The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe Poets [Ash-Shuara] - Bunjabi translation
Surah The Poets [Ash-Shuara] Ayah 227 Location Maccah Number 26
1਼ ਤਾ, ਸੀਨ, ਮੀਮ।
2਼ ਇਹ ਰੌਸ਼ਨ ਕਿਤਾਬ ਦੀਆਂ ਆਇਤਾਂ ਹਨ।
3਼ (ਹੇ ਨਬੀ!) ਸ਼ਾਇਦ ਇਸ ਚਿੰਤਾ ਵਿਚ ਕਿ ਉਹ (ਮੱਕੇ ਦੇ) ਲੋਕ ਈਮਾਨ ਨਹੀਂ ਲਿਆਉਂਦੇ, ਤੁਸੀਂ ਆਪਣੇ ਆਪ ਨੂੰ ਹਲਾਕ ਹੀ ਨਾ ਕਰ ਦਿਓ।
4਼ ਜੇ ਅਸੀਂ ਚਾਹੀਏ ਤਾਂ ਅਕਾਸ਼ ਤੋਂ ਕੋਈ ਅਜਿਹੀ ਨਿਸ਼ਾਨੀ ਉਤਾਰ ਸਕਦੇ ਹਾਂ ਜਿਸ ਅੱਗੇ ਉਹਨਾਂ ਦੀਆਂ ਗਰਦਨਾਂ ਨੀਵੀਆਂ ਹੋ ਜਾਣ।
5਼ ਜਦੋਂ ਵੀ (ਉਹਨਾਂ ਲੋਕਾਂ ਕੋਲ) ਰਹਿਮਾਨ ਵੱਲੋਂ ਕੋਈ ਨਵੀਂ ਨਸੀਹਤ ਆਉਂਦੀ ਹੈ ਤਾਂ ਉਹ ਉਸ ਤੋਂ ਮੂੰਹ ਮੋੜ ਲੈਂਦੇ ਹਨ।
6਼ ਉਹਨਾਂ ਲੋਕਾਂ ਨੇ ਇਸ (.ਕੁਰਆਨ) ਨੂੰ ਝੁਠਲਾਇਆ ਹੈ, ਹੁਣ ਛੇਤੀ ਹੀ ਉਹਨਾਂ ਨੂੰ ਪਤਾ ਲੱਗ ਜਾਵੇਗਾ (ਕਿ ਉਹ ਕੀ ਹੈ) ਜਿਸ ਦੀ ਇਹ ਖਿੱਲੀ ਉੜਾਉਂਦੇ ਹਨ।
7਼ ਕੀ ਉਹਨਾਂ ਨੇ ਧਰਤੀ ਵੱਲ (ਗੌਹ ਨਾਲ) ਨਹੀਂ ਵੇਖਿਆ ਕਿ ਅਸੀਂ ਇਸ ਵਿਚ ਕਿੰਨੀਆਂ ਵਧੀਆ-ਵਧੀਆ ਚੀਜ਼ਾਂ ਉਗਾਈਆਂ ਹਨ।
8਼ ਬੇਸ਼ੱਕ ਇਸ ਵਿਚ (ਅੱਲਾਹ ਦੀ) ਨਿਸ਼ਾਨੀ ਹੈ (ਪਰ ਫੇਰ ਵੀ) ਉਹਨਾਂ ਵਿੱਚੋਂ ਬਹੁਤੇ ਲੋਕ ਨਹੀਂ ਮੰਨਦੇ (ਈਮਾਨ ਨਹੀਂ ਲਿਆਉਂਦੇ)।
9਼ (ਹੇ ਮੁਹੰਮਦ!) ਬੇਸ਼ੱਕ ਤੇਰਾ ਰੱਬ ਡਾਢਾ ਜ਼ੋਰਾਵਰ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
10਼ (ਅਤੇ ਉਸ ਵੇਲੇ ਨੂੰ ਯਾਦ ਕਰੋ) ਜਦੋਂ ਤੁਹਾਡੇ ਰੱਬ ਨੇ ਮੂਸਾ ਨੂੰ ਆਵਾਜ਼ ਦਿੱਤੀ ਸੀ ਕਿ ਜ਼ਾਲਮ ਕੌਮ ਵੱਲ ਜਾ।
11਼ ਭਾਵ ਫ਼ਿਰਔਨ ਦੀ ਕੌਮ ਕੋਲ (ਜਾ) ਕੀ ਉਹ ਰਬ ਤੋਂ ਡਰਦੇ ਨਹੀਂ ?
12਼ ਮੂਸਾ ਨੇ ਕਿਹਾ ਕਿ ਮੇਰੇ ਰੱਬਾ! ਮੈਂ ਇਸ ਗੱਲ ਤੋਂ ਡਰਦਾ ਹਾਂ ਕਿ ਉਹ ਮੈਨੂੰ ਝੁਠਲਾ ਦੇਣਗੇ।
13਼ ਮੇਰਾ ਦਮ ਘੁਟ ਰਿਹਾ ਹੈ ਤੇ ਨਾ ਹੀ ਮੈਥੋਂ ਚੰਗੀ ਤਰ੍ਹਾਂ ਬੋਲਿਆ ਜਾਂਦਾ ਹੈ। ਤੂੰ ਹਾਰੂਨ ਨੂੰ ਹੁਕਮ ਦੇ ਕਿ ਉਹ ਮੇਰੇ ਨਾਲ ਫ਼ਿਰਔਨ ਕੋਲ ਜਾਵੇ।
14਼ ਮੇਰੇ ਸਿਰ ਉਹਨਾਂ ਵੱਲੋਂ ਇਕ ਅਪਰਾਧ ਦਾ ਦੋਸ਼ ਵੀ ਹੈ, ਮੈਨੂੰ ਡਰ ਹੈ ਕਿ ਕਿਤੇ ਮੈਨੂੰ ਉਹ ਕਤਲ ਹੀ ਨਾ ਕਰ ਦੇਣ।
15਼ ਅੱਲਾਹ ਨੇ ਆਖਿਆ ਕਿ ਉੱਕਾ ਨਹੀਂ (ਘਬਰਾਉਣਾ), ਤੁਸੀਂ ਦੋਵੇਂ (ਮੂਸਾ ਤੇ ਹਾਰੂਨ) ਮੇਰੀਆਂ ਨਿਸ਼ਾਨੀਆਂ ਲੈ ਕੇ ਜਾਓ। ਅਸਾਂ ਤੁਹਾਡੇ ਅੰਗ-ਸੰਗ ਸਭ ਕੁੱਝ ਸੁਣਦੇ ਹਾਂ।
16਼ ਸੋ ਤੁਸੀਂ ਫ਼ਿਰਔਨ ਕੋਲ ਜਾਓ ਅਤੇ ਆਖੋ ਕਿ ਅਸੀਂ ਸਾਰੇ ਜਹਾਨਾਂ ਦੇ ਰੱਬ ਦੇ ਰਸੂਲ ਹਾਂ।
17਼ (ਅਤੇ ਆਖੋ ਕਿ) ਬਨੀ-ਇਸਰਾਈਲ ਨੂੰ ਸਾਡੇ ਨਾਲ ਜਾਣ (ਲਈ ਅਜ਼ਾਦ ਕਰ) ਦੇ
18਼ ਫ਼ਿਰਔਨ ਨੇ (ਮੂਸਾ ਨੂੰ) ਕਿਹਾ ਕੀ ਅਸੀਂ ਤੈਨੂੰ ਨਿੱਕੇ ਹੁੰਦੇ ਆਪਣੇ ਵਿਚਾਲੇ ਪਾਲਿਆ-ਪੋਸਿਆ ਨਹੀਂ ਸੀ? ਅਤੇ ਤੂੰ ਆਪਣੀ ਉਮਰ ਦੇ ਕਈ ਵਰ੍ਹੇ ਸਾਡੇ ਵਿਚ ਨਹੀਂ ਸੀ ਲੰਘਾਏ ?
19਼ ਫੇਰ ਤੂੰ ਉਹ ਕੰਮ ਕਰ ਗਿਆ (ਭਾਵ ਇਕ ਬੰਦੇ ਨੂੰ ਕਤਲ ਕੀਤਾ) ਜਿਹੜਾ ਤੂੰ ਕਰਨਾ ਸੀ। ਤੂੰ ਤਾਂ ਇਕ ਨਾ-ਸ਼ੁਕਰਾ ਵਿਅਕਤੀ ਹੈ।
20਼ ਮੂਸਾ ਨੇ ਉੱਤਰ ਦਿੱਤਾ ਕਿ ਮੈਥੋਂ ਉਹ (ਕਤਲ) ਉਸ ਸਮੇਂ ਹੋਇਆ ਸੀ, ਜਦੋਂ ਮੈਂ ਰਾਹ ਭੁੱਲੇ ਹੋਏ ਲੋਕਾਂ ਵਿੱਚੋਂ ਸੀ।
21਼ ਅਤੇ ਮੈਂ ਤੁਹਾਡੇ ਡਰ ਕਾਰਨ ਤੁਹਾਡੇ ਕੋਲੋਂ ਨੱਸ ਗਿਆ ਸੀ, ਫੇਰ ਮੇਰੇ ਰੱਬ ਨੇ ਮੈਨੂੰ ਆਦੇਸ਼ ਤੇ ਗਿਆਨ ਨਾਲ ਬਖ਼ਸ਼ਿਆ ਅਤੇ ਮੈਨੂੰ ਪੈਗ਼ੰਬਰਾਂ ਵਿਚ ਸ਼ਾਮਲ ਕਰ ਲਿਆ।
22਼ ਕੀ ਮੇਰੇ ਉੱਤੇ ਤੇਰਾ ਇਹੋ ਅਹਿਸਾਨ ਹੈ, ਜਿਸ ਨੂੰ ਤੂੰ ਜਤਾ ਰਿਹਾ ਹੈ? (ਜਦ ਕਿ) ਬਨੀ-ਇਸਰਾਈਲ (ਮੇਰੀ ਕੌਮ) ਨੂੰ ਤੂੰ ਗ਼ੁਲਾਮ ਬਣਾ ਛੱਡਿਆ ਹੈ।
23਼ ਫ਼ਿਰਔਨ ਨੇ ਕਿਹਾ ਕਿ ਸਾਰੇ ਜਹਾਨਾਂ ਦਾ ਪਾਲਣਹਾਰ ਕੀ (ਚੀਜ਼) ਹੈ?
24਼ ਮੂਸਾ ਨੇ ਉੱਤਰ ਵਿਚ ਕਿਹਾ ਕਿ ਉਹ ਅਕਾਸ਼ ਤੇ ਧਰਤੀ ਵਿਚਾਲੇ ਹਰੇਕ ਚੀਜ਼ ਦਾ ਮਾਲਿਕ ਹੈ, ਜੇਕਰ ਤੁਸੀਂ ਵਿਸ਼ਵਾਸ ਕਰਨ ਵਾਲੇ ਹੋ ਤਾਂ ਕਰ ਲਓ)।
25਼ ਫ਼ਿਰਔਨ ਨੇ ਆਪਣੇ ਆਲੇ-ਦੁਆਲੇ ਬੈਠੇ ਲੋਕਾਂ ਨੂੰ ਕਿਹਾ ਕਿ ਕੀ ਤੁਸੀਂ ਸੁਣ ਰਹੇ ਹੋ (ਮੂਸਾ ਕੀ ਕਹਿ ਰਿਹਾ ਹੈ)?
26਼ (ਮੂਸਾ ਨੇ ਹੋਰ) ਕਿਹਾ ਕਿ ਉਹ ਤੇਰਾ ਵੀ ਰੱਬ ਹੈ ਅਤੇ ਤੇਰੇ ਪਿਓ ਦਾਦਿਆਂ ਤੋਂ ਵੀ ਪਹਿਿਲਆਂ ਦਾ ਰੱਬ ਹੈ।
27਼ (ਫ਼ਿਰਔਨ ਨੇ) ਦਰਬਾਰੀਆਂ ਨੂੰ ਕਿਹਾ ਕਿ ਇਹ ਪੈਗ਼ੰਬਰ ਜਿਹੜਾ ਤੁਹਾਡੇ ਵੱਲ ਭੇਜਿਆ ਗਿਆ ਹੈ ਇਹ ਤਾਂ ਝੱਲਾ ਲੱਗਦਾ ਹੈ।
28਼ (ਮੂਸਾ ਨੇ) ਕਿਹਾ ਕਿ (ਹੇ ਫ਼ਿਰਔਨ!) ਉਹੀਓ ਪੂਰਬ ਤੇ ਪੱਛਮ ਦਾ ਅਤੇ ਉਹਨਾਂ ਵਿਚਾਲੇ ਸਾਰੀਆਂ ਵਸਤੂਆਂ ਦਾ ਮਾਲਿਕ ਹੈ (ਸਮਝੋ) ਜੇ ਤੁਸੀਂ ਅਕਲ ਵਾਲੇ ਹੋ।
29਼ ਉਸ (ਫ਼ਿਰਔਨ) ਨੇ (ਮੂਸਾ ਨੂੰ) ਧਮਕਾਉਂਦੇ ਹੋਏ ਕਿਹਾ ਕਿ ਜੇ ਤੂੰ ਮੈਥੋਂ ਛੁੱਟ ਕਿਸੇ ਹੋਰ ਨੂੰ ਇਸ਼ਟ ਬਣਾਇਆ ਤਾਂ ਮੈਂ ਤੈਨੂੰ ਕੈਦੀਆਂ ਵਿਚ ਸ਼ਾਮਲ ਕਰ ਦਿਆਂਗਾ।
30਼ (ਮੂਸਾ) ਨੇ ਕਿਹਾ ਕਿ ਜੇ ਮੈਂ ਤੇਰੇ ਸਾਹਮਣੇ (ਆਪਣੇ ਰਸੂਲ ਹੋਣ ਦੀ) ਕੋਈ ਸਪਸ਼ਟ ਨਿਸ਼ਾਨੀ ਲੈ ਆਵਾਂ, ਕੀ ਫੇਰ ਵੀ (ਕੈਦ ਕਰੋਗੇ)?
31਼ ਕਿਹਾ (ਫ਼ਿਰਔਨ ਨੇ) ਕਿ ਜੇ ਤੂੰ ਸੱਚਾ ਹੈ ਤਾਂ ਮੈਨੂੰ ਉਸ (ਨਿਸ਼ਾਨੀ) ਨੂੰ ਵਿਖਾ।
32਼ ਮੂਸਾ ਨੇ (ਉਸੇ ਵੇਲੇ ਧਰਤੀ ’ਤੇ) ਆਪਣੀ ਲਾਠੀ ਸੁੱਟ ਦਿੱਤੀ ਜਿਹੜੀ ਅਚਣਚੇਤ ਇਕ ਸੱਪ ਦੇ ਰੂਪ ਵਿਚ ਆ ਗਈ।
33਼ ਅਤੇ ਜਦੋਂ ਆਪਣਾ ਹੱਥ (ਬਗ਼ਲੋਂ) ਕੱਢਿਆ ਤਾਂ ਦਰਸ਼ਕਾਂ ਨੂੰ ਉਹ ਉਸੇ ਵੇਲੇ ਲਿਸ਼ਕਾਰੇ ਮਾਰਦਾ ਹੋਇਆ ਵਿਖਾਈ ਦੇਣ ਲੱਗ ਪਿਆ।
34਼ ਫ਼ਿਰਔਨ ਆਪਣੇ ਆਲੇ-ਦੁਆਲੇ ਬੈਠੇ ਸਰਦਾਰਾਂ ਨੂੰ ਕਹਿਣ ਲੱਗਿਆ ਕਿ ਇਹ ਤਾਂ ਕੋਈ ਬਹੁਤ ਵੱਡਾ ਜਾਦੂਗਰ ਹੈ।
35਼ ਉਹ ਆਪਣੇ ਜਾਦੂ ਦੇ ਜ਼ੋਰ ਨਾਲ ਤੁਹਾਨੂੰ ਤੁਹਾਡੀ ਧਰਤੀ (ਦੇਸ) ’ਚੋਂ ਕੱਢ ਦੇਣਾ ਚਾਹੁੰਦਾ ਹੈ, ਹੁਣ ਦੱਸੋ ਮੈਨੂੰ ਕੀ ਹੁਕਮ ਹੈ?
36਼ ਉਹਨਾਂ ਸਭ ਨੇ ਕਿਹਾ ਕਿ ਤੁਸੀਂ ਇਸ (ਮੂਸਾ) ਨੂੰ ਅਤੇ ਇਸ ਦੇ ਭਰਾ (ਹਾਰੂਨ) ਨੂੰ ਰੋਕੇ ਰੱਖੋ ਅਤੇ ਸਾਰੇ ਸ਼ਹਿਰਾਂ ਵਿਚ ਹਰਕਾਰੇ ਭੇਜ ਦਿਓ।
37਼ ਜਿਹੜੇ ਤੁਹਾਡੇ ਕੋਲ ਮਾਹਿਰ ਜਾਦੂਗਰਾਂ ਨੂੰ ਲਿਆਉਣ।
38਼ ਫੇਰ ਇਕ ਨਿਸ਼ਚਿਤ ਦਿਨ ਸਾਰੇ ਹੀ ਜਾਦੂਗਰ ਇਕੱਠਾ ਕੀਤੇ ਗਏ।
39਼ ਅਤੇ ਆਮ ਲੋਕਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਸਾਰੇ ਵੀ ਆਈਓ।
40਼ ਤਾਂ ਜੋ ਜੇ ਜਾਦੂਗਰ ਕਾਮਯਾਬ ਹੋ ਜਾਣ ਤਾਂ ਅਸੀਂ ਉਹਨਾਂ ਦੀ ਪੈਰਵੀਂ ਕਰੀਏ।
41਼ ਜਾਦੂਗਰਾਂ ਨੇ ਫ਼ਿਰਔਨ ਨੂੰ ਆਖਿਆ ਕਿ ਜੇ ਅਸੀਂ ਜਿੱਤ ਗਏ ਤਾਂ ਸਾਨੂੰ ਇਨਾਮ ਕੀ ਮਿਲੇਗਾ?
42਼ ਕਿਹਾ (ਫ਼ਿਰਔਨ ਨੇ) ਹਾਂ! ਅਜਿਹੀ ਹਾਲਤ ਵਿਚ ਤੁਸੀਂ ਮੇਰੇ ਖ਼ਾਸ ਦਰਬਾਰੀਆਂ ਵਿੱਚੋਂ ਹੋਵੋਂਗੇ।
43਼ ਉਹਨਾਂ (ਜਾਦੂਗਰਾਂ) ਨੇ ਮੂਸਾ ਨੂੰ ਕਿਹਾ ਕਿ ਕਰੋ ਜੋ ਤੁਸੀਂ ਕਰਨਾ ਹੈ।
44਼ ਉਹਨਾਂ (ਜਾਦੂਗਰਾਂ) ਨੇ ਆਪਣੀਆਂ ਰੱਸੀਆਂ ਤੇ ਸੋਟੀਆਂ (ਜਾਦੂ ਲਈ) ਧਰਤੀ ’ਤੇ ਸੁੱਟ ਦਿੱਤੀਆਂ ਅਤੇ ਆਖਣ ਲੱਗੇ ਕਿ ਫ਼ਿਰਔਨ ਦੀ ਇੱਜ਼ਤ ਦੀ ਕਸਮ ਅਸੀਂ ਹੀ ਕਾਮਯਾਬ ਹੋਵਾਂਗੇ।
45਼ ਹੁਣ (ਮੂਸਾ ਨੇ ਵੀ ਆਪਣੀ ਸੋਟੀ ਮੈਦਾਨ ਵਿਚ ਸੁੱਟੀ ਜਿਸ ਨੇ ਉਸੇ ਵੇਲੇ ਉਹਨਾਂ (ਜਾਦੂਗਰਾਂ) ਦੇ ਝੂਠੇ ਕਰਤਬਾਂ ਨੂੰ ਨਿਗਲਣਾ ਸ਼ੁਰੂ ਕਰ ਦਿੱਤਾ।
46਼ ਇਹ ਵੇਖਦੇ ਹੀ ਜਾਦੂਗਰ ਬੇਕਾਬੂ ਹੋਕੇ ਸਿਜਦੇ ਵਿਚ ਡਿਗ ਪਏ।
47਼ ਅਤੇ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਤਾਂ ਜਿਹੜਾ ਸਾਰੇ ਹੀ ਜਹਾਨਾਂ ਦਾ ਰੱਬ ਹੈ ਉਸ ’ਤੇ ਈਮਾਨ ਲਿਆਏ ਹਾਂ।
48਼ ਭਾਵ ਉਹ ਰੱਬ ਜਿਸ ਨੂੰ ਮੂਸਾ ਤੇ ਹਾਰੂਨ ਮੰਨਦੇ ਹਨ।
49਼ ਫ਼ਿਰਔਨ ਬੋਲਿਆ ਕਿ ਮੈਥੋਂ ਪੁੱਛਣ ਤੋਂ ਪਹਿਲਾਂ ਹੀ ਤੁਸੀਂ ਉਸ (ਮੂਸਾ ਦੇ ਰੱਬ) ’ਤੇ ਈਮਾਨ ਲਿਆਏ ਲਾਜ਼ਮਨ ਉਹ ਤੁਹਾਡਾ ਗੁਰੂ ਹੈ, ਜਿਸ ਨੇ ਤੁਹਾਨੂੰ ਜਾਦੂ ਸਿਖਾਇਆ ਹੈ। ਸੋ ਤੁਹਾਨੂੰ ਹੁਣੇ ਪਤਾ ਲੱਗ ਜਾਵੇਗਾ, ਮੈਂ ਤੁਹਾਡੇ ਹੱਥ-ਪੈਰ ਉਲਟੇ ਦਾਓ ਤੋਂ ਵਡਵਾ ਦੇਵਾਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਫ਼ਾਂਸੀ ’ਤੇ ਚਾੜ੍ਹ ਦੇਵਾਂਗਾ।
50਼ ਉਹਨਾਂ (ਜਾਦੂਗਰਾਂ) ਨੇ ਕਿਹਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ, ਅਸੀਂ ਤਾਂ ਆਪਣੇ ਪਾਲਣਹਾਰ ਕੋਲ ਹੀ ਜਾਣਾ ਹੈ।
51਼ ਕਿਉਂ ਜੋ (ਤੇਰੀ ਕੌਮ ਵਿੱਚੋਂ)ਸਭ ਤੋਂ ਪਹਿਲਾਂ ਅਸੀਂ ਈਮਾਨ ਲਿਆਉਣ ਵਾਲੇ ਹਾਂ, ਸੋ ਸਾਨੂੰ ਆਸ ਹੈ ਕਿ ਸਾਡਾ ਰੱਬ ਸਾਡੀਆਂ ਗ਼ਲਤੀਆਂ ਨੂੰ ਮੁਆਫ਼ ਕਰੇਗਾ।
52਼ ਅਸੀਂ ਮੂਸਾ ਵੱਲ ਵਹੀ ਭੇਜੀ ਕਿ ਰਾਤੋ-ਰਾਤ ਮੇਰੇ ਬੰਦਿਆਂ ਨੂੰ ਇੱਥੋਂ ਲੈਕੇ ਨਿੱਕਲ ਜਾ, ਤੁਹਾਡਾ ਪਿੱਛਾ ਕੀਤਾ ਜਾਵੇਗਾ।
53਼ ਫ਼ਿਰਔਨ ਨੇ ਸ਼ਹਿਰਾਂ ਵਿਚ ਹਰਕਾਰੇ ਭੇਜ ਦਿੱਤੇ।
54਼ ਇਹ (ਦੱਸਣ ਲਈ) ਕਿ ਇਹ (ਈਮਾਨ ਲਿਆਉਣ ਵਾਲੇ) ਤਾਂ ਬਹੁਤ ਹੀ ਥੋੜ੍ਹੇ ਲੋਕ ਹਨ।
55਼ ਉਹਨਾਂ (ਈਮਾਨ ਲਿਆਉਣ ਵਾਲਿਆਂ) ਨੇ ਸਾਨੂੰ ਡਾਢਾ ਗ਼ੁੱਸਾ ਚਾੜ੍ਹਿਆ ਹੈ।
56਼ ਅਸੀਂ ਹੀ ਵੱਡੀ ਗਿਣਤੀ ਵਿਚ ਹਾਂ, ਉਹਨਾਂ ਤੋਂ ਸਾਵਧਾਨ ਰਹਿਣ ਵਾਲੇ ਹਾਂ।
57਼ ਅੰਤ ਅਸੀਂ ਉਹਨਾਂ (ਫ਼ਿਰਔਨੀਆਂ) ਨੂੰ ਬਾਗ਼ਾਂ ਤੇ ਚਸ਼ਮਿਆਂ ਵਿੱਚੋਂ ਕੱਢਿਆ।
58਼ ਅਤੇ ਖ਼ਜ਼ਾਨਿਆਂ ਤੋਂ ਤੇ ਉਹਨਾਂ ਦੇ ਸੁਹਣੇ ਨਿਵਾਸ-ਸਥਾਨ ’ਚੋਂ (ਵੀ ਕੱਢਿਆ)।
59਼ ਇਸ ਪ੍ਰਕਾਰ (ਫ਼ਿਰਔਨ ਨਾਲ) ਹੋਇਆ, (ਦੂਜੇ ਪਾਸੇ) ਅਸਾਂ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਦਾ ਵਾਰਸ ਬਨੀ-ਇਸਰਾਈਲ ਨੂੰ ਬਣਾ ਦਿੱਤਾ।
60਼ (ਫ਼ਿਰਔਨੀਆਂ ਨੇ) ਸੂਰਜ ਨਿਕਲਦੇ ਹੀ ਉਹਨਾਂ ਦਾ ਪਿੱਛਾ ਕੀਤਾ।
61਼ ਜਦੋਂ ਦੋਵੇਂ ਧਿਰਾਂ ਨੇ ਇਕ ਦੂਜੇ ਨੂੰ ਵੇਖ ਲਿਆ ਤਾਂ ਮੂਸਾ ਦੇ ਸਾਥੀਆਂ ਨੇ ਕਿਹਾ ਕਿ ਅਸੀਂ ਤਾਂ ਫੜੇ ਜਾਵਾਂਗੇ।
62਼ ਮੂਸਾ ਨੇ ਕਿਹਾ ਕਿ ਉੱਕਾ ਨਹੀਂ, ਵਿਸ਼ਵਾਸ ਕਰੋ ਕਿ ਮੇਰਾ ਰੱਬ ਮੇਰੇ ਨਾਲ ਹੈ, ਜਿਹੜਾ ਮੈਨੂੰ ਲਾਜ਼ਮੀ (ਬਚਣ ਦੀ) ਰਾਹ ਵਿਖਾਵੇਗਾ।
63਼ ਅਸੀਂ ਮੂਸਾ ਵੱਲ ਵਹੀ (ਸੰਦੇਸ਼) ਭੇਜੀ ਕਿ ਸਮੁੰਦਰ ਉੱਤੇ ਆਪਣੀ ਸੋਟੀ ਮਾਰ, ਉਹ ਉਸੇ ਵੇਲੇ ਪਾਟ ਗਿਆ ਅਤੇ ਪਾਣੀ ਦਾ ਹਰੇਕ ਭਾਗ ਇਕ ਪਹਾੜ ਵਾਂਗ ਹੋ ਗਿਆ।
64਼ ਅਤੇ ਅਸੀਂ ਦੂਜੇ ਧੜੇ (ਫ਼ਿਰਔਨੀਆਂ) ਨੂੰ (ਸਮੁੰਦਰ ਦੇ) ਨੇੜੇ ਲੈ ਆਏ।
65਼ ਅਤੇ ਮੂਸਾ ਨੂੰ ਅਤੇ ਉਸ ਦੇ ਸਾਥੀਆਂ ਨੂੰ ਬਚਾ ਲਿਆ।
66਼ ਅਤੇ ਦੂਜੇ (ਫ਼ਿਰਔਨੀ) ਸਾਰੇ ਡੋਬ ਦਿੱਤੇ।
67਼ ਬੇਸ਼ੱਕ ਇਸ (ਘਟਨਾ) ਵਿਚ ਬਹੁਤ ਵੱਡੀ ਸਿੱਖਿਆ ਹੈ, ਫੇਰ ਵੀ ਬਹੁਤੇ ਲੋਕੀ ਈਮਾਨ ਨਹੀਂ ਲਿਆਉਂਦੇ।
68਼ ਬੇਸ਼ੱਕ ਤੁਹਾਡਾ ਪਾਲਣਹਾਰ ਬਹੁਤ ਹੀ ਜ਼ੋਰਾਵਰ ਅਤੇ ਮਿਹਰਬਾਨ ਹੈ।
69਼ (ਹੇ ਨਬੀ!) ਉਹਨਾਂ ਨੂੰ ਇਬਰਾਹੀਮ ਦਾ ਕਿੱਸਾ ਵੀ ਸੁਣਾਓ।
70਼ ਜਦੋਂ ਉਸ ਨੇ ਆਪਣੇ ਪਿਤਾ ਤੇ ਆਪਣੀ ਕੌਮ ਤੋਂ ਪੁੱਛਿਆ ਸੀ ਕਿ ਤੁਸੀਂ ਕੀ ਪੂਜਦੇ ਹੋ?
71਼ ਉਹਨਾਂ ਨੇ ਜਵਾਬ ਵਿਚ ਕਿਹਾ ਕਿ ਅਸੀਂ ਬੁਤਾਂ ਨੂੰ ਪੂਜਦੇ ਹਾਂ ਅਤੇ ਉਹਨਾਂ ਦੇ ਹੀ ਪੁਜਾਰੀ ਰਹਾਂਗੇ।
72਼ ਇਬਰਾਹੀਮ ਨੇ ਕਿਹਾ ਕਿ ਜਦੋਂ ਤੁਸੀਂ ਉਹਨਾਂ ਨੂੰ ਪੁਕਾਰਦੇ ਹੋ ਤਾਂ ਕੀ ਇਹ ਸੁਣਦੇ ਵੀ ਹਨ?
73਼ ਜਾਂ ਤੁਹਾਨੂੰ ਕੋਈ ਨਫ਼ਾ ਜਾਂ ਨੁਕਸਾਨ ਵੀ ਪਹੁੰਚਾ ਸਕਦੇ ਹਨ?
74਼ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਆਪਣੇ ਬਜ਼ੁਰਗਾਂ ਨੂੰ ਇੰਜ ਹੀ ਕਰਦੇ ਵੇਖਿਆ ਹੈ।
75਼ ਇਬਰਾਹੀਮ ਨੇ ਕਿਹਾ, ਜਿਨ੍ਹਾਂ ਨੂੰ ਤੁਸੀਂ ਪੂਜਦੇ ਹੋ, ਕੀ ਤੁਸੀਂ ਉਹਨਾਂ ਨੂੰ ਵੇਖਿਆ ਵੀ ਹੈ ?
76਼ (ਅਤੇ ਕਿਹਾ ਕਿ) ਤੁਸੀਂ ਅਤੇ ਤੁਹਾਡੇ ਪਿਓ-ਦਾਦਾ ਜਿਨ੍ਹਾਂ ਨੂੰ ਪੂਜਦੇ ਹੋ।
77਼ ਛੁੱਟ ਸਾਰੇ ਜਹਾਨਾਂ ਦੇ ਪਾਲਣਹਾਰ ਤੋਂ, ਉਹ (ਸਾਰੇ ਇਸ਼ਟ) ਮੇਰੇ ਵੈਰੀ ਹਨ।
78਼ ਜਿਸ ਨੇ ਮੈਨੂੰ ਪੈਦਾ ਕੀਤਾ ਹੈ ਉਹੀਓ ਮੇਰੀ ਅਗਵਾਈ ਕਰਦਾ ਹੈ।
79਼ ਉਹੀਓ ਮੈਨੂੰ ਖੁਆਉਂਦਾ-ਪਿਆਉਂਦਾ ਹੈ।
80਼ ਜਦੋਂ ਮੈਂ ਬੀਮਾਰ ਹੁੰਦਾ ਹਾਂ ਤਾਂ ਉਹੀਓ ਮੈਨੂੰ ਸਵਸਥ ਕਰਦਾ ਹੈ।
81਼ ਉਹੀਓ ਮੈਨੂੰ ਮੌਤ ਦੇਵੇਗਾ ਫੇਰ ਮੈਨੂੰ ਮੁੜ ਜਿਊਂਦੇ ਕਰੇਗਾ।
82਼ ਉਹੀਓ ਹੈ ਜਿਸ ਤੋਂ ਮੈਂ ਆਸ ਕਰਦਾ ਹਾਂ ਕਿ ਬਦਲੇ ਵਾਲੇ ਦਿਨ ਮੇਰੇ ਗੁਨਾਹਾਂ ਨੂੰ ਮੁਆਫ਼ ਕਰ ਦੇਵੇਗਾ।
83਼ ਹੇ ਮੇਰੇ ਰੱਬਾ! ਮੈਨੂੰ ਹਿਕਮਤ (ਸੂਝ-ਬੂਝ) ਦੀ ਦਾਤ ਬਖ਼ਸ਼ ਅਤੇ ਮੈਨੂੰ ਨੇਕ ਲੋਕਾਂ ਵਿਚ ਸ਼ਾਮਲ ਕਰ ਲੈ।
84਼ ਅਤੇ ਮੇਰੀ ਚਰਚਾ ਆਉਣ ਵਾਲੇ ਲੋਕਾਂ ਵਿਚ ਵੀ ਬਾਕੀ ਰਵੇ।
85਼ ਮੈਨੂੰ ਨਿਅਮਤਾਂ ਵਾਲੀ ਜੰਨਤਾਂ ਦਾ ਵਾਰਿਸ ਬਣਾ।
86਼ ਮੇਰੇ ਪਿਤਾ ਨੂੰ ਬਖ਼ਸ਼ ਦੇ ਉਹ ਗੁਮਰਾਹ ਲੋਕਾਂ ਵਿੱਚੋਂ ਸੀ।
87਼ ਜਦੋਂ (ਸਾਰੇ) ਲੋਕੀ ਮੁੜ ਜਿਊਂਦੇ ਕੀਤੇ ਜਾਣਗੇ (ਉਸ ਦਿਨ) ਮੈਨੂੰ ਜ਼ਲੀਲ ਨਾ ਕਰੀਂ।
88਼ ਜਿਸ ਦਿਨ ਮਾਲ ਤੇ ਔਲਾਦ ਕਿਸੇ ਕੰਮ ਨਹੀਂ ਆਵੇਗੀ।
89਼ ਛੁੱਟ ਉਸ ਤੋਂ ਕਿ ਕੋਈ ਵਿਅਕਤੀ ਨਿਰਮਲ-ਚਿੱਤ ਲੈਕੇ ਅੱਲਾਹ ਦੇ ਹਜ਼ੂਰ ਪੇਸ਼ ਹੋਵੇ।
90਼ ਅਤੇ ਜੰਨਤ ਪਰਹੇਜ਼ਗਾਰਾਂ ਦੇ ਨੇੜੇ ਕਰ ਦਿੱਤੀ ਜਾਵੇਗੀ।
91਼ ਅਤੇ ਗੁਮਰਾਹ ਲੋਕਾਂ ਲਈ ਨਰਕ ਪ੍ਰਗਟ ਕੀਤੀ ਜਾਵੇਗੀ।
92਼ ਅਤੇ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਜਿਨ੍ਹਾਂ ਦੀ ਪੂਜਾ ਤੁਸੀਂ ਕਰਦੇ ਸੀ ਉਹ ਕਿੱਥੇ ਹਨੱ ?
93਼ ਕੀ ਅੱਲਾਹ ਤੋਂ ਛੁੱਟ (ਇਸ਼ਟ) ਤੁਹਾਡੀ ਸਹਾਇਤਾ ਕਰ ਸਕਦੇ ਹਨ? ਜਾਂ ਉਹ (ਤੁਹਾਡੀ ਸਜ਼ਾ) ਦਾ ਬਦਲਾ ਲੈ ਸਕਦੇ ਹਨ?
94਼ ਫਿਰ ਉਹ ਸਾਰੇ ਕੁਰਾਹੇ ਪਏ ਲੋਕ ਨਰਕ ਵਿਚ ਮੁੱਧੇ ਮੂੰਹ ਸੁੱਟੇ ਜਾਣਗੇ।
95਼ ਅਤੇ ਇਬਲੀਸ (ਸ਼ੈਤਾਨ) ਦੇ ਸਾਰੇ ਦੇ ਸਾਰੇ ਲਸ਼ਕਰ ਵੀ (ਸੁੱਟੇ ਜਾਣਗੇ)।
96਼ ਉੱਥੇ ਉਹ ਆਪੋ ਵਿਚ ਲੜਦੇ ਝਗੜਦੇ ਹੋਏ ਆਪਣੇ ਈਸ਼ਟਾਂ ਨੂੰ ਆਖਣਗੇ।
97਼ ਕਿ ਅੱਲਾਹ ਦੀ ਸੁੰਹ ਅਸੀਂ ਤਾਂ ਸਪਸ਼ਟ ਕੁਰਾਹੀਏ ਸਾਂ।
98਼ ਜਦੋਂ ਅਸੀਂ ਤੁਹਾਨੂੰਸਾਰੇ ਜਹਾਨਾਂ ਦੇ ਰੱਬ ਬਰਾਬਰ ਸਮਝ ਬੈਠੇ ਸੀ
99਼ ਸਾਨੂੰ ਤਾਂ ਉਹਨਾਂ ਅਪਰਾਧੀਆਂ ਨੇ ਗੁਮਰਾਹ ਕੀਤਾ ਸੀ।
100਼ ਹੁਣ ਸਾਡਾ ਕੋਈ ਵੀ ਸਿਫ਼ਾਰਸ਼ੀ ਨਹੀਂ।
101਼ ਅਤੇ ਨਾ ਹੀ ਕੋਈ ਸੱਚਾ ਦੋਸਤ ਹੈ।
102਼ ਕਾਸ਼ ਕਿ ਸਾਡੀ ਇਕ ਵਾਰ ਫੇਰ ਸੰਸਾਰ ਵਿਚ ਵਾਪਸੀ ਹੋ ਜਾਵੇ ਤਾਂ ਜੋ ਅਸੀਂ ਵੀ ਮੋਮਿਨਾਂ ਵਿੱਚੋਂ ਹੋ ਜਾਈਏ।
103਼ ਬੇਸ਼ੱਕ ਇਸ ਵਿਚ ਬਹੁਤ ਹੀ ਵੱਡੀ ਨਿਸ਼ਾਨੀ ਹੈ, ਫੇਰ ਵੀ ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਲਿਆਉਣ ਵਾਲੇ ਨਹੀਂ।
104਼ ਬੇਸ਼ੱਕ ਤੁਹਾਡਾ ਰੱਬ ਹੀ ਜ਼ੋਰਾਵਾਰ ਤੇ ਮਿਹਰਬਾਨ ਹੈ।
105਼ ਨੂਹ ਦੀ ਕੌਮ ਨੇ ਵੀ ਨਬੀਆਂ ਦਾ ਇਨਕਾਰ ਕੀਤਾ।
106਼ ਜਦੋਂ ਉਹਨਾਂ ਦੇ ਹੀ ਇਕ ਭਰਾ ਨੂਹ ਨੇ ਕਿਹਾ, ਕੀ ਤੁਸੀਂ ਰੱਬ ਤੋਂ ਡਰਦੇ ਨਹੀਂ ?
107਼ ਬੇਸ਼ੱਕ ਮੈਂ ਅੱਲਾਹ ਵੱਲੋਂ ਤੁਹਾਡੇ ਲਈ ਇਕ ਅਮਾਨਤਦਾਰ ਰਸੂਲ ਹਾਂ।
108਼ ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਤਾਬੇਦਾਰੀ ਕਰੋ।
109਼ ਮੈਂ ਤੁਹਾਥੋਂ ਇਸ (ਧਰਮ ਪ੍ਰਚਾਰ) ਲਈ ਕੋਈ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਰੱਬ ਦੇ ਜ਼ਿੰਮੇ ਹੈ।
110਼ ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਪੈਰਵੀ ਕਰੋ।
111਼ (ਕੌਮ ਨੇ) ਕਿਹਾ ਕਿ ਕੀ ਅਸੀਂ ਤੇਰੇ ’ਤੇ ਈਮਾਨ ਲਿਆਈਏ? ਤੇਰੀ ਤਾਬੇਦਾਰੀ ਤਾਂ ਨੀਚ ਲੋਕ ਹੀ ਕਰਨਗੇ।
112਼ ਨੂਹ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਪਹਿਲਾਂ ਇਹ ਲੋਕ ਕੀ ਕਰਦੇ ਰਹੇ ਹਨ ?
113਼ ਉਸ ਦਾ ਹਿਸਾਬ ਲੈਣਾ ਮੇਰੇ ਰੱਬ ਜ਼ਿੰਮੇ ਹੈ, ਕਿੰਨਾ ਚੰਗਾ ਹੋਵੇ ਜੇ ਤੁਹਾਨੂੰ ਅਕਲ-ਸਮਝ ਹੋਵੇ।
114਼ ਮੈਂ ਈਮਾਨ ਵਾਲਿਆਂ ਨੂੰ ਧੱਕੇ ਨਹੀਂ ਦੇਵਾਂਗਾਂ।
115਼ ਮੈਂ ਤਾਂ ਸਪਸ਼ਟ ਰੂਪ ਵਿਚ ਡਰਾਉਣ ਵਾਲਾ ਹਾਂ।
116਼ ਉਹਨਾਂ ਨੇ ਕਿਹਾ ਕਿ ਹੇ ਨੂਹ! ਜੇ ਤੂੰ ਬਾਜ਼ ਨਾ ਆਇਆ ਤਾਂ ਅਸੀਂ ਤੈਨੂੰ ਪੱਥਰ ਮਾਰ-ਮਾਰ ਕੇ ਮਾਰ ਦਿਆਂਗੇ।
117਼ (ਨੂਹ ਨੇ) ਕਿਹਾ ਕਿ ਹੇ ਮੇਰੇ ਰੱਬਾ! ਮੇਰੀ ਕੌਮ ਨੇ ਮੈ` ਮੰਣਨ ਤੋਂ ਨਾ ਕਰ ਦਿੱਤੀ ਹੈ।
118਼ ਹੁਣ ਤੂੰ ਮੇਰੇ ਅਤੇ ਉਹਨਾਂ ਵਿਚਕਾਰ ਫ਼ੈਸਲਾ ਕਰਦੇ ਅਤੇ ਮੈਨੂੰ ਅਤੇ ਮੇਰੇ ਈਮਾਨ ਵਾਲੇ ਸਾਥੀਆਂ ਨੂੰ ਬਚਾ ਲੈ।
119਼ ਸੋ ਅਸੀਂ ਉਸ (ਨੂਹ) ਨੂੰ ਅਤੇ ਉਸ ਦੇ (ਮੋਮਿਨ) ਸਾਥੀਆਂ ਨੂੂੰ ਭਰੀ ਹੋਈ ਕਿਸਤੀ ਵਿਚ (ਸਵਾਰ ਕਰਕੇ) ਬਚਾ ਲਿਆ।
120਼ ਉਸ ਤੋਂ ਮਗਰੋਂ ਬਾਕੀ ਸਾਰੇ ਹੀ ਲੋਕਾਂ ਨੂੰ ਅਸੀਂ ਡੋਬ ਦਿੱਤਾ।
121਼ ਬੇਸ਼ੱਕ ਇਸ ਘਟਨਾ ਵਿਚ ਬਹੁਤ ਵੱਡੀ ਸਿੱਖਿਆ ਹੈ ਪਰ ਫੇਰ ਵੀ ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਨਹੀਂ ਲਿਆਏ।
122਼ ਬੇਸ਼ੱਕ ਤੁਹਾਡਾ ਪਾਲਣਹਾਰ ਉਹੀਓ ਹੈ ਜਿਹੜਾ ਸਭ ਤੋਂ ਵੱਧ ਜ਼ੋਰਾਵਰ ਤੇ ਮਿਹਰਾਂ ਕਰਨ ਵਾਲਾ ਹੈ।
123਼ ਆਦੀਆਂ ਨੇ ਵੀ ਰਸੂਲਾਂ ਨੂੰ ਝੁਠਲਾਇਆ ਸੀ।
124਼ ਜਦੋਂ ਉਹਨਾਂ ਦੇ ਹੀ ਭਰਾ ਹੂਦ ਨੇ ਕਿਹਾ ਸੀ, ਕੀ ਤੁਸੀਂ (ਰੱਬ ਦੇ ਅਜ਼ਾਬ ਤੋਂ) ਡਰਦੇ ਨਹੀਂ?
125਼ ਮੈਂ ਤੁਹਾਡੇ ਲਈ ਅਮਾਨਤਦਾਰ ਪੈਗ਼ੰਬਰ ਹਾਂ।
126਼ ਸੋ ਤੁਸੀਂ ਰੱਬ ਤੋਂ ਡਰੋ ਅਤੇ ਮੇਰੇ ਆਖੇ ਲੱਗੋ।
127਼ ਮੈਂ ਇਸ (ਅਗਵਾਈ) ਲਈ ਤੁਹਾਥੋਂ ਕੁੱਝ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਪਾਲਣਹਾਰ ਦੇ ਜ਼ਿੰਮੇ ਹੈ।
128਼ ਕੀ ਤੁਸੀਂ ਹਰੇਕ ਉੱਚੀ ਥਾਂ ’ਤੇ ਵਿਅਰਥ ਖੇਡ ਵਜੋਂ ਯਾਦਗਾਰਾਂ ਬਣਾ ਰਹੇ ਹੋ।
129਼ ਤੁਸੀਂ ਮਜ਼ਬੂਤ ਮਹਿਲ ਉਸਾਰਦੇ ਹੋ, ਸ਼ਾਇਦ ਤੁਸੀਂ ਸਦਾ ਇੱਥੇ (ਸੰਸਾਰ ਵਿਚ) ਹੀ ਰਹੋਗੇ।
130਼ ਜਦੋਂ ਤੁਸੀਂ ਕਿਸੇ ’ਤੇ ਹੱਥ ਪਾਉਂਦੇ ਹੋ ਤਾਂ ਬਹੁਤ ਹੀ ਸਖ਼ਤੀ ਅਤੇ ਜ਼ੁਲਮ ਨਾਲ ਪਾਉਂਦੇ ਹੋ।
131਼ ਅੱਲਾਹ ਤੋਂ ਡਰੋ ਅਤੇ ਮੇਰੀ (ਹੂਦ ਦੀ) ਪੈਰਵੀ ਕਰੋ।
132਼ ਤੁਸੀਂ ਉਸ (ਹਸਤੀ) ਤੋਂ ਡਰੋ ਜਿਸ ਨੇ ਤੁਹਾਡੀ ਉਹਨਾਂ ਚੀਜ਼ਾਂ ਦੁਆਰਾ ਮਦਦ ਕੀਤੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ।
133਼ ਉਸ (ਰੱਬ) ਨੇ ਤੁਹਾਡੀ ਸਹਾਇਤਾ ਮਾਲ ਦੌਲਤ ਤੇ ਔਲਾਦ ਨਾਲ ਕੀਤੀ।
134਼ ਬਾਗ਼ਾਂ ਤੇ ਚਸ਼ਮਿਆਂ (ਨਹਿਰਾਂ) ਦੁਆਰਾ ਕੀਤੀ।
135਼ ਮੈਂ ਤਾਂ ਤੁਹਾਡੇ ਲਈ ਉਸ ਵੱਡੇ (ਕਿਆਮਤ) ਦਿਹਾੜੇ ਤੋਂ ਡਰਦਾ ਹਾਂ।
136਼ ਉਹਨਾਂ (ਕੌਮ) ਨੇ ਕਿਹਾ ਕਿ ਹੇ ਹੂਦ! ਤੂੰ ਸਾਨੂੰ ਸਮਝਾ ਜਾਂ ਨਾ ਸਮਝਾ, ਸਾਡੇ ਲਈ ਇੱਕੋ ਗੱਲ ਹੈ।
137਼ ਇਹ ਤਾਂ ਪਹਿਲੇ ਸਮੇਂ ਦੇ ਲੋਕਾਂ ਦੀਆਂ ਗੱਲਾਂ ਹਨ।
138਼ ਸਾਨੂੰ ਕਦੇ ਕੋਈ ਅਜ਼ਾਬ ਨਹੀਂ ਦਿੱਤਾ ਜਾਵੇਗਾ।
139਼ ਉਹਨਾਂ ਨੇ ਉਸ (ਹੂਦ) ਨੂੰ (ਰੱਬ ਦਾ ਰਸੂਲ ਮੰਣਨ ਤੋਂ) ਇਨਕਾਰ ਕਰ ਦਿੱਤਾ ਸੀ। ਸੋ ਅਸੀਂ ਉਹਨਾਂ ਨੂੰ ਤਬਾਹ ਕਰ ਦਿੱਤਾ। ਬੇਸ਼ੱਕ ਇਸ ਵਿਚ (ਸਮਝਣ ਵਾਲਿਆਂ ਲਈ) ਨਿਸ਼ਾਨੀਆਂ ਹਨ, ਪਰ ਉਹਨਾਂ ਵਿੱਚੋਂ ਵਧੇਰੇ ਉਹ ਹਨ ਜਿਹੜੇ ਈਮਾਨ ਨਹੀਂ ਲਿਆਉਂਦੇ
140਼ ਬੇਸ਼ੱਕ ਤੁਹਾਡਾ ਰੱਬ ਉਹੀਓ ਹੈ ਜਿਹੜਾ ਜ਼ੋਰਾਵਰ ਤੇ ਮਿਹਰਬਾਨ ਹੈ।
141਼ ਸਮੂਦੀਆਂ ਨੇ ਵੀ ਪੈਗ਼ੰਬਰਾਂ ਨੂੰ ਮੰਣਨ ਤੋਂ ਇਨਕਾਰ ਕਰ ਦਿੱਤਾ।
142਼ ਉਹਨਾਂ (ਸਮੂਦੀਆਂ) ਦੇ ਭਰਾ ਸਾਲੇਹ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਲਾਹ ਤੋਂ ਕਿਉਂ ਨਹੀਂ ਡਰਦੇ?
143਼ ਮੈਂ ਤੁਹਾਡੇ ਵੱਲ ਅੱਲਾਹ ਦਾ ਇਕ ਅਮਾਨਤਦਾਰ ਪੈਗ਼ੰਬਰ ਹਾਂ।
144਼ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੇ ਆਖੇ ਲੱਗੋ।
145਼ ਮੈਂ ਇਸ ਦੇ ਲਈ ਤੁਹਾਥੋਂ ਕੋਈ ਉਜਰਤ ਨਹੀਂ ਭਾਲਦਾ, ਮੇਰੀ ਉਜਰਤ (ਬਦਲਾ) ਤਾਂ ਮੇਰੇ ਪਾਲਣਹਾਰ ਦੇ ਜ਼ਿੰਮੇ ਹੈ।
146਼ ਕੀ ਉਹਨਾਂ ਚੀਜ਼ਾਂ ਨਾਲ ਤੁਹਾਨੂੰ ਅਮਨ ਸ਼ਾਂਤੀ ਨਾਲ ਨਿਸ਼ਚਿੰਤ ਹੋਕੇ (ਸੰਸਾਰ ਵਿਚ) ਰਹਿਣ ਲਈ ਛੱਡ ਦਿੱਤਾ ਜਾਵੇਗਾ?
147਼ ਭਾਵ ਇਹਨਾਂ ਬਾਗ਼ਾਂ ਤੇ ਚਸ਼ਮਿਆਂ ਵਿਚ (ਨਹਿਰਾਂ ਆਦਿ)।
148਼ ਇਹ ਖੇਤ ਅਤੇ ਖਜੂਰ ਦੇ ਬਾਗ਼ਾਂ ਵਿਚ ਜਿਨ੍ਹਾਂ ਦੇ ਗੁੱਛੇ ਰਸ ਭਰੇ ਹਨ।
149਼ ਤੁਸੀਂ ਪਹਾੜਾਂ ਨੂੰ ਕੱਟ-ਕੱਟ ਕੇ ਵੱਡੇ ਮਾਣ ਨਾਲ ਉਹਨਾਂ ਵਿਚ ਭਵਨ ਉਸਾਰਦੇ ਹੋ।
150਼ ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਤਾਬੇਦਾਰੀ ਕਰੋ।
151਼ ਤੁਸੀਂ ਰੱਬ ਵੱਲੋਂ ਨਿਯਤ ਕੀਤੀਆਂ ਹੱਦਾਂ ਨੂੰ ਟੱਪਣ ਵਾਲਿਆਂ ਦੇ ਆਖੇ ਨਾ ਲੱਗੋ
152਼ ਉਹ (ਬਾਗ਼ੀ) ਹਨ, ਜਿਹੜੇ ਧਰਤੀ ’ਤੇ ਫ਼ਸਾਦ ਫੈਲਾਉਂਦੇ ਹਨ, ਸੁਧਾਰ ਨਹੀਂ ਕਰਦੇ।
153਼ ਉਹਨਾਂ ਨੇ ਕਿਹਾ ਕਿ (ਹੇ ਸਾਲੇਹ!) ਤੂੰ ਤਾਂ ਉਹਨਾਂ ਵਿੱਚੋਂ ਹੈ ਜਿਨ੍ਹਾਂ ’ਤੇ ਜਾਦੂ ਕੀਤਾ ਗਿਆ ਹੈ।
154਼ ਤੂੰ ਤਾਂ ਸਾਡੇ ਵਰਗਾ ਹੀ ਇਕ ਮਨੁੱਖ ਹੈ, ਜੇ ਤੂੰ ਸੱਚਾ ਹੈ ਤਾਂ ਕੋਈ ਮੋਅਜਜ਼ਾ (ਰੱਬੀ ਚਮਤਕਾਰ) ਲਿਆ?
155਼ ਸਾਲੇਹ ਨੇ ਕਿਹਾ ਕਿ ਇਹ ਊਠਣੀ (ਨਿਸ਼ਾਨੀ) ਹੈ। ਇਕ ਨਿਸ਼ਚਿਤ ਦਿਨ ਪਾਣੀ ਪੀਣ ਦੀ ਵਾਰੀ ਇਸ ਦੀ ਹੈ ਅਤੇ ਇਕ ਦਿਨ ਤੁਹਾਡੀ ਹੈ।
156਼ ਇਸ ਨੂੰ ਭੈੜੇ ਇਰਾਦੇ ਨਾਲ ਹੱਥ ਨਹੀਂ ਲਾਉਣਾ, ਨਹੀਂ ਤਾਂ ਇਕ ਵੱਡੇ ਦਿਹਾੜੇ ਦਾ ਅਜ਼ਾਬ ਤੁਹਾਨੂੰ ਆ ਨੱਪੇਗਾ।
157਼ (ਇਸ ਚਿਤਾਵਨੀ ਤੋਂ ਬਾਅਦ ਵੀ) ਉਹਨਾਂ (ਸਮੂਦੀਆਂ) ਨੇ ਉਸ (ਊਠਣੀ) ਦੀਆਂ ਖੁੱਚਾਂ ਵੱਡ ਸੁੱਟੀਆਂ। ਫੇਰ ਉਹ ਪਛਤਾਉਣ ਲੱਗੇ।
158਼ ਅਤੇ ਉਹਨਾਂ ਨੂੰ ਅਜ਼ਾਬ ਨੇ ਆ ਝੱਫਿਆ, ਬੇਸ਼ੱਕ ਇਸ (ਘਟਣਾ) ਵਿਚ ਇਕ ਸਿੱਖਿਆ ਹੈ। ਉਹਨਾਂ ਵਿੱਚੋਂ ਵਧੇਰੇ ਈਮਾਨ ਲਿਆਉਣ ਵਾਲੇ ਨਹੀਂ ਸਾਂ।
159਼ ਬੇਸ਼ੱਕ ਤੁਹਾਡਾ ਰੱਬ ਉਹ ਹੈ ਜਿਹੜਾ ਡਾਢਾ ਜ਼ੋਰਾਵਰ ਤੇ ਰਹਿਮ ਫ਼ਰਮਾਉਣ ਵਾਲਾ ਹੈ।
160਼ ਲੂਤ ਦੀ ਕੌਮ ਨੇ ਨਬੀਆਂ ਨੂੰ ਝੁਠਲਾਇਆ।
161਼ ਜਦੋਂ ਉਹਨਾਂ ਨੂੰ ਉਹਨਾਂ ਦੇ ਭਰਾ ਲੂਤ ਨੇ ਆਖਿਆ, ਕੀ ਤੁਸੀਂ ਅੱਲਾਹ ਤੋਂ ਨਹੀਂ ਡਰਦੇ?
162਼ ਮੈਂ ਤੁਹਾਡੇ ਵੱਲ ਇਕ ਅਮਾਨਤਦਾਰ ਰਸੂਲ (ਬਣਕੇ ਆਇਆ) ਹਾਂ।
163਼ ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰਾ ਕਹਿਣਾ ਮੰਨੋ।
164਼ ਮੈਂ (ਇਸ ਨਸੀਹਤ ਲਈ) ਤੁਹਾਥੋਂ ਕੋਈ ਬਦਲਾ (ਉਜਰਤ) ਨਹੀਂ ਮੰਗਦਾ ਮੇਰਾ ਬਦਲਾ ਤਾਂ ਅੱਲਾਹ ਦੇ ਜ਼ਿੰਮੇ ਹੈ।
165਼ ਕੀ ਤੁਸੀਂ (ਕਾਮ ਵਾਸਨਾ ਦੇ ਲਈ) ਦੁਨੀਆਂ ਵਿੱਚੋਂ ਪੁਰਸ਼ਾ ਕੋਲ ਜਾਂਦੇ ਹੋ?
166਼ ਅਤੇ ਆਪਣੀਆਂ ਪਤਨੀਆਂ ਨੂੰ ਛੱਡ ਦਿੰਦੇ ਹੋ ਜਿਨ੍ਹਾਂ ਨੂੰ ਅੱਲਾਹ ਨੇ ਤੁਹਾਡੇ ਲਈ ਪੈਦਾ ਕੀਤਾ ਹੈ। ਤੁਸੀਂ ਤਾਂ ਹੱਦਾਂ ਟੱਪਣ ਵਾਲੇ ਹੋ।
167਼ ਉਹਨਾਂ ਨੇ ਉੱਤਰ ਵਿਚ ਕਿਹਾ ਕਿ ਹੇ ਲੂਤ! ਜੇ ਤੂੰ ਬਾਜ਼ ਨਾ ਆਇਆ ਤਾਂ ਤੂੰ (ਬਸਤੀ ਵਿੱਚੋਂ) ਬਾਹਰ ਕੱਢ ਦਿੱਤਾ ਜਾਵੇਗਾ।
168਼ ਲੂਤ ਨੇ ਆਖਿਆ, ਬੇਸ਼ੱਕ ਮੈਂ ਤੁਹਾਡੀਆਂ (ਅਸ਼ਲੀਲ) ਹਰਕਤਾਂ ਦਾ ਕੱਟੜ ਵਿਰੋਧੀ ਹਾਂ।
169਼ ਲੂਤ ਨੇ ਦੁਆ ਕੀਤੀ ਕਿ ਹੇ ਮੇਰੇ ਰੱਬਾ! ਤੂੰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਉਹਨਾਂ ਭੈੜੇ ਕਰਮਾਂ ਤੋਂ ਛੁਟਕਾਰਾ ਦੇ।
170਼ ਅਤੇ ਇੰਜ ਅਸੀਂ ਉਸ (ਲੂਤ) ਨੂੰ ਅਤੇ ਉਸ ਦੇ ਸਾਥੀਆਂ ਨੂੰ ਬਚਾ ਲਿਆ।
171਼ ਛੁੱਟ ਉਸ ਬੁੱਢੀ ਔਰਤ (ਲੂਤ ਦੀ ਪਤਨੀ) ਤੋਂ ਜਿਹੜੀ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਸੀ।
172਼ ਫਿਰ ਅਸੀਂ ਬਾਕੀ ਰਹਿੰਦੇ ਲੋਕਾਂ ਨੂੰ ਹਲਾਕ (ਬਰਬਾਦ) ਕਰ ਦਿੱਤਾ।
173਼ ਅਸੀਂ ਉਹਨਾਂ ਉੱਤੇ (ਪੱਥਰਾਂ ਦਾ) ਮੀਂਹ ਬਰਸਾਇਆ। ਉਹ ਬਹੁਤ ਹੀ ਭੈੜਾ ਮੀਂਹ ਸੀ, ਜਿਹੜੇ ਡਰਾਏ ਹੋਏ ਲੋਕਾਂ ’ਤੇ ਬਰਸਿਆ ਸੀ।
174਼ ਬੇਸ਼ੱਕ ਇਸ ਘਟਣਾ ਵਿਚ ਵੀ ਇਕ (ਸਿੱਖਿਆਦਾਇਕ) ਨਿਸ਼ਾਨੀ ਹੈ। ਉਹਨਾਂ ਵਿੱਚੋਂ ਵੀ ਵਧੇਰੇ ਲੋਕ ਈਮਾਨ ਨਹੀਂ ਲਿਆਏ ਸਾਂ।
175਼ ਬੇਸ਼ੱਕ ਤੇਰਾ ਰੱਬ ਹੀ (ਹਰ ਪੱਖੋ) ਭਾਰੂ ਹੈ ਅਤੇ ਮਿਹਰਬਾਨ ਹੈ।
176਼ ‘ਐਕੇ’ ਵਾਲਿਆਂ ਨੇ ਵੀ ਰਸੂਲਾਂ ਨੂੰ ਝੁਠਲਾਇਆ।
177਼ ਜਦੋਂ ਉਹਨਾਂ ਨੂੰ ਸ਼ੁਐਬ ਨੇ ਕਿਹਾ, ਕੀ ਤੁਸੀਂ (ਰੱਬ ਤੋਂ) ਨਹੀਂ ਡਰਦੇ ?
178਼ ਮੈਂ ਤੁਹਾਡੇ ਲਈ (ਰੱਬ ਵੱਲੋਂ) ਭੇਜਿਆ ਹੋਇਆ ਇਕ ਅਮਾਨਤਦਾਰ ਰਸੂਲ ਹਾਂ।
179਼ ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਆਗਿਆ ਦਾ ਪਾਲਣ ਕਰੋ।
180਼ (ਇਹ ਸਿੱਖਿਆ ਦੇਣ ਲਈ) ਮੈਂ ਤੁਹਾਥੋਂ ਕੋਈ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਪਾਲਣਹਾਰ ਦੇ ਕੋਲ ਹੀ ਹੈ।
181਼ ਮਿਣਤੀ ਪੂਰੀ ਭਰ ਕੇ ਦਿਓ ਅਤੇ ਦੂਜਿਆਂ ਦਾ ਨੁਕਸਾਨ ਕਰਨ ਵਾਲੇ ਨਾ ਬਣੋ।
182਼ ਅਤੇ ਸਿੱਧੀ ਤੱਕੜੀ ਨਾਲ ਤੋਲੋ (ਭਾਵ ਡੰਡੀ ਨਾ ਮਾਰੋ)।
183਼ ਲੋਕਾਂ ਨੂੰ ਉਹਨਾਂ ਦੀਆਂ ਚੀਜ਼ਾਂ ਘੱਟ ਨਾ ਦਿਓ ਅਤੇ ਧਰਤੀ ’ਤੇ ਫ਼ਸਾਦ ਨਾ ਮਚਾਉਂਦੇ ਫਿਰੋ।
184਼ ਉਸ ਰੱਬ ਤੋਂ ਡਰੋ ਜਿਸ ਨੇ ਤੁਹਾਨੂੰ ਅਤੇ ਤੁਹਾਥੋਂ ਪਹਿਲੀ ਮਖ਼ਲੂਕ ਨੂੰ ਪੈਦਾ ਕੀਤਾ ਹੈ।
185਼ ਉਹਨਾਂ ਨੇ ਕਿਹਾ ਕਿ ਤੂੰ ਤਾਂ ਉਹਨਾਂ ਵਿੱਚੋਂ ਹੈ ਜਿਨ੍ਹਾਂ ’ਤੇ ਜਾਦੂ ਕਰ ਦਿੱਤਾ ਜਾਂਦਾ ਹੈ।
186਼ ਤੂੰ ਤਾਂ ਸਾਡੇ ਵਰਗਾ ਹੀ ਇਕ ਮਨੁੱਖ ਹੈ, ਅਸੀਂ ਤਾਂ ਤੈਨੂੰ ਝੂਠ ਬੋਲਣ ਵਾਲਿਆਂ ਵਿੱਚੋਂ ਹੀ ਸਮਝਦੇ ਹਾਂ।
187਼ ਜੇ ਤੂੰ ਸੱਚਾ ਹੈ ਤਾਂ ਸਾਡੇ ਉੱਤੇ ਅਕਾਸ਼ ਦਾ ਕੋਈ ਟੁਕੜਾ ਡੇਗ ਦੇ।
188਼ ਸ਼ੁਐਬ ਨੇ ਕਿਹਾ ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਕਰ ਰਹੇ ਹੋ।
189਼ ਸੋ ਜਦੋਂ ਉਹਨਾਂ ਨੇ ਉਹ (ਸ਼ੁਐਬ) ਨੂੰ ਝੁਠਲਾਇਆ (ਛੇਤੀ ਹੀ) ਉਹਨਾਂ ਨੂੰ (ਬੱਦਲਾਂ ਦੇ) ਪਰਛਾਵੇਂ ਵਾਲੇ ਦਿਹਾੜੇ ਦੇ ਅਜ਼ਾਬ ਨੇ ਆ ਨੱਪਿਆ, ਉਹ ਬਹੁਤ ਹੀ ਭਾਰੀ ਦਿਨ ਦਾ ਅਜ਼ਾਬ ਸੀ।
190਼ ਇਸ ਘਟਨਾ ਵਿਚ ਵੱਡੀਆਂ ਨਿਸ਼ਾਨੀਆਂ ਹਨ, ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਲਿਆਉਣ ਵਾਲੇ ਨਹੀਂ ਸਨ।
191਼ ਬੇਸ਼ੱਕ ਤੁਹਾਡਾ ਪਾਲਣਹਾਰ ਹੀ ਭਾਰੂ ਤੇ ਮਿਹਰਬਾਨੀਆਂ ਵਾਲਾ ਹੈ।
192਼ ਅਤੇ ਨਿਰਸੰਦੇਹ, ਇਹ (.ਕੁਰਆਨ) ਸਾਰੇ ਹੀ ਜਹਾਨਾਂ ਦੇ ਪਾਲਣਹਾਰ ਵੱਲੋਂ ਭੇਜਿਆ ਗਿਆ ਹੈ।
193਼ ਇਸ ਨੂੰ ਇਕ ਅਮਾਨਤਦਾਰ ਰੂਹ (ਜਿਬਰਾਈਲ) ਲੈ ਕੇ ਆਇਆ ਹੈ।
194਼ (ਹੇ ਮੁਹੰਮਦ!) ਅਸੀਂ ਇਸ (.ਕੁਰਆਨ)ਨੂੰ ਤੁਹਾਡੇ ਦਿਲ ਉੱਤੇ ਨਾਜ਼ਿਲ ਕੀਤਾ ਹੈ ਤਾਂ ਜੋ ਤੁਸੀਂ ਵੀ ਡਰਾਉਣ ਵਾਲੇ (ਪੈਗ਼ੰਬਰਾਂ) ਵਿੱਚੋਂ ਹੋ ਜਾਓ।
195਼ ਇਹ .ਕੁਰਆਨ ਸਪਸ਼ਟ ਤੇ ਠੇਠ ਅਰਬੀ ਭਾਸ਼ਾ ਵਿਚ ਹੈ।
196਼ ਬੇਸ਼ੱਕ ਇਸ਼ਕੁਰਆਨ ਦੀ ਚਰਚਾ ਪਹਿਲੀਆਂ ਅਸਮਾਨੀ ਕਿਤਾਬਾਂ ਵਿਚ ਵੀ ਕੀਤੀ ਗਈ ਹੈ।
197਼ ਕੀ ਉਹਨਾਂ (ਕਾਫ਼ਿਰਾਂ) ਲਈ ਇਹੋ ਨਿਸ਼ਾਨੀ ਕਾਫ਼ੀ ਨਹੀਂ ਕਿ .ਕੁਰਆਨ ਦੇ ਹੱਕ ਹੋਣ ਨੂੰ ਤਾਂ ਬਨੀ-ਇਸਰਾਈਲ ਦੇ ਵਿਦਵਾਨ ਵੀ ਜਾਣਦੇ ਹਨ। 1
198਼ ਜੇਕਰ ਅਸੀਂ ਇਸ .ਕੁਰਆਨ ਨੂੰ ਕਿਸੇ ਅਜਮੀ (ਗੈਰ ਅਰਬੀ ਵਿਅਕਤੀ) ਉੱਤੇ ਨਾਜ਼ਿਲ ਕਰ ਦਿੰਦੇ।
199਼ ਅਤੇ ਉਹ ਉਹਨਾਂ (ਅਰਬੀ ਲੋਕਾਂ) ਦੇ ਸਾਹਮਣੇ ਇਸ (.ਕੁਰਆਨ) ਨੂੰ ਪੜ੍ਹਦਾ ਤਾਂ ਉਹ ਵੀ ਈਮਾਨ ਨਾ ਲਿਆਉਂਦੇ।
200਼ ਇਸ ਤਰ੍ਹਾਂ ਅਸਾਂ ਗੁਨਾਹਗਾਰਾਂ ਦੇ ਦਿਲਾਂ ਵਿਚ ਇਸ (.ਕੁਰਆਨ) ਨੂੰ ਝੁਠਲਾਉਣਾ ਪੱਕਾ ਕਰ ਦਿੱਤਾ ਹੈ।
201਼ ਉਹ ਜਦੋਂ ਤਕ ਦਰਦ ਭਰੇ ਅਜ਼ਾਬ ਨਹੀਂ ਵੇਖ ਲੈਂਦੇ, ਈਮਾਨ ਨਹੀਂ ਲਿਆਉਣਗੇ।
202਼ ਸੋ ਉਹ ਅਜ਼ਾਬ ਉਹਨਾਂ ਉੱਤੇ ਅਚਣਚੇਤ ਆਵੇਗਾ ਅਤੇ ਉਹਨਾਂ ਨੂੰ ਇਸ ਦਾ ਪਤਾ ਵੀ ਨਹੀਂ ਲੱਗੇਗਾ।
203਼ ਫੇਰ ਉਹ ਆਖਣਗੇ, ਕੀ ਸਾਨੂੰ ਕੁੱਝ ਸਮੇਂ ਲਈ ਮੋਹਲਤ ਮਿਲ ਸਕਦੀ ਹੈ? (ਤਾਂ ਜੋ ਅਸੀਂ ਈਮਾਨ ਲਿਆਈਏ)
204਼ ਕੀ ਉਹ ਸਾਡੇ ਅਜ਼ਾਬ ਲਈ ਕਾਹਲੀ ਪਾ ਰਹੇ ਹਨ ?
205਼ ਰਤਾ ਤੁਸੀਂ ਵੇਖੋ! ਜੇ ਭਲਾਂ ਅਸੀਂ ਉਹਨਾਂ (ਅਪਰਾਧੀਆਂ) ਨੂੰ ਹੋਰ ਕਈ ਵਰ੍ਹੇ ਸੰਸਾਰ ਦਾ ਲਾਭ ਲੈਣ (ਲਈ ਮੋਹਲਤ) ਦੇ ਦਿੰਦੇ।
206਼ ਫਿਰ ਉਹਨਾਂ (ਕਾਫ਼ਿਰਾਂ) ਉੱਤੇ ਉਹ ਅਜ਼ਾਬ ਆ ਜਾਂਦਾ ਜਿਸ ਤੋਂ ਡਰਾਏ ਜਾ ਰਹੇ ਹਨ।
207਼ ਤਾਂ ਵੀ ਜਿਸ ਜੀਵਨ ਸਮੱਗਰੀ ਦਾ ਉਹ ਆਨੰਦ ਲੈ ਰਹੇ ਹਨ ਉਹ ਉਹਨਾਂ ਦੇ ਕਿਸੇ ਕੰਮ ਨਾ ਆਉਂਦੀ।
208਼ ਅਸੀਂ ਜਿਹੜੀ ਵੀ ਬਸਤੀ ਨੂੰ ਹਲਾਕ ਕੀਤਾ ਹੈ ਤਾਂ (ਪਹਿਲਾਂ) ਉਸ ਵਿਚ ਡਰਾਉਣ ਵਾਲੇ ਭੇਜੇ।
209਼ ਲੋਕਾਂ ਨੂੰ ਸਮਝਾਉਣ ਲਈ (ਡਰਾਉਣ ਵਾਲੇ ਭੇਜੇ)। ਅਸੀਂ ਕਿਸੇ ’ਤੇ ਕੋਈ ਜ਼ੁਲਮ (ਵਧੀਕੀ) ਕਰਨ ਵਾਲੇ ਨਹੀਂ।
210਼ ਇਸ .ਕੁਰਆਨ ਨੂੰ ਸ਼ੈਤਾਨ ਲੈਕੇ ਨਹੀਂ ਉੱਤਰੇ।
211਼ ਨਾ ਹੀ ਉਹ ਇਸ ਯੋਗ ਹਨ ਤੇ ਨਾ ਹੀ ਉਹ ਸਮਰਥਾ ਰੱਖਦੇ ਹਨ।
212਼ ਉਹ ਤਾਂ ਇਸ (.ਕੁਰਆਨ) ਨੂੰ ਸੁਣਨ ਤੋਂ ਵੀ ਦੂਰ ਰੱਖੇ ਗਏ ਹਨ।
213਼ ਸੋ ਤੁਸੀਂ (ਹੇ ਮੁਹੰਮਦ ਸ:!) ਅੱਲਾਹ ਦੇ ਨਾਲ ਕਿਸੇ ਹੋਰ ਇਸ਼ਟ ਨੂੰ ਨਾ ਪੁਕਾਰੋ ਨਹੀਂ ਤਾਂ ਤੁਸੀਂ ਵੀ ਸਜ਼ਾ ਭੋਗਣ ਵਾਲਿਆਂ ਵਿੱਚੋਂ ਹੋ ਜਾਓਗੇ।
214਼ ਤੁਸੀਂ ਆਪਣੇ ਸਕੇ-ਸੰਬੰਧੀਆਂ ਨੂੰ ਡਰਾਓ।1
215਼ ਈਮਾਨ ਵਾਲਿਆਂ ਵਿੱਚੋਂ ਜਿਹੜੇ ਤੁਹਾਡੀ ਪੈਰਵੀ ਕਰਨ, ਉਹਨਾਂ ਨਾਲ ਅਤਿ ਨਿਮਰਤਾ ਦਾ ਵਿਹਾਰ ਕਰੋ।
216਼ ਜੇ ਉਹ ਤੁਹਾਡੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਸੀਂ ਵੀ ਐਲਾਨ ਕਰ ਦਿਓ ਕਿ ਮੈਂ ਤੁਹਾਡੇ ਉਹਨਾਂ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਤੋਂ, ਜਿਹੜੇ ਕੰਮ ਤੁਸੀਂ ਕਰ ਰਹੇ ਹੋ, ਆਜ਼ਾਦ ਹਾਂ।
217਼ (ਹੇ ਮੁਹੰਮਦ ਸ:!) ਤੁਸੀਂ ਆਪਣਾ ਭਰੋਸਾ ਉਸੇ ਜ਼ੋਰਾਵਰ ਮਿਹਰਬਾਨ ’ਤੇ ਰੱਖੋ।
218਼ ਜਿਹੜਾ ਤੁਹਾਨੂੰ ਵੇਖਦਾ ਹੈ ਜਦੋਂ ਤੁਸੀਂ (ਨਮਾਜ਼ ਲਈ) ਖੜੇ ਹੁੰਦੇ ਹੋ।
219਼ ਅਤੇ ਉਹ ਸਿਜਦਾ ਕਰਨ ਵਾਲਿਆਂ ਵਿਚਕਾਰ ਤੁਹਾਡਾ ਉਠਣਾ ਬੈਠਣਾ ਵੀ ਵੇਖਦਾ ਹੈ।
220਼ ਉਹ (ਅੱਲਾਹ) ਹਰ ਗੱਲ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
221਼ ਕੀ ਮੈਂ (ਅੱਲਾਹ) ਤੁਹਾਨੂੰ ਦੱਸਾਂ ਕਿ ਸ਼ੈਤਾਨ ਕਿਸ ’ਤੇ ਉਤਰਿਆ ਕਰਦੇ ਹਨ।
222਼ ਉਹ ਸ਼ੈਤਾਨ ਹਰੇਕ ਝੂਠ ਘੜਣ ਵਾਲੇ ਪਾਪੀ ’ਤੇ ਉਤਰਿਆ ਕਰਦੇ ਹਨ।
223਼ ਜਿਹੜੇ (ਸ਼ੈਤਾਨਾਂ ਵੱਲ) ਕੰਨ ਲਾਈਂ ਰੱਖਦੇ ਹਨ, ਉਹਨਾਂ ਵਿੱਚੋਂ ਬਹੁਤੇ ਝੂਠੇ ਹੁੰਦੇ ਹਨ।
224਼ ਕਵੀਆਂ ਪਿੱਛੇ ਤਾਂ ਕੁਰਾਹੀਏ ਹੀ ਲੱਗਦੇ ਹਨ।
225਼ ਕੀ ਤੁਸੀਂ ਨਹੀਂ ਵੇਖਿਆ ਕਿ ਉਹ (ਕਵੀ) ਹਰੇਕ ਖ਼ਿਆਲੀ ਘਾਟੀ ਵਿਚ ਟੱਕਰਾਂ ਮਾਰਦੇ ਫਿਰਦੇ ਹਨ?
226਼ ਅਤੇ ਉਹ ਅਜਿਹੀਆਂ ਗੱਲਾਂ ਕਹਿੰਦੇ ਹਨ ਜੋ ਉਹ ਆਪ ਨਹੀਂ ਕਰਦੇ।
227਼ ਛੁੱਟ ਉਹਨਾਂ (ਕਵੀਆਂ) ਤੋਂ ਜਿਹੜੇ ਈਮਾਨ ਲਿਆਏ ਅਤੇ ਚੰਗੇ ਕੰਮ ਕੀਤੇ ਅਤੇ ਅੱਲਾਹ ਨੂੰ ਵੀ ਵੱਧ ਤੋਂ ਵੱਧ ਯਾਦ ਕੀਤਾ ਅਤੇ ਜਦੋਂ ਉਹਨਾਂ ’ਤੇ ਜ਼ੁਲਮ ਹੋਇਆ ਤਾਂ ਉਹਨਾਂ ਨੇ ਉਸ ਦਾ ਬਦਲਾ (ਕਲਮ ਤੇ ਹਥਿਆਰ) ਰਾਹੀਂ ਲਿਆ। ਜ਼ਾਲਮ ਛੇਤੀ ਹੀ ਜਾਣ ਲੈਣਗੇ ਕਿ ਕਿਸ (ਦੁਖਦਾਈ) ਪਰਤਣ ਵਾਲੀ ਥਾਂ ਉਹ ਪਰਤਣਗੇ।