The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe Coalition [Al-Ahzab] - Bunjabi translation
Surah The Coalition [Al-Ahzab] Ayah 73 Location Maccah Number 33
1਼ ਹੇ ਨਬੀ! (ਮੁਹੰਮਦ ਸ:) ਅੱਲਾਹ ਤੋਂ ਹੀ ਡਰਦੇ ਰਹੋ ਅਤੇ ਕਾਫ਼ਿਰਾਂ ਤੇ ਮੁਨਾਫ਼ਿਕਾਂ ਦੇ ਆਖੇ ਨਾ ਲੱਗੋ। ਬੇਸ਼ੱਕ ਅੱਲਾਹ ਵੱਡਾ ਜਾਣਨਹਾਰ ਤੇ ਹਿਕਮਤ ਵਾਲਾ (ਯੁਕਤੀਮਾਨ) ਹੈ।
2਼ ਅਤੇ ਉਸ ਵਹੀ (ਰੱਬੀ ਹਿਦਾਇਤ) ਦੀ ਪੈਰਵੀ ਕਰੋ ਜੋ ਤੁਹਾਡੇ ਰੱਬ ਵੱਲੋਂ ਤੁਹਾਡੇ ਉੱਤੇ ਨਾਜ਼ਿਲ ਕੀਤੀ ਜਾਂਦੀ ਹੈ, ਬੇਸ਼ੱਕ ਅੱਲਾਹ ਤੁਹਾਡੇ ਸਾਰੇ ਕੰਮਾਂ ਦੀ ਖ਼ਬਰ ਰੱਖਦਾ ਹੈ।
3਼ ਤੁਸੀਂ ਅੱਲਾਹ ਉੱਤੇ ਹੀ ਭਰੋਸਾ ਰੱਖੋ ਅਤੇ ਕੰਮ ਸਵਾਰਨ ਲਈ ਅੱਲਾਹ ਹੀ ਬਥੇਰਾ ਹੈ।
4਼ ਅੱਲਾਹ ਨੇ ਕਿਸੇ ਵਿਅਕਤੀ ਦੇ ਸੀਨੇ ਵਿਚ ਦੋ ਦਿਲ ਨਹੀਂ ਰੱਖੇ। ਤੁਸੀਂ ਆਪਣੀਆਂ ਜਿਨ੍ਹਾਂ ਪਤਨੀਆਂ ਨੂੰ ਮਾਂ ਕਹਿ ਬੈਠਦੇ ਹੋ ਅੱਲਾਹ ਨੇ ਉਹਨਾਂ ਨੂੰ ਨਾ ਹੀ ਤੁਹਾਡੀ (ਸਕੀ) ਮਾਂ ਬਣਾਇਆ ਹੈ ਅਤੇ ਨਾ ਹੀ ਤੁਹਾਡੇ ਲਈ ਲੇ ਪਾਲਕਾਂ (ਮੂੰਹ-ਬੋਲੇ ਬੇਟੇ) ਨੂੰ ਤੁਹਾਡਾ (ਸਕਾ) ਪੁੱਤਰ ਬਣਾਇਆ ਹੈ। ਇਹ ਤਾਂ ਤੁਹਾਡੇ ਆਪਣੇ ਮੂੰਹਾਂ ਦੀਆਂ ਗੱਲਾਂ ਹਨ। ਜਦ ਕਿ ਅੱਲਾਹ ਤੁਹਾਨੂੰ ਹੱਕ-ਸੱਚ ਗੱਲ ਹੀ ਆਖਦਾ ਹੈ ਅਤੇ ਉਹੀਓ ਸਿੱਧੀ ਰਾਹ ਦਰਸਾਉਂਦਾ ਹੈ।
5਼ ਪਾਲਕਾਂ ਨੂੰ ਉਹਨਾਂ ਦੇ (ਅਸਲੀ) ਬਾਪਾਂ ਦੇ ਨਾਂ ਲੈ ਕੇ ਪੁਕਾਰੋ, ਅੱਲਾਹ ਦੀ ਨਜ਼ਰ ਵਿਚ ਇਹੋ ਇਨਸਾਫ਼ ਵਾਲੀ ਗੱਲ ਹੈ। ਫੇਰ ਜੇ ਤੁਹਾਨੂੰ ਉਹਨਾਂ ਦੇ ਅਸਲੀ ਪਿਓ ਦਾ ਪਤਾ ਹੀ ਨਾ ਹੋਵੇ (ਕਿ ੳਹਨਾਂ ਦਾ ਪਿਓ ਕੌਣ ਹੈ) ਤਾਂ ਉਹ ਤੁਹਾਡੇ ਧਰਮ-ਭਰਾ ਤੇ ਤਹਾਡੇ ਮਿੱਤਰ ਹਨ। ਜੇ ਇਸ ਮਾਮਲੇ ਵਿਚ ਤੁਹਾਥੋਂ ਕੋਈ ਭੁੱਲ-ਚੁੱਕ ਹੋ ਜਾਵੇ ਤਾਂ ਤੁਹਾਡੇ ਸਿਰ ਕੋਈ ਦੋਸ਼ ਨਹੀਂ, ਹਾਂ! ਦੋਸ਼ ਉਸ ਗੱਲ ਦਾ ਹੈ ਜਿਹੜਾ ਤੁਸੀਂ ਆਪਣੇ ਮਨੋ ਇਰਾਦਾ ਕਰਦੇ ਹੋ। ਅੱਲਾਹ ਵੱਡਾ ਬਖ਼ਸ਼ਨਹਾਰ ਤੇ ਮਿਹਰਾਂ ਵਾਲਾ ਹੈ।
6਼ ਬੇਸ਼ੱਕ ਨਬੀ ਤਾਂ ਈਮਾਨ ਵਾਲਿਆਂ ਲਈ ਉਹਨਾਂ ਦੇ ਆਪਣੇ ਆਪ ਤੋਂ ਵੀ ਕਿਤੇ ਵੱਧ ਹੱਕ ਰੱਖਦਾ ਹੈ1 ਅਤੇ ਨਬੀ ਦੀਆਂ ਪਤਨੀਆਂ ਈਮਾਨ ਵਾਲਿਆਂ ਦੀਆਂ ਮਾਵਾਂ ਹਨ ਅਤੇ ਅੱਲਾਹ ਦੀ ਕਿਤਾਬ (.ਕੁਰਆਨ) ਅਨੁਸਾਰ ਦੂਜੇ ਮੋਮਿਨਾਂ ਅਤੇ ਮੁਹਾਜਰਾਂ ਨਾਲੋਂ, ਰਿਸ਼ਤੇਦਾਰ (ਵਰਾਸਤ ਦਾ) ਵਧੇਰੇ ਹੱਕਦਾਰ ਹਨ। ਜੇ ਤੁਸੀਂ ਆਪਣੇ ਮਿੱਤਰਾਂ ਨਾਲ ਭਲਾਈ ਕਰਨਾ ਚਾਹੁੰਦੇ ਹੋ (ਤਾਂ ਕਰ ਸਕਦੇ ਹੋ) ਇਹ ਹੁਕਮ ਰੱਬੀ ਕਿਤਾਬ (.ਕੁਰਆਨ) ਵਿਚ ਲਿਖਿਆ ਹੋਇਆ ਹੈ।
7਼ (ਹੇ ਨਬੀ! ਯਾਦ ਕਰੋ) ਜਦੋਂ ਅਸੀਂ ਸਾਰੇ ਨਬੀਆਂ ਤੋਂ (ਰੱਬੀ ਪੈਗ਼ਾਮ ਲੋਕਾਂ ਤਕ ਪਹੁੰਚਾਉਣ ਦਾ) ਪ੍ਰਣ ਲਿਆ ਸੀ। ਤੁਹਾਥੋਂ (ਭਾਵ ਮੁਹੰਮਦ ਸ: ਤੋਂ) ਵੀ ਅਤੇ ਨੂਹ, ਇਬਰਾਹੀਮ, ਮੂਸਾ ਤੇ ਮਰੀਅਮ ਦੇ ਪੁੱਤਰ ਈਸਾ 2 ਤੋਂ (ਵੀ ਇਹੋ ਪ੍ਰਣ ਲਿਆ ਸੀ) ਅਤੇ ਅਸੀਂ ਸਭ ਤੋਂ ਪੱਕਾ ਪ੍ਰਣ ਲੈ ਚੁੱਕੇ ਹਾਂ।
8਼ ਤਾਂ ਜੋ (ਅੱਲਾਹ) ਸੱਚੇ ਲੋਕਾਂ (ਪੈਗ਼ੰਬਰ) ਤੋਂ ਉਹਨਾਂ (ਲੋਕਾਂ ਦੇ ਪ੍ਰਣ) ਦੀ ਸੱਚਾਈ ਬਾਰੇ (ਕਿਆਮਤ ਦਿਹਾੜੇ) ਪੁੱਛ-ਗਿੱਛ ਕਰੇ। ਉਸ ਨੇ ਕਾਫ਼ਿਰਾਂ ਲਈ ਦੁਖਦਾਈ ਅਜ਼ਾਬ (ਨਰਕ ਦੀ ਅੱਗ ਆਦਿ) ਤਿਆਰ ਕਰ ਰੱਖਿਆ ਹੈ।
9਼ (ਹੇ ਈਮਾਨ ਵਾਲਿਓ!) ਅੱਲਾਹ ਨੇ ਜੋ ਤੁਹਾਡੇ ’ਤੇ ਉਪਕਾਰ ਕੀਤਾ ਹੈ ਉਸ ਨੂੰ ਚੇਤੇ ਰੱਖੋ ਕਿ ਜਦੋਂ ਤੁਹਾਡੇ ਉੱਤੇ (ਕਾਫ਼ਿਰਾਂ ਦੀਆਂ) ਫ਼ੌਜਾਂ ਚੜ੍ਹਾਈ ਕਰ ਰਹੀਆਂ ਸਨ, ਫੇਰ ਅਸੀਂ ਉਹਨਾਂ (ਫ਼ੌਜਾਂ) ’ਤੇ ਇਕ ਹਨੇਰੀ ਭੇਜੀ ਤੇ (ਫ਼ਰਿਸ਼ਤਿਆਂ ਦੀਆਂ) ਅਜਿਹੀਆਂ ਫ਼ੌਜਾਂ ਭੇਜੀਆਂ ਜਿਨ੍ਹਾਂ ਨੂੰ ਤੁਸੀਂ ਵੇਖਿਆ ਵੀ ਨਹੀਂ। ਜੋ ਕੁੱਝ ਵੀ ਤੁਸੀਂ ਕਰਦੇ ਹੋ ਅੱਲਾਹ ਸਭ ਵੇਖਦਾ ਹੈ।
10਼ (ਯਾਦ ਕਰੋ) ਜਦੋਂ ਵੈਰੀ ਉਤਲੇ ਤੇ ਹੇਠਲੇ ਪਾਸਿਓਂ ਤੁਹਾਡੇ ’ਤੇ ਚੜ੍ਹ ਆਏ ਅਤੇ (ਭੈ-ਭੀਤ ਹੋ ਕੇ) ਤੁਹਾਡੀਆਂ ਅੱਖਾਂ ਪਥਰਾ ਗਈਆਂ, ਕਾਲਜੇ ਮੂੰਹ ਨੂੰ ਆਉਣ ਲੱਗ ਪਏ ਅਤੇ ਤੁਸੀਂ ਅੱਲਾਹ ਬਾਰੇ ਤਰ੍ਹਾਂ-ਤਰ੍ਹਾਂ ਦੇ (ਭੈੜੇ) ਗੁਮਾਨ ਕਰਨ ਲੱਗ ਪਏ ਸੀ।
11਼ ਉਸ ਵੇਲੇ ਮੋਮਿਨਾਂ ਦੀ ਪਰਖ ਹੋਈ ਸੀ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਹਲੂਣਿਆ ਗਿਆ।
12਼ ਜਦੋਂ ਮੁਨਾਫ਼ਿਕ (ਦੋ ਗਲੇ) ਅਤੇ ਉਹ ਲੋਕ ਜਿਨ੍ਹਾਂ ਦੇ ਮਨਾਂ ਵਿਚ (ਕੁਫ਼ਰ ਦਾ) ਰੋਗ ਸੀ ਉਹ ਆਖ ਰਹੇ ਸਨ ਕਿ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ ਸ:) ਨੇ ਤਾਂ ਸਾਡੇ ਨਾਲ ਛਲ-ਕਪਟ ਵਾਲੇ ਝੂਠੇ ਵਾਅਦੇ ਕੀਤੇ ਸੀ।
13਼ ਜਦੋਂ ਉਹਨਾਂ (ਮੁਨਾਫ਼ਿਕਾਂ) ਦੇ ਇਕ ਧੜੇ ਨੇ ਆਖਿਆ ਕਿ ਹੇ ਯਸਰਬ (ਮਦੀਨਾ) ਵਾਲਿਓ! ਅੱਜ ਤੁਹਾਡੇ ਲਈ (ਮੱਕੇ ਦੀਆਂ ਫ਼ੌਜਾਂ ਦੇ ਸਾਮ੍ਹਣੇ) ਠਹਿਰਨ ਦਾ ਕੋਈ ਮੌਕਾ ਨਹੀਂ, ਪਿਛਾਂਹ ਪਰਤ ਚੱਲੋ। ਅਤੇ ਉਹਨਾਂ ਵਿੱਚੋਂ ਹੀ ਇਕ ਹੋਰ ਟੋਲੀ ਇਹ ਕਹਿ ਕੇ ਨਬੀ (ਸ:) ਤੋਂ ਛੁੱਟੀ ਮੰਗ ਰਹੀ ਸੀ ਕਿ ਸਾਡੇ ਘਰ ਸੁਰੱਖਿਅਤ ਨਹੀਂ ਹਨ ਜਦ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਸੀ। ਅਸਲ ਵਿਚ ਉਹ ਤਾਂ ਕੇਵਲ (ਜੰਗ ਤੋਂ) ਭੱਜਣਾ ਚਾਹੁੰਦੇ ਸਨ।
14਼ ਜੇ ਕਿਤੇ ਇਸ (ਮਦੀਨੇ) ਦੇ ਕਿਨਾਰਿਆਂ ਤੋਂ ਉਹਨਾਂ (ਮੁਨਾਫ਼ਿਕਾਂ) ਉੱਤੇ (ਕਾਫ਼ਿਰਾਂ ਦੀਆਂ) ਫ਼ੌਜਾਂ ਅੰਦਰ ਆ ਵੜੀਆਂ ਹੁੰਦੀਆਂ ਅਤੇ ਫੇਰ ਉਹਨਾਂ ਨੂੰ ਉਪੱਦਰ ਮਚਾਉਣ ਲਈ ਸੱਦਾ ਦਿੱਤਾ ਜਾਂਦਾ ਤਾਂ ਇਹ ਉਸੇ ਵੇਲੇ ਉਸ ਨੂੰ ਪ੍ਰਵਾਨ ਕਰ ਲੈਂਦੇ ਅਤੇ ਉਹਨਾਂ ਨੂੰ ਇਸ (ਉਪੱਦਰ ਵਿਚ) ਰਲਣੋਂ ਸ਼ਾਇਦ ਹੀ ਕੋਈ ਸੰਕੋਚ ਹੋਣਾ ਸੀ।
15਼ ਨਿਰਸੰਦੇਹ, ਇਸ ਤੋਂ ਪਹਿਲਾਂ ਇਹਨਾਂ (ਮੁਨਾਫ਼ਿਕਾਂ) ਨੇ ਅੱਲਾਹ ਨਾਲ ਪ੍ਰਣ ਕੀਤਾ ਸੀ ਕਿ ਉਹ (ਜੰਗ ਤੋਂ) ਪਿੱਠ ਨਹੀਂ ਫੇਰਨਗੇ। ਉਹਨਾਂ ਨੇ ਜਿਹੜਾ ਵਾਅਦਾ ਅੱਲਾਹ ਨਾਲ ਕੀਤਾ ਹੈ ਉਸ ਦੀ ਪੁੱਛ-ਗਿੱਛ ਤਾਂ ਹੋਵੇਗੀ।
16਼ (ਹੇ ਨਬੀ!) ਆਖੋ ਕਿ ਤੁਸੀਂ ਮੌਤ ਤੋਂ ਜਾਂ ਕਤਲ ਹੋਣ ਦੇ ਡਰ ਤੋਂ ਭਾਵੇਂ ਕਿੰਨਾਂ ਹੀ ਨੱਸੋ, ਇਹ ਨੱਸਣਾ ਤੁਹਾਡੇ ਲਈ ਕੁੱਝ ਵੀ ਲਾਹੇਵੰਦ ਸਿੱਧ ਨਹੀਂ ਹੋਵੇਗਾ। (ਇਸ ਭੱਜਣ ਮਗਰੋਂ) ਤੁਸੀਂ ਆਪਣੇ ਜੀਵਨ ਦਾ ਬਹੁਤ ਹੀ ਘੱਟ ਲਾਭ ਉਠਾਓਗੇ।
17਼ (ਹੇ ਨਬੀ!) ਉਹਨਾਂ (ਡਰਪੋਕ) ਲੋਕਾਂ ਨੂੰ ਪੁੱਛੋ ਕਿ ਕੌਣ ਹੈ ਜੋ ਤੁਹਾਨੂੰ ਅੱਲਾਹ (ਦੇ ਅਜ਼ਾਬ) ਤੋਂ ਬਚਾ ਸਕੇ ਜੇ ਉਹ ਤੁਹਾਨੂੰ ਕੋਈ ਹਾਨੀ ਪਹੁੰਚਾਉਣਾ ਚਾਹਵੇ ਜਾਂ ਤੁਹਾਡੇ ’ਤੇ ਕੋਈ ਮਿਹਰਬਾਨੀ ਕਰਨਾ ਚਾਹਵੇ ਤਾਂ ਕੌਣ ਰੋਕ ਸਕਦਾ ਹੈ ? ਅਤੇ ਉਹ ਲੋਕ ਛੁੱਟ ਅੱਲਾਹ ਤੋਂ ਆਪਣਾ ਕੋਈ ਵੀ ਸਹਾਈ ਤੇ ਹਿਮਾਇਤੀ ਨਹੀਂ ਪਾਉਣਗੇ।
18਼ ਬੇਸ਼ੱਕ ਅੱਲਾਹ ਤੁਹਾਡੇ ਵਿੱਚੋਂ ਉਹਨਾਂ ਸਭ ਨੂੰ ਜਾਣਦਾ ਹੈ ਜਿਹੜੇ ਜਿਹਾਦ ਵਿਚ ਅੜੀਕੇ ਲਾਉਂਦੇ ਹਨ ਅਤੇ ਉਹਨਾਂ ਨੂੰ ਵੀ (ਜਾਣਦਾ ਹੈ) ਜਿਹੜੇ ਆਪਣੇ ਭਰਾਵਾਂ ਨੂੰ ਕਹਿੰਦੇ ਹਨ ਕਿ ਸਾਡੇ ਕੋਲ ਆ ਜਾਓ (ਜਿਹਾਦ ਨਾ ਕਰੋ) ਅਤੇ ਉਹ ਆਪ ਵੀ ਜੰਗ ਵਿਚ ਬਹੁਤ ਹੀ ਘੱਟ ਹਿੱਸਾ ਲੈਂਦੇ ਹਨ।
19਼ ਹੇ ਨਬੀ ਇਸ (ਜੰਗ ਦੀ) ਹਾਲਤ ਵਿਚ ਉਹ (ਮੁਨਾਫ਼ਿਕ) ਤੁਹਾਡਾ ਸਾਥ ਦੇਣ ਵਿਚ ਬਹੁਤ ਹੀ ਕੰਜੂਸ (ਸੂਮ) ਹਨ। ਜਦੋਂ ਡਰ ਖ਼ੌਫ (ਜੰਗ) ਦਾ ਵੇਲਾ ਆ ਜਾਵੇ ਤਾਂ ਤੁਸੀਂ ਉਹਨਾਂ ਨੂੰ ਵੇਖਦੇ ਹੋ ਕਿ ਉਹ ਇੰਜ ਅੱਖਾਂ (ਦੇ ਡੇਲੇ) ਘੁੰਮਾ ਘੁੰਮਾ ਕੇ ਤੁਹਾਡੇ ਵਲ ਦੇਖਦੇ ਹਨ ਜਿਵੇਂ ਕਿ ਉਹ ਵਿਅਕਤੀ ਵੇਖਦਾ ਹੈ ਜਿਸ ਉੱਤੇ ਮੌਤ ਦੀ ਬੇਹੋਸ਼ੀ ਛਾ ਜਾਵੇ, ਪਰ ਜਦੋਂ ਖ਼ਤਰਾ ਟਲ ਜਾਂਦਾ ਹੈ ਤਾਂ ਮਾਲੇ ਗ਼ਨੀਮਤ ਦੇ ਲੋਭੀ ਬਣ ਕੇ ਤੁਹਾਡੇ ਸਾਮ੍ਹਣੇ (ਯੋਧੇ ਬਣ ਕੇ) ਤੇਜ਼ ਤੇਜ਼ (ਕੈਂਚੀਆਂ ਵਾਂਗ) ਜ਼ੁਬਾਨਾਂ ਚਲਾਉਂਣ ਲਗ ਜਾਂਦੇ ਹਨ। ਅਸਲੋਂ ਇਹ ਲੋਕ ਉੱਕਾ ਹੀ ਈਮਾਨ ਨਹੀਂ ਲਿਆਏ, ਇਸੇ ਲਈ ਅੱਲਾਹ ਨੇ ਉਹਨਾਂ ਦੇ ਸਾਰੇ ਕਰਮ ਨਸ਼ਟ ਕਰ ਦਿਤੇ ਹਨ ਅਤੇ ਅਜਿਹਾ ਕਰਨਾ ਅੱਲਾਹ ਲਈ ਬਹੁਤ ਹੀ ਸੌਖਾ ਹੈ।
20਼ ਉਹ ਸਮਝਦੇ ਹਨ ਕਿ ਅਜਿਹ ਤਕ ਵੈਰੀ ਦੀਆਂ ਫ਼ੌਜਾਂ ਵਾਪਸ ਨਹੀਂ ਗਈਆਂ (ਜਦ ਕਿ ਜਾ ਚੁੱਕੀਆਂ ਹਨ) ਅਤੇ ਜੇ ਫ਼ੌਜਾਂ ਆ ਚੜ੍ਹਣ ਤਾਂ ਉਹਨਾਂ ਦੀ ਮਨ ਦੀ ਇੱਛਾ ਇਹੋ ਹੁੰਦੀ ਹੈ ਕਿ ਉਹ ਜੰਗਲਾਂ ਵਿਚ ਰਹਿਣ ਵਾਲੇ ਬੱਦੂਆਂ ਨਾਲ ਜਾ ਕੇ ਰਹਿਣ ਲਗ ਜਾਣ ਅਤੇ ਉੱਥਿਓਂ ਹੀ ਤੁਹਾਡੀ ਖ਼ੈਰ-ਖ਼ੈਰੀਯਤ ਪੁੱਛਦੇ ਰਹਿੰਦੇ। (ਹੇ ਨਬੀ!) ਜੇਕਰ ਉਹ ਲੋਕ ਤੁਹਾਡੇ ਸੰਗ ਹੁੰਦੇ ਤਾਂ ਵੀ ਉਹ ਨਾ-ਮਾਤਰ ਲੜਦੇ।
21਼ ਬੇਸ਼ੱਕ ਤੁਹਾਡੇ ਲਈ ਅੱਲਾਹ ਦੇ ਰਸੂਲ (ਹਜ਼ਰਤ ਮੁਹੰਮਦ ਸ:) ਦੀ ਸ਼ਖ਼ਸੀਅਤ ਇਕ ਉੱਤਮ ਨਮੂਨਾ ਹੈ (ਅਤੇ ਇਹ ਨਮੂਨਾ) ਹਰ ਉਸ ਵਿਅਕਤੀ ਲਈ ਹੈ ਜਿਹੜਾ ਅੱਲਾਹ ਅਤੇ ਕਿਆਮਤ ਦਿਹਾੜੇ ਦੀ ਆਸ ਰੱਖਦਾ ਹੈ ਅਤੇ ਅੱਲਾਹ ਨੂੰ ਵਧੇਰੇ ਯਾਦ ਕਰਦਾ ਹੈ।
22਼ (ਦੂਜੇ ਪਾਸੇ) ਜਦੋਂ ਈਮਾਨ ਵਾਲਿਆਂ ਨੇ (ਕਾਫ਼ਿਰਾਂ ਦੀਆਂ) ਫ਼ੌਜਾਂ ਨੂੰ ਵੇਖਿਆ ਤਾਂ ਬੋਲ ਪਏ ਕਿ ਇਹ ਉਹੀਓ ਚੀਜ਼ ਹੈ ਜਿਸ ਦਾ ਵਾਅਦਾ ਸਾਡੇ ਨਾਲ ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਨੇ ਕੀਤਾ ਸੀ ਅਤੇ ਅੱਲਾਹ ਤੇ ਉਸ ਦੇ ਰਸੂਲ ਦਾ ਆਖਣਾ ਸੱਚ ਸੀ। ਇਸ (ਘਟਨਾ) ਨੇ ਉਹਨਾਂ ਦੇ ਈਮਾਨ ਤੇ ਫ਼ਰਮਾਂਬਰਦਾਰੀ ਵਿਚ ਹੋਰ ਵਾਧਾ ਕਰ ਦਿੱਤਾ।
23਼ ਮੋਮਿਨਾਂ ਵਿੱਚੋਂ ਕੁੱਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਜੋ ਵੀ ਅੱਲਾਹ ਨਾਲ ਪ੍ਰਣ ਕੀਤਾ ਸੀ, ਉਸ ਨੂੰ ਸੱਚ ਕਰ ਵਿਖਾਇਆ।1ਸੋ ਕੁੱਝ ਨੇ ਤਾਂ ਆਪਣੇ ਵਚਨਾਂ ਨੂੰ ਪੂਰਾ ਕਰ ਦਿੱਤਾ (ਭਾਵ ਸ਼ਹੀਦ ਹੋ ਗਏ) ਅਤੇ ਕੁੱਝ ਉਹਨਾਂ ਵਿੱਚੋਂ (ਸ਼ਹੀਦ ਹੋਣ ਦੀ) ਉਡੀਕ ਵਿਚ ਹਨ ਅਤੇ ਉਹਨਾਂ ਨੇ ਆਪਣੇ ਵਿਹਾਰ ਵਿਚ ਕੋਈ ਬਦਲਾਓ ਨਹੀਂ ਕੀਤਾ।
24਼ (ਇਹ ਇਸ ਲਈ ਹੋਇਆ ਹੈ) ਤਾਂ ਜੋ ਅੱਲਾਹ ਸੱਚੇ ਲੋਕਾਂ ਨੂੰ ਉਹਨਾਂ ਦੀ ਸੱਚਾਈ ਦਾ ਬਦਲਾ ਦੇਵੇ ਅਤੇ ਜੇ ਚਾਹੇ ਤਾਂ ਮੁਨਾਫ਼ਿਕਾਂ ਨੂੰ ਸਜ਼ਾ ਦੇਵੇ ਜਾਂ ਉਹਨਾਂ ਦੀ ਤੌਬਾ ਨੂੰ ਕਬੂਲ ਕਰ ਲਵੇ। ਅੱਲਾਹ ਬਹੁਤ ਹੀ ਬਖ਼ਸ਼ਣਹਾਰ ਤੇ ਮਿਹਰਬਾਨ ਹੈ।
25਼ (ਅਹਜ਼ਾਬ ਦੀ ਜੰਗ ਵਿਚ) ਅੱਲਾਹ ਨੇ ਕਾਫ਼ਿਰਾਂ ਨੂੰ (ਨਾ-ਮੁਰਾਦੀ ਦੇ) ਗੁੱਸੇ ਨਾਲ ਵਾਪਸ ਮੋੜ ਦਿੱਤਾ, ਉਹ (ਜੰਗ ਵਿਚ) ਕੁੱਝ ਵੀ ਲਾਭ ਪ੍ਰਾਪਤ ਨਹੀਂ ਕਰ ਸਕੇ ਅਤੇ ਇਸ ਲੜਾਈ ਵਿਚ ਮੋਮਿਨਾਂ ਲਈ ਅੱਲਾਹ ਹੀ ਬਥੇਰਾ ਹੋ ਗਿਆ। ਅੱਲਾਹ ਵੱਡਾ ਜ਼ੋਰਾਵਰ ਤੇ ਸ਼ਕਤੀਸ਼ਾਲੀ ਹੈ।
26਼ ਅਤੇ ਅਹਲੇ ਕਿਤਾਬ (ਯਹੂਦੀਆਂ) ਵਿੱਚੋਂ ਜਿਨ੍ਹਾਂ ਨੇ ਕਾਫ਼ਿਰਾਂ ਦੀ ਮਦਦ ਕੀਤੀ ਸੀ ਅੱਲਾਹ ਉਹਨਾਂ ਦੀਆਂ ਗੜ੍ਹੀਆਂ ਤੋਂ ਉਹਨਾਂ ਨੂੰ ਕੱਢ ਲਿਆਇਆ। ਉਹਨਾਂ ਦੇ ਦਿਲਾਂ ਵਿਚ (ਮੁਸਲਮਾਨਾਂ ਦਾ) ਅਜਿਹਾ ਰੋਅਬ ਪਾ ਦਿੱਤਾ ਕਿ ਅੱਜ ਤੁਸੀਂ ਉਹਨਾਂ (ਬਨੂਕੁਰੇਜ਼ਾ ਦੇ ਮੁਨਾਫ਼ਿਕਾਂ) ਦੇ ਇਕ ਧੜੇ ਨੂੰ ਕਤਲ ਕਰ ਰਹੇ ਹੋ ਅਤੇ ਦੂਜੇ ਨੂੰ ਕੈਦੀ ਬਣਾ ਰਹੇ ਹੋ।
27਼ ਅਤੇ ਇੰਜ ਅੱਲਾਹ ਨੇ ਤੁਹਾਨੂੰ ਉਹਨਾਂ ਦੀ ਧਰਤੀ, ਘਰਾਂ ਅਤੇ ਮਾਲਾਂ ਦਾ ਵਾਰਸ ਬਣਾ ਦਿੱਤਾ ਅਤੇ ਉਸ ਧਰਤੀ ਦਾ ਵੀ (ਵਾਰਸ ਬਣਾਇਆ) ਜਿਸ ਨੂੰ ਤੁਸੀਂ ਆਪਣੇ ਪੈਰਾ ਹੇਠ ਲਤਾੜ੍ਹਿਆ ਵੀ ਨਹੀਂ (ਭਾਵ ਜਿੱਥੇ ਅਜੇ ਤੁਸੀਂ ਗਏ ਵੀ ਨਹੀਂ) ਅੱਲਾਹ ਤਾਂ ਹਰੇਕ ਕੰਮ ਕਰਨ ਦੀ ਸਮਰਥਾ ਰੱਖਦਾ ਹੈ।
28਼ ਹੇ ਨਬੀ! ਆਪਣੀਆਂ ਪਤਨੀਆਂ ਨੂੰ ਆਖ ਦਿਓ ਕਿ ਜੇ ਤੁਸੀਂ ਸੰਸਾਰਿਕ ਜੀਵਨ ਅਤੇ ਉਸ ਦੀ ਸ਼ੋਭਾ ਚਾਹੁੰਦੀਆਂ ਹੋ ਤਾਂ ਆਓ! ਮੈਂ ਤੁਹਾਨੂੰ ਕੁੱਝ ਦੇ ਦੁਆ ਦੇ ਸੋਹਣੇ ਢੰਗ ਨਾਲ ਤੌਰ ਦਿਆਂ1 (ਭਾਵ ਤੁਹਾਨੂੰ ਤਲਾਕ ਦੇ ਦਿਆਂ)।
29਼ ਅਤੇ ਜੇ ਤੁਸੀਂ ਅੱਲਾਹ ਤੇ ਉਸ ਦੇ ਰਸੂਲ ਅਤੇ ਆਖ਼ਿਰਤ (ਪਰਲੋਕ) ਦਾ ਘਰ ਚਾਹੁੰਦੀਆਂ ਹੋ ਤਾਂ ਜਾਣ ਲਓ ਕਿ ਤੁਹਾਡੇ ਵਿੱਚੋਂ ਨੇਕ ਕੰਮ ਕਰਨ ਵਾਲੀਆਂ ਲਈ ਤਾਂ ਅੱਲਾਹ ਨੇ ਬਹੁਤ ਹੀ ਵੱਡਾ ਬਦਲਾ ਤਿਆਰ ਕਰ ਛੱਡਿਆ ਹੈ।
30਼ ਹੇ ਨਬੀ ਦੀ ਪਤਨੀਓ! ਤੁਹਾਡੇ ਵਿੱਚੋਂ ਜਿਹੜੀ ਵੀ ਕੋਈ ਪ੍ਰਤੱਖ ਅਸ਼ਲੀਲ ਕੰਮ ਕਰੇਗੀ ਉਸ ਨੂੰ ਦੂਹਰਾ ਅਜ਼ਾਬ ਦਿੱਤਾ ਜਾਵੇਗਾ ਅਤੇ ਅੱਲਾਹ ਲਈ ਇਹ ਕਰਨਾ ਬਹੁਤ ਹੀ ਸੌਖਾ ਕੰਮ ਹੈ।
31਼ ਅਤੇ ਤੁਹਾਡੇ ਵਿੱਚੋਂ ਜਿਹੜੀ ਵੀ ਕੋਈ ਅੱਲਾਹ ਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਤੇ ਨੇਕ ਕੰਮ ਕਰੇਗੀ ਅਸੀਂ ਉਸ ਨੂੰ ਅਜਰ (ਬਦਲਾ) ਵੀ ਦੂਹਰਾ ਹੀ ਦਿਆਂਗੇ ਅਤੇ ਉਸ ਲਈ ਅਸੀਂ ਮਾਨ ਮਰਿਆਦਾ ਵਾਲੀ ਰੋਜ਼ੀ ਤਿਆਰ ਕਰ ਰੱਖੀ ਹੈ।
32਼ ਹੇ ਨਬੀ ਦੀ ਪਤਨੀਓ! ਤੁਸੀਂ ਸਾਧਾਰਨ ਔਰਤਾਂ ਵਾਂਗ ਨਹੀਂ ਹੋ, ਜੇ ਤੁਸੀਂ ਰੱਬ ਤੋਂ ਡਰਨ ਵਾਲੀਆਂ ਹੋ ਤਾਂ (ਕਿਸੇ ਵੀ ਗੈਰ ਮਹਿਰਮ ਨਾਲ) ਦਬਵੀਂ ਜ਼ੁਬਾਨ (ਨਰਮੀ) ਨਾਲ ਗੱਲ ਬਾਤ ਨਾ ਕਰੋ ਕਿ ਉਹ ਵਿਅਕਤੀ ਜਿਸ ਦੇ ਮਨ ਵਿਚ (ਕਾਮ ਵਾਸਨਾ ਦਾ) ਰੋਗ ਹੈ ਉਹ ਕਿਸੇ ਲੋਭ ਵਿਚ ਜਾ ਡਿਗੇ, ਸਗੋਂ ਸਾਫ਼ ਤੇ ਸਪਸ਼ਟ (ਸ਼ਬਦਾਂ ਵਿਚ) ਗੱਲ ਕਰੋ।
33਼ ਤੁਸੀਂ ਆਪਣੇ ਘਰਾਂ ਵਿਚ ਟਿਕੀਆਂ ਬੈਠੀਆਂ ਰਿਹਾ ਕਰੋ ਅਤੇ ਪੁਰਾਣੇ ਜਹਾਲਤ ਦੇ ਸਮੇਂ (ਭਾਵ਼ ਕੁਰਆਨੀ ਸਿੱਖਿਆਵਾਂ ਆਉਣ ਤੋਂ ਪਹਿਲਾਂ) ਵਾਂਗ ਆਪਣੇ ਹੁਸਨ ਦਾ ਪ੍ਰਗਟਾਵਾ ਨਾ ਕਰਦੀਆਂ ਫਿਰੋ। ਅਤੇ ਨਮਾਜ਼ਾਂ ਕਾਇਮ ਕਰੋ ਤੇ ਜ਼ਕਾਤ ਅਦਾ ਕਰੋ ਅਤੇ ਅੱਲਾਹ ਤੇ ਉਸ ਦੇ ਰਸੂਲ ਦੀ ਆਗਿਆ ਦੀ ਪਾਲਣਾ ਕਰੋ। (ਹੇ ਅਹਲੇ ਬੈਤ!) ਅੱਲਾਹ ਤਾਂ ਇਹੋ ਚਾਹੁੰਦਾ ਹੈ ਕਿ ਉਹ ਤੁਹਾਥੋਂ ਹਰ ਪ੍ਰਕਾਰ ਦੀ ਬੁਰਾਈ ਦੂਰ ਕਰ ਦੇਵੇ ਅਤੇ ਤੁਹਾਨੂੰ ਚੰਗੀ ਤਰ੍ਹਾਂ ਪਵਿੱਤਰ ਕਰ ਦੇਵੇ।
34਼ ਅਤੇ ਤੁਹਾਡੇ ਘਰਾਂ ਵਿਚ ਜਿਹੜੀਆਂ ਵੀ ਅੱਲਾਹ ਦੀਆਂ ਆਇਤਾਂ (.ਕੁਰਆਨੀ ਆਦੇਸ਼) ਅਤੇ ਹਿਕਮਤਾਂ (ਰਸੂਲ ਦੀਆਂ ਗੱਲਾਂ) ਸੁਣਾਈਆਂ ਜਾਂਦੀਆਂ ਹਨ ਉਹਨਾਂ ਨੂੰ ਯਾਦ ਰੱਖੋ। ਬੇਸ਼ੱਕ ਅੱਲਾਹ ਸੂਖਮਦਰਸ਼ੀ ਤੇ ਬਾ-ਖ਼ਬਰ ਹੈ।
35਼ ਨਿਰਸੰਦੇਹ, ਮੁਸਲਮਾਨ ਮਰਦ ਤੇ ਔਰਤਾਂ, ਮੋਮਿਨ ਮਰਦ ਤੇ ਔਰਤਾਂ, ਆਗਿਆਕਾਰੀ ਮਰਦ ਤੇ ਔਰਤਾਂ (ਕਹਿਣੀ ਤੇ ਕਰਨੀ ਵਿਚ), ਸੱਚੇ ਮਰਦ ਤੇ ਔਰਤਾਂ, (ਮੁਸ਼ਕਲਾਂ ਆਉਣ ’ਤੇ) ਸਬਰ ਕਰਨ ਵਾਲੇ ਮਰਦ ਤੇ ਔਰਤਾਂ, ਅੱਲਾਹ ਦੇ ਅੱਗੇ ਝੁਕਣ ਵਾਲੇ ਮਰਦ ਤੇ ਔਰਤਾਂ, ਸਦਕਾ (ਪੁੱਨ-ਦਾਨ) ਕਰਨ ਵਾਲੇ ਮਰਦ ਤੇ ਔਰਤਾਂ, ਰੋਜ਼ੇ ਰੱਖਣ ਵਾਲੇ ਮਰਦ ਤੇ ਔਰਤਾਂ, ਗੁਪਤ ਅੰਗਾਂ ਦੀ ਰਾਖੀ ਕਰਨ ਵਾਲੇ ਮਰਦ ਤੇ ਇਸਤਰੀਆਂ, ਅੱਲਾਹ ਦਾ ਵੱਧ ਤੋਂ ਵੱਧ ਸਿਮਰਨ ਕਰਨ ਵਾਲੇ ਮਰਦ ਤੇ ਔਰਤਾਂ, ਇਹਨਾਂ ਸਭ ਲਈ ਅੱਲਾਹ ਨੇ ਬਹੁਤ ਹੀ ਵੱਡਾ ਬਖ਼ਸ਼ਿਸ਼ ਤੇ ਉੱਚ ਦਰਜੇ ਦਾ ਬਦਲਾ ਦੇਣ ਦਾ ਪ੍ਰਬੰਧ ਕੀਤਾ ਹੋਇਆ ਹੈ।
36਼ ਅਤੇ ਕਿਸੇ ਵੀ ਮੋਮਿਨ ਮਰਦ ਜਾਂ ਔਰਤ ਨੂੰ ਇਹ ਹੱਕ ਨਹੀਂ ਕਿ ਜਦੋਂ ਅੱਲਾਹ ਤੇ ਉਸ ਦਾ ਰਸੂਲ ਕਿਸੇ ਮਾਮਲੇ ਦਾ ਫ਼ੈਸਲਾ ਕਰ ਦੇਵੇ ਤਾਂ ਫੇਰ ਉਸ ਨੂੰ ਆਪਣੇ ਉਸ ਮਾਮਲੇ ਵਿਚ ਫ਼ੈਸਲਾ ਕਰਨ ਦਾ ਕੋਈ ਅਧਿਕਾਰ (ਬਾਕੀ) ਨਹੀਂ। ਜਿਹੜਾ ਵੀ ਕੋਈ ਅੱਲਾਹ ਅਤੇ ਉਸ ਦੇ ਰਸੂਲ ਦੀ ਅਵੱਗਿਆ ਕਰੇਗਾ ਉਹ ਸਪਸ਼ਟ ਕੁਰਾਹੇ ਜਾ ਪਿਆ।
37਼ (ਹੇ ਨਬੀ!) ਉਸ ਵੇਲੇ ਨੂੰ ਯਾਦ ਕਰੋ ਜਦੋਂ ਤੁਸੀਂ ਉਸ ਵਿਅਕਤੀ (ਜ਼ੈਦ ਬਿਨ ਹਾਰਿਸ) ਨੂੰ ਆਖ ਰਹੇ ਸੀ, ਜਿਸ ’ਤੇ ਅੱਲਾਹ ਨੇ ਅਤੇ ਤੁਸੀਂ ਵੀ ਉਪਕਾਰ ਕੀਤਾ ਸੀ ਕਿ ਤੂੰ ਆਪਣੀ ਪਤਨੀ (ਜ਼ੈਨਬ) ਨੂੰ ਆਪਣੇ ਕੋਲ ਹੀ ਰੱਖ (ਤਲਾਕ ਨਾ ਦੇ) ਅਤੇ ਅੱਲਾਹ ਤੋਂ ਡਰ। ਉਸ ਸਮੇਂ ਤੁਸੀਂ ਆਪਣੇ ਮਨ ਵਿਚ ਉਹ ਗੱਲ ਲੁਕਾ ਛੱਡੀ ਸੀ ਜਿਸ ਨੂੰ ਅੱਲਾਹ ਖੋਲਣਾ ਚਾਹੁੰਦਾ ਸੀ। ਤੁਸੀਂ ਲੋਕਾਂ ਤੋਂ ਡਰ ਰਹੇ ਸੀ ਜਦ ਕਿ ਅੱਲਾਹ ਹੀ ਵਧੇਰੇ ਹੱਕ ਰੱਖਦਾ ਹੈ ਕਿ ਉਸੇ ਤੋਂ ਹੀ ਡਰਿਆ ਜਾਵੇ, ਜਦੋਂ ਜ਼ੈਦ ਨੇ ਉਸ ਔਰਤ (ਪਤਨੀ) ਤੋਂ ਆਪਣੀ ਲੋੜ ਪੂਰੀ ਕਰ ਲਈ (ਭਾਵ ਪਤਨੀ ਤੋਂ ਦਿਲ ਭਰ ਗਿਆ ਤੇ ਤਲਾਕ ਦੇ ਦਿੱਤੀ) ਫੇਰ ਅਸੀਂ ਉਸ (ਤਲਾਕੀ ਹੋਈ ਜ਼ੈਨਬ) ਨੂੰ ਤੁਹਾਡੇ ਨਿਕਾਹ ਵਿਚ ਦੇ ਦਿੱਤਾ, ਤਾਂ ਜੋ ਮੁਸਲਮਾਨਾਂ ਲਈ ਆਪਣੇ ਲੇ-ਪਾਲਕਾਂ ਦੀਆਂ ਪਤਨੀਆਂ (ਨਾਲ ਨਿਕਾਹ) ਦੇ ਮਾਮਲੇ ਵਿਚ ਕੋਈ ਤੰਗੀ ਨਾ ਰਹੇ ਜਦ ਕਿ ਉਹ (ਲੇ-ਪਾਲਕ) ਉਹਨਾਂ ਤੋਂ ਆਪਣੀ ਲੋੜਾਂ ਪੂਰੀਆਂ ਕਰ ਚੁੱਕੇ ਹੋਣ। ਅੱਲਾਹ ਦਾ ਹਰ ਹੁਕਮ ਸਾਕਾਰ ਹੋ ਕੇ ਹੀ ਰਹਿਣਾ ਹੈ।
38਼ ਅਤੇ ਨਬੀ ਲਈ ਉਸ ਕੰਮ ਕਰਨ ਵਿਚ ਕੋਈ ਹਰਜ ਨਹੀਂ ਜਿਹੜਾ ਅੱਲਾਹ ਨੇ ਉਸ ਲਈ ਫਰਜ਼ ਕਰ ਦਿੱਤਾ ਹੈ। ਇਹੋ ਅੱਲਾਹ ਦਾ ਦਸਤੂਰ ਉਹਨਾਂ (ਪੈਗ਼ੰਬਰਾਂ) ਲਈ ਵੀ ਰਿਹਾ ਹੈ ਜਿਹੜੇ ਪਹਿਲਾਂ ਹੋ ਚੁੱਕੇ ਹਨ। ਅੱਲਾਹ ਦੇ ਆਦੇਸ਼ ਇਕ ਅਟਲ ਫ਼ੈਸਲਾ ਹੁੰਦਾ ਹੈ।
39਼ ਉਹ ਸਾਰੇ ਪੈਗ਼ੰਬਰ ਜਿਹੜੇ ਅੱਲਾਹ ਦਾ ਪੈਗ਼ਾਮ (ਲੋਕਾਂ ਤੱਕ) ਪਹੁੰਚਾਦੇ ਸਨ ਉਹ ਉਸੇ (ਅੱਲਾਹ) ਤੋਂ ਹੀ ਡਰਦੇ ਸਨ ਹੋਰ ਕਿਸੇ ਤੋਂ ਨਹੀਂ ਸੀ ਡਰਦੇ। ਲੇਖਾ-ਜੋਖਾ ਲੈਣ ਲਈ ਤਾਂ ਅੱਲਾਹ ਹੀ ਕਾਫ਼ੀ ਹੈ।
40਼ (ਹੇ ਲੋਕੋ! ਸੁਣੋ ਕਿ) ਮੁਹੰਮਦ (ਸ:) ਤੁਹਾਡੇ ਲੋਕਾਂ ਵਿੱਚੋਂ ਕਿਸੇ ਦੇ ਵੀ ਪਿਤਾ ਨਹੀਂ ਪਰ ਉਹ ਅੱਲਾਹ ਦੇ ਰਸੂਲ ਅਤੇ ਸਾਰੇ ਨਬੀਆਂ ਦੇ ਸਮਾਪਕ ਹਨ1 (ਭਾਵ ਆਖ਼ਰੀ ਨਬੀ ਹਨ) ਅਤੇ ਅੱਲਾਹ (ਸਾਰੀਆਂ ਗੱਲਾਂ ਤੋਂ) ਚੰਗੀ ਤਰ੍ਹਾਂ ਜਾਣੂ ਹੈ।
41਼ ਹੇ ਈਮਾਨ ਵਾਲਿਓ! ਅੱਲਾਹ ਨੂੰ ਵੱਧ ਤੋਂ ਵੱਧ ਯਾਦ ਕਰਿਆ ਕਰੋ।
42਼ ਸਵੇਰੇ ਵੀ ਤੇ ਸ਼ਾਮ ਨੂੰ ਵੀ (ਭਾਵ ਹਰ ਵੇਲੇ) ਉਸੇ (ਅੱਲਾਹ) ਦੀ ਤਸਬੀਹ ਕਰੋ।
43਼ ਉਹੀਓ ਹੈ ਜਿਹੜਾ ਤੁਹਾਡੇ ਉੱਤੇ ਆਪਣੀਆਂ ਮਿਹਰਾਂ ਭੇਜਦਾ ਹੈ ਅਤੇ ਉਸ ਦੇ ਫ਼ਰਿਸ਼ਤੇ ਵੀ (ਤੁਹਾਡੇ ਲਈ ਦੁਆਵਾਂ ਕਰਦੇ ਹਨ) ਤਾਂ ਜੋ ਉਹ (ਅੱਲਾਹ) ਤੁਹਾਨੂੰ (ਕੁਫ਼ਰ ਦੇ) ਹਨੇਰਿਆਂ ਵਿੱਚੋਂ ਕੱਢ ਕੇ (ਈਮਾਨ ਦੇ) ਚਾਨਣ ਵੱਲ ਲੈ ਆਵੇ ਅਤੇ ਅੱਲਾਹ ਈਮਾਨ ਵਾਲਿਆਂ ਲਈ ਬਹੁਤ ਹੀ ਮਿਹਰਬਾਨ ਹੈ।
44਼ ਜਿਸ ਦਿਨ ਉਹ (ਈਮਾਨ ਵਾਲੇ) ਅੱਲਾਹ ਨੂੰ ਮਿਲਣਗੇ ਤਾਂ ਉਹਨਾਂ ਲਈ ਦੁਆ ਹੋਵੇਗੀ (ਕਿ ਤੁਹਾਡੇ ’ਤੇ) ਸਲਾਮ ਹੋਵੇ, ਉਹਨਾਂ ਲਈ ਆਦਰ-ਮਾਨ ਵਾਲਾ ਬਦਲਾ (ਸਵਰਗ) ਤਿਆਰ ਕਰ ਛੱਡਿਆ ਹੈ।
45਼ ਹੇ ਨਬੀ! ਨਿਰਸੰਦੇਹ ਅਸੀਂ ਹੀ ਤੁਹਾਨੂੰ ਗਵਾਹੀ ਦੇਣ ਵਾਲਾ, (ਸਵਰਗਾਂ ਦੀਆਂ) ਖ਼ੁਸ਼ਖ਼ਬਰੀ ਸੁਣਾਉਣ ਵਾਲਾ ਅਤੇ (ਰੱਬ ਦੀ ਪਕੜ ਤੋਂ) ਡਰਾਉਣ ਵਾਲਾ (ਰਸੂਲ) ਬਣਾ ਕੇ ਭੇਜਿਆ ਹੈ।
46਼ ਅੱਲਾਹ ਦੀ ਆਗਿਆ ਨਾਲ (ਲੋਕਾਂ ਨੂੰ) ਉਸੇ (ਰੱਬ) ਵੱਲ ਬੁਲਾਉਣ ਵਾਲਾ ਅਤੇ (ਸਿੱਧਾ ਰਾਹ ਵਿਖਾਉਣ ਵਾਲਾ) ਇਕ ਰੌਸ਼ਨੀ ਦਾ ਚਰਾਗ਼1 (ਚਾਨਣ ਮੁਨਾਰਾ) ਬਣਾ ਕੇ ਭੇਜਿਆ ਹੈ।
47਼ ਅਤੇ ਈਮਾਨ ਵਾਲਿਆਂ ਨੂੰ ਇਹ ਖ਼ੁਸ਼ਖ਼ਬਰੀ ਦੇ ਦਿਓ ਕਿ ਉਹਨਾਂ ਲਈ ਰੱਬ ਵੱਲੋਂ ਬਹੁਤ ਵੱਡੀ ਕ੍ਰਿਪਾਲਤਾ ਹੈ।
48਼ (ਹੇ ਨਬੀ!) ਕਾਫ਼ਿਰਾਂ ਤੇ ਮੁਨਾਫ਼ਿਕਾਂ ਦਾ ਉੱਕਾ ਹੀ ਕਹਿਣਾ ਨਾ ਮੰਨੋ, ਉਹਨਾਂ ਵੱਲੋਂ ਦਿੱਤੀ ਹੋਈ ਤਕਲੀਫ਼ ਦੀ ਪਰਵਾਹ ਨਾ ਕਰੋ। ਅੱਲਾਹ ’ਤੇ ਹੀ ਭਰੋਸਾ ਰੱਖੋ ਅਤੇ ਸਾਰੇ ਕੰਮ ਸਵਾਰਨ ਵਾਲਾ ਅੱਲਾਹ ਹੀ ਬਥੇਰਾ ਹੈ।
49਼ (ਹੇ ਈਮਾਨ ਵਾਲਿਓ!) ਜਦੋਂ ਤੁਸੀਂ ਮੋਮਿਨ ਔਰਤਾਂ ਨਾਲ ਨਿਕਾਹ ਕਰੋ ਜੇ ਹੱਥ ਲਾਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਤਲਾਕ ਦੇ ਦਿਓ ਤਾਂ ਤੁਹਾਡੇ ਵੱਲੋਂ ਉਹਨਾਂ ’ਤੇ ਕੋਈ ਇੱਦਤ ਪੂਰੀ ਕਰਨਾ ਜ਼ਰੂਰੀ ਨਹੀਂ ਕਿ ਤੁਸੀਂ ਉਸ (ਇੱਦਤ) ਦੇ ਦਿਨਾਂ ਦੀ ਗਿਣਤੀ ਕਰੋ, ਸਗੋਂ ਤੁਸੀਂ ਉਹਨਾਂ ਨੂੰ ਕੁੱਝ ਨਾ ਕੁੱਝ (ਮਾਲ) ਦੇ ਕੇ ਸੋਹਣੇ ਢੰਗ ਨਾਲ ਵਿਦਾ ਕਰੋ।
50਼ (ਹੇ ਨਬੀ!) ਅਸਾਂ ਤੁਹਾਡੇ ਲਈ ਤੁਹਾਡੀਆਂ ਉਹ ਪਤਨੀਆਂ ਹਲਾਲ (ਜਾਇਜ਼) ਕਰ ਦਿੱਤੀਆਂ ਜਿਨ੍ਹਾਂ ਦੇ ਮਹਿਰ ਤੁਸੀਂ ਅਦਾ ਕਰ ਚੁੱਕੇ ਹੋ ਅਤੇ ਉਹ ਦਾਸੀਆਂ ਵੀ ਜਾਇਜ਼ ਹਨ ਜਿਹੜੀਆਂ ਤੁਹਾਡੀ ਮਲਕੀਯਤ ਵਿਚ ਹਨ, ਜਿਹਨਾਂ ਨੂੰ ਅੱਲਾਹ ਨੇ ਤੁਹਾਨੂੰ ਮਾਲੇ-ਗ਼ਨੀਮਤ ਵਜੋਂ ਦਿੱਤੀਆਂ ਹਨ। ਤੁਹਾਡੇ ਚਾਚੇ, ਭੂਆ, ਮਾਮੇ ਅਤੇ ਮਾਸੀ ਦੀਆਂ ਧੀਆਂ, ਜਿਨ੍ਹਾਂ ਨੇ ਤੁਹਾਡੇ ਨਾਲ ਹਿਜਰਤ ਕੀਤੀ ਹੈ ਅਤੇ ਉਹ ਈਮਾਨ ਵਾਲੀਆਂ ਜ਼ਨਾਨੀਆਂ ਵੀ ਹਲਾਲ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਨਬੀ ਲਈ ਹਿਬਾ ਕਰ ਦਿੱਤਾ ਹੋਵੇ ਅਤੇ ਜੇ ਨਬੀ ਵੀ ਉਸ ਨਾਲ ਨਿਕਾਹ ਕਰਨਾ ਚਾਹੁੰਦਾ ਹੋਵੇ ਤਾਂ ਉਸ ਨੂੰ ਨਿਕਾਹ ਵਿਚ ਲੈ ਆਵੇ। ਪਰ ਇਹ ਛੂਟ ਕੇਵਲ ਤੁਹਾਡੇ ਲਈ ਹੈ, ਦੂਜੇ ਮੋਮਿਨਾਂ ਲਈ ਨਹੀਂ। ਜਿਹੜੇ ਹੁਕਮ ਅਸੀਂ ਉਹਨਾਂ (ਸਾਧਾਰਨ ਮੁਸਲਮਾਨ) ਦੀਆਂ ਪਤਨੀਆਂ ਅਤੇ ਦਾਸੀਆਂ ਬਾਰੇ ਦਿੱਤੇ ਹੋਏ ਹਨ ਅਸੀਂ ਭਲੀ-ਭਾਂਤ ਜਾਣਦੇ ਹਾਂ। (ਤੁਹਾਡੇ ਲਈ ਪਤਨੀਆਂ ਦੀ ਵਿਸ਼ੇਸ਼ ਛੂਟ ਇਸ ਲਈ ਹੈ ਕਿ) ਤੁਹਾਨੂੰ ਕਿਸੇ ਤਰ੍ਹਾਂ ਦੀ ਤੰਗੀ ਨਾ ਹੋਵੇ। ਅੱਲਾਹ ਵੱਡਾ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ਹੈ।
51਼ (ਹੇ ਨਬੀ!) ਤੁਸੀਂ ਆਪਣੀਆਂ ਪਤਨੀਆਂ ਵਿੱਚੋਂ ਜਿਸ ਨੂੰ ਵੀ ਚਾਹੋ ਆਪਣੇ ਤੋਂ ਅੱਡ ਰੱਖੋ ਤੇ ਜਿਸ ਨੂੰ ਚਾਹੋ ਆਪਣੇ ਕੋਲ ਰੱਖੋ। ਜਿਨ੍ਹਾਂ ਨੂੰ ਤੁਸੀਂ ਅੱਡ ਰੱਖਿਆ ਹੋਇਆ ਹੈ ਜੇ ਤੁਸੀਂ ਉਹਨਾਂ ਨੂੰ ਵੀ ਆਪਣੇ ਕੋਲ ਬੁਲਾ ਲਵੋ ਤਾਂ ਵੀ ਤੁਹਾਡੇ ਸਿਰ ਕੋਈ ਦੋਸ਼ ਨਹੀਂ। ਇਸ ਗੱਲ ਤੋਂ ਵਧੇਰੇ ਆਸ ਕੀਤੀ ਜਾ ਸਕਦੀ ਹੈ ਕਿ ਉਹਨਾਂ ਦੀਆਂ ਅੱਖਾਂ (ਆਪ ਜੀ ਨੂੰ ਵੇਖ ਕੇ) ਠੰਡੀਆਂ ਰਹਿਣਗੀਆਂ, ਉਹ ਦੁਖੀ ਨਹੀਂ ਹੋਣਗੀਆਂ ਅਤੇ ਤੁਸੀਂ ਉਹਨਾਂ ਨੂੰ ਜੋ ਵੀ ਦਿਓਗੇ ਉਹ ਸਭ ਉਸ ਤੋਂ ਖ਼ੁਸ਼ ਹੋਣਗੀਆਂ। ਤੁਹਾਡੇ ਦਿਲਾਂ ਵਿਚ ਜੋ ਵੀ (ਭਲਾਈ) ਉਹਨਾਂ ਲਈ ਹੈ, ਅੱਲਾਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਅੱਲਾਹ ਸਹਿਨਸ਼ੀਲਤਾ ਨਾਲ ਹਰ ਗੱਲ ਜਾਣਦਾ ਹੈ।
52਼ ਇਹਨਾਂ ਪਤਨੀਆਂ ਤੋਂ ਬਾਅਦ ਤੁਹਾਡੇ ਲਈ ਹੋਰ ਔਰਤਾਂ (ਨਿਕਾਹ ਲਈ) ਜਾਇਜ਼ ਨਹੀਂ ਅਤੇ ਨਾ ਇਹ (ਜਾਇਜ਼) ਹੈ ਕਿ ਤੁਸੀਂ ਇਹਨਾਂ ਪਤਨੀਆਂ ਦੀ ਥਾਂ ਹੋਰਾਂ ਪਤਨੀਆਂ ਨਾਲ ਨਿਕਾਹ ਕਰੋ, ਭਾਵੇਂ ਉਹ ਤੁਹਾਨੂੰ ਕਿੰਨੀਆਂ ਹੀ ਸੋਹਣੀਆਂ ਕਿਉਂ ਨਾ ਲੱਗਦੀਆਂ ਹੋਣ, ਪਰ ਹਾਂ ਉਹਨਾਂ ਦਾਸੀਆਂ ਦੀ ਛੂਟ ਹੈ ਜਿਹੜੀਆਂ ਤੁਹਾਡੀ ਮਲਕੀਯਤ ਵਿਚ ਹਨ। ਅੱਲਾਹ ਹਰੇਕ ਗੱਲ ਦੀ ਨਿਗਰਾਨੀ ਕਰਦਾ ਹੈ।
53਼ (ਹੇ ਈਮਾਨ ਵਾਲਿਓ!) ਤੁਸੀਂ ਨਬੀ (ਸ:) ਦੇ ਘਰਾਂ ਵਿਚ ਬਿਨਾਂ ਆਗਿਆ ਨਾ ਵੜ੍ਹਿਆ ਕਰੋ, ਹਾਂ! ਜੇ ਤੁਹਾਨੂੰ ਸੱਦਿਆ ਜਾਵੇ (ਤਦ ਜਾਓ) ਪਰ ਉੱਥੇ ਜਾਕੇ ਭੋਜਨ ਤਿਆਰ ਹੋਣ ਦੀ ਉਡੀਕ ਵਿਚ ਨਾ ਬੈਠੋ ਰਹੋ, ਹਾਂ! ਜੇ ਤੁਹਾਨੂੰ ਭੋਜਨ ਲਈ ਸੱਦਿਆ ਜਾਵੇ, ਉਸ ਸਮੇਂ ਜਾਓ। ਜਦੋਂ ਭੋਜਨ ਕਰ ਚੁੱਕੋ ਤਾਂ ਖਿਲਰ ਜਾਓ, ਉੱਥੇ ਹੀ ਗੱਲਾਂ ਵਿਚ ਨਾ ਰੁੱਝੇ ਰਹੋ। ਨਬੀ (ਸ:) ਨੂੰ ਤੁਹਾਡੀਆਂ ਇਹ ਹਰਕਤਾਂ ਦੁੱਖ ਦਿੰਦੀਆਂ ਹਨ। ਪਰ ਉਹ (ਕੁੱਝ ਕਹਿਣੋ) ਸੰਗਦਾ ਹੈ, ਜਦ ਕਿ ਅੱਲਾਹ ਸੱਚੀ ਗੱਲ ਆਖਣੋ ਨਹੀਂ ਸੰਗਦਾ। (ਹੇ ਮੁਸਲਮਾਨੋ!) ਜਦੋਂ ਤੁਸੀਂ ਨਬੀ (ਸ:) ਦੀਆਂ ਪਤਨੀਆਂ ਤੋਂ ਕੁੱਝ ਮੰਗਣਾ ਹੋਵੇ (ਜਾਂ ਪੁੱਛਣਾ ਹੋਵੇ) ਤਾਂ ਪੜਦੇ ਦੀ ਓਟ ਕਰਕੇ ਮੰਗੋ। ਤੁਹਾਡੇ ਮਨ ਲਈ ਵੀ ਅਤੇ ਉਹਨਾਂ ਦੇ ਮਨਾਂ ਦੀ ਪਵਿੱਤਰਤਾ ਲਈ ਇਹੋ ਵਧੇਰੇ ਉਚਿਤ ਹੈ। ਇਹ ਗੱਲ ਤੁਹਾਡੇ ਲਈ ਉਚਿਤ ਨਹੀਂ ਕਿ ਤੁਸੀਂ ਅੱਲਾਹ ਦੇ ਪੈਗ਼ੰਬਰ ਨੂੰ ਕਿਸੇ ਤਰ੍ਹਾਂ ਦਾ ਦੁੱਖ ਪਹੁੰਚਾਓ ਅਤੇ ਨਾ ਹੀ ਇਹ ਜਾਇਜ਼ ਹੈ ਕਿ ਤੁਸੀਂ ਉਹਨਾਂ ਦੇ (ਅਕਾਲ ਚਲਾਣੇ) ਮਗਰੋਂ ਉਹਨਾਂ ਦੀਆਂ ਪਤਨੀਆਂ ਨਾਲ ਨਿਕਾਹ ਕਰੋ। ਅੱਲਾਹ ਦੀ ਨਜ਼ਰ ਵਿਚ ਇਹ ਬਹੁਤ ਹੀ ਵੱਡਾ ਪਾਪ ਹੈ।
54਼ ਤੁਸੀਂ ਕਿਸੇ ਗੱਲ ਨੂੰ ਪ੍ਰਗਟ ਕਰੋ ਜਾਂ ਛੁਪਾਓ ਅੱਲਾਹ ਹਰ ਗੱਲ ਤੋਂ ਜਾਣੂ ਹੈ।
55਼ ਉਹਨਾਂ (ਜ਼ਨਾਨੀਆਂ) ਲਈ ਆਪਣੇ ਪਿਓ (ਸਨੇ ਦਾਦਾ, ਨਾਨਾ, ਸੋਹਰਾ), ਪੁੱਤਰ, ਭਰਾ, ਭਤੀਜੇ, ਭਾਂਜੇ ਅਤੇ ਆਪਣੇ ਵਰਗੀਆਂ ਮੋਮਿਨ ਔੌਰਤਾਂ ਅਤੇ ਆਪਣੇ ਅਧੀਨ ਕੰਮ ਕਰਨ ਵਾਲੇ (ਨੌੌਕਰਾਂ) ਦੇ ਸਾਹਮਣੇ ਆਉਣ ਵਿਚ ਕੋਈ ਹਰਜ ਨਹੀਂ। (ਹੇ ਔੌਰਤੋ!) ਤੁਸੀਂ ਅੱਲਾਹ ਤੋਂ ਡਰਦੀਆਂ ਰਹੋ, ਬੇਸ਼ੱਕ ਅੱਲਾਹ ਤੁਹਾਡੇ ਹਰੇਕ ਕੰਮ ਦਾ ਗਵਾਹ ਹੈ।
56਼ ਬੇਸ਼ੱਕ ਅੱਲਾਹ ਅਤੇ ਉਸ ਦੇ ਫ਼ਰਿਸ਼ਤੇ ਨਬੀ (ਮੁਹੰਮਦ ਸ:) ਉੱਤੇ ਰਹਿਮਤਾਂ ਭੇਜਦੇ ਹਨ, ਹੇ ਈਮਾਨ ਵਾਲਿਓ! ਤੁਸੀਂ ਵੀ ਉਹਨਾਂ ’ਤੇ ਦਰੂਦ ਤੇ ਸਲਾਮ ਭੇਜਦੇ ਰਿਹਾ ਕਰੋ।
57਼ ਨਿਰਸੰਦੇਹ, ਜਿਹੜੇ ਲੋਕ ਵੀ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ ਸ:) ਨੂੰ ਕਿਸੇ ਵੀ ਤਰ੍ਹਾਂ ਦਾ ਦੁੱਖ ਦਿੰਦੇ ਹਨ ਉਹਨਾਂ ਉੱਤੇ ਲੋਕ ਤੇ ਪਰਲੋਕ ਵਿਚ ਅੱਲਾਹ ਦੀਆਂ ਫ਼ਿਟਕਾਰਾਂ ਹਨ ਅਤੇ ਉਹਨਾਂ ਲੋਕਾਂ ਲਈ ਜ਼ਲੀਲ ਕਰਨ ਵਾਲਾ ਅਜ਼ਾਬ ਤਿਆਰ ਕਰ ਛੱਡਿਆ ਹੈ।
58਼ ਜਿਹੜੇ ਲੋਕੀ ਮੋਮਿਨ ਪੁਰਸ਼ਾਂ ਤੇ ਜ਼ਨਾਨੀਆਂ ਨੂੰ ਬਿਨਾਂ ਕਿਸੇ ਕਸੂਰ ਤੋਂ ਸਤਾਉਂਦੇ ਹਨ, ਨਿਰਸੰਦੇਹ, ਉਹ ਆਪਣੇ ਸਿਰਾਂ ਉੱਤੇ ਇਕ ਵਡਾ ਬਹੁਤਾਨ (ਊਜ) ਅਤੇ ਪ੍ਰਤੱਖ ਪਾਪਾਂ ਦਾ ਬੋਝ ਚੁੱਕੀ ਫਿਰਦੇ ਹਨ।
59਼ ਹੇ ਨਬੀ (ਸ:)! ਆਪਣੀਆਂ ਪਤਨੀਆਂ, ਧੀਆਂ ਤੇ ਮੋਮਿਨ ਔਰਤਾਂ ਨੂੰ ਆਖੋ ਕਿ (ਜਦੋਂ ਘਰੋਂ ਬਾਹਰ ਜਾਣ ਤਾਂ) ਉਹ ਆਪਣੇ ਉੱਤੇ ਇਕ ਵੱਡੀ ਚੱਦਰ ਲੈ ਲਿਆ ਕਰਨ, ਇੰਜ ਉਹਨਾਂ ਦੀ ਬੜੀ ਛੇਤੀ ਪਛਾਣ ਹੋ ਜਾਇਆ ਕਰੇਗੀ 1 (ਕਿ ਉਹ ਨੇਕ ਬੀਬੀਆਂ ਹਨ) ਫੇਰ ਉਹਨਾਂ ਨੂੰ ਕੋਈ ਤੰਗ ਨਹੀਂ ਕਰੇਗਾ। ਅੱਲਾਹ ਆਪਣੀਆਂ ਮਿਹਰਾਂ ਸਦਕੇ ਬਖ਼ਸ਼ਣਹਾਰ ਹੈ।
60਼ ਜੇ ਮੁਨਾਫ਼ਿਕ ਅਤੇ ਉਹ ਜਿਨ੍ਹਾਂ ਦੇ ਮਨਾਂ ਵਿਚ ਖੋਟ ਹੈ ਅਤੇ ਉਹ ਜਿਹੜੇ ਮਦੀਨੇ ਵਿਚ ਬੈਠਿਆਂ ਅਫ਼ਵਾਹਾਂ ਫੈਲਾਉਂਦੇ ਹਨ, ਜੇ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਅਸੀਂ ਤੁਹਾਨੂੰ ਜ਼ਰੂਰ ਹੀ ਉਹਨਾਂ ਦੇ ਵਿਰੁੱਧ ਇਕ ਨਾ ਇਕ ਦਿਨ ਖੜਾ ਕਰਾਂਗੇ, ਫੇਰ ਤਾਂ ਉਹ ਤੁਹਾਡੇ ਨਾਲ (ਹੇ ਨਬੀ!) ਇਸ ਸ਼ਹਿਰ (ਮਦੀਨੇ) ਵਿਖੇ ਥੋੜ੍ਹੇ ਹੀ ਸਮੇਂ ਲਈ ਰਹਿ ਸਕਣਗੇ।
61਼ ਉਹ (ਹਰ ਪਾਸਿਓਂ) ਫਿਟਕਾਰੇ ਹੋਏ ਹਨ, ਜਿੱਥੇ ਵੀ ਉਹ ਵਿਖਾਈ ਦੇਣਗੇ ਫੜੇ ਜਾਣਗੇ ਅਤੇ ਬੁਰੀ ਤਰ੍ਹਾਂ ਮਾਰ ਦਿੱਤੇ ਜਾਣਗੇ।
62਼ ਜਿਹੜੇ ਲੋਕ ਪਹਿਲਾਂ ਬੀਤ ਚੁੱਕੇ ਹਨ ਉਹਨਾਂ ਲਈ ਵੀ ਅੱਲਾਹ ਦਾ ਇਹੋ ਦਸਤੂਰ ਸੀ। ਤੁਸੀਂ ਰੱਬ ਦੇ ਦਸਤੂਰ ਵਿਚ ਕਦੇ ਕੋਈ ਅਦਲਾ ਬਦਲੀ ਨਹੀਂ ਵੇਖੋਗੇ।
63਼ (ਹੇ ਨਬੀ!) ਲੋਕੀ ਤੁਹਾਥੋਂ ਕਿਆਮਤ ਬਾਰੇ ਪੁੱਛਦੇ ਹਨ, ਤੁਸੀਂ ਆਖੋ ਕਿ ਇਸ ਦਾ ਗਿਆਨ ਤਾਂ ਅੱਲਾਹ ਨੂੰ ਹੀ ਹੈ। ਤੁਹਾਨੂੰ ਕੀ ਪਤਾ ਹੈ ਕਿ ਉਹ ਨੇੜੇ ਹੀ ਹੋਵੇ ?
64਼ ਬੇਸ਼ੱਕ ਅੱਲਾਹ ਨੇ ਕਾਫ਼ਿਰਾਂ ’ਤੇ ਲਾਅਨਤਾਂ ਪਾਈਆਂ ਹਨ ਅਤੇ ਉਹਨਾਂ ਲਈ ਭੜਕਦੀ ਹੋਈ ਅੱਗ ਤਿਆਰ ਕਰ ਰੱਖੀ ਹੈ।
65਼ ਉਹ ਇਸ (ਨਰਕ) ਵਿਚ ਸਦਾ ਲਈ ਰਹਿਣਗੇ, ਉੱਥੇ ਨਾ ਤਾਂ ਉਹਨਾਂ ਦਾ ਕੋਈ ਹਿਮਾਇਤੀ ਹੋਵੇਗਾ ਤੇ ਨਾ ਹੀ ਕੋਈ ਸਹਾਈ ਹੋਵੇਗਾ।
66਼ ਉਸ ਦਿਨ ਉਹਨਾਂ (ਕਾਫ਼ਿਰਾਂ) ਦੇ ਚਿਹਰੇ ਅੱਗ ਵਿਚ ਉਲਟਾਏ ਪਲਟਾਏ ਜਾਣਗੇ ਤਾਂ ਉਹ ਆਖਣਗੇ ਕਿ ਕਾਸ਼! ਅਸੀਂ ਅੱਲਾਹ ਅਤੇ ਉਸ ਦੇ ਰਸੂਲ (ਦੇ ਹੁਕਮਾਂ) ਦੀ ਪਾਲਣਾ ਕਰਦੇ।
67਼ ਅਤੇ ਆਖਣਗੇ ਕਿ ਹੇ ਸਾਡੇ ਰੱਬਾ! ਅਸੀਂ ਤਾਂ ਆਪਣੇ ਸਰਦਾਰਾਂ ਤੇ ਵੱਡਿਆਂ ਦੀ ਹੀ ਪਾਲਣਾ ਕੀਤੀ ਅਤੇ ਉਨ੍ਹਾਂ ਨੇ ਹੀ ਸਾਨੂੰ ਸਿੱਧੇ ਰਾਹੋਂ ਭਟਕਾ ਦਿੱਤਾ।
68਼ (ਰੱਬ ਨੂੰ ਬੇਨਤੀ) ਕਰਦੇ ਹੋਏ ਉਹ (ਇਨਕਾਰੀ) ਆਖਣਗੇ ਕਿ ਸਾਡੇ ਰੱਬ ਤੂੰ ਸਾਡੇ ਉਹਨਾਂ (ਸਰਦਾਰਾਂ) ਨੂੰ ਦੁੱਗਣਾ ਅਜ਼ਾਬ ਦੇ ਅਤੇ ਉਹਨਾਂ ’ਤੇ ਵਧ ਤੋਂ ਵਧ ਲਾਅਨਤਾਂ ਭੇਜ।
69਼ ਹੇ ਈਮਾਨ ਵਾਲਿਓ! ਤੁਸੀਂ ਉਹਨਾਂ ਲੋਕਾਂ ਵਾਂਗ ਨਾ ਹੋ ਜਾਣਾ ਜਿਨ੍ਹਾਂ ਨੇ ਮੂਸਾ ਨੂੰ ਸਤਾਇਆ ਸੀ। ਜਿਹੜੀਆਂ ਗੱਲਾਂ ਉਹ (ਮੂਸਾ) ਬਾਰੇ ਕਰਦੇ ਸੀ ਅੱਲਾਹ ਨੇ ਉਹਨਾਂ ਸਭ ਤੋਂ (ਮੂਸਾ ਨੂੰ) ਬਰੀ ਕਰ ਦਿੱਤਾ। ਉਹ (ਮੂਸਾ) ਤਾਂ ਰੱਬ ਦੀਆਂ ਨਜ਼ਰਾਂ ਵਿਚ ਉੱਚੇ ਮਰਾਤਬੇ ਵਾਲਾ ਸੀ।
70਼ ਹੇ ਈਮਾਨ ਵਾਲਿਓ! ਤੁਸੀਂ (ਕੇਵਲ) ਅੱਲਾਹ ਤੋਂ ਹੀ ਡਰੋ ਅਤੇ ਸਿੱਧੀਆਂ ਤੇ ਸੱਚੀਆਂ ਗੱਲਾਂ ਕਰਿਆ ਕਰੋ।
71਼ (ਇੰਜ ਕਰਨ ਨਾਲ) ਉਹ (ਅੱਲਾਹ) ਤੁਹਾਡੇ ਸਾਰੇ ਕੰਮਾਂ ਨੂੰ ਸੁਆਰ ਦੇਵੇਗਾ ਅਤੇ ਤੁਹਾਡੇ ਗੁਨਾਹਾਂ ਨੂੰ ਮੁਆਫ਼ ਕਰ ਦੇਵੇਗਾ ਅਤੇ ਜਿਹੜਾ ਵੀ ਕੋਈ ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮਾਂ ਦੀ ਪਾਲਣਾ ਕਰੇਗਾ, ਬੇਸ਼ੱਕ ਉਸ ਨੇ ਹੀ ਅਸਲੀ ਕਾਮਯਾਬੀ ਪ੍ਰਾਪਤ ਕਰ ਲਈ ਹੈ।
72਼ ਅਸੀਂ ਇਸ ਅਮਾਨਤ (ਕੁਰਆਨੀ ਆਦੇਸ਼) ਨੂੰ ਚੁੱਕਣ ਲਈ ਅਕਾਸ਼ਾਂ ਤੇ ਧਰਤੀ ਨੂੰ ਕਿਹਾ ਪਰ ਉਹ ਇਸ ਨੂੰ ਚੁਕੱਣ ਲਈ ਤਿਆਰ ਨਾ ਹੋਏ ਸਗੋਂ ਡਰ ਗਏ ਪਰ ਮਨੁੱਖ ਨੇ ਚੁੱਕ ਲਿਆ। ਬੇਸ਼ੱਕ ਉਹ ਬਹੁਤ ਹੀ ਜ਼ਾਲਮ ਤੇ ਬੇ-ਸਮਝ ਹੈ।
73਼ ਅਸੀਂ ਇਹ ਅਮਾਨਤ1 (ਮਨੁੱਖਾਂ ਤੋਂ ਇਸ ਲਈ ਚੁਕਵਾਈ) ਕਿ ਅੱਲਾਹ ਮੁਨਾਫ਼ਿਕ ਮਰਦਾਂ ਤੇ ਔਰਤਾਂ ਨੂੰ ਅਤੇ ਮੁਸ਼ਰਿਕ ਮਰਦਾਂ ਤੇ ਔਰਤਾਂ ਨੂੰ ਸਜ਼ਾ ਦੇਵੇ ਅਤੇ ਮੋਮਿਨ ਮਰਦਾਂ ਤੇ ਮੋਮਿਨ ਔਰਤਾਂ ਉੱਤੇ ਰਹਿਮ ਕਰੇ। ਅੱਲਾਹ ਅਤਿਅੰਤ ਬਖ਼ਸ਼ਣਹਾਰ ਤੇ ਮਿਹਰਾਂ ਕਰਨ ਵਾਲਾ ਹੈ।