਾਹੀਦੀ, ਸਗੋਂ ਮੁਆਫ਼ ਕਰ ਦੇਣਾ ਅਤੇ ਭੁੱਲ ਜਾਣਾ ਚਾਹੀਦਾ ਹੈ। ਕੀ ਤੁਸੀਂ ਨਹੀਂ ਚਾਹੁੰਦੇ ਕਿ ਅੱਲਾਹ ਤੁਹਾਡੀਆਂ ਭੁੱਲਾਂ ਨੂੰ ਮੁਆਫ਼ ਕਰੇ? ਅੱਲਾਹ ਮੁਆਫ਼ ਕਰਨ ਵਾਲਾ ਤੇ ਮਿਹਰਬਾਨ ਹੈ।
23਼ ਜਿਹੜੇ ਲੋਕ ਪਵਿੱਤਰ ਤੇ ਭੋਲੀ-ਭਾਲੀਆਂ ਈਮਾਨ ਵਾਲੀਆਂ ਔਰਤਾਂ ’ਤੇ ਤੁਹਮਤਾਂ ਲਾਉਂਦੇ ਹਨ ਉਹਨਾਂ ਉੱਤੇ ਲੋਕ-ਪਰਲੋਕ ਵਿਚ ਫ਼ਿਟਕਾਰ ਪਾਈ ਗਈ ਹੈ ਅਤੇ ਉਹਨਾਂ ਲਈ ਵੱਡਾ ਤਕੜਾ ਅਜ਼ਾਬ ਹੈ।
24਼ ਜਦੋਂ ਉਹਨਾਂ ਦੀਆਂ ਆਪਣੀਆਂ ਜ਼ੁਬਾਨਾਂ ਤੇ ਉਹਨਾਂ ਦੇ ਹੱਥ ਪੈਰ ਉਹਨਾਂ ਦੇ ਵਿਰੁੱਧ ਉਹਨਾਂ ਦੀਆਂ ਕਰਤੂਤਾਂ ਦੀ ਗਵਾਹੀ ਦੇਣਗੇ ਜੋ ਉਹ (ਸੰਸਾਰ ਵਿਚ) ਕਰਿਆ ਕਰਦੇ ਸੀ।
25਼ ਉਸ ਦਿਨ ਅੱਲਾਹ ਉਹਨਾਂ (ਪਾਪੀਆਂ) ਨੂੰ ਹੱਕ ਤੇ ਇਨਸਾਫ਼ ਨਾਲ (ਬਣਦਾ) ਬਦਲਾ ਦੇਵੇਗਾ ਅਤੇ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਅੱਲਾਹ ਹੀ ਸੱਚਾ ਹੈ ਅਤੇ ਉਹੀਓ ਸੱਚ ਨੂੰ ਸਪਸ਼ਟ ਕਰਨ ਵਾਲਾ ਹੈ।
26਼ ਨਾ-ਪਾਕ ਔਰਤਾਂ ਨਾ-ਪਾਕ ਮਰਦਾਂ ਲਈ ਹਨ ਅਤੇ ਨਾ-ਪਾਕ ਮਰਦ ਨਾ-ਪਾਕ ਔਰਤਾਂ ਲਈ ਹਨ ਅਤੇ ਪਾਕ ਔਰਤਾਂ ਪਾਕ ਮਰਦਾਂ ਲਈ ਅਤੇ ਪਾਕ ਮਰਦ ਪਾਕ ਔਰਤਾਂ ਦੇ ਯੋਗ ਹਨ। ਇਹ (ਪਾਕ) ਲੋਕ ਉਹਨਾਂ ਗੱਲਾਂ ਤੋਂ ਨਿਰਲੇਪ ਹਨ, ਜਿਹੜੀਆਂ ਗੱਲਾਂ (ਗੰਦੀ ਸੋਚ ਵਾਲੇ) ਲੋਕ ਆਖਦੇ ਹਨ। ਉਹਨਾਂ (ਨੇਕ ਲੋਕਾਂ) ਲਈ ਬਖ਼ਸ਼ਿਸ਼ ਅਤੇ ਇੱਜ਼ਤ ਵਾਲਾ ਰਿਜ਼ਕ ।
27਼ ਹੇ ਈਮਾਨ ਵਾਲੀਓ! ਆਪਣੇ ਘਰਾਂ ਤੋਂ ਛੁੱਟ ਪਰਾਏ ਘਰਾਂ ਵਿਚ ਉਦੋਂ ਤਕ ਨਾ ਵੜੋ ਜਦੋਂ ਤਕ ਕਿ ਤੁਸੀਂ ਆਗਿਆ ਨਾ ਲੈ ਲਵੋ ਅਤੇ (ਜਦੋਂ ਆਗਿਆ ਮਿਲ ਜਾਵੇ ਤਾਂ) ਘਰ ਵਾਲਿਆਂ ਨੂੰ ਸਲਾਮ ਕਰੋ। ਇਹੋ ਤੁਹਾਡੇ ਲਈ ਵਧੀਆ ਗੱਲ ਹੈ। ਆਸ ਹੈ ਕਿ ਤੁਸੀਂ ਧਿਆਨ ਰੱਖੋਂਗੇ।
28਼ ਜੇ ਉੱਥੇ (ਪਰਾਏ ਘਰ) ਤੁਹਾਨੂੰ ਕੋਈ ਨਾ ਮਿਲੇ ਤਾਂ ਬਿਨਾਂ ਆਗਿਆ ਤੋਂ ਅੰਦਰ ਨਾ ਵੜੋ, ਅਤੇ ਜੇ ਤੁਹਾਨੂੰ ਵਾਪਸ ਜਾਣ ਲਈ ਆਖਿਆ ਜਾਵੇ ਤਾਂ ਵਾਪਸ ਮੁੜ ਜਾਓ, ਤੁਹਾਡੇ ਲਈ ਇਹੋ ਵਧੀਆ ਗੱਲ ਹੈ। ਤੁਸੀਂ ਜੋ ਵੀ ਕਰ ਰਹੇ ਹੋ ਅੱਲਾਹ ਉਸ ਨੂੰ ਭਲੀ-ਭਾਂਤ ਜਾਣਦਾ ਹੈ।
29਼ ਹਾਂ ਤੁਹਾਡੇ ਲਈ ਅਜਿਹੇ ਘਰਾਂ ਵਿਚ ਜਾਣ ਵਿਚ ਕੋਈ ਹਰਜ ਨਹੀਂ, ਜਿੱਥੇ ਕਿਸੇ ਦਾ ਨਿਵਾਸ ਸਥਾਨ ਨਾ ਹੋਵੇ (ਭਾਵ ਸਾਂਝੀ ਜਗ੍ਹਾ ਹੋਵੇ) ਜਾਂ ਜਿੱਥੇ ਤੁਹਾਡੇ ਲਾਭ ਦੀ ਕੋਈ ਚੀਜ਼ ਹੋਵੇ (ਜਿਵੇਂ ਹੋਟਲ, ਸਰਾਂ ਜਾਂ ਕਾਰੋਬਾਰੀ ਥਾਵਾਂ)। ਤੁਸੀਂ ਜੋ ਵੀ ਜ਼ਾਹਰ ਕਰਦੇ ਹੋ ਅਤੇ ਜੋ ਤੁਹਾਡੇ (ਦਿਲਾਂ ਵਿਚ) ਲੁਕਿਆ ਹੋਇਆ ਹੈ ਉਹ ਸਭ ਅੱਲਾਹ ਨੂੰ ਪਤਾ ਹੈ।
30਼ (ਹੇ ਨਬੀ!) ਤੁਸੀਂ ਮੁਸਲਮਾਨ ਮਰਦਾਂ ਨੂੰ ਆਖੋ ਕਿ ਉਹ ਆਪਣੀਆਂ ਨਜ਼ਰਾਂ ਨੀਵੀਆਂ ਰੱਖਣ ਅਤੇ ਆਪਣੇ ਗੁਪਤ ਅੰਗਾਂ ਦੀ ਹਿਫ਼ਾਜ਼ਤ ਕਰਨ, ਇਹੋ ਉਹਨਾਂ ਲਈ ਵਧੀਆ ਗੱਲ । ਜੋ ਕੁੱਝ ਵੀ ਉਹ ਕਰਦੇ ਹਨ ਉਹ ਸਭ ਅੱਲਾਹ ਜਾਣਦਾ ।
31਼ ਅਤੇ ਮੁਸਲਮਾਨ ਔਰਤਾਂ ਨੂੰ ਆਖੋ ਕਿ ਉਹ (ਵੀ) ਆਪਣੀਆਂ ਨਜ਼ਰਾਂ ਨੂੰ ਨੀਵੀਆਂ ਕਰਕੇ ਰੱਖਣ ਅਤੇ ਆਪਣੀ ਇੱਜ਼ਤ ਆਬਰੂ (ਗੁਪਤ ਅੰਗਾਂ) ਦੀ ਹਿਫ਼ਾਜ਼ਤ ਕਰਨ, ਆਪਣੀ ਖ਼ੂਬਸੂਰਤੀ ਨੂੰ ਪ੍ਰਗਟ ਨਾ ਹੋਣ ਦੇਣ 1 (ਭਾਵ ਲਿਬਾਸ ਸ਼ਰੀਰ ਨੂੰ ਛਪਾਉਣ ਵਾਲਾ ਪਾਉਣ) ਛੁੱਟ ਉਸ ਤੋਂ ਜਿਹੜਾ ਆਪ ਹੀ ਵਿਖਾਈ ਦਿੰਦਾ ਹੈ (ਜਿਵੇਂ ਹੱਥ ਤੇ ਚਿਹਰਾ) ਅਤੇ ਆਪਣੇ ਸੀਨਿਆਂ ਉੱਤੇ ਆਪਣੀਆਂ (ਵੱਡੀ) ਚੱਦਰ ਦੀ ਬੁੱਕਲ ਮਾਰੀ ਰੱਖਣ। ਆਪਣੇ ਬਣਾਓ-ਸ਼ਿੰਗਾਰ (ਮੇਕਅੱਪ) ਨੂੰ ਛੁੱਟ ਆਪਣੇ ਪਤੀ, ਆਪਣੇ ਪਿਤਾ ਜਾਂ ਸੌਹਰਾ ਜਾਂ ਆਪਣੇ ਪੁੱਤਰ ਜਾਂ ਆਪਣੇ ਪਤੀ ਦੇ (ਪਹਿਲੇ) ਪੁੱਤਰ ਜਾਂ ਆਪਣੇ ਭਰਾ ਜਾਂ ਆਪਣੇ ਭਤੀਜੇ ਜਾਂ ਭਾਣਜੇ ਜਾਂ ਆਪਣੀਆਂ ਸਹੇਲੀਆਂ ਜਾਂ ਗ਼ੁਲਾਮ ਜਾਂ ਅਜਿਹੇ ਨੌਕਰ ਜਿਹੜੇ ਕਿਸੇ ਪ੍ਰਕਾਰ ਦੀ ਵਾਸਨਾ ਨਾ ਰੱਖਦੇ ਹੋਣ ਜਾਂ ਛੋਟੇ ਬੱਚੇ ਜਿਹੜੇ ਜ਼ਨਾਨੀਆਂ ਦੀਆਂ ਗੁਪਤ ਗੱਲਾਂ ਤੋਂ ਅਨਜਾਣ ਹੋਣ, ਕਿਸੇ ਹੋਰ ਅੱਗੇ ਇਜ਼ਹਾਰ ਨਾ ਕਰਨ, ਪ੍ਰਗਟ ਨਾ ਹੋਣ ਦੇਣ ਅਤੇ ਨਾ ਹੀ ਧਰਤੀ ਉੱਤੇ ਦੱਬ ਦੱਬ ਕੇ ਪੈਰਾਂ ਨੂੰ ਮਾਰਦੇ ਹੋਏ ਚੱਲਣ ਜਿਸ ਤੋਂ ਉਹਨਾਂ ਦਾ ਲੁਕਿਆ ਹੋਇਆ ਬਨਾਓ ਸ਼ਿੰਗਾਰ ਦਾ ਪਤਾ ਲੱਗੇ (ਜਿਵੇਂ ਗਹਿਣਿਆਂ ਦੀ ਅਵਾਜ਼ ਜਾਂ ਸ਼ਰੀਰ ਦਾ ਹਿਲਨਾ ਆਦਿ)। ਹੇ ਮੁਸਲਮਾਨੋ! ਤੁਸੀਂ ਸਾਰੇ (ਔਰਤਾਂ ਤੇ ਪੁਰਸ਼) ਅੱਲਾਹ ਦੇ ਹਜ਼ੂਰ ਤੌਬਾ ਕਰੋ ਤਾਂ ਜੋ ਤੁਸੀਂ ਸਫ਼ਲਤਾ ਪ੍ਰਾਪਤ ਕਰ ਸਕੋ।
32਼ ਤੁਹਾਡੇ ਵਿੱਚੋਂ ਜਿਹੜੇ ਵੀ ਪੁਰਸ਼ ਤੇ ਇਸਤਰੀਆਂ ਦੇ ਨਿਕਾਹ ਨਹੀਂ ਹੋਏ ਉਹਨਾਂ ਦੇ ਨਿਕਾਹ ਕਰ ਦਿਓ ਅਤੇ ਆਪਣੇ ਨੇਕ ਆਚਰਨ ਵਾਲੇ ਗ਼ੁਲਾਮ ਮੁੰਡੇ ਕੁੜੀਆਂ ਦੇ ਵੀ (ਨਿਕਾਹ ਕਰ ਦਿਓ)। ਜੇਕਰ ਉਹ ਗ਼ਰੀਬ ਵੀ ਹੋਣ ਤਾਂ ਅੱਲਾਹ ਆਪਣੇ ਫ਼ਜ਼ਲਾਂ ਨਾਲ ਉਹਨਾਂ ਨੂੰ ਅਮੀਰ ਬਣਾ ਦੇਵੇਗਾ। ਅੱਲਾਹ ਵੱਡੀਆਂ ਗੁੰਜਾਇਸ਼ਾਂ ਵਾਲਾ ਤੇ (ਹਰੇਕ ਦੇ ਹਾਲ ਦਾ) ਜਾਣਨਹਾਰ ਹੈ।
33਼ ਜਿਹੜੇ ਲੋਕ ਨਿਕਾਹ ਕਰਵਾਉਣ ਦੀ ਹਿੱਮਤ ਨਹੀਂ ਰੱਖਦੇ, ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਪਾਕ ਰੱਖਣ ਇੱਥੋਂ ਤੀਕ ਕਿ ਅੱਲਾਹ ਉਹਨਾਂ ਨੂੰ ਆਪਣੇ ਫ਼ਜ਼ਲ ਨਾਲ ਅਮੀਰ ਬਣਾ ਦੇਵੇ। ਜੇ ਤੁਹਾਡੇ ਗ਼ੁਲਾਮ (ਗੋਲੇ) ਆਜ਼ਾਦ ਹੋਣ ਲਈ ਲਿਖਤ-ਪੜ੍ਹਤ ਕਰਨਾ ਚਾਹੁਣ ਅਤੇ ਜੇ ਤੁਸੀਂ ਉਹਨਾਂ ਵਿਚ ਕੋਈ ਭਲਾਈ ਵੇਖੋ ਤਾਂ ਉਹਨਾਂ ਨੂੰ ਲਿਖ ਦਿਓ (ਭਾਵ ਆਜ਼ਾਦ ਕਰ ਦਿਓ)। ਅੱਲਾਹ ਨੇ ਜਿਹੜਾ ਮਾਲ ਤੁਹਾਨੂੰ ਦਿੱਤਾ ਹੈ, ਉਸ ਵਿੱਚੋਂ ਉਹਨਾਂ (ਗ਼ੁਲਾਮਾਂ) ਨੂੰ ਵੀ ਦਿਓ। ਜੇ ਤੁਹਾਡੀਆਂ ਗੋਲੀਆਂ (ਗ਼ੁਲਾਮ ਔਰਤਾਂ) ਪਵਿੱਤਰ ਰਹਿਣਾ ਚਾਹੁੰਦੀਆਂ ਹਨ ਤਾਂ ਤੁਸੀਂ ਉਹਨਾਂ ਨੂੰ ਸੰਸਾਰਿਕ ਲਾਭ ਲਈ ਬਦਕਾਰੀ ਕਰਨ ਲਈ ਮਜਬੂਰ ਨਾ ਕਰੋ, ਜਿਹੜਾ ਵੀ ਉਹਨਾਂ ਨੂੰ ਮਜਬੂਰ ਕਰੇਗਾ ਤਾਂ ਅੱਲਾਹ ਉਹਨਾਂ ਦੀ ਮਜਬੂਰੀ ਪਿੱਛੋਂ ਵੀ ਉਹਨਾਂ ਲਈ ਵੱਡਾ ਬਖ਼ਸ਼ਣਹਾਰ ਤੇ ਮਿਹਰਬਾਨ ਹੈ।
34਼ ਬੇਸ਼ੱਕ ਅਸੀਂ ਤੁਹਾਡੇ (ਮੁਸਲਮਾਨਾਂ) ਲਈ ਸਪਸ਼ਟ ਤੇ ਸਾਫ਼-ਸਾਫ਼ ਦਰਸਾਉਣ ਵਾਲਿਆਂ ਆਇਤਾਂ (ਹਿਦਾਇਤਾਂ) ਉਤਾਰੀਆਂ ਹਨ ਅਤੇ ਕੁੱਝ ਉਹਨਾਂ ਲੋਕਾਂ ਦੇ ਹਾਲਾਤ ਹਨ ਜੋ ਤੁਹਾਥੋਂ ਪਹਿਲਾਂ ਬੀਤ ਚੁੱਕੇ ਹਨ। ਜੋ ਬੁਰਾਈਆਂ ਤੋਂ ਬਚਣਾ ਚਾਹੁੰਦੇ ਹਨ, ਇਹਨਾਂ ਵਿਚ ਉਨ੍ਹਾਂ ਲਈ ਸਿੱਖਿਆਵਾਂ ਹਨ।
35਼ ਅੱਲਾਹ ਅਕਾਸ਼ਾਂ ਤੇ ਧਰਤੀ ਦਾ ਨੂਰ (ਹਿਦਾਇਤ ਦਾ ਸਾਧਨ) ਹੈ, ਉਸ ਦੇ ਨੂਰ ਦੀ ਮਿਸਾਲ ਇੰਜ ਹੈ ਕਿ ਜਿਵੇਂ ਇਕ ਆਲਾ ਹੋਵੇ ਜਿਸ ਵਿਚ ਇਕ ਚਰਾਗ਼ ਰੱਖਿਆ ਹੋਵੇ ਅਤੇ ਇਹ ਚਰਾਗ਼ ਕਿਸੇ ਫ਼ਾਨੂਸ ਵਿਚ ਹੋਵੇ ਅਤੇ ਫ਼ਾਨੂਸ ਇਸ ਤਰ੍ਹਾਂ ਹੋਵੇ ਜਿਵੇਂ ਲਿਸ਼ਕਦਾ ਹੋਇਆ ਤਾਰਾ ਅਤੇ ਉਹ ਚਰਾਗ਼ ਇਕ ਬਰਕਤਾਂ ਵਾਲੇ ਰੁੱਖ ਜ਼ੈਤੂਨ (ਦੇ ਤੇਲ) ਨਾਲ ਬਾਲਿਆ ਗਿਆ ਹੋਵੇ, ਜਿਸ ਦੀ ਰੌਸ਼ਨੀ ਨਾ ਪੂਰਬ ਵੱਲ ਹੈ ਤੇ ਨਾ ਹੀ ਪੱਛਮ ਵੱਲ। ਜਿਸ ਦਾ ਤੇਲ ਆਪਣੇ ਆਪ ਹੀ ਬਲ ਪੈਂਦਾ ਹੋਵੇ, ਭਾਵੇਂ ਉਸ ਨੂੰ ਅੱਗ ਨਾ ਵੀ ਲੱਗੀ ਹੋਵੇ। ਉਹ ਨੂਰ ’ਤੇ ਨੂਰ ਹੈ। ਅੱਲਾਹ ਆਪਣੇ ਨੂਰ (ਹਿਦਾਇਤ) ਵੱਲ ਜਿਸ ਦੀ ਚਾਹੁੰਦਾ ਹੈ ਅਗਵਾਈ ਕਰਦਾ ਹੈ। ਅੱਲਾਹ ਲੋਕਾਂ ਨੂੰ (ਸਮਝਾਉਣ ਲਈ) ਇਹ ਉਦਾਹਰਨ ਦਿੰਦਾ ਹੈ। ਅੱਲਾਹ ਹਰ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
36਼ (ਇਸ ਨੂਰ ਤੋਂ ਲਾਭ ਉਠਾਉਣ ਵਾਲੇ) ਉਹਨਾਂ ਘਰਾਂ (ਮਸੀਤਾਂ) ਵਿਚ ਮਿਲਦੇ ਹਨ, ਜਿਨ੍ਹਾਂ ਨੂੰ ਉੱਚਾ ਰੱਖਣ ਦਾ ਅਤੇ ਉਹਨਾਂ ਵਿਚ ਅੱਲਾਹ ਦਾ ਨਾਂ ਜਪਣ ਦਾ ਅੱਲਾਹ ਨੇ ਹੁਕਮ ਦਿੱਤਾ ਹੈ। ਉੱਥੇ ਉਹ ਲੋਕ ਰਹਿੰਦੇ ਹਨ ਜਿਹੜੇ ਸਵੇਰੇ-ਸ਼ਾਮ (ਹਰ ਵੇਲੇ) ਅੱਲਾਹ ਦੀ ਤਸਬੀਹ ਕਰਦੇ ਹਨ।1
37਼ ਅਜਿਹੇ ਲੋਕ ਜਿਨ੍ਹਾਂ ਨੂੰ ਕਾਰੋਬਾਰ ਅਤੇ ਖ਼ਰੀਦ-ਵੇਚ ਅੱਲਾਹ ਦੀ ਯਾਦ ਅਤੇ ਨਮਾਜ਼ ਕਾਇਮ ਕਰਨ ਅਤੇ ਜ਼ਕਾਤ ਦੇਣ ਤੋਂ ਭੁਲਾ ਨਹੀਂ ਦਿੰਦੀ, ਉਹ ਉਸ ਦਿਹਾੜੇ ਤੋਂ ਡਰਦੇ ਹਨ, ਜਦੋਂ ਦਿਲ ਅਤੇ ਅੱਖਾਂ ਉਲਟਾ ਦਿੱਤੀਆਂ ਜਾਣਗੀਆਂ।
38਼ (ਉਹ ਨੇਕ ਅਮਲ ਇਸ ਆਸ ਵਿਚ ਕਰਦੇ ਹਨ) ਤਾਂ ਜੋ ਅੱਲਾਹ ਉਹਨਾਂ ਨੂੰ ਉਹਨਾਂ ਦੇ ਕੀਤੇ ਕਰਮਾਂ ਦਾ ਵਧੀਆ ਬਦਲਾ ਦੇਵੇ ਅਤੇ ਆਪਣੇ ਫ਼ਜ਼ਲ (ਕ੍ਰਿਪਾ) ਤੋਂ ਕੁੱਝ ਹੋਰ ਵਧਾ ਕੇ ਦੇਵੇ। ਅੱਲਾਹ ਜਿਸ ਨੂੰ ਵੀ ਚਾਹੇ ਬੇਹਿਸਾਬ ਰਿਜ਼ਕ ਨਾਲ ਨਿਵਾਜ਼ਦਾ ਹੈ।
39਼ ਅਤੇ ਕਾਫ਼ਿਰਾਂ ਦੇ ਕੰਮਾਂ ਦੀ ਉਦਾਹਰਨ ਇਕ ਰੜੇ ਮੈਦਾਨ ਵਿਚ ਚਮਕਦੀ ਹੋਈ ਰੇਤ ਦੀ ਹੈ। ਇਕ ਪਿਆਸਾ ਵਿਅਕਤੀ ਦੂਰ ਤੋਂ ਇਸ (ਰੇਤ) ਨੂੰ ਪਾਣੀ ਸਮਝਦਾ ਰਿਹਾ ਪਰੰਤੂ ਜਦੋਂ ਉਸ ਦੇ ਨੇੜੇ ਪਹੁੰਚਦਾ ਹੈ ਤਾਂ ਉੱਥੇ (ਪੀਣ ਨੂੰ) ਕੁੱਝ ਵੀ ਨਹੀਂ ਮਿਲਦਾ,1 ਹਾਂ! ਅੱਲਾਹ ਨੂੰ ਜ਼ਰੂਰ ਆਪਣੇ ਕੋਲ ਵੇਖਦਾ ਹੈ ਜਿਹੜਾ ਉਸ (ਕਾਫ਼ਿਰ) ਦਾ ਪੂਰਾ-ਪੂਰਾ ਲੇਖਾ-ਜੋਖਾ ਕਰਦਾ ਹੈ। ਅੱਲਾਹ ਹਿਸਾਬ ਲੈਣ ਵਿਚ ਛੇਤੀ ਕਰਨ ਵਾਲਾ ਹੈ।
40਼ ਜਾਂ ਕਾਫ਼ਿਰਾਂ ਦੇ ਅਮਲਾਂ ਦੀ ਉਦਾਹਰਨ ਉਹਨਾਂ ਹਨੇਰਿਆਂ ਵਾਂਗ ਹੈ ਜਿਸ ਨੂੰ ਇਕ ਲਹਿਰ (ਪਾਣੀ ਦੀ ਛੱਲ) ਢੱਕ ਲਵੇ ਇਸ ਦੇ ਉੱਪਰ ਇਕ ਲਹਿਰ ਹੋਰ ਹੋਵੇ, ਫੇਰ ਉੱਪਰ ਤੋਂ ਬੱਦਲ ਛਾ ਜਾਵੇ ਭਾਵ ਉੱਪਰ ਥੱਲੇ ਹਨੇਰਾ ਹੀ ਹਨੇਰਾ ਵੀ ਹੋਵੇ, ਜਦੋਂ ਉਹ ਆਪਣਾ ਹੱਥ ਕੱਢੇ ਤਾਂ ਉਸ ਨੂੰ ਵੀ ਨਾ ਵੇਖ ਸਕੇ। ਅਸਲ ਗੱਲ ਇਹ ਹੈ ਕਿ ਜਿਸ ਨੂੰ ਅੱਲਾਹ ਹੀ ਨੂਰ (ਹਿਦਾਇਤ) ਤੋਂ ਨਾ ਨਿਵਾਜ਼ੇ ਉਸ ਲਈ (ਕਿਸੇ ਪਾਸਿਓਂ) ਕੋਈ ਵੀ ਨੂਰ ਨਹੀਂ।
41਼ ਕੀ ਤੁਸੀਂ ਵੇਖਦੇ ਨਹੀਂ ਕਿ ਅਕਾਸ਼ ਅਤੇ ਧਰਤੀ ਦੇ ਵਿਚਕਾਰ ਦੀ ਹਰੇਕ ਚੀਜ਼, ਖੰਭ ਪਸਾਰੀਂ ਉੱਡਦੇ ਹੋਏ ਪੰਖ-ਪਖੇਰੂ ਅੱਲਾਹ ਦੀ ਤਸਬੀਹ ਵਿਚ ਰੁਝੇ ਹੋਏ ਹਨ। ਹਰੇਕ ਆਪਣੀ ਨਮਾਜ਼ ਤੇ ਤਸਬੀਹ ਨੂੰ ਜਾਣਦਾ ਹੈ ਅਤੇ ਉਹ ਜੋ ਵੀ ਕਰਦੇ ਹਨ ਅੱਲਾਹ ਉਸ ਤੋਂ ਭਲੀ-ਭਾਂਤ ਜਾਣੂ ਹੈ।
42਼ ਅਤੇ ਅਕਾਸ਼ਾਂ ਤੇ ਧਰਤੀ ਦਾ ਮਾਲਿਕ ਉਹੀਓ ਅੱਲਾਹ ਹੈ ਅਤੇ ਉਸੇ ਅੱਲਾਹ ਵੱਲ ਹੀ (ਸਭ ਨੇ) ਪਰਤਣਾ ਹੈ।
43਼ ਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਹੀ ਬੱਦਲਾਂ ਨੂੰ ਤੋਰਦਾ ਹੈ, ਫੇਰ ਉਹਨਾਂ ਨੂੰ ਇਕ ਦੂਜੇ ਨਾਲ ਮਿਲਾਉਂਦਾ ਹੈ, ਫੇਰ ਉਹਨਾਂ ਨੂੰ ਉੱਪਰ ਥੱਲੇ ਕਰ ਦਿੰਦਾ ਹੈ, ਫੇਰ ਤੁਸੀਂ ਵੇਖਦੇ ਹੋ ਕਿ ਉਹਨਾਂ ਬੱਦਲਾਂ ਵਿੱਚੋਂ ਵਰਖਾ ਨਿਕਲਦੀ ਹੈ। ਇੰਜ ਲਗਦਾ ਹੈ ਜਿਵੇਂ ਉਹੀਓ ਅਕਾਸ਼ ਤੋਂ ਭਾਵ ਓਲੇ ਦੇ ਪਹਾੜਾਂ ਵਿੱਚੋਂ ਗੜੇ ਬਰਸਾਉਂਦਾ ਹੈ। ਫੇਰ ਉਹਨਾਂ ਨੂੰ ਜਿੱਥੇ ਚਾਹੁੰਦਾ ਹੈ ਡੇਗ ਦਿੰਦਾ ਹੈ ਅਤੇ ਜਿੱਥਿਓਂ ਚਾਹੇ ਮੋੜ ਲੈਂਦਾ ਹੈ। ਬੱਦਲਾਂ ਤੋਂ ਨਿਕਲਣ ਵਾਲੀ ਬਿਜਲੀ ਦੀ ਲਿਸ਼ਕ ਅਜਿਹੀ ਹੁੰਦੀ ਹੈ ਕਿ ਜਿਵੇਂ ਅੱਖਾਂ ਦੀ ਰੌਸ਼ਨੀ ਹੀ ਚੱਲੀ ਜਾਵੇ।
44਼ ਅੱਲਾਹ ਹੀ ਰਾਤ ਤੇ ਦਿਨ ਦਾ ਉਲਟ ਫੇਰ ਕਰਦਾ ਰਹਿੰਦਾ ਹੈ। ਵੇਖਣ ਵਾਲਿਆਂ ਲਈ ਤਾਂ ਇਸ ਵਿਚ ਗ੍ਰਹਿਣ ਕਰਨ ਲਈ ਸਿੱਖਿਆਵਾਂ ਹਨ।
45਼ ਅੱਲਾਹ ਨੇ ਧਰਤੀ ’ਤੇ ਤੁਰਨ ਵਾਲੇ ਹਰ ਜੀਵ-ਜੰਤੂ ਨੂੰ ਪਾਣੀ ਤੋਂ ਹੀ ਪੈਦਾ ਕੀਤਾ ਹੈ ਉਹਨਾਂ ਵਿੱਚੋਂ ਕੋਈ ਤਾਂ ਆਪਣੇ ਢਿਡ ਪਰਨੇ ਰਿੜਦਾ ਹੈ ਕੁੱਝ ਦੋ ਪੈਰਾਂ ’ਤੇ ਤੁਰਦਾ ਹੈ ਅਤੇ ਕੋਈ ਚਾਰ ਪੈਰਾਂ ’ਤੇ ਤੁਰਦਾ ਹੈ। (ਭਾਵ) ਅੱਲਾਹ ਜਿਵੇਂ ਚਾਹਵੇ ਉਵੇਂ ਪੈਦਾ ਕਰਦਾ ਹੈ। ਨਿਰਸੰਦੇਹ, ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੈ।
46਼ ਬੇਸ਼ੱਕ ਅਸਾਂ ਰੌਸ਼ਨ ਰਾਹ ਵਿਖਾਉਣ ਵਾਲਿਆਂ ’ਤੇ ਸਪਸ਼ਟ ਆਇਤਾਂ (ਸਿੱਖਿਆਵਾਂ) ਉੱਤਾਰੀਆਂ ਹਨ, ਪਰ ਸਿੱਧੀ ਰਾਹ ਜਿਸ ਨੂੰ ਅੱਲਾਹ ਚਾਹਵੇ, ਉਸ ਨੂੰ ਵਿਖਾਉਂਦਾ ਹੈ।
47਼ ਅਤੇ ਉਹ (ਪਖੰਡੀ) ਲੋਕ ਆਖਦੇ ਹਨ ਕਿ ਅਸੀਂ ਅੱਲਾਹ ਅਤੇ ਉਸ ਦੇ ਰਸੂਲ ਉੱਤੇ ਈਮਾਨ ਲਿਆਏ ਅਤੇ ਤਾਬੇਦਾਰੀ ਕਬੂਲ ਕਰਦੇ ਹਾਂ, ਪਰ ਮਗਰੋਂ ਉਹਨਾਂ ਵਿੱਚੋਂ ਇਕ ਧੜ੍ਹਾ ਮੂੰਹ ਫੇਰ ਲੈਂਦਾ ਹੈ, ਅਜਿਹੇ ਲੋਕ ਈਮਾਨ ਵਾਲੇ ਨਹੀਂ।
48਼ ਜਦੋਂ ਉਹਨਾਂ ਨੂੰ ਇਸ ਗੱਲ ਲਈ ਬੁਲਾਇਆ ਜਾਂਦਾ ਹੈ ਕਿ ਅੱਲਾਹ ਅਤੇ ਉਸ ਦਾ ਰਸੂਲ (ਮੁਹੰਮਦ ਸ:) ਉਹਨਾਂ ਦੇ ਕਿਸੇ ਆਪਸੀ ਝਗੜੇ ਦਾ ਫ਼ੈਸਲਾ ਕਰਨ ਤਾਂ ਅਚਣਚੇਤ ਉਹਨਾਂ ਵਿੱਚੋਂ ਇਕ ਧਿਰ ਮੂੰਹ ਮੋੜ ਲੈਂਦੀ ਹੈ।
49਼ ਹਾਂ ਜੇ ਫ਼ੈਸਲਾ ਉਹਨਾਂ ਦੇ ਹੱਕ ਵਿਚ ਹੋਵੇ ਤਾਂ ਆਗਿਆਕਾਰੀ ਬਣਕੇ ਆ ਜਾਂਦੇ ਹਨ।
50਼ ਕੀ ਉਹਨਾਂ ਦੇ ਦਿਲਾਂ ਵਿਚ ਕੋਈ ਬੀਮਾਰੀ ਹੈ ਜਾਂ ਇਹ ਕਿਸੇ ਸੰਦੇਹ ਵਿਚ ਹਨ ਜਾਂ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਅੱਲਾਹ ਅਤੇ ਉਸ ਦਾ ਰਸੂਲ ਉਹਨਾਂ ਨਾਲ ਧੱਕਾ ਕਰਨਗੇ। ਜਦ ਕਿ ਇਹ ਲੋਕ ਤਾਂ ਆਪ ਹੀ ਜ਼ਾਲਿਮ ਹਨ।
51਼ ਈਮਾਨ ਵਾਲਿਆਂ ਦਾ ਹਾਲ ਤਾਂ ਇਹ ਹੈ ਕਿ ਜਦੋਂ ਉਹਨਾਂ ਨੂੰ ਅੱਲਾਹ ਤੇ ਉਸ ਦੇ ਰਸੂਲ ਵੱਲ ਸੱਦਿਆ ਜਾਂਦਾ ਹੈ ਤਾਂ ਜੋ ਰਸੂਲ ਉਹਨਾਂ ਦੇ ਕਿਸੇ ਝਗੜੇ ਦਾ ਫ਼ੈਸਲਾ ਕਰੇ ਤਾਂ ਉਹ ਆਖਦੇ ਹਨ ਕਿ ਅਸੀਂ ਸੁਣਿਆ ਅਤੇ ਸਵੀਕਾਰ ਵੀ ਕੀਤਾ। ਅਜਿਹੇ (ਆਗਿਆਕਾਰੀ) ਲੋਕ ਹੀ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।
52਼ ਜਿਹੜੇ ਵੀ ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਦੀ ਤਾਬੇਦਾਰੀ ਕਰਨਗੇ, ਅੱਲਾਹ ਦਾ ਡਰ-ਖ਼ੌਫ਼ (ਮਨਾਂ ਵਿਚ) ਰੱਖਣਗੇ ਅਤੇ ਉਸ ਦੇ ਹੁਕਮਾਂ ਦੀ ਉਲੰਘਨਾ ਤੋਂ ਬਚਣਗੇ ਉਹੀਓ (ਪਰਲੋਕ ਵਿਚ) ਕਾਮਯਾਬ ਹੋਣਗੇ।
53਼ ਇਹ (ਮੁਨਾਫ਼ਿਕ) ਅੱਲਾਹ ਦੇ ਨਾਂ ਦੀਆਂ ਪੱਕੀਆਂ ਕਸਮਾਂ ਚੁੱਕ-ਚੁੱਕ ਕੇ ਆਖਦੇ ਹਨ ਕਿ (ਹੇ ਨਬੀ!) ਜੇ ਤੁਸੀਂ ਹੁਕਮ ਦਿਓ ਤਾਂ ਅਸੀਂ ਅਵਸ਼ ਜਿਹਾਦ ਲਈ ਨਿਕਲਾਂਗੇ। (ਹੇ ਨਬੀ!) ਉਹਨਾਂ ਨੂੰ ਆਖੋ ਕਿ ਕਸਮਾਂ ਨਾ ਖਾਓ, ਤੁਹਾਡੀ ਆਗਿਆਕਾਰੀ ਦਾ ਪਤਾ ਹੈ, ਜੋ ਵੀ ਤੁਸੀਂ (ਪਾਖੰਡ) ਕਰ ਰਹੇ ਹੋ ਅੱਲਾਹ ਨੂੰ ਸਭ ਪਤਾ ਹੈ।
54਼ (ਹੇ ਨਬੀ!) ਉਹਨਾਂ ਨੂੰ ਕਹਿ ਦਿਓ ਕਿ ਅੱਲਾਹ ਦੇ ਹੁਕਮਾਂ ਦੀ ਪਾਲਣਾ ਕਰੋ ਤੇ ਉਸ ਦੇ ਰਸੂਲ (ਮੁਹੰਮਦ ਸ:) ਦੀ ਤਾਬੇਦਾਰੀ ਕਰੋ, ਪਰ ਜੇ ਤੁਸੀਂ ਮੂੰਹ ਮੋੜਦੇ ਹੋ (ਤਾਂ ਤੁਹਾਡੀ ਇੱਛਾ) ਰਸੂਲ ਦੇ ਜ਼ਿੰਮੇ ਤਾਂ ਉਹੀ ਹੈ ਜਿਹੜੇ ਕੰਮ ਦਾ ਉਸ ’ਤੇ ਭਾਰ ਰੱਖਿਆ ਗਿਆ ਹੈ। ਤੁਹਾਡੇ ਉੱਤੇ ਜਿਸ ਕੰਮ ਦਾ ਭਾਰ ਪਾਇਆ ਗਿਆ ਹੈ ਉਸ ਦੇ ਜ਼ਿੰਮੇਵਾਰ ਤੁਸੀਂ ਹੋ। ਹਿਦਾਹਿਤ ਤਾਂ ਉਸ ਸਮੇਂ ਹੀ ਮਿਲੇਗੀ ਜਦੋਂ ਰਸੂਲ ਦੀ ਤਾਬੇਦਾਰੀ ਕਰੋਗੇ। ਰਸੂਲ ਦੇ ਜ਼ਿੰਮੇ ਤਾਂ ਕੇਵਲ (ਅੱਲਾਹ ਦੇ ਹੁਕਮਾਂ ਨੂੂੰ ਲੋਕਾਂ ਤੀਕ ਵਿਸਥਾਰ ਨਾਲ) ਪਹੁੰਚਾਣਾ ਹੈ।
55਼ ਅੱਲਾਹ ਨੇ ਤੁਹਾਡੇ ਵਿੱਚੋਂ ਉਹਨਾਂ ਲੋਕਾਂ ਨੂੰ ਵਚਨ ਦਿੱਤਾ ਹੈ, ਜਿਹੜੇ ਈਮਾਨ ਲਿਆਏ ਹਨ ਅਤੇ ਨੇਕ ਕੰਮ ਕਰਦੇ ਹਨ, ਕਿ ਉਹਨਾਂ ਨੂੰ ਜ਼ਰੂਰ ਹੀ ਇਸ ਧਰਤੀ ਦੀ ਹਕੂਮਤ ਮਿਲੇਗੀ, ਜਿਵੇਂ ਕਿ ਉਸ ਨੇ ਇਹਨਾਂ ਤੋਂ ਪਹਿਲੇ ਲੋਕਾਂ ਨੂੰ ਖ਼ਲੀਫ਼ਾ (ਹਾਕਮ) ਬਣਾਇਆ ਸੀ। ਉਹਨਾਂ ਲਈ ਇਸ ਧਰਮ (ਇਸਲਾਮ) ਨੂੰ ਪੱਕੀਆਂ ਨੀਹਾਂ ’ਤੇ ਜਮਾਂ ਦੇਵੇਗਾ ਜਿਸ ਨੂੰ ਅੱਲਾਹ ਨੇ ਉਹਨਾਂ ਲਈ ਪਸੰਦ ਕੀਤਾ ਹੈ ਅਤੇ ਉਹਨਾਂ ਦੇ ਡਰ-ਖ਼ੌਫ਼ ਨੂੰ ਅਮਨ ਸ਼ਾਂਤੀ ਵਿਚ ਬਦਲ ਦੇਵੇਗਾ। ਬਸ ਉਹ ਮੇਰੀ ਬੰਦਗੀ ਕਰਨਗੇ ਅਤੇ ਮੇਰੇ ਸੰਗ ਕਿਸੇ ਨੂੰ (ਬੰਦਗੀ ਵਿਚ) ਸ਼ਰੀਕ ਨਹੀਂ ਕਰਨਗੇ। ਜੇ ਕੋਈ ਇਸ ਤੋਂ ਬਾਅਦ ਵੀ ਨਾ-ਸ਼ੁਕਰੀ ਕਰੇ, ਫੇਰ ਉਹ ਫ਼ਾਸਿਕ (ਝੂਠੇ ਲੋਕ) ਹਨ।
وَأَقِيمُواْ ٱلصَّلَوٰةَ وَءَاتُواْ ٱلزَّكَوٰةَ وَأَطِيعُواْ ٱلرَّسُولَ لَعَلَّكُمۡ تُرۡحَمُونَ [٥٦]
56਼ ਤੁਸੀਂ ਨਮਾਜ਼ ਨੂੰ ਕਾਇਮ ਰੱਖੋ, ਜ਼ਕਾਤ ਅਦਾ ਕਰੋ ਅਤੇ ਰਸੂਲ ਦੀ ਤਾਬੇਦਾਰੀ ਕਰੋ ਤਾਂ ਜੋ ਤੁਹਾਡੇ ’ਤੇ ਮਿਹਰਾਂ ਹੁੰਦੀਆਂ ਰਹਿਣ।
57਼ (ਹੇ ਨਬੀ ਸ:!) ਕਾਫ਼ਿਰਾਂ ਬਾਰੇ ਆਪਣੇ ਮਨ ਵਿਚ ਕਦੇ ਵੀ ਇਹ ਖ਼ਿਆਲ ਨਹੀਂ ਲਿਆਉਣਾ ਕਿ ਉਹ (ਇਨਕਾਰੀ) ਲੋਕ ਧਰਤੀ ’ਤੇ ਅੱਲਾਹ ਨੂੰ ਆਜਿਜ਼ (ਬੇਵਸ) ਕਰ ਦੇਣਗੇ। ਉਹਨਾਂ ਦਾ ਅਸਲੀ ਟਿਕਾਣਾ ਤਾਂ ਨਰਕ ਹੈ, ਜਿਹੜੀ ਬਹੁਤ ਹੀ ਭੈੜੀ ਥਾਂ ਹੈ।
58਼ ਹੇ ਈਮਾਨ ਵਾਲਿਓ! ਤੁਹਾਡੇ ਆਪਣੇ ਗ਼ੁਲਾਮ, ਗੋਲੀਆਂ ਅਤੇ ਉਹਨਾਂ ਨੂੰ ਵੀ ਜਿਹੜੇ ਅਜੇ ਬਾਲਿਗ਼ ਨਹੀਂ ਹੋਏ ਤਿੰਨ ਸਮਿਆਂ ਵਿਚ, ਫ਼ਜਰ ਦੀ ਨਮਾਜ਼ ਤੋਂ ਪਹਿਲਾਂ, ਦੁਪਹਿਰ ਵੇਲੇ ਜਦੋਂ ਕਿ ਤੁਸੀਂ ਕੱਪੜੇ ਲਾਹ ਕੇ ਰੱਖ ਦਿੰਦੇ ਹੋ ਅਤੇ ਇਸ਼ਾ ਦੀ ਨਮਾਜ਼ ਮਗਰੋਂ ਆਗਿਆ ਲੈ ਕੇ ਤੁਹਾਡੇ ਕੋਲ ਆਇਆ ਕਰਨ। ਇਹ ਤਿੰਨੋ ਸਮੇਂ ਤੁਹਾਡੇ ਲਈ ਪੜਦੇ ਦੇ ਸਮੇਂ ਹਨ। ਇਹਨਾਂ ਸਮਿਆਂ ਤੋਂ ਛੁੱਟ (ਜੇ ਆਉਣ) ਤਾਂ ਨਾ ਤੁਹਾਡੇ ਲਈ ਨਾ ਉਹਨਾਂ ਲਈ ਕੋਈ ਹਰਜ ਵਾਲੀ ਗੱਲ ਹੈ। ਤੁਸੀਂ ਸਾਰੇ ਆਪਸ ਵਿਚ ਇਕ ਦੂਜੇ ਕੋਲ ਘੜੀ-ਮੁੜੀ ਆਉਣ ਜਾਣ ਵਾਲੇ ਹੋ। ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਆਪਣੇ ਆਦੇਸ਼ਾਂ ਨੂੰ ਸਪਸ਼ਟ ਕਰਦਾ ਹੈ। ਅੱਲਾਹ ਪੂਰਨ ਗਿਆਨ ਵਾਲਾ ਤੇ ਹਿਕਮਤਾਂ ਵਾਲਾ (ਯੁਕਤੀਮਾਨ) ਹੈ।
59਼ ਇਸੇ ਪ੍ਰਕਾਰ ਜਦੋਂ ਤੁਹਾਡੇ ਆਪਣੇ ਬੱਚੇ ਵੀ ਬਾਲਗ ਹੋ ਜਾਣ ਤਾਂ ਜਿਵੇਂ ਉਹਨਾਂ ਦੇ ਸਿਆਣੇ ਆਗਿਆ ਲੈਕੇ ਆਉਂਦੇ ਹਨ ਉਹਨਾਂ ਨੂੰ ਵੀ ਆਗਿਆ ਲੈਕੇ ਹੀ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਅੱਲਾਹ ਆਪਣੀ ਆਇਤਾਂ (ਹੁਕਮ) ਤੁਹਾਡੇ ਅੱਗੇ ਬਿਆਨ ਕਰਦਾ ਹੈ। ਅੱਲਾਹ ਹੀ ਜਾਣਨਹਾਰ ਤੇ ਹਿਕਮਤਾਂ ਵਾਲਾ ਹੈ।
60਼ ਜਿਹੜੀਆਂ ਇਸਤਰੀਆਂ ਬ੍ਰਿਧ ਹੋ ਜਾਣ, ਵਿਆਹ ਦੀ ਆਸ ਨਾ ਰੱਖਦੀਆਂ ਹੋਣ, ਜੇਕਰ ਉਹ ਆਪਣੇ (ਪੜਦੇ ਵਾਲੇ) ਕੱਪੜੇ (ਚੱਦਰਾਂ, ਬੁਰਕਾ ਆਦਿ) ਉਤਾਰ ਦੇਣ ਤਾਂ ਕੋਈ ਗੁਨਾਹ ਨਹੀਂ ਸ਼ਰਤ ਇਹ ਹੈ ਕਿ ਉਹ ਆਪਣੇ ਹਾਰ ਸ਼ਿੰਗਾਰ ਦਾ ਪ੍ਰਗਟਾਵਾ ਕਰਨ ਵਾਲੀਆਂ ਨਾ ਹੋਣ, ਜੇ ਇਹ (ਬ੍ਰਿਧ ਔਰਤਾਂ) ਇਹਨਾਂ ਗੱਲਾਂ ਤੋਂ ਬੱਚ ਕੇ ਰਹਿਣ ਤਾਂ ਉਹਨਾਂ ਲਈ ਵਧੇਰੇ ਚੰਗਾ ਹੈ। ਅੱਲਾਹ ਸਭ ਕੁੱਝ ਸੁਣਦਾ ਤੇ ਜਾਣਦਾ ਹੈ।
61਼ ਨਾ ਹੀ ਕਿਸੇ ਅੰਨ੍ਹੇ ਲਈ ਜਾਂ ਲੰਗੜੇ ਲਈ ਜਾਂ ਬੀਮਾਰ ਲਈ ਅਤੇ ਨਾ ਹੀ ਤੁਹਾਡੇ ਲਈ ਕੋਈ ਹਰਜ ਦੀ ਗੱਲ ਨਹੀਂ ਕਿ ਭਾਵੇਂ ਤੁਸੀਂ ਆਪਣੇ ਘਰਾਂ ਵਿਚ ਖਾਓ ਜਾ ਆਪਣੇ ਪਿਤਾ ਦੇ ਘਰੋਂ ਜਾਂ ਅਪਾਣੀ ਮਾਤਾ ਦੇ ਘਰੋਂ ਜਾਂ ਆਪਣੇ ਭਰਾਵਾਂ ਦੇ ਘਰੋਂ ਜਾਂ ਭੈਣ ਦੇ ਘਰੋਂ ਜਾਂ ਚਾਚੇ ਤਾਏ ਦੇ ਘਰੋਂ ਜਾਂ ਆਪਣੀ ਭੂਆ ਜਾਂ ਮਾਮੇ ਜਾਂ ਮਾਸੀ ਦੇ ਘਰੋਂ ਜਾਂ ਉਹਨਾਂ ਘਰਾਂ ਵਿੱਚੋਂ ਜਿਨ੍ਹਾਂ ਦੀਆਂ ਕੁੰਜੀਆਂ ਤੁਹਾਡੇ ਕੋਲ ਹਨ ਜਾਂ ਅਪਣੇ ਮਿਤਰਾਂ ਦੇ ਘਰੋਂ ਖਾਓ। ਤੁਹਾਡੇ ਲਈ ਇਸ ਵਿਚ ਵੀ ਕੋਈ ਹਰਜ ਨਹੀਂ ਭਾਵੇਂ ਰਲ ਮਿਲਕੇ (ਇਕੋ ਭਾਂਡੇ ਵਿਚ) ਖਾਓ ਜਾਂ ਅੱਡ-ਅੱਡ ਖਾਓ। ਜਦੋਂ ਤੁਸੀਂ ਆਪਣੇ ਘਰਾਂ ਵਿਚ ਜਾਓ ਤਾਂ ਆਪਣੇ ਘਰ ਵਾਲਿਆਂ ਨੂੰ ਸਲਾਮ ਕਰ ਲਿਆ ਕਰੋ, ਇਹ ਅੱਲਾਹ ਵੱਲੋਂ ਨਾਜ਼ਿਲ ਕੀਤੀ ਹੋਈ ਖ਼ੈਰੋ-ਬਰਕਤ (ਭਲਾਈ) ਦੀ ਦੁਆ ਹੈ। ਇੰਜ ਹੀ ਅੱਲਾਹ ਤੁਹਾਡੇ ਸਮਝਣ ਲਈ ਆਪਣੀਆਂ ਆਇਤਾਂ (ਆਦੇਸ਼) ਖੋਲ੍ਹ-ਖੋਲ੍ਹ ਕੇ ਬਿਆਨ ਕਰ ਰਿਹਾ ਹੈ।
62਼ ਈਮਾਨ ਵਾਲੇ ਲੋਕ ਤਾਂ ਉਹ ਹਨ ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ’ਤੇ ਈਮਾਨ ਲਿਆਏ ਅਤੇ ਜਦੋਂ ਉਹ ਕਿਸੇ ਸਮੂਹਿਕ ਕਾਰਜ ਵਿਚ ਰਸੂਲ (ਸ:) ਦੇ ਸਾਥ ਹੁੰਦੇ ਹਨ ਤਾਂ ਬਿਨਾਂ ਤੁਹਾਡੀ ਆਗਿਆ ਤੋਂ ਉਥਿੱਓਂ ਨਹੀਂ ਜਾਂਦੇ। (ਹੇ ਨਬੀ!) ਜਿਹੜੇ ਲੋਕ ਤੁਹਾਥੋਂ ਇਜਾਜ਼ਤ ਮੰਗਦੇ ਹਨ ਇਹੋ ਉਹ ਲੋਕ ਹਨ ਜਿਹੜੇ ਅੱਲਾਹ ਅਤੇ ਰਸੂਲ ਉੱਤੇ ਈਮਾਨ ਲਿਆ ਚੁੱਕੇ ਹਨ। ਸੋ ਜਦੋਂ ਉਹ (ਈਮਾਨ ਵਾਲੇ) ਤੁਹਾਥੋਂ ਕਿਸੇ ਕੰਮ ਲਈ ਆਗਿਆ ਮੰਗਣ ਤਾਂ ਤੁਸੀਂ ਉਹਨਾਂ ਵਿੱਚੋਂ ਜਿਸ ਨੂੰ ਚਾਹੋ ਆਗਿਆ ਦੇ ਦਿਓ ਅਤੇ ਉਹਨਾਂ ਲਈ ਅੱਲਾਹ ਤੋਂ ਬਖ਼ਸ਼ਿਸ਼ ਦੀਆਂ ਦੁਆ ਮੰਗਿਆ ਕਰੋ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਹੈ ਤੇ ਮਿਹਰਬਾਨ ਹੈ।
63਼ (ਹੇ ਮੁਸਲਮਾਨੋ!) ਤੁਸੀਂ ਰਸੂਲ ਸ: ਦੇ ਬੁਲਾਵੇ ਨੂੰ ਆਪੋ ਵਿਚ ਇਕ ਦੂਜੇ ਦੇ ਬੁਲਾਵੇ ਵਾਂਗ ਨਾ ਸਮਝ ਬੈਠੋ। ਅੱਲਾਹ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜਿਹੜੇ ਤੁਹਾਡੇ ਵਿੱਚੋਂ ਅੱਖ ਬਚਾ ਕੇ ਖਿਸਕ ਜਾਂਦੇ ਹਨ। ਸੋ ਜਿਹੜੇ ਲੋਕੀ ਰਸੂਲ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਨ, ਉਹਨਾਂ ਨੂੰ ਡਰਨਾ ਚਾਹੀਦਾ ਹੈ ਕਿ ਉਹ ਕਿਸੇ ਅਜ਼ਮਾਇਸ਼ ਵਿਚ ਨਾ ਫਸ ਜਾਣ ਜਾਂ ਉਹਨਾਂ ਉੱਤੇ ਕੋਈ ਦਰਦਨਾਕ ਅਜ਼ਾਬ ਨਾ ਆ ਜਾਵੇ।
64਼ ਖ਼ਬਰਦਾਰ! ਅਕਾਸ਼ ਤੇ ਧਰਤੀ ਵਿਚ ਜੋ ਵੀ ਹੈ ਉਹ ਸਭ ਅੱਲਾਹ ਦਾ ਹੈ। ਜਿਸ ਰਾਹ ’ਤੇ ਤੁਸੀਂ ਚੱਲ ਰਹੇ ਹੋ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਜਿਸ ਦਿਨ ਉਹ ਉਸ ਵੱਲ ਪਰਤਾਏ ਜਾਣਗੇ ਉਸ ਦਿਨ ਉਹ (ਅੱਲਾਹ) ਉਹਨਾਂ ਦੇ ਕੀਤੇ ਕੰਮਾਂ ਬਾਰੇ ਦੱਸੇਗਾ। ਅੱਲਾਹ ਹਰ ਸ਼ੈਅ ਨੂੰ ਚੰਗੀ ਤਰ੍ਹਾਂ ਜਾਣਦਾ ਹੈ।