عربيEnglish

The Noble Qur'an Encyclopedia

Towards providing reliable exegeses and translations of the meanings of the Noble Qur'an in the world languages

The Story [Al-Qasas] - Bunjabi translation

Surah The Story [Al-Qasas] Ayah 88 Location Maccah Number 28

1਼ ਤਾ, ਸੀਨ, ਮੀਮ।

2਼ ਇਹ ਰੌਸ਼ਨ ਕਿਤਾਬ (.ਕੁਰਆਨ) ਦੀਆਂ ਆਇਤਾਂ ਹਨ।

3਼ ਹੇ ਨਬੀ! ਅਸੀਂ ਤੁਹਾਨੂੰ ਮੂਸਾ ਤੇ ਹਾਰੂਨ ਦਾ ਹਾਲ ਠੀਕ-ਠਾਕ ਸੁਣਾਉਂਦੇ ਹਾਂ, ਇਹ ਕਿੱਸਾ ਉਹਨਾਂ ਲੋਕਾਂ (ਦੇ ਲਾਭ) ਲਈ ਹੈ ਜਿਹੜੇ ਈਮਾਨ ਰੱਖਦੇ ਹਨ।

4਼ ਫ਼ਿਰਔਨ ਨੇ ਧਰਤੀ (ਮਿਸਰ) ਉੱਤੇ ਸਰਕਸ਼ੀ (ਬਗਾਵਤ) ਫੈਲਾ ਰੱਖੀ ਸੀ ਅਤੇ ਮਿਸਰ ਦੇ ਲੋਕਾਂ ਨੂੰ ਕਈ ਧੜ੍ਹਿਆਂ ਵਿਚ ਵੰਡ ਸੁੱਟਿਆ ਸੀ। ਉਹਨਾਂ ਵਿੱਚੋਂ ਇਕ ਧੜੇ (ਬਨੀ-ਇਸਰਾਈਲ) ਨੂੰ ਕਮਜ਼ੋਰ ਸਮਝ ਕੇ ਦਬਾ ਕੇ ਰੱਖਦਾ ਸੀ। ਉਹ ਉਹਨਾਂ ਦੇ ਪੁੱਤਰਾਂ ਨੂੰ ਮਾਰ ਸੁੱਟਦਾ ਸੀ ਅਤੇ ਧੀਆਂ ਨੂੰ ਜਿਉਂਦੀਆਂ ਰਖਦਾ ਸੀ। ਅਸਲ ਵਿਚ ਉਹ ਫ਼ਸਾਦੀਆਂ ਵਿੱਚੋਂ ਹੀ ਸੀ।

5਼ ਅਸੀਂ ਚਾਹੁੰਦੇ ਸੀ ਕਿ ਅਸੀਂ ਉਹਨਾਂ ਲੋਕਾਂ ’ਤੇ ਅਹਿਸਾਨ ਕਰੀਏ, ਜਿਨ੍ਹਾਂ ਨੂੰ ਧਰਤੀ ਉੱਤੇ ਕਮਜ਼ੋਰ (ਬੇ-ਵਸ) ਸਮਝ ਕੇ ਦਬਾ ਕੇ ਰੱਖਿਆ ਗਿਆ ਸੀ, ਉਹਨਾਂ ਨੂੰ ਆਗੂ ਅਤੇ ਉਹਨਾਂ ਨੂੰ ਹੀ (ਮਿਸਰ ਦਾ) ਵਾਰਸ ਬਣਾ ਦਈਏ।

6਼ ਅਤੇ ਇਹ ਵੀ ਇੱਛਾ ਸੀ ਕਿ ਅਸੀਂ ਉਹਨਾਂ (ਕਮਜ਼ੋਰ ਲੋਕਾਂ) ਨੂੰ (ਫ਼ਲਸਤੀਨ ਦੀ ਧਰਤੀ ਦੀ) ਪ੍ਰਭੂਸੱਤਾ ਬਖ਼ਸ਼ੀਏ ਅਤੇ ਫ਼ਿਰਔਨ, ਹਾਮਾਨ ਅਤੇ ਉਹਨਾਂ ਦੀਆਂ ਫ਼ੌਜਾਂ ਨੂੰ (ਉਹਨਾਂ ਕਮਜ਼ੋਰ ਲੋਕਾਂ ਦੇ ਹੱਥੋਂ) ਉਹ (ਭਵਿਸ਼ਵਾਣੀ ਸੱਚ ਕਰ) ਵਿਖਾ ਦਈਏ ਜਿਸ ਤੋਂ ਉਹ ਡਰ ਰਹੇ ਸੀ।

7਼ ਅਸੀਂ ਮੂਸਾ ਦੀ ਮਾਂ ਨੂੰ ਇਸ਼ਾਰਾ ਕੀਤਾ ਕਿ ਤੂੰ ਇਸ (ਮੂਸਾ) ਨੂੰ ਦੁੱਧ ਪਿਆਉਂਦੀ ਰਹਿ ਅਤੇ ਜੇ ਇਸ ਵੱਲੋਂ ਕੋਈ ਚਿੰਤਾ ਹੋਵੇ (ਕਿ ਫ਼ਿਰਔਨ ਦੇ ਬੰਦੇ ਇਸ ਨੂੰ ਮਾਰ ਨਾ ਦੇਣ) ਤਾਂ ਤੂੰ ਇਸ (ਮੂਸਾ) ਨੂੰ ਦਰਿਆ ਵਿਚ ਰੋੜ੍ਹ ਦਈਂ, ਨਾ ਕਿਸੇ ਤਰ੍ਹਾਂ ਦਾ ਕੋਈ ਡਰ ਖ਼ੌਫ ਰੱਖਣਾ ਤੇ ਨਾ ਹੀ ਕੋਈ ਚਿੰਤਾ ਆਦਿ ਕਰਨਾ। ਅਸੀਂ (ਅੱਲਾਹ) ਇਸ (ਮੂਸਾ) ਨੂੰ ਤੇਰੇ ਕੋਲ ਮੋੜ ਲਿਆਵਾਂਗੇ ਅਤੇ ਇਸ ਨੂੰ ਆਪਣੇ ਪੈਗ਼ੰਬਰਾਂ ਵਿਚ ਸ਼ਾਮਲ ਕਰਾਂਗੇ।

8਼ ਸੋ ਫ਼ਿਰਔਨ ਦੇ ਘਰ ਵਾਲਿਆਂ ਨੇ ਉਸ (ਮੂਸਾ) ਨੂੰ (ਦਰਿਆ ’ਚੋਂ) ਕੱਢ ਲਿਆ ਤਾਂ ਜੋ ਇਹ (ਮੂਸਾ ਇਕ ਦਿਨ) ਉਹਨਾਂ (ਫ਼ਿਰਔਨੀਆਂ) ਦਾ ਦੁਸ਼ਮਨ ਸਿੱਧ ਹੋਵੇ ਅਤੇ ਉਹਨਾਂ ਦੀ ਚਿੰਤਾ ਦਾ ਕਾਰਨ ਬਣੇ। ਬੇਸ਼ੱਕ ਫ਼ਿਰਔਨ, ਹਾਮਾਨ ਅਤੇ ਉਹਨਾਂ ਦੀਆਂ ਫ਼ੌਜਾਂ (ਸਾਥੀ) ਅਪਰਾਧੀ ਸਨ।

9਼ (ਫ਼ਿਰਔਨ ਨੇ ਜਦੋਂ ਉਸ ਬੱਚੇ ਨੂੰ ਕਤਲ ਕਰਨਾ ਚਾਹਿਆ ਤਾਂ) ਫ਼ਿਰਔਨ ਦੀ ਪਤਨੀ ਨੇ ਕਿਹਾ ਇਹ ਬੱਚਾ ਤਾਂ ਤੁਹਾਡੇ ਤੇ ਮੇਰੇ ਲਈ ਅੱਖਾਂ ਦੀ ਠੰਢਕ ਹੈ, ਇਸ ਨੂੰ ਨਾ ਮਾਰੋ, ਹੋ ਸਕਦਾ ਹੈ ਕਿ ਇਹ ਸਾਡੇ ਲਈ ਲਾਹੇਵੰਦ ਸਿੱਧ ਹੋਵੇ ਜਾਂ ਅਸੀਂ ਇਸ ਨੂੰ ਆਪਣਾ ਪੁੱਤਰ ਹੀ ਬਣਾ ਲਈਏ। (ਅਸਲ ਗੱਲ ਤਾਂ ਇਹ ਹੈ ਕਿ) ਉਹ ਇਸ ਦੇ ਸਿੱਟੇ ਤੋਂ ਅਣਜਾਣ ਸੀ ਉਹਨਾਂ ਨੂੰ ਕੁੱਝ ਵੀ ਸਮਝ ਨਹੀਂ ਸੀ (ਕਿ ਉਹ ਕਿਸ ਨੂੰ ਪੁੱਤਰ ਬਣਾ ਰਹੇ ਹਨ)।

10਼ ਉੱਧਰ ਮੂਸਾ ਦੀ ਮਾਂ ਦਾ ਦਿਲ ਬੇਚੈਨ ਸੀ, ਜੇ ਅਸੀਂ ਉਸ ਨੂੰ ਹੌਸਲਾ ਨਾ ਦੁਆਉਂਦੇ ਤਾਂ ਹੋ ਸਕਦਾ ਸੀ ਕਿ ਉਹ ਇਸ ਭੇਦ ਨੂੰ ਹੀ ਖੋਲ ਦਿੰਦੀ। (ਇਹ ਹੌਸਲਾ ਇਸ ਲਈ ਦਿੱਤਾ ਗਿਆ ਸੀ) ਤਾਂ ਜੋ ਉਹ (ਸਾਡੇ ਵਚਨਾਂ ਉੱਤੇ) ਭਰੋਸਾ ਕਰਨ ਵਾਲਿਆਂ ਵਿੱਚੋਂ ਹੋ ਜਾਵੇ।

11਼ ਮੂਸਾ ਦੀ ਮਾਂ ਨੇ ਉਸ (ਮੂਸਾ) ਦੀ ਭੈਣ ਨੂੰ ਕਿਹਾ ਕਿ ਤੂੰ ਇਸ ਦੇ ਪਿੱਛੇ-ਪਿੱਛੇ ਜਾ ਅਤੇ ਉਹ (ਭੈਣ) ਉਸ (ਮੂਸਾ) ਨੂੰ ਦੂਰ ਤੋਂ ਹੀ ਵੇਖਦੇ ਹੋਏ ਪਿੱਛੇ-ਪਿੱਛੇ ਜਾ ਰਹੀ ਸੀ ਜਦ ਕਿ ਫ਼ਿਰਔਨੀਆਂ ਨੂੰ ਇਸ ਦਾ ਕੁੱਝ ਪਤਾ ਵੀ ਨਹੀਂ ਸੀ।

12਼ ਅਸੀਂ (ਮੂਸਾ ਤੇ ਮੂਸਾ ਦੀ ਭੈਣ ਦੇ ਫ਼ਿਰਔਨ ਦੇ ਦਰਬਾਰ ਵਿਚ ਪਹੁੰਚਣ ਤੋਂ) ਪਹਿਲਾਂ ਹੀ ਮੂਸਾ ਉੱਤੇ ਦਾਈਆਂ ਦਾ ਦੁੱਧ ਹਰਾਮ ਕਰ (ਭਾਵ ਦੁੱਧ ਚੁੰਘਣ ਤੋਂ ਰੋਕ) ਦਿੱਤਾ ਸੀ। ਮੂਸਾ ਦੀ ਭੈਣ ਨੇ (ਫ਼ਿਰਔਨ ਦੀ ਪਤਨੀ ਨੂੰ) ਕਿਹਾ, ਕੀ ਮੈਂ ਤੁਹਾਨੂੰ ਉਹ ਘਰ ਦੱਸਾਂ ਜਿਹੜਾ ਇਸ ਬੱਚੇ ਦਾ ਪਾਲਣ ਪੋਸ਼ਣ ਕਰੇ ਅਤੇ ਇਸ ਬੱਚੇ ਦੇ ਸ਼ੁਭ ਚਿੰਤਕ ਵੀ ਹੋਣ।

13਼ ਇੰਜ ਅਸੀਂ ਉਸ ਬੱਚੇ (ਮੂਸਾ) ਨੂੰ ਉਸ ਦੀ ਮਾਂ ਕੋਲ ਮੋੜ ਲਿਆਂਦਾ ਤਾਂ ਜੋ ਉਸ ਦੀਆਂ ਅੱਖਾਂ ਠੰਡੀਆਂ ਰਹਿਣ ਅਤੇ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਾ ਹੋਵੇ ਅਤੇ ਇਹ ਵੀ ਜਾਣ ਲਵੇ ਕਿ ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੁੰਦਾ ਹੈ, ਪਰ ਵਧੇਰੇ ਲੋਕੀ ਇਹ ਗੱਲ ਨਹੀਂ ਜਾਣਦੇ।

14਼ ਜਦੋਂ ਮੂਸਾ ਆਪਣੀ ਭਰ ਜਵਾਨੀ ਨੂੰ ਪੁੱਜ ਗਿਆ ਅਤੇ ਸਮਝ ਬੂਝ ਵਾਲਾ ਹੋ ਗਿਆ ਫੇਰ ਅਸੀਂ ਉਸ (ਮੂਸਾ) ਨੂੰ ਹਿਕਮਤ (ਸਮਝਦਾਰੀ) ਤੇ ਗਿਆਨ ਬਖ਼ਸ਼ਿਆ। ਅਸੀਂ ਨੇਕੀ ਕਰਨ ਵਾਲਿਆਂ ਨੂੰ ਇੰਜ ਹੀ ਬਦਲਾ ਦਿਆ ਕਰਦਾ ਹਾਂ।

15਼ (ਇਕ ਦਿਨ ਮੂਸਾ) ਉਸ ਸ਼ਹਿਰ ਵਿਚ ਅਜਿਹੇ ਵੇਲੇ ਦਾਖ਼ਲ ਹੋਇਆ ਜਦੋਂ ਸ਼ਹਿਰ ਨਿਵਾਸੀ ਬੇਖ਼ਬਰੀ ਵਿਚ ਸਨ। ਉੱਥੇ ਉਸ (ਮੂਸਾ ਨੇ) ਦੋ ਆਦਮੀਆਂ ਨੂੰ ਲੜਦੇ ਵੇਖਿਆ। (ਉਹਨਾਂ ਵਿਚ) ਇਕ ਤਾਂ ਉਸ (ਮੂਸਾ) ਦੀ ਕੌਮ ਵਿੱਚੋਂ ਸੀ ਅਤੇ ਦੂਜਾ ਉਸ ਦੀ ਵੈਰੀ ਕੌਮ ਵਿੱਚੋਂ ਸੀ। ਜਿਹੜਾ (ਮੂਸਾ) ਦੀ ਕੌਮ ਵਿੱਚੋਂ ਸੀ ਉਸ ਨੇ ਉਸ ਦੇ ਵਿਰੁੱਧ, ਜੋ ਉਸ ਦੀ ਕੌਮ ਦਾ ਵੈਰੀ ਸੀ, ਉਸ (ਮੂਸਾ) ਤੋਂ ਸਹਾਇਤਾ ਮੰਗੀ। ਜਿਸ ਤੋਂ ਮੂਸਾ ਨੇ ਉਸ ਦੇ ਇਕ ਮੁੱਕਾ ਜੜ੍ਹ ਦਿੱਤਾ ਜਿਸ ਕਾਰਨ ਉਹ ਮਰ ਗਿਆ। ਮੂਸਾ (ਨੂੰ ਇਸ ਦਾ ਪਛਤਾਵਾ ਹੋਇਆ ਅਤੇ) ਆਖਣ ਲੱਗਾ ਕਿ ਇਹ ਤਾਂ ਸ਼ੈਤਾਨੀ ਕੰਮ ਹੈ, ਬੇਸ਼ੱਕ ਉਹ ਸ਼ੈਤਾਨ (ਮਨੁੱਖ ਦਾ) ਖੁੱਲਾ ਦੁਸ਼ਮਨ ਹੈ ਅਤੇ ਕੁਰਾਹੇ ਪਾਉਂਦਾ ਹੈ।

16਼ (ਮੂਸਾ ਨੇ ਮੁਆਫ਼ੀ ਮੰਗਦੇ ਹੋਏ) ਕਿਹਾ ਕਿ ਹੇ ਮੇਰੇ ਮਾਲਿਕ! ਮੈਨੇ ਆਪਣੇ ਆਪ ਨਾਲ ਜ਼ੁਲਮ ਕੀਤਾ ਹੈ, ਸੋ ਤੂੰ ਮੈਨੂੰ ਖਿਮਾ ਕਰ ਦੇ। ਅੱਲਾਹ ਨੇ ਉਸ ਨੂੰ ਮੁਆਫ਼ ਕਰ ਦਿੱਤਾ। ਉਹ ਆਪਣੀਆਂ ਮਿਹਰਾਂ ਸਦਕੇ ਬਖ਼ਸ਼ਣਹਾਰ ਹੈ।

17਼ (ਮੂਸਾ) ਨੇ ਆਖਿਆ ਕਿ ਹੇ ਮੇਰੇ ਰੱਬਾ! ਜਿੱਦਾਂ ਤੂੰ ਮੇਰੇ ’ਤੇ ਉਪਕਾਰ ਕੀਤਾ ਹੈ ਹੁਣ ਮੈਂ ਕਦੇ ਵੀ ਕਿਸੇ ਅਪਰਾਧੀ ਦੀ ਮਦਦ ਨਹੀਂ ਕਰਾਂਗਾ।

18਼ ਫੇਰ ਮੂਸਾ ਨੇ ਸ਼ਹਿਰ ਵਿਚ ਡਰਦੇ ਡਰਦੇ ਅਤੇ ਇੱਧਰ ਉੱਧਰ ਦੇਖਦੇ ਹੋਏ ਸਵੇਰ ਕੀਤੀ। ਅਚਣਚੇਤ ਉਸ ਨੇ ਵੇਖਿਆ ਕਿ ਜਿਸ ਵਿਅਕਤੀ ਨੇ ਕੱਲ ਉਸ (ਮੂਸਾ) ਤੋਂ ਸਹਾਇਤਾ ਮੰਗੀ ਸੀ (ਅੱਜ ਫੇਰ ਉਸ ਨੂੰ) ਮਦਦ ਲਈ ਕਹਿ ਰਿਹਾ ਹੈ। ਮੂਸਾ ਨੇ ਉਸ ਨੂੰ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਤੂੰ ਤਾਂ ਵਿਗੜ੍ਹਿਆ ਹੋਇਆ ਆਦਮੀ ਹੈ।

19਼ ਜਦੋਂ (ਮੂਸਾ ਨੇ) ਆਪਣੇ ਅਤੇ ਉਸ ਵਿਅਕਤੀ ਨੂੰ ਫੜਣਾ ਚਾਹਿਆ, ਜਿਹੜਾ ਉਹਨਾਂ ਦੋਹਾਂ ਦਾ ਵੈਰੀ ਸੀ ਤਾਂ ਉਹ (ਇਸਰਾਈਲੀ) ਆਖਣ ਲੱਗਾ ਕਿ ਹੇ ਮੂਸਾ! ਜਿਵੇਂ ਤੂੰ ਕੱਲ ਇਕ ਵਿਅਕਤੀ ਨੂੰ ਕਤਲ ਕੀਤਾ ਸੀ, ਕੀ ਤੂੰ ਉਸੇ ਪ੍ਰਕਾਰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ? ਤੂੰ ਤਾਂ ਇਹ ਚਾਹੁੰਣਾ ਹੈ ਕਿ ਇਸ ਦੇਸ਼ ਵਿਚ ਜਬਰ ਦੇ ਜ਼ੁਲਮ ਕਰਦਾ ਫਿਰੇਂ, ਤੂੰ ਨਹੀਂ ਚਾਹੁੰਦਾ ਕਿ ਕੋਈ ਸੁਧਾਰ ਹੋਵੇ।

20਼ (ਉਸੇ ਵੇਲੇ) ਸ਼ਹਿਰ ਦੇ ਪਰਲੇ ਸਿਰਿਓ ਭੱਜਦਾ ਹੋਇਆ ਇਕ ਵਿਅਕਤੀ ਆਇਆ ਅਤੇ ਆਖਣ ਲੱਗਾ ਕਿ ਹੇ ਮੂਸਾ! (ਮਿਸਰ) ਦੇ ਸਰਦਾਰ ਤੇਰੇ ਵਿਰੁੱਧ ਸਲਾਹਾਂ ਕਰ ਰਹੇ ਹਨ, ਬੱਸ ਤੂੰ (ਛੇਤੀ ਤੋਂ ਛੇਤੀ) ਇੱਥੋਂ ਨਿਕਲ ਜਾ ਮੈਂ ਤੇਰੇ ਸ਼ੁਭ ਚਿੰਤਕਾਂ ਵਿੱਚੋਂ ਹਾਂ।

21਼ (ਇਹ ਸੁਣਦੇ ਹੀ) ਮੂਸਾ ਉਸ ਸ਼ਹਿਰ ’ਚੋਂ ਡਰਦੇ ਸਹਿਮਦੇ ਆਲੇ-ਦੁਆਲੇ ਵੇਖਦੇ ਹੋਏ ਨਿੱਕਲ ਤੁਰਿਆ ਅਤੇ ਆਖਣ ਲੱਗਿਆ ਕਿ ਹੇ ਮੇਰੇ ਪਾਲਣਹਾਰ! ਮੈਨੂੰ ਜ਼ਾਲਮਾਂ ਦੀ ਕੌਮ ਤੋਂ ਸੁਰੱਖਿਅਤ ਰੱਖ।

22਼ ਜਦੋਂ ਉਹ (ਮੂਸਾ) ਨੇ ਮਦਯਨ ਵੱਲ ਚੱਲ ਪਿਆ ਤਾਂ ਕਹਿਣ ਲੱਗਾ ਕਿ ਆਸ ਹੈ ਕਿ ਮੇਰਾ ਰੱਬ ਮੈਨੂੰ ਸਿੱਧੀ ਰਾਹ ਦੀ ਹਿਦਾਇਤ ਦੇਵੇਗਾ।

23਼ ਜਦੋਂ ਉਹ ਮਦਯਨ ਦੇ ਪਾਣੀ (ਖੂਹ) ’ਤੇ ਅੱਪੜ੍ਹਿਆ ਤਾਂ ਉੱਥੇ ਉਸ ਨੇ ਲੋਕਾਂ ਦੀ ਇਕ ਭੀੜ ਵੇਖੀ, ਉਹ ਆਪਣੇ ਪਸ਼ੂਆਂ ਨੂੰ ਪਾਣੀ ਪਿਆ ਰਹੇ ਸਨ। ਉੱਥੇ ਹੀ ਉਸ ਨੇ ਦੋ ਔਰਤਾਂ ਦੇਖੀਆਂ ਜਿਹੜੀਆਂ (ਆਪਣੇ ਪਸ਼ੂਆਂ ਨੂੰ) ਰੋਕੀਂ ਵੱਖਰੀਆਂ ਖੜ੍ਹੀਆਂ ਸਨ। ਮੂਸਾ ਨੇ ਉਹਨਾਂ ਤੋਂ ਪੁੱਛਿਆ, ਕੀ ਗੱਲ ਤੁਸੀਂ ਪਾਣੀ ਨਹੀਂ ਪਿਆ ਰਹੀਆਂ? ਉਹ ਬੋਲੀਆਂ ਕਿ ਜਦੋਂ ਤਕ ਇਹ ਆਜੜੀ ਇੱਥੋਂ (ਪਾਣੀ ਪਿਆ ਕੇ) ਮੁੜ ਨਹੀਂ ਜਾਂਦੇ ਅਸੀਂ ਪਾਣੀ ਨਹੀਂ ਪਿਆ ਸਕਦੀਆਂ, ਸਾਡੇ ਪਿਤਾ ਜੀ ਬਹੁਤ ਬ੍ਰਿਧ ਹੋ ਚੁੱਕੇ ਹਨ।

24਼ ਇਹ ਸੁਣ ਕੇ ਮੂਸਾ ਨੇ ਉਹਨਾਂ ਦੇ ਪਸ਼ੂਆਂ ਨੂੰ ਪਾਣੀ ਪਿਆ ਦਿੱਤਾ, ਫੇਰ ਇਕ ਛਾਂ ਵਾਲੀ ਥਾਂ ਜਾ ਕੇ ਬਹਿ ਗਿਆ ਤੇ ਆਖਿਆ ਕਿ ਹੇ ਮੇਰੇ ਰੱਬਾ! ਤੂੰ ਜਿਹੜੀ ਵੀ ਨੇਕੀ ਮੇਰੇ ਵੱਲ ਉਤਾਰਦਾ ਹੈ, ਮੈਂ ਉਸ ਦਾ ਮੁਥਾਜ ਹਾਂ।

25਼ (ਕੁੱਝ ਚਿਰ ਮਗਰੋਂ) ਉਹਨਾਂ ਦੋਵਾਂ ਔਰਤਾਂ ਵਿੱਚੋਂ ਇਕ ਔਰਤ ਸ਼ਰਮਾਉਂਦੀ ਲੱਜਾਉਂਦੀ ਹੋਈ ਉਸ ਕੋਲ ਆਈ ਤੇ ਕਹਿਣ ਲੱਗੀ ਕਿ ਤੁਹਾਨੂੰ ਮੇਰੇ ਪਿਤਾ ਜੀ ਨੇ ਬੁਲਾਇਆ ਹੈ ਤਾਂ ਕਿ ਜਿਹੜਾ ਤੁਸੀਂ (ਪਸ਼ੂਆਂ ਨੂੰ) ਪਾਣੀ ਪਿਆਇਆ ਹੈ ਉਸ ਦੀ ਮਜ਼ਦੂਰੀ ਦੇਣ। ਜਦੋਂ ਉਹ ਉਸ (ਪਿਤਾ) ਦੇ ਕੋਲ ਪੁੱਜਿਆ ਅਤੇ ਉਹਨਾਂ ਨੂੰ ਆਪਣੀ ਕਹਾਣੀ ਸੁਣਾਈ ਤਾਂ ਉਹ ਕਹਿਣ ਲੱਗਿਆ ਕਿ ਹੁਣ ਕੋਈ ਡਰਣ ਦੀ ਲੋੜ ਨਹੀਂ, ਤੁਸੀਂ ਜ਼ਾਲਮ ਕੌਮ ਤੋਂ ਨਜਾਤ ਪਾ ਚੁੱਕੇ ਹੋ।

26਼ ਉਹਨਾਂ ਦੋਵਾਂ (ਔਰਤਾਂ) ਵਿੱਚੋਂ ਇਕ (ਔਰਤ) ਨੇ ਕਿਹਾ ਕਿ ਪਿਤਾ ਜੀ, ਇਸ ਵਿਅਕਤੀ (ਮੂਸਾ) ਨੂੰ ਮਜ਼ਦੂਰੀ ਲਈ ਰੱਖ ਲਓ, ਮਜ਼ਦੂਰੀ ਲਈ ਸਾਰਿਆਂ ਤੋਂ ਚੰਗਾ ਉਹੀਓ ਹੁੰਦਾ ਹੈ ਜਿਹੜਾ ਤਾਕਤਵਾਰ ਅਤੇ ਅਮਾਨਤਦਾਰ ਵੀ ਹੋਵੇ।

27਼ ਉਸ (ਔਰਤ ਦੇ ਪਿਤਾ ਨੇ ਮੂਸਾ ਨੂੰ) ਕਿਹਾ ਕਿ ਮੈਂ ਆਪਣੀਆਂ ਧੀਆਂ ਵਿੱਚੋਂ ਇਕ ਨੂੰ ਤੇਰੇ ਨਿਕਾਹ ਵਿਚ ਦੇਣਾ ਚਾਹੁੰਦਾ ਹਾਂ ਪਰ ਇਸ ਸ਼ਰਤ ’ਤੇ ਕਿ ਤੁਸੀਂ ਅੱਠ ਸਾਲ (ਮਹਿਰ ਵਜੋਂ) ਮੇਰੀ ਨੌਕਰੀ ਕਰੋਗੇ, ਹਾਂ! ਜੇ ਦਸ ਸਾਲ ਤਕ ਕਰੋ ਤਾਂ ਇਹ ਤੁਹਾਡੀ ਇੱਛਾ ਹੈ ਮੈਂ ਤੁਹਾਡੇ ’ਤੇ ਸਖ਼ਤੀ ਕਰਨਾ ਨਹੀਂ ਚਾਹੁੰਦਾ। ਜੇ ਅੱਲਾਹ ਨੂੰ ਇਹ ਮਨਜ਼ੂਰ ਹੋਇਆ ਤਾਂ ਤੁਸੀਂ ਮੈਨੂੰ ਇਕ ਭਲਾ ਆਦਮੀ ਹੀ ਵੇਖੋਗੇ।

28਼ (ਮੂਸਾ ਨੇ) ਕਿਹਾ ਕਿ ਇਸ ਗੱਲ ਦੀ (ਸੰਧੀ) ਮੇਰੇ ਤੇ ਤੁਹਾਡੇ ਵਿਚਾਲੇ ਹੈ, ਮੈਂ ਇਹਨਾਂ ਦੋਵਾਂ ਮੁੱਦਤਾਂ ਵਿੱਚੋਂ ਜਿਹੜੀ ਵੀ ਚਾਹਵਾਂ ਪੂਰੀ ਕਰਾਂਗਾ, ਫੇਰ ਮੇਰੇ ਨਾਲ ਕੋਈ ਵਧੀਕੀ ਨਹੀਂ ਹੋਣੀ ਚਾਹੀਦੀ, ਅਸੀਂ ਜੋ ਸੰਧੀ ਕਰ ਰਹੇ ਹਾਂ ਅੱਲਾਹ ਉਸ ਦਾ ਨਿਗਰਾਨ ਹੈ।

29਼ ਜਦੋਂ ਮੂਸਾ ਨੇ ਉਹ ਮੁੱਦਤ ਪੂਰੀ ਕਰ ਲਈ ਅਤੇ ਆਪਣੀ ਪਤਨੀ ਨੂੰ ਲੈਕੇ ਟੁਰਿਆ ਤਾਂ ਤੂਰ ਪਹਾੜ ਵੱਲ ਉਸ ਨੇ ਇਕ ਅੱਗ ਵੇਖੀ, ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਤੂੰ ਇੱਥੇ ਹੀ ਠਹਿਰ ਮੈਂਨੇ ਅੱਗ ਵੇਖੀ ਹੈ, ਹੋ ਸਕਦਾ ਹੈ ਕਿ ਮੈਂ ਉੱਥਿਓਂ ਕੋਈ ਖ਼ਬਰ ਲੈ ਆਵਾਂ ਜਾਂ ਅੱਗ ਦਾ ਅੰਗਿਆਰਾ ਹੀ ਲੈ ਆਵਾਂ ਤਾਂ ਜੋ ਤੁਸੀਂ ਸੇਕ ਸਕੋ।

30਼ ਜਦੋਂ ਉਹ (ਮੂਸਾ ਉਸ ਤੂਰ ਪਹਾੜ) ਕੋਲ ਪਹੁੰਚਿਆ ਤਾਂ ਉਸ ਨੂੰ ਬਰਕਤਾਂ ਵਾਲੀ ਧਰਤੀ ਦੇ ਸੱਜੇ ਕੰਢੇ ਇਕ ਰੁੱਖ ’ਚੋਂ ਆਵਾਜ਼ ਆਈ ਕਿ ਹੇ ਮੂਸਾ! ਮੈਂ ਹੀ ਅੱਲਾਹ ਹਾਂ, ਸਾਰੇ ਜਹਾਨਾਂ ਦਾ ਪਾਲਣਹਾਰ ਹਾਂ।

31਼ (ਅਤੇ ਇਹ ਵੀ ਕਿਹਾ ਕਿ) ਤੂੰ ਆਪਣਾ ਅਸਾ (ਲਾਠੀ) ਸੁੱਟ ਦੇ, (ਸੁੱਟਣ ਮਗਰੋਂ) ਜਦੋਂ ਉਸ (ਲਾਠੀ) ਨੂੰ ਵੇਖਿਆ ਤਾਂ ਉਹ ਸੱਪ ਵਾਂਗ ਵੱਲ ਖਾ ਰਹੀ ਸੀ ਤਾਂ ਉਹ (ਮੂਸਾ) ਪਿੱਠ ਮੋੜ ਕੇ ਨੱਸਿਆ ਤੇ ਪਿੱਛੇ ਮੁੜ ਕੇ ਵੀ ਨਹੀਂ ਵੇਖਿਆ। ਅਸੀਂ ਕਿਹਾ ਕਿ ਹੇ ਮੂਸਾ! ਅੱਗੇ ਆ ਤੇ ਨਾ ਡਰ, ਬੇਸ਼ੱਕ ਤੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਹੈ।

32਼ (ਅਤੇ ਕਿਹਾ ਕਿ) ਆਪਣੇ ਹੱਥ ਨੂੰ ਆਪਣੇ ਗਲਾਂਵੇਂ ਵਿਚ ਪਾ, ਉਹ ਬਿਨਾਂ ਕਿਸੇ ਐਬ ਤੋਂ ਚਮਕਦਾ ਹੋਇਆ ਨਿਕਲੇਗਾ। ਅਤੇ ਡਰ ਭੈਅ ਤੋਂ ਬਚਣ ਲਈ ਆਪਣੀਆਂ ਬਾਵਾਂ ਨੂੰ ਮੀਚ ਲੈ। ਇਹ ਦੋਵੇਂ ਮੁਅਜਜ਼ੇ (ਬੇਵਸ ਕਰਨ ਵਾਲੇ ਰੱਬੀ ਚਮਤਕਾਰ) ਤੇਰੇ ਰੱਬ ਵੱਲੋਂ ਫ਼ਿਰਔਨ ਅਤੇ ਉਸ ਦੇ ਦਰਬਾਰੀਆਂ ਵੱਲ ਭੇਜੇ ਗਏ ਹਨ। ਬੇਸ਼ੱਕ ਉਹ ਸਾਰੇ ਹੀ ਨਾ-ਫ਼ਰਮਾਨ ਲੋਕ ਹਨ।

33਼ ਮੂਸਾ ਨੇ ਕਿਹਾ ਕਿ ਹੇ ਮੇਰੇ ਮਾਲਿਕ! ਮੈਂ ਤਾਂ ਉਹਨਾਂ ਦਾ ਇਕ ਆਦਮੀ ਕਤਲ ਕਰ ਚੁੱਕਿਆ ਹਾਂ, ਸੋ ਮੈਨੂੰ ਡਰ ਹੈ ਕਿ ਉਹ ਮੈਨੂੰ ਮਾਰ ਦੇਣਗੇ।

34਼ ਮੇਰਾ ਭਰਾ ਹਾਰੂਨ ਮੈਥੋਂ ਵਧੀਆ ਬੁਲਾਰਾ ਹੈ, ਤੂੰ ਉਸ ਨੂੰ ਮੇਰਾ ਸਹਾਈ ਬਣਾ ਕੇ ਮੇਰੇ ਨਾਲ ਭੇਜ ਦੇ ਤਾਂ ਜੋ ਉਹ ਮੈਨੂੰ ਸੱਚਾ ਸਮਝਣ, ਮੈਨੂੰ ਤਾਂ ਡਰ ਹੈ ਕਿ ਉਹ ਸਾਰੇ (ਫ਼ਿਰਔਨ ਤੇ ਉਸ ਦੇ ਸਾਥੀ) ਮੈਨੂੰ ਝੁਠਲਾ ਦੇਣਗੇ।

35਼ ਅੱਲਾਹ ਨੇ ਕਿਹਾ ਕਿ ਅਸੀਂ ਤੇਰੇ ਭਰਾ (ਹਾਰੂਨ) ਰਾਹੀਂ ਤੇਰੇ ਹੱਥ ਮਜ਼ਬੂਤ ਕਰ ਦੇਵਾਂਗੇ ਅਤੇ ਤੁਹਾਨੂੰ ਅਜਿਹਾ ਪ੍ਰਤਾਪ ਬਖ਼ਸ਼ਾਂਗੇ ਕਿ ਉਹ (ਫ਼ਿਰਔਨੀ) ਤੁਹਾਡੇ ਤਕ ਪਹੁੰਚ ਵੀ ਨਹੀਂ ਸਕਣਗੇ। ਸਾਡੀਆਂ ਨਿਸ਼ਾਨੀਆਂ (ਮੁਅਜਜ਼ੇ) ਲੈ ਕੇ ਫ਼ਿਰਔਨ ਦੇ ਦਰਬਾਰ ਵਿਚ ਜਾਓ। ਤੁਸੀਂ ਦੋਵੇਂ ਅਤੇ ਤੁਹਾਡੇ ਪੈਰੋਕਾਰ ਹੀ ਭਾਰੂ ਰਹਿਣਗੇ।

36਼ ਜਦੋਂ ਮੂਸਾ ਉਹਨਾਂ (ਫ਼ਿਰਔਨੀਆਂ) ਦੇ ਕੋਲ ਸਾਡੇ ਵੱਲੋਂ ਦਿੱਤੇ ਹੋਏ ਸਪਸ਼ਟ ਮੁਅਜਜ਼ੇ (ਰੱਬੀ ਚਮਤਕਾਰ) ਲੈਕੇ ਪਹੁੰਚਿਆ ਤਾਂ ਉਹ (ਫ਼ਿਰਔਨੀ) ਕਹਿਣ ਲੱਗੇ ਕਿ ਇਹ ਤਾਂ ਘੜ੍ਹਿਆ ਘੜ੍ਹਾਇਆ ਜਾਦੂ ਹੈ। ਅਸੀਂ ਤਾਂ ਆਪਣੇ ਪਿਓ ਦਾਦਿਆਂ ਤੋਂ ਇਹ ਗੱਲਾਂ (ਕਿ ਅੱਲਾਹ ਹੀ ਇੱਕੋ-ਇਕ ਇਸ਼ਟ ਹੈ) ਕਦੇ ਨਹੀਂ ਸੁਣੀਆਂ।

37਼ ਅਤੇ ਮੂਸਾ ਨੇ (ਜਵਾਬ ਵਿਚ) ਕਿਹਾ, ਮੇਰਾ ਰੱਬ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਜਿਹੜਾ ਉਸ ਵੱਲੋਂ ਹਿਦਾਇਤ ਲੈਕੇ ਆਉਂਦਾ ਹੈ ਅਤੇ (ਉਸ ਨੂੰ ਵੀ) ਜਿਸ ਦਾ ਅੰਤ ਚੰਗਾ ਹੋਵੇਗਾ। ਸੱਚੀ ਗੱਲ ਤਾਂ ਇਹ ਹੈ ਕਿ ਜ਼ਾਲਮ ਕਦੇ ਸਫ਼ਲਤਾ ਨਹੀਂ ਪਾਉਂਦੇ।

38਼ ਫ਼ਿਰਔਨ ਨੇ ਕਿਹਾ ਕਿ ਹੇ ਦਰਬਾਰੀਓ! ਮੈਂ ਤਾਂ ਤੁਹਾਡੇ ਲਈ ਛੁੱਟ ਆਪਣੇ ਆਪ ਤੋਂ ਹੋਰ ਕਿਸੇ ਇਸ਼ਟ ਨੂੰ ਨਹੀਂ ਜਾਣਦਾ। ਹੇ ਹਾਮਾਨ! ਤੂੰ ਗਾਰੇ ਦੀਆਂ ਇੱਟਾਂ ਨੂੰ ਪਕਵਾ ਕੇ ਮੇਰੇ ਲਈ ਇਕ ਉੱਚਾ ਮਹਿਲ ਤਾਂ ਬਣਵਾ ਤਾਂ ਜੋ (ਇਸ ’ਤੇ ਚੜ੍ਹ ਕੇ) ਮੂਸਾ ਦੇ ਇਸ਼ਟ ਨੂੰ ਵੇਖ ਸਕਾਂ, ਮੈਂ ਤਾਂ ਇਸ ਗੱਲ ਨੂੰ (ਕਿ ਰੱਬ ਅਕਾਸ਼ ’ਤੇ ਰੁ) ਝੂਠ ਸਮਝਦਾ ਹਾਂ।

39਼ ਇਸ (ਫ਼ਿਰਔਨ) ਨੇ ਅਤੇ ਇਸ ਦੀਆਂ ਫ਼ੌਜਾਂ ਨੇ (ਮਿਸਰ ਦੀ) ਧਰਤੀ ’ਤੇ ਨਾ-ਹੱਕਾ ਤਕੱਬਰ (ਘਮੰਡ) ਕੀਤਾ ਅਤੇ ਸਮਝਦੇ ਸੀ ਕਿ ਉਹਨਾਂ ਨੂੰ ਸਾਡੇ ਵੱਲ ਪਰਤਾਇਆ ਨਹੀਂ ਜਾਵੇਗਾ।

40਼ ਅੰਤ ਅਸੀਂ ਉਸ (ਫ਼ਿਰਔਨ) ਨੂੰ ਅਤੇ ਉਸ ਦੀਆਂ ਫ਼ੌਜਾਂ ਨੂੰ ਫੜ੍ਹਿਆ ਅਤੇ ਦਰਿਆ ਵਿਚ ਸੁੱਟ ਦਿੱਤਾ ਹੁਣ ਵੇਖੋ ਉਹਨਾਂ ਪਾਪੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ।

41਼ ਅਤੇ ਅਸੀਂ ਉਹਨਾਂ ਨੂੰ ਨਰਕ ਵੱਲ ਸੱਦਾ ਦੇਣ ਵਾਲੇ ਆਗੂ ਬਣਾ ਦਿੱਤਾ ਅਤੇ ਕਿਅਮਾਤ ਵਾਲੇ ਦਿਨ ਉਹਨਾਂ ਦੀ ਕੁੱਝ ਵੀ ਸਹਾਇਤਾ ਨਹੀਂ ਕੀਤੀ ਜਾਵੇਗੀ।

42਼ ਅਸੀਂ ਇਸ ਸੰਸਾਰ ਵਿਚ ਵੀ ਉਹਨਾਂ (ਕਾਫ਼ਿਰਾਂ) ਦੇ ਪਿੱਛੇ ਫਿਟਕਾਰ ਲਾ ਦਿੱਤੀ ਅਤੇ ਕਿਆਮਤ ਦਿਹਾੜੇ ਵੀ ਉਹ ਭੈੜੇ ਹਾਲਾਂ ਵਿਚ ਹੋਣਗੇ।

43਼ ਪਹਿਲੀਆਂ ਉੱਮਤਾਂ (ਨਸਲਾਂ) ਨੂੰ ਹਲਾਕ ਕਰਨ ਮਗਰੋਂ ਅਸੀਂ (ਰੱਬ ਨੇ) ਮੂਸਾ ਨੂੰ ਅਜਿਹੀ ਕਿਤਾਬ (ਤੌਰੈਤ) ਬਖ਼ਸ਼ੀ ਜਿਹੜੀ ਲੋਕਾਂ ਲਈ ਦਾਨਾਈ, ਹਿਦਾਇਤ ਅਤੇ ਰਹਿਮਤ ਬਣ ਕੇ ਆਈ ਸੀ, ਸ਼ਾਇਦ ਕਿ ਉਹ (ਇਸ ਤੋਂ) ਨਸੀਹਤ ਗ੍ਰਹਿਣ ਕਰ ਸਕਣ।

44਼ (ਹੇ ਮੁਹੰਮਦ!) ਜਦੋਂ ਅਸੀਂ ਮੂਸਾ ਨੂੰ ਵਿਸ਼ੇਸ਼ ਹੁਕਮ (ਸ਼ਰੀਅਤ) ਲਈ ਵਹੀ ਘੱਲੀ ਸੀ ਤਾਂ (ਉਸ ਸਮੇਂ) ਤੁਸੀਂ (ਤੂਰ ਦੇ) ਪੱਛਮ ਵੱਲ ਨਹੀਂ ਸੀ ਅਤੇ ਨਾ ਹੀ ਤੁਸੀਂ ਇਸ (ਘਟਨਾ) ਦੇ ਗਵਾਹ ਹੋ।

45਼ ਪਰ ਇਸ ਤੋਂ ਪਿੱਛੋਂ ਅਸੀਂ ਕਈਆਂ ਨਸਲਾਂ ਨੂੰ ਪੈਦਾ ਕੀਤਾ ਅਤੇ ਉਹਨਾਂ ’ਤੇ ਇਕ ਲੰਮਾ ਸਮਾਂ ਬੀਤ ਚੁੱਕਾ ਹੈ। ਤੁਸੀਂ (ਮੁਹੰਮਦ ਸ:) ਮਦਯਨ ਦੇ ਰਹਿਣ ਵਾਲੇ ਨਹੀਂ ਸੀ ਕਿ ਉਹਨਾਂ ਦੇ ਸਾਹਮਣੇ ਸਾਡੀਆਂ ਆਇਤਾਂ (.ਕੁਰਆਨ) ਨੂੰ ਪੜ੍ਹਦੇ, ਅਸਲੀਅਤ ਇਹ ਹੈ ਕਿ ਸਾਰੇ ਰਸੂਲਾਂ ਨੂੰ ਭੇਜਣ ਵਾਲੇ ਅਸੀਂ ਹੀ ਹਾਂ।

46਼ ਅਤੇ ਤੁਸੀਂ ਤੂਰ (ਪਹਾੜ) ਕੋਲ ਨਹੀਂ ਸੀ ਜਦੋਂ ਅਸੀਂ (ਮੂਸਾ ਨੂੰ) ਅਵਾਜ਼ ਦੇ ਕੇ ਬੁਲਾਇਆ ਸੀ। ਪਰ ਇਹ ਵਹੀ (ਰੱਬੀ ਬਾਣੀ) ਤੇਰੇ ਰੱਬ ਵੱਲੋਂ ਇਕ ਰਹਿਮਤ ਹੈ। ਤਾਂ ਜੋ ਤੁਸੀਂ ਉਹਨਾਂ ਲੋਕਾਂ ਨੂੰ (ਨਰਕ ਤੋਂ) ਸਾਵਧਾਨ ਕਰੋ ਜਿਨ੍ਹਾਂ ਕੋਲ ਤੁਹਾਥੋਂ ਪਹਿਲਾਂ ਕੋਈ ਡਰਾਉਣ ਵਾਲਾ ਨਹੀਂ ਆਇਆ। ਸ਼ਾਇਦ ਕਿ ਉਹ ਨਸੀਹਤ ਗ੍ਰਹਿਣ ਕਰ ਲੈਣ।

47਼ ਜੇ ਇਹ ਗੱਲ ਨਾ ਹੁੰਦੀ ਕਿ ਲੋਕਾਂ ਦੀਆਂ ਆਪਣੀਆਂ ਕਰਤੂਤਾਂ ਕਾਰਨ ਉਹਨਾਂ ਉੱਤੇ ਕੋਈ ਮੁਸੀਬਤ ਆ ਜਾਂਦੀ ਤਾਂ ਉਹ ਇਹੋ ਆਖਦੇ ਕਿ ਹੇ ਸਾਡੇ ਰੱਬਾ! ਤੂੰ ਸਾਡੇ ਵੱਲ ਕੋਈ ਪੈਗ਼ੰਬਰ ਕਿਉਂ ਨਹੀਂ ਭੇਜਿਆ ਤਾਂ ਜੋ ਅਸੀਂ ਤੇਰੀਆਂ ਆਇਤਾਂ (ਹੁਕਮ) ਦੀ ਪਾਲਣਾ ਕਰਦੇ ਅਤੇ ਈਮਾਨ ਵਾਲਿਆਂ ਵਿੱਚੋਂ ਹੋ ਜਾਂਦੇ (ਤਾਂ ਅਸੀਂ ਰਸੂਲ ਨਾ ਭੇਜਦੇ)।

48਼ ਫੇਰ ਜਦੋਂ ਸਾਡੇ ਵੱਲੋਂ ਉਹਨਾਂ (ਮੱਕੇ ਵਾਲਿਆਂ) ਕੋਲ ਹੱਕ (.ਕੁਰਆਨ) ਆ ਗਿਆ ਤਾਂ ਕਹਿਣ ਲੱਗੇ ਕਿ ਉਹੀਓ ਚਮਤਕਾਰ ਤੁਹਾਨੂੰ ਕਿਉਂ ਨਹੀਂ ਦਿੱਤੇ ਗਏ ਜਿਵੇਂ ਮੂਸਾ ਨੂੰ ਦਿੱਤੇ ਗਏ ਸੀ? (ਰੱਬ ਪੁੱਛਦਾ ਹੈ ਕਿ ਇਹ ਦੱਸੋ) ਕੀ ਉਹਨਾਂ ਲੋਕਾਂ ਨੇ ਉਹਨਾਂ (ਚਮਤਕਾਰਾਂ) ਨੂੰ ਮੰਣਨ ਤੋਂ ਇਨਕਾਰ ਨਹੀਂ ਸੀ ਕੀਤਾ ਜਿਹੜੇ ਇਸ ਤੋਂ ਪਹਿਲਾਂ ਮੂਸਾ ਨੂੰ ਦਿੱਤੇ ਗਏ ਸਨ ? ਕਹਿੰਦੇ ਹਨ ਕਿ ਦੋਵੇਂ (ਤੌਰੈਤ ਤੇ .ਕੁਰਆਨ) ਜਾਦੂ ਹਨ, ਜੋ ਇਕ ਦੂਜੇ ਦੀ ਮਦਦ ਕਰਦੇ ਹਨ। ਅਸੀਂ ਕਿਸੇ ਨੂੰ ਵੀ ਨਹੀਂ ਮੰਨਦੇ।

49਼ (ਹੇ ਮੁਹੰਮਦ ਸ:!) ਉਹਨਾਂ ਨੂੰ ਕਹਿ ਦਿਓ! ਜੇ ਤੁਸੀਂ (ਆਪਣੀਆਂ ਦਲੀਲਾਂ ਵਿਚ) ਸੱਚੇ ਹੋ ਤਾਂ ਤੁਸੀਂ ਵੀ ਅੱਲਾਹ ਕੋਲੋਂ ਕੋਈ ਅਜਿਹੀ ਕਿਤਾਬ ਲੈ ਆਓ ਜਿਹੜੀ ਉਹਨਾਂ ਦੋਵਾਂ (.ਕੁਰਆਨ ਤੇ ਤੌਰੈਤ) ਤੋਂ ਵੱਧ ਕੇ ਹਿਦਾਇਤ ਵਾਲੀ ਹੋਵੇ, ਮੈਂ ਉਸੇ ਦੀ ਪੈਰਵੀ ਕਰਾਗਾਂ।

50਼ ਜੇ ਫੇਰ ਵੀ ਇਹ (ਮੱਕੇ ਵਾਲੇ) ਤੁਹਾਡੀਆਂ ਗੱਲਾਂ ਨੂੰ ਨਹੀਂ ਮੰਨਦੇ ਤਾਂ ਤੁਸੀਂ ਸਮਝ ਲਓ ਕਿ ਇਹ ਤਾਂ ਕੇਵਲ ਆਪਣੀਆਂ ਇੱਛਾਵਾਂ ਦੀ ਹੀ ਪੈਰਵੀ ਕਰ ਰਹੇ ਹਨ। ਇਸ ਤੋਂ ਵੱਧ ਕੇ ਜ਼ਾਲਿਮ ਕੋਣ ਹੋਵੇਗਾ ਜਿਹੜਾ ਬਿਨਾਂ ਰੱਬੀ ਹਿਦਾਇਤ ਤੋਂ ਆਪਣੀਆਂ ਇੱਛਾਵਾਂ ਦੇ ਪਿੱਛੇ ਹੀ ਲੱਗਿਆ ਰਹੇ? ਬੇਸ਼ੱਕ ਅੱਲਾਹ ਜ਼ਾਲਮ ਲੋਕਾਂ ਨੂੰ ਹਿਦਾਇਤ ਨਹੀਂ ਦਿੰਦਾ।

51਼ ਨਿਰਸੰਦੇਹ, ਅਸੀਂ ਲੋਕਾਂ ਦੀ ਹਿਦਾਇਤ ਲਈ ਲੜੀ ਵਾਰ ਆਪਣੀਆਂ ਗੱਲਾਂ (ਭਾਵ ਕੁਰਆਨ) ਨਾਜ਼ਿਲ ਕਰਦੇ ਰਹੇ ਹਾਂ ਤਾਂ ਜੋ ਉਹ ਨਸੀਹਤ ਹਾਸਲ ਕਰ ਸਕਣ।

52਼ ਜਿਹਨਾਂ ਲੋਕਾਂ ਨੂੰ ਅਸੀਂ ਇਸ (.ਕੁਰਆਨ) ਤੋਂ ਪਹਿਲਾਂ ਕਿਤਾਬ ਦਿੱਤੀ ਸੀ ਉਹ ਇਸ (.ਕੁਰਆਨ) ’ਤੇ ਵੀ ਈਮਾਨ ਰੱਖਦੇ ਹਨ।

53਼ ਜਦੋਂ ਇਸ (.ਕੁਰਆਨ) ਨੂੰ ਉਹਨਾਂ ਸਾਹਮਣੇ ਪੜ੍ਹਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਅਸੀਂ ਇਸ ’ਤੇ ਈਮਾਨ ਲਿਆਏ ਹਾਂ, ਬੇਸ਼ੱਕ ਇਹ ਸਾਡੇ ਰੱਬ ਵੱਲੋਂ ਹੱਕ ਹੈ, ਅਸੀਂ ਤਾਂ ਇਸ ਤੋਂ ਪਹਿਲਾਂ ਹੀ ਮੁਸਲਮਾਨ ਸਾਂ 1 (ਕਿਉਂ ਜੋ ਅਸੀਂ ਪਹਿਲੀਆਂ ਆਸਮਾਨੀ ਕਿਤਾਬਾਂ ਨੂੰ ਸੱਚ ਮੰਨਦੇ ਹਾਂ)।

54਼ ਉਹਨਾਂ ਲੋਕਾਂ ਨੂੰ ਉਹਨਾਂ ਦੇ (ਈਮਾਨ ਲਿਆਉਣ ਦਾ) ਦੂਹਰਾ ਬਦਲਾ ਦਿੱਤਾ ਜਾਵੇਗਾ, ਕਿਉਂ ਜੋ ਉਹਨਾਂ ਨੇ (ਅੱਲਾਹ ਦੀ ਰਾਹ ਵਿਚ) ਸਬਰ ਤੋਂ ਕੰਮ ਲਿਆ 2 ਅਤੇ ਬੁਰਾਈ ਨੂੰ ਭਲਾਈ ਨਾਲ ਪਰਾਂ ਕਰਦੇ ਹਨ ਅਤੇ ਜੋ ਕੁੱਝ ਵੀ ਅਸੀਂ ਉਹਨਾਂ ਨੂੰ (ਧੰਨ ਦੌਲਤ) ਦਿੱਤਾ ਹੋਇਆ ਹੈ ਉਸ ਵਿੱਚੋਂ (ਰੱਬੀ ਹੁਕਮਾਂ ਅਨੁਸਾਰ) ਖ਼ਰਚ ਕਰਦੇ ਹਨ।

55਼ ਜਦੋਂ ਉਹ ਭੈੜੀਆਂ ਗੱਲਾਂ (ਮੁਸ਼ਰਿਕਾਂ, ਕਾਫ਼ਿਰਾਂ ਵੱਲੋਂ) ਸੁਣਦੇ ਹਨ ਤਾਂ ਉਸ ਤੋਂ ਮੂੰਹ ਮੋੜ ਲੈਂਦੇ ਹਨ ਅਤੇ ਆਖਦੇ ਹਨ ਕਿ ਸਾਡੇ ਕਰਮ ਸਾਡੇ ਲਈ ਅਤੇ ਤੁਹਾਡੇ ਕਰਮ ਤੁਹਾਡੇ ਲਈ ਹਨ। ਤੁਹਾਨੂੰ ਸਾਡਾ ਸਲਾਮ ਹੈ, ਅਸੀਂ ਜਾਹਲਾਂ ਨਾਲ ਉਲਝਣਾ ਨਹੀਂ ਚਾਹੁੰਦੇ।

56਼ ਹੇ ਨਬੀ! ਤੁਸੀਂ ਜਿਸ ਨੂੰ ਚਾਹੋ ਹਿਦਾਇਤ ਨਹੀਂ ਦੇ ਸਕਦੇ, ਸਗੋਂ ਜਿਸ ਨੂੰ ਅੱਲਾਹ ਚਾਹੁੰਦਾ ਹੈ ਉਸ ਨੂੰ ਹਿਦਾਇਤ ਦਿੰਦਾ ਹੈ। ਉਹ ਹਿਦਾਇਤ ਕਬੂਲ ਕਰਨ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

57਼ ਉਹ (ਮੱਕੇ ਦੇ ਮੁਸ਼ਰਿਕ) ਆਖਦੇ ਹਨ ਕਿ ਜੇ ਅਸੀਂ ਤੁਹਾਡੀ ਹਿਦਾਇਤ ਅਨੁਸਾਰ ਪੈਰਵੀਂ ਕਰਾਗਾਂ ਤਾਂ ਅਸੀਂ ਆਪਣੀ ਧਰਤੀ (ਮੱਕੇ) ਵਿੱਚੋਂ ਕੱਢ ਦਿੱਤੇ ਜਾਵਾਂਗੇ। (ਅੱਲਾਹ ਪੁੱਛਦਾ ਹੈ) ਕੀ ਅਸੀਂ ਉਹਨਾਂ ਨੂੰ ਅਮਨ ਸ਼ਾਂਤੀ ਵਾਲੀ ਥਾਂ ‘ਹਰਮ’ ਵਿਚ ਨਿਵਾਸ ਸਥਾਨ ਨਹੀਂ ਦਿੱਤਾ, ਜਿਸ ਵੱਲ ਹਰ ਤਰ੍ਹਾਂ ਦੇ ਫਲ ਰਿਜ਼ਕ ਵਜੋਂ ਸਾਡੇ ਵਲ ਲਿਆਏ ਜਾਂਦੇ ਹਨ, 1ਪਰ (ਅਫ਼ਸੋਸ) ਉਹਨਾਂ ਵਿੱਚੋਂ ਵਧੇਰੇ (ਲੋਕ) ਕੁੱਝ ਵੀ ਨਹੀਂ ਜਾਣਦੇ।

58਼ ਅਸੀਂ ਕਿੰਨੀਆਂ ਹੀ ਬਸਤੀਆਂ ਨੂੰ ਤਬਾਹ ਕਰ ਚੁੱਕੇ ਹਾਂ ਜਿਹੜੀਆਂ ਆਪਣੀ ਅਰਥ ਵਿਵਸਥਾ ’ਤੇ ਘਮੰਡ ਕਰਦੀਆਂ ਸਨ। ਇਹ ਹਨ ਉਹਨਾਂ ਦੇ (ਉੱਜੜੇ ਹੋਏ) ਘਰ ਜਿਹੜੇ ਉਹਨਾਂ ਮਗਰੋਂ ਬਹੁਤ ਹੀ ਘੱਟ ਆਬਾਦ ਹੋਏ ਹਨ (ਭਾਵ ਖੰਡਰ ਬਣ ਗਏ) ਅਖ਼ੀਰ ਅਸੀਂ ਹੀ ਉਹਨਾਂ ਸਭ ਦੇ ਵਾਰਸ ਹਾਂ।

59਼ (ਹੇ ਮੁਹੰਮਦ!) ਤੇਰਾ ਰੱਬ ਕਿਸੇ ਵੀ ਬਸਤੀ ਨੂੰ ਉਦੋਂ ਤਕ ਹਲਾਕ ਨਹੀਂ ਕਰਦਾ ਜਦੋਂ ਤੀਕ ਉੱਥੇ ਦੀ ਕਿਸੇ ਵੱਡੀ ਬਸਤੀ ਵਿਚ ਆਪਣਾ ਕੋਈ ਪੈਗ਼ੰਬਰ ਨਹੀਂ ਭੇਜਦਾ, ਉਹ ਉਹਨਾਂ (ਬਸਤੀ ਵਾਲਿਆਂ) ਨੂੰ ਸਾਡੀਆਂ ਆਇਤਾਂ (ਹੁਕਮ) ਸੁਣਾਉਂਦਾ ਹੈ ਅਤੇ ਅਸੀਂ ਉਹਨਾਂ ਬਸਤੀਆਂ ਨੂੰ ਉਦੋਂ ਤਕ ਹਲਾਕ ਨਹੀਂ ਕਰਦੇ ਜਦੋਂ ਤਕ ਉੱਥੇ ਦੇ ਵਸਨੀਕ ਜ਼ੁਲਮ ਕਰਨ ਨਹੀਂ ਲੱਗ ਜਾਂਦੇ।

60਼ ਅਤੇ ਤੁਹਾਨੂੰ ਜੋ ਵੀ ਦਿੱਤਾ ਹੋਇਆ ਹੈ ਉਹ ਤਾਂ ਕੇਵਲ ਸੰਸਾਰਿਕ ਜੀਵਨ ਦੀ ਸਮੱਗਰੀ ਹੈ ਅਤੇ ਉਸ ਦਾ ਸੁਹਪਣ ਹੈ, ਪਰ ਜੋ ਕੁੱਝ ਅੱਲਾਹ ਦੇ ਕੋਲ ਹੈ ਉਹ ਬਹੁਤ ਹੀ ਵਧੀਆ ਹੈ ਅਤੇ ਲੰਮੇ ਸਮੇਂ ਲਈ ਹੈ। ਕੀ ਤੁਸੀਂ ਅਕਲ ਨਹੀਂ ਰੱਖਦੇ?

61਼ ਕੀ ਉਹ ਵਿਅਕਤੀ ਜਿਸ ਨਾਲ ਅਸੀਂ ਨੇਕ ਵਾਅਦਾ ਕੀਤਾ ਹੋਵੇ, ਜਿਸ ਨੂੰ ਉਹ ਪ੍ਰਾਪਤ ਕਰਨ ਵਾਲਾ ਹੈ, ਕਦੇ ਉਸ ਵਿਅਕਤੀ ਵਾਂਗ ਹੋ ਸਕਦਾ ਹੈ ਜਿਸ ਨੂੰ ਅਸੀਂ ਸੰਸਾਰਿਕ ਜੀਵਨ ਦੀ ਸਮੱਗਰੀ ਦੇ ਛੱਡੀ ਹੋਵੇ ਅਤੇ ਅੰਤ ਕਿਆਮਤ ਵਾਲੇ ਦਿਨ ਸਜ਼ਾ ਲਈ ਪੇਸ਼ ਹੋਣ ਵਾਲਿਆਂ ਵਿੱਚੋਂ ਹੋਵੇ।

62਼ ਅਤੇ ਜਿਸ ਦਿਨ ਅੱਲਾਹ ਉਹਨਾਂ ਨੂੰ ਆਵਾਜ਼ ਮਾਰੇਗਾ ਅਤੇ ਪੁੱਛੇਗਾ ਕਿ ਤੁਸੀਂ ਜਿਨ੍ਹਾਂ ਨੂੰ ਆਪਣੇ ਗੁਮਾਨਾਂ ਵਿਚ ਮੇਰਾ ਸ਼ਰੀਕ ਬਣਾਉਂਦੇ ਸੀ ਉਹ (ਅੱਜ) ਕਿੱਥੇ ਹਨ?

63਼ ਉਹ ਲੋਕ ਜਿਨ੍ਹਾਂ ਲਈ (ਅਜ਼ਾਬ ਦਾ) ਹੁਕਮ ਹੋ ਚੁੱਕਿਆ ਹੋਵੇਗਾ, ਉਹ ਆਖਣਗੇ ਕਿ ਹੇ ਸਾਡੇ ਪਾਲਣਹਾਰ! ਇਹੋ ਉਹ ਲੋਕ ਹਨ, ਜਿਨ੍ਹਾਂ ਨੂੰ ਅਸੀਂ ਕੁਰਾਹੇ ਪਾਇਆ ਸੀ। ਅਸੀਂ ਇਹਨਾਂ ਨੂੰ ਇਸ ਤਰ੍ਹਾਂ ਕੁਰਾਹੇ ਪਾਇਆ, ਜਿੱਦਾਂ ਅਸੀਂ ਆਪ ਭਟਕੇ ਫਿਰਦੇ ਸੀ। ਅਸੀਂ ਤੇਰੇ ਹਜ਼ੂਰ ਐਲਾਨ ਕਰਦੇ ਹਾਂ ਕਿ ਉਹ ਸਾਡੀ ਬੰਦਗੀ ਨਹੀਂ ਸੀ ਕਰਦੇ।

64਼ ਅਤੇ ਕਿਹਾ ਜਾਵੇਗਾ ਕਿ ਤੁਸੀਂ ਆਪਣੇ ਸ਼ਰੀਕਾਂ ਨੂੰ ਬੁਲਾਓ, ਉਹ (ਮੁਸ਼ਰਿਕ) ਉਹਨਾਂ ਨੂੰ ਬੁਲਾਉਣਗੇ ਪਰ ਉਹ (ਸ਼ਰੀਕ) ਉਹਨਾਂ ਨੂੰ ਕੋਈ ਉੱਤਰ ਨਹੀਂ ਦੇਣਗੇ ਅਤੇ ਉਹ ਸਾਰੇ (ਮੁਸ਼ਰਿਕ ਤੇ ਸ਼ਰੀਕ) ਅਜ਼ਾਬ ਨੂੰ ਵੇਖਣਗੇ। ਕਿੰਨਾਂ ਚੰਗਾ ਹੁੰਦਾ ਜੇ ਇਹ (ਮੁਸ਼ਰਿਕ ਤੇ ਕਾਫ਼ਿਰ) ਸਿੱਧੇ ਰਾਹ ਤੁਰੇ ਹੁੰਦੇ।

65਼ ਜਿਸ (ਕਿਆਮਤ ਵਾਲੇ) ਦਿਨ ਅੱਲਾਹ ਵੱਲੋਂ ਉਹਨਾਂ ਨੂੰ ਪੁੱਛਿਆ ਜਵੇਗਾ ਕਿ (ਜਦੋਂ ਰਸੂਲ ਤੁਹਾਨੂੰ ਰੱਬੀ ਪੈਗ਼ਾਮ ਸੁਣਾਉਂਦੇ ਸੀ ਤਾਂ) ਤੁਸੀਂ ਰਸੂਲਾਂ ਨੂੰ ਕੀ ਉੱਤਰ ਦਿੱਤਾ ਸੀ?

66਼ ਫੇਰ ਤਾਂ ਉਸ ਦਿਨ ਉਹਨਾਂ ਨੂੰ ਕਿਸੇ ਗੱਲ ਦੀ ਖ਼ਬਰ ਨਹੀਂ ਹੋਵੇਗੀ ਅਤੇ ਉਹ ਇਕ ਦੂਜੇ ਤੋਂ ਕੋਈ ਸਵਾਲ ਤਕ ਨਾ ਕਰ ਸਕਣ ਗੇ।

67਼ ਹਾਂ ਜਿਹੜਾ ਵਿਅਕਤੀ (ਸੰਸਾਰ ਵਿਚ ਹੀ) ਤੌਬਾ ਕਰਕੇ ਈਮਾਨ ਲੈ ਆਵੇ ਅਤੇ ਨੇਕ ਕੰਮ ਕਰੇ ਉਹ ਆਸ ਕਰ ਸਕਦਾ ਹੈ ਕਿ ਉਹ ਸਫ਼ਲਤਾ ਪਾਉਣ ਵਾਲੇ ਲੋਕਾਂ ਵਿੱਚੋਂ ਹੋਵੇਗਾ।

68਼ (ਹੇ ਨਬੀ!) ਤੁਹਾਡਾ ਰੱਬ ਜੋ ਚਾਹੁੰਦਾ ਹੈ ਪੈਦਾ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ (ਆਪਣੇ ਕਾਰਜ ਲਈ) ਪਸੰਦ ਕਰ ਲੈਂਦਾ ਹੈ। ਉਹਨਾਂ ਲੋਕਾਂ ਦੇ ਹੱਥ ਵਿਚ ਕੁੱਝ ਵੀ ਨਹੀਂ। ਪਵਿੱਤਰਤਾ ਸਾਰੀ ਦੀ ਸਾਰੀ ਅੱਲਾਹ ਲਈ ਹੈ, ਉਹ ਉਹਨਾਂ ਤੋਂ ਬਹੁਤ ਉਚੇਰਾ ਹੈ ਜਿਨ੍ਹਾਂ ਨੂੰ ਲੋਕੀ ਸ਼ਰੀਕ ਬਣਾਉਂਦੇ ਹਨ।

69਼ ਅਤੇ ਤੁਹਾਡਾ ਰੱਬ ਜਾਣਦਾ ਹੈ ਜੋ ਉਹਨਾਂ ਦੇ ਮਨਾਂ ਵਿਚ ਲੁਕਿਆ ਹੋਇਆ ਹੈ ਅਤੇ ਜੋ ਉਹ ਪ੍ਰਗਟ ਕਰ ਰਹੇ ਹਨ।

70਼ ਉਹੀ ਅੱਲਾਹ ਹੈ ਉਸ ਤੋਂ ਛੁੱਟ ਹੋਰ ਕੋਈ ਬੰਦਗੀ ਦੇ ਯੋਗ ਨਹੀਂ। ਸੰਸਾਰ ਵਿਚ ਵੀ ਅਤੇ ਆਖ਼ਿਰਤ ਵਿਚ ਵੀ ਸਾਰੀਆਂ ਤਾਰੀਫ਼ਾ ਉਸੇ ਲਈ ਹਨ, ਉਸੇ ਦਾ ਹੁਕਮ ਚਲਦਾ ਹੈ ਅੰਤ ਉਸੇ ਵੱਲ ਤੁਸੀਂ ਸਾਰੇ ਪਰਤਾਏ ਜਾਓਗੇ।

71਼ (ਹੇ ਨਬੀ!) ਉਹਨਾਂ ਤੋਂ ਪੁੱਛੋ ਕਿ ਜੇ ਅੱਲਾਹ ਤੁਹਾਡੇ ’ਤੇ ਕਿਆਮਤ ਤੀਕ ਲਈ ਰਾਤ ਹੀ ਪਾਈਂ ਰੱਖੇ ਤਾਂ ਅੱਲਾਹ ਤੋਂ ਛੁੱਟ ਹੋਰ ਕੌਣ ਇਸ਼ਟ ਹੈ, ਜਿਹੜਾ ਤੁਹਾਡੇ ਲਈ ਦਿਨ ਦੀ ਰੌਸ਼ਨੀ ਲੈ ਕੇ ਆਵੇ? ਕੀ ਤੁਸੀਂ ਸੁਣਦੇ ਨਹੀਂ?

72਼ ਉਹਨਾਂ ਨੂੰ ਪੁੱਛੋ ਕਿ ਜੇ ਅੱਲਾਹ ਤੁਹਾਡੇ ’ਤੇ ਕਿਆਮਤ ਤੀਕ ਸਦਾ ਲਈ ਦਿਨ ਹੀ ਕੱਢੀਂ ਰੱਖੇ (ਰਾਤ ਆਵੇ ਹੀ ਨਾ) ਤਾਂ ਅੱਲਾਹ ਤੋਂ ਛੁੱਟ ਕੋਈ ਇਸ਼ਟ ਅਜਿਹਾ ਹੈ ਜਿਹੜਾ ਤੁਹਾਡੇ ਲਈ ਰਾਤ ਲੈ ਆਵੇ ਕਿ ਤੁਸੀਂ ਆਰਾਮ ਕਰ ਸਕੋਂ? ਕੀ ਤੁਸੀਂ ਵੇਖਦੇ ਨਹੀਂ?

73਼ ਉਸ ਨੇ ਆਪਣੀ ਰਹਿਮਤ ਸਦਕੇ ਤੁਹਾਡੇ ਲਈ ਰਾਤ ਤੇ ਦਿਨ ਬਣਾਏ, ਤਾਂ ਜੋ ਤੁਸੀਂ ਇਸ (ਰਾਤ) ਆਰਾਮ ਕਰ ਸਕੋਂ ਅਤੇ ਤਾਂ ਜੋ (ਦਿਨ ਵਿਚ) ਉਸ ਦਾ ਫਜ਼ਲ (ਰਿਜ਼ਕ) ਲੱਭ ਸਕੋਂ। (ਇਹ ਸਭ ਵੇਖ ਕੇ) ਹੋ ਸਕਦਾ ਹੈ ਕਿ ਤੁਸੀਂ ਧੰਨਵਾਦ ਕਰੋਂ।

74਼ ਅਤੇ ਜਿਸ ਦਿਨ ਅੱਲਾਹ ਉਹਨਾਂ (ਮੁਸ਼ਰਿਕਾਂ) ਨੂੰ ਪੁੱਛੇਗਾ ਕਿ ਉਹ (ਇਸ਼ਟ) ਕਿੱਥੇ ਹਨ ਜਿਨ੍ਹਾਂ ਨੂੰ ਤੁਸੀਂ ਮੇਰਾ ਸਾਂਝੀ ਖ਼ਿਆਲ ਕਰਦੇ ਸੀ।

75਼ ਅਤੇ ਅਸੀਂ ਹਰ ਉੱਮਤ (ਕੌਮ) ਵਿੱਚੋਂ ਇਕ-ਇਕ ਗਵਾਹ ਕੱਢ ਲਿਆਵਾਂਗੇ ਫੇਰ ਅਸੀਂ ਆਖਾਂਗੇ ਕਿ ਤੁਸੀਂ (ਮੇਰਾ ਸ਼ਰੀਕ ਬਣਾਉਣ ਲਈ) ਕੋਈ ਦਲੀਲ ਪੇਸ਼ ਕਰੋ। ਉਸ ਸਮੇਂ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਬੇਸ਼ੱਕ ਸੱਚੀ ਗਲ ਤਾਂ ਅੱਲਾਹ ਹੀ ਦੀ ਹੈ ਅਤੇ ਉਹਨਾਂ ਤੋਂ ਉਹ ਸਭ ਗੁਆਚ ਜਾਵੇਗਾ, ਜੋ ਝੂਠ ਉਹ ਘੜਦੇ ਸੀ।

76਼ ਬੇਸ਼ੱਕ ਕਾਰੂਨ ਵੀ ਮੂਸਾ ਦੀ ਕੌਮ ਵਿੱਚੋਂ ਹੀ ਸੀ, ਪਰ ਉਹ ਉਹਨਾਂ ’ਤੇ ਜ਼ੁਲਮ ਕਰਦਾ ਸੀ। ਅਸੀਂ ਉਸ ਨੂੰ ਇੰਨੇ ਖ਼ਜ਼ਾਨੇ ਦੇ ਰੱਖੇ ਸੀ ਕਿ ਉਸ ਦੀਆਂ ਕੁੰਜੀਆਂ ਦਾ ਭਾਰ ਕਈ ਕਈ ਤਾਕਤਵਰ ਲੋਕਾਂ ਨੂੰ ਵੀ ਥਕਾ ਦਿੰਦੀਆਂ ਸੀ। ਇਕ ਵਾਰ ਉਸ ਦੀ ਕੌਮ ਨੇ ਕਿਹਾ ਕਿ ਤੂੰ ਘਮੰਡ ਨਾ ਕਰ, ਅੱਲਾਹ ਘਮੰਡੀ ਲੋਕਾਂ ਨੂੰ ਪਸੰਦ ਨਹੀਂ ਕਰਦਾ।

77਼ ਅਤੇ ਜੋ (ਦੌਲਤ) ਅੱਲਾਹ ਨੇ ਤੈਨੂੰ ਦਿੱਤੀ ਹੋਈ ਹੈ ਤੂੰ ਉਸ ਨਾਲ ਆਖ਼ਿਰਤ ਦਾ ਘਰ ਬਣਾਉਣ ਦੀ ਵੀ ਚਿੰਤਾ ਕਰ ਅਤੇ ਦੁਨੀਆਂ ਵਿੱਚੋਂ ਵੀ ਆਪਣਾ ਹਿੱਸਾ ਲੈਣਾ ਨਾ ਭੁੱਲੀਂ ਅਤੇ ਜਿਸ ਤਰ੍ਹਾਂ ਅੱਲਾਹ ਨੇ ਤੇਰੇ ’ਤੇ ਅਹਿਸਾਨ ਕੀਤਾ ਹੈ, ਤੂੰ ਵੀ (ਲੋਕਾਂ ’ਤੇ) ਅਹਿਸਾਨ ਕਰ ਅਤੇ ਧਰਤੀ ’ਤੇ ਵਿਗਾੜ ਪੈਦਾ ਨਾ ਕਰ। ਬੇਸ਼ੱਕ ਅੱਲਾਹ ਫ਼ਸਾਦੀਆਂ ਨੂੰ ਪਸੰਦ ਨਹੀਂ ਕਰਦਾ।

78਼ ਕਾਰੂਨ ਨੇ ਉੱਤਰ ਵਿਚ ਕਿਹਾ ਕਿ ਇਹ ਸਭ ਕੁੱਝ (ਮਾਲਦੌਲਤ) ਮੈਨੂੰ ਮੇਰੀ ਅਕਲ-ਸਮਝ ਕਾਰਨ ਹੀ ਦਿੱਤਾ ਗਿਆ ਹੈ। ਕੀ ਉਹ ਨਹੀਂ ਜਾਣਦਾ ਕਿ ਬੇਸ਼ੱਕ ਅੱਲਾਹ ਇਸ ਤੋਂ ਪਹਿਲਾਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਨਸ਼ਟ ਕਰ ਚੁੱਕਿਆ ਹੈ ਜੋ ਇਸ ਤੋਂ ਕਿਤੇ ਵੱਧ ਜ਼ੋਰਾਵਰ ਸੀ ਅਤੇ ਬਹੁਤ ਵੱਡੇ ਧਨਵਾਨ ਸੀ? ਗੁਨਾਹਗਾਰਾਂ (ਪਾਪੀਆਂ) ਤੋਂ ਉਹਨਾਂ ਦੇ ਅਪਰਾਧਾਂ ਪ੍ਰਤੀ ਨਹੀਂ ਪੁੱਛਿਆ ਜਾਂਦਾ।

79਼ ਜਦੋਂ ਉਹ (ਕਾਰੂਨ) ਆਪਣੀ ਕੌਮ ਦੇ ਸਾਹਮਣੇ ਪੂਰੀ ਸੱਜ-ਧੱਜ ਨਾਲ ਨਿਕਲਿਆ ਤਾਂ ਸੰਸਾਰਿਕ ਜੀਵਨ ਦੇ ਮਤਵਾਲੇ ਕਹਿਣ ਲੱਗੇ ਕਿ ਕਾਸ਼! ਸਾਨੂੰ ਵੀ ਕਿਸੇ ਪ੍ਰਕਾਰ ਉਹ ਮਿਲ ਜਾਂਦਾ ਜੋ (ਧੰਨ-ਦੌਲਤ) ਕਾਰੂਨ ਨੂੰ ਦਿੱਤਾ ਗਿਆ ਹੈ। ਬੇਸ਼ੱਕ ਉਹ ਤਾਂ ਕਿਸਮਤ ਦਾ ਧੰਨੀ ਹੈ।

80਼ ਪਰ ਜਿਨ੍ਹਾਂ ਨੂੰ ਗਿਆਨ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਅਫ਼ਸੋਸ ਤੁਹਾਡੀਆਂ ਅਕਲਾਂ ’ਤੇ, ਉਸ ਵਿਅਕਤੀ ਲਈ ਅੱਲਾਹ ਵੱਲੋਂ ਚੰਗਾ ਬਦਲਾ ਹੈ ਜਿਹੜਾ ਅੱਲਾਹ ’ਤੇ ਈਮਾਨ ਲਿਆਇਆ ਤੇ ਨੇਕ ਅਮਲ ਕੀਤੇ। ਇਹ ਗੱਲ ਸਬਰ ਕਰਨ ਵਾਲਿਆਂ ਨੂੰ ਹੀ ਸਿਖਾਈ ਜਾਂਦੀ ਹੈ।

81਼ ਸੋ ਅਸੀਂ ਉਸ (ਕਾਰੂਨ) ਨੂੰ ਸਨੇ ਉਸ ਦੇ ਮਹਿਲ ਦੇ ਧਰਤੀ ਵਿਚ ਧਸਾ ਦਿੱਤਾ ਅਤੇ ਫੇਰ ਉਸ ਲਈ (ਉਸ ਦੇ ਹਾਮੀਆਂ ਦੀ) ਕੋਈ ਟੋਲੀ ਅਜਿਹੀ ਨਹੀਂ ਸੀ ਜਿਹੜੀ ਅੱਲਾਹ ਦੇ ਮੁਕਾਬਲੇ ਵਿਚ ਉਸ ਦੀ ਮਦਦ ਕਰਦੀ ਅਤੇ ਨਾ ਹੀ ਉਹ ਆਪ ਬਦਲਾ ਲੈ ਸਕਿਆ।1

82਼ ਅਤੇ ਜਿਹੜੇ ਲੋਕੀ ਕੱਲ ਤੀਕ ਉਸ ਵਾਂਗ ਅਮੀਰ ਬਣਨ ਦੀ ਇੱਛਾ ਰੱਖਦੇ ਸੀ, ਉਹ ਸਵੇਰ ਨੂੰ ਉਠ ਕੇ ਕਹਿਣ ਲੱਗੇ, ਹਾਏ ਅਫ਼ਸੋਸ (ਸਾਡੀ ਭੁੱਲ ਉੱਤੇ)! ਅੱਲਾਹ ਆਪਣੇ ਬੰਦਿਆ ਵਿੱਚੋਂ ਜਿਸ ਨੂੰ ਚਾਹੁੰਦਾ ਹੈ ਖੁੱਲ੍ਹੀ ਰੋਜ਼ੀ ਦਿੰਦਾ ਹੈ ਅਤੇ (ਚਾਹੇ ਤਾਂ) ਤੰਗ ਵੀ ਕਰ ਦਿੰਦਾ ਹੈ। ਜੇ ਅੱਲਾਹ ਸਾਡੇ ’ਤੇ ਆਪਣੀ ਕ੍ਰਿਪਾ ਨਾ ਕਰਦਾ ਤਾਂ ਸਾਨੂੰ ਵੀ ਧੁਸਾ ਦਿੰਦਾ। ਕੀ ਤੁਸੀਂ ਨਹੀਂ ਜਾਣਦੇ ਕਿ ਨਾ-ਸ਼ੁਕਰੇ ਕਦੇ ਸਫ਼ਲ ਨਹੀਂ ਹੁੰਦੇ?

83਼ ਉਹ ਆਖ਼ਿਰਤ ਦਾ ਘਰ(ਸਵਰਗ) ਅਸੀਂ ਉਹਨਾਂ ਲੋਕਾਂ ਨੂੰ ਹੀ ਬਖ਼ਸ਼ਾਂਗੇ ਜਿਹੜੇ ਧਰਤੀ ’ਤੇ ਨਾ ਵਡਿਆਈ ਚਾਹੁੰਦੇ ਹਨ ਤੇ ਨਾ ਹੀ ਫ਼ਸਾਦ। ਰੱਬ ਤੋਂ ਡਰਨ ਵਾਲਿਆਂ ਦਾ ਹੀ ਵਧੀਆ ਅੰਤ ਹੋਵੇਗਾ।1

84਼ ਜਿਹੜਾ ਕੋਈ (ਕਿਆਮਤ ਦਿਹਾੜੇ) ਨੇਕੀ ਲਿਆਵੇਗਾ ਉਸ ਨੂੰ ਉਸ (ਨੇਕੀ) ਤੋਂ ਵਧੀਆ ਬਦਲਾ ਮਿਲੇਗਾ ਜਿਹੜਾ ਕੋਈ ਬੁਰਾਈ ਲਿਆਵੇਗਾ ਤਾਂ ਭੈੜੀਆਂ ਕਰਤੂਤਾਂ ਕਰਨ ਵਾਲੇ ਨੂੰ ਉਹੀ ਬਦਲਾ ਮਿਲੇਗਾ, ਜੋ ਉਹ ਕਰਮ ਕਰਦੇ ਸਨ।

85਼ (ਹੇ ਨਬੀ!) ਜਿਸ ਅੱਲਾਹ ਨੇ ਤੁਹਾਡੇ ’ਤੇ ਇਹ (.ਕੁਰਆਨ) ਨਾਜ਼ਿਲ ਕੀਤਾ ਹੈ ਲਾਜ਼ਮਨ ਉਹ ਤੁਹਾਨੂੰ ਵਧੀਆ ਅੰਤ ਤਕ ਪਹੁੰਚਾਉਣ ਵਾਲਾ ਹੈ। ਆਖ ਦਿਓ ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਕੌਣ ਹਿਦਾਇਤ ਦੇ ਨਾਲ (ਅੱਲਾਹ ਕੋਲ) ਆਇਆ ਹੈ ਤੇ ਕੌਣ ਗੁਮਰਾਹੀ ਨਾਲ ਆਇਆ ਹੈ।

86਼ (ਹੇ ਨਬੀ!) ਤੁਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਆਪ ਵੱਲ ਇਹ ਕਿਤਾਬ (.ਕੁਰਆਨ) ਨਾਜ਼ਿਲ ਕੀਤੀ ਜਾਵੇਗੀ। ਇਹਤਾਂ ਤੁਹਾਡੇ ਰੱਬ ਦੀਆਂ ਮਿਹਰਾਂ ਸਦਕੇ ਹੀ ਉੱਤਰਿਆ ਹੈ। ਸੋ ਹੁਣ ਤੁਸੀਂ ਕਦੇ ਵੀ ਕਾਫ਼ਿਰਾਂ ਦਾ ਸਹਾਇਕ ਨਹੀਂ ਬਣੋ। (ਭਾਵ ਕੋਈ ਕੰਮ ਜਾਂ ਗੱਲ ਅਜਿਹੀ ਨਾ ਕਰੋ ਜਿਸ ਤੋਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਲਾਭ ਹੋਵੇ)।

87਼ ਅਤੇ ਉਹ (ਕਾਫ਼ਿਰ) ਤੁਹਾਨੂੰ ਅੱਲਾਹ ਦੀਆਂ ਆਇਤਾਂ (.ਕੁਰਆਨ) ਦੇ ਪ੍ਰਚਾਰ ਤੋਂ ਨਾ ਰੋਕ ਦੇਣ ਜਦ ਕਿ ਇਹ ਤੁਹਾਡੇ ਉੱਤੇ ਹੀ ਉਤਾਰੀਆਂ ਗਈਆਂ ਹਨ। ਤੁਸੀਂ (ਉਹਨਾਂ ਨੂੰ) ਆਪਣੇ ਰੱਬ ਵੱਲ ਬਲਾਉਂਦੇ ਰਹੋ ਅਤੇ ਕਦੇ ਵੀ ਸ਼ਿਰਕ ਕਰਨ ਵਾਲਿਆਂ ਵਿੱਚੋਂ ਨਾ ਹੋਣਾ।

88਼ ਤੁਸੀਂ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਇਸ਼ਟ ਨਾ ਆਖੋ। ਅੱਲਾਹ ਤੋਂ ਛੁੱਟ ਹੋਰ ਕੋਈ ਵੀ ਇਸ਼ਟ ਨਹੀਂ। ਹਰ ਚੀਜ਼ ਦਾ ਅੰਤ ਹੋਣ ਵਾਲਾ ਹੈ ਸਿਵਾਏ ਉਸ (ਅੱਲਾਹ) ਦੀ ਹਸਤੀ ਤੋਂ, ਉਸੇ ਦਾ ਹੁਕਮ ਚਲਦਾ ਹੈ ਅਤੇ ਤੁਸੀਂ ਸਾਰੇ ਉਸੇ ਵੱਲ ਪਰਤਾਏ ਜਾਵੋਗੇ।