عربيEnglish

The Noble Qur'an Encyclopedia

Towards providing reliable exegeses and translations of the meanings of the Noble Qur'an in the world languages

Saba [Saba] - Bunjabi translation

Surah Saba [Saba] Ayah 54 Location Maccah Number 34

1਼ ਸਾਰੀਆਂ ਹੀ ਤਾਰੀਫ਼ਾਂ (ਤੇ ਸ਼ੁਕਰਾਨੇ) ਉਸ ਅੱਲਾਹ ਲਈ ਜਿਸ ਦਾ ਉਹ ਸਭ ਕੁੱਝ ਹੈ ਜਿਹੜਾ ਅਕਾਸ਼ਾਂ ਤੇ ਧਰਤੀ ਵਿਚ ਹੈ। ਪਰਲੋਕ ਵਿਚ ਵੀ ਉਸੇ ਦੀ ਹੀ ਤਾਰੀਫ਼ ਹੋਵੇਗੀ। ਉਹ ਹਿਕਮਤਾਂ (ਸੂਝ-ਬੂਝ) ਨਾਲ ਹਰ ਗੱਲ ਦੀ ਖ਼ਬਰ ਰੱਖਦਾ ਹੈ।

2਼ ਜੋ ਕੁੱਝ ਵੀ ਧਰਤੀ ਵਿਚ ਜਾਂਦਾ ਹੈ ਅਤੇ ਜੋ ਉਸ ਵਿੱਚੋਂ ਨਿੱਕਲਦਾ ਹੈ, ਜੋ ਵੀ ਅਕਾਸ਼ ਤੋਂ ਉਤਰਦਾ ਹੈ ਅਤੇ ਜੋ ਉਸ ਵਿਚ ਚੜ੍ਹਦਾ ਹੈ, ਉਹ (ਅੱਲਾਹ) ਸਭ ਜਾਣਦਾ ਹੈ। ਉਹ ਵੱਡਾ ਮਿਹਰਬਾਨ ਤੇ ਬਖ਼ਸ਼ਣਹਾਰ ਹੈ।

3਼ ਕਾਫ਼ਿਰ ਕਹਿੰਦੇ ਹਨ ਕਿ ਸਾਡੇ ’ਤੇ ਕਿਆਮਤ ਨਹੀਂ ਆਵੇਗੀ। (ਹੇ ਨਬੀ!) ਤੁਸੀਂ ਆਖ ਦਿਓ ਕਿ ਮੈਨੂੰ ਗ਼ੈਬ (ਪਰੋਖ) ਦੇ ਜਾਣਨਹਾਰ ਮੇਰੇ ਰੱਬ ਦੀ ਸੁੰਹ! ਉਹ (ਕਿਆਮਤ) ਤੁਹਾਡੇ ’ਤੇ ਜ਼ਰੂਰ ਹੀ ਆ ਕੇ ਰਹੇਗੀ। ਅਕਾਸ਼ਾਂ ਤੇ ਧਰਤੀ ਵਿਚ ਰਤਾ ਬਰਾਬਰ ਵੀ ਕੋਈ ਚੀਜ਼ ਉਸ ਤੋਂ ਲੁਕੀ ਹੋਈ ਨਹੀਂ ਰਹਿ ਸਕਦੀ। ਨਾ ਕਿਣਕੇ ਤੋਂ ਵੱਡੀ ਤੇ ਨਾ ਉਸ ਤੋਂ ਨਿੱਕੀ, ਕੋਈ ਚੀਜ਼ ਅਜਿਹੀ ਨਹੀਂ ਜਿਹੜੀ ਖੁੱਲ੍ਹੀ ਕਿਤਾਬ (ਲੌਹੇ-ਮਹਫ਼ੂਜ਼) ਵਿਚ ਦਰਜ ਨਾ ਹੋਵੇ।

4਼ (ਕਿਆਮਤ ਇਸ ਲਈ ਹੋਵੇਗੀ) ਤਾਂ ਜੋ ਉਹ (ਅੱਲਾਹ) ਉਹਨਾਂ ਲੋਕਾਂ ਨੂੰ ਵਧੀਆ ਬਦਲਾ ਦੇਵੇ ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ। ਇਹੋ ਉਹ (ਕਾਮਯਾਬ) ਲੋਕ ਹਨ ਜਿਨ੍ਹਾਂ ਲਈ ਬਖ਼ਸ਼ਿਸ਼ ਅਤੇ ਆਦਰ-ਮਾਨ ਵਾਲੀ ਰੋਜ਼ੀ ਹੈ।

5਼ ਪਰ ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ (ਹੁਕਮਾਂ) ਦੀ ਹੇਠੀ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਲੋਕਾਂ ਲਈ ਬਹੁਤ ਹੀ ਭੈੜਾ ਦੁਖਦਾਈ ਅਜ਼ਾਬ ਹੈ।

6਼ ਜਿਨ੍ਹਾਂ ਲੋਕਾਂ ਨੂੰ (ਰੱਬੀ) ਗਿਆਨ ਬਖ਼ਸ਼ਿਆ ਗਿਆ, ਉਹ ਜਾਣਦੇ ਹਨ ਕਿ ਜੋ ਵੀ ਆਪ ਜੀ (ਸ:) ਵੱਲ ਆਪ ਦੇ ਰੱਬ ਵੱਲੋਂ (.ਕੁਰਆਨ) ਨਾਜ਼ਿਲ ਹੋਇਆ ਹੈ, ਉਹੀਓ ਹੱਕ ਹੈ ਅਤੇ ਅੱਲਾਹ ਗੁਣਵਾਦੀ ਲੋਕਾਂ ਦੀ ਅਗਵਾਈ ਕਰਦਾ ਹੈ।

7਼ ਅਤੇ ਕਾਫ਼ਿਰਾਂ ਨੇ (ਇਕ ਦੂਜੇ ਨੂੰ) ਕਿਹਾ, ਕੀ ਅਸੀਂ ਤੁਹਾਨੂੰ ਇਕ ਅਜਿਹੇ ਵਿਅਕਤੀ ਬਾਰੇ ਦੱਸੀਏ ਜਿਹੜਾ ਤੁਹਾਨੂੰ ਇਹ ਸੂਚਨਾ ਦੇ ਰਿਹਾ ਹੈ ਕਿ ਜਦੋਂ ਤੁਸੀਂ ਕਿਣਕਾ-ਕਿਣਕਾ ਕਰ ਦਿੱਤੇ ਜਾਓਗੇ, ਫੇਰ ਤੁਸੀਂ ਨਵੇਂ ਸਿਿਰਓਂ ਪੈਦਾ ਕੀਤੇ ਜਾਓਗੇ ?

8਼ ਕੀ ਉਸ (ਮੁਹੰਮਦ) ਨੇ ਅੱਲਾਹ ’ਤੇ ਝੂਠ ਲਾਇਆ ਹੈ? ਜਾਂ ਉਹ (ਮੁਹੰਮਦ ਸ:) ਸੁਦਾਈ ਹੋ ਗਿਆ ਹੈ? (ਉੱਕਾ ਨਹੀਂ!) ਸਗੋਂ ਜਿਹੜੇ ਲੋਕ ਆਖ਼ਿਰਤ (ਪਰਲੋਕ) ਉੱਤੇ ਈਮਾਨ ਨਹੀਂ ਰੱਖਦੇ ਉਹ ਅਜ਼ਾਬ ਅਤੇ ਗੁਮਰਾਹੀ ਵਿਚ ਦੂਰ ਤੱਕ ਚਲੇ ਗਏ ਹਨ।

9਼ ਕੀ ਉਹਨਾਂ ਨੇ ਆਪਣੇ ਅੱਗਿਓਂ ਤੇ ਪਿੱਛਿਓਂ ਅਕਾਸ਼ ਤੇ ਧਰਤੀ ਨੂੰ ਨਹੀਂ ਵੇਖਿਆ? ਜੇ ਅਸੀਂ ਚਾਹੀਏ ਤਾਂ ਉਹਨਾਂ ਨੂੰ ਧਰਤੀ ਵਿਚ ਧੁਸਾ ਦਈਏ ਜਾਂ ਉਹਨਾਂ ’ਤੇ ਅਕਾਸ਼ ਦੇ ਕੁੱਝ ਟੋਟੇ ਡੇਗ ਦਈਏ। ਬੇਸ਼ੱਕ ਇਸ ਵਿਚ ਹਰ ਉਸ ਵਿਅਕਤੀ ਲਈ ਇਕ ਨਿਸ਼ਾਨੀ ਹੈ ਜਿਹੜਾ ਰੱਬ ਵੱਲ ਝੁਕਣ ਵਾਲਾ ਹੈ।

10਼ ਬੇਸ਼ੱਕ ਅਸੀਂ ਹੀ ਦਾਊਦ ਨੂੰ ਆਪਣੇ ਵੱਲੋਂ ਵਡਿਆਈ ਬਖ਼ਸ਼ੀ ਸੀ। (ਅਸਾਂ ਹੁਕਮ ਦਿੱਤਾ ਕਿ) ਹੇ ਪਹਾੜੋ! ਉਸ (ਦਾਊਦ) ਦੇ ਸੰਗ (ਮੇਰੀ) ਤਸਬੀਹ ਕਰਿਆ ਕਰੋ ਅਤੇ ਇਹੋ ਹੁਕਮ ਪੰਛੀਆਂ ਨੂੰ ਵੀ ਸੀ ਅਤੇ ਅਸੀਂ ਉਸ ਲਈ ਲੋਹੇ ਨੂੰ ਨਰਮ ਕਰ ਦਿੱਤਾ।

11਼ (ਹਿਦਾਇਤ ਦਿੱਤੀ) ਕਿ ਇਸ ਲੋਹੇ ਤੋਂ ਖੁੱਲ੍ਹੇ ਡੁੱਲੇ ਜ਼ੱਰਾ-ਬਕਤਰ (ਸੰਜੋਆਂ ਤੇ ਹਥਿਆਰ) ਬਣਾਓ ਤੇ ਇਸ ਦੇ ਜੋੜਾਂ ਵਿਚ ਠੀਕ ਅੰਤਰ ਰੱਖੋ। ਤੁਸੀਂ ਸਾਰੇ ਨੇਕ ਕੰਮਾਂ ਲਈ ਹੀ (ਇਸ ਦੀ ਵਰਤੋਂ) ਕਰਿਆ ਕਰੋ। ਮੈਂ ਤੁਹਾਡੇ ਸਾਰੇ ਹੀ ਕੰਮਾਂ ਨੂੰ ਵੇਖ ਰਿਹਾ ਹੈ।

12਼ ਅਸੀਂ ਸੁਲੇਮਾਨ ਦੇ ਅਧੀਨ ਹਵਾ ਨੂੰ ਕਰ ਦਿੱਤਾ। ਸਵੇਰੇ ਵੇਲੇ ਉਸ ਦਾ ਚੱਲਣਾ ਇਕ ਮਹੀਨੇ ਦੀ ਰਾਹ ਤਕ ਅਤੇ ਸੰਝ ਵੇਲੇ ਉਸ ਦਾ ਚੱਲਣਾ ਇਕ ਮਹੀਨੇ ਦੀ ਰਾਹ ਤਕ ਸੀ। ਅਸੀਂ ਉਸ (ਸੁਲੈਮਾਨ) ਲਈ ਪਿਘਲੇ ਹੋਏ ਤਾਂਬੇ ਦਾ ਚਸ਼ਮਾ ਵਗ੍ਹਾ ਦਿੱਤਾ ਅਤੇ ਉਸ ਦੇ ਅਧੀਨ ਕੁੱਝ ਅਜਿਹੇ ਜਿੰਨ ਕਰ ਛੱਡੇ ਸੀ ਜਿਹੜੇ ਉਸ ਦੇ ਅੱਗੇ ਉਸ ਦੇ ਰੱਬ ਦੇ ਹੁਕਮ ਨਾਲ ਕੰਮ ਕਰਦੇ ਸਨ ਅਤੇ ਉਹਨਾਂ (ਜਿੰਨਾਂ) ਵਿੱਚੋਂ ਜਿਸ ਨੇ ਵੀ ਸਾਡੇ ਹੁਕਮ ਦੀ ਉਲੰਘਣਾ ਕੀਤੀ ਅਸੀਂ ਉਸ ਨੂੰ ਦਹਕਦੀ ਹੋਈ ਅੱਗ ਦਾ ਸੁਆਦ ਚਖਾਉਂਦੇ ਹਾਂ।

13਼ ਸੁਲੇਮਾਨ ਜੋ ਚਾਹੁੰਦਾ ਸੀ ਉਸ ਲਈ ਜਿੰਨ ਉਹੀਓ ਬਣਾ ਦਿੰਦੇ, ਜਿਵੇਂ ਸ਼ਾਨਦਾਰ ਭਵਨ, ਤਸਵੀਰਾਂ, ਵੱਡੇ-ਵੱਡੇ ਹੌਜ਼ਾਂ ਵਰਗੇ ਪਰਾਂਤ ਅਤੇ ਆਪਣੀ ਥਾਂ ਤੋਂ ਨਾ ਹਿੱਲਣ ਵਾਲੀਆਂ ਚੂਲ੍ਹਿਆਂ ਉੱਤੇ ਪਈਆਂ ਦੇਗਾਂ। ਹੇ ਦਾਊਦ ਦੀ ਸੰਤਾਨ! (ਇਹਨਾਂ ਅਹਿਸਾਨਾਂ ਲਈ) ਧੰਨਵਾਦ ਵਜੋਂ ਨੇਕ ਕੰਮ ਕਰੋ। ਮੇਰੇ ਬੰਦਿਆਂ ਵਿਚ ਧੰਨਵਾਦ ਕਰਨ ਵਾਲੇ ਬਹੁਤ ਹੀ ਥੋੜ੍ਹੇ ਹਨ।

14਼ ਫੇਰ ਜਦੋਂ ਅਸੀਂ ਉਹਨਾਂ (ਸੁਲੈਮਾਨ) ਲਈ ਮੌਤ ਦਾ ਹੁਕਮ ਲਾਗੂ ਕਰ ਦਿੱਤਾ ਤਾਂ ਇਸ ਦੀ ਸੂਚਨਾ ਜਿੰਨਾਂ ਨੂੰ ਦੇਣ ਵਾਲਾ ਕੇਵਲ ਉਹ ਸਿਊਂਕ ਵਾਲਾ ਕੀੜਾ ਸੀ, ਜਿਹੜਾ ਉਹਨਾਂ (ਸੁਲੈਮਾਨ) ਦੀ ਲਾਠੀ ਨੂੰ ਖਾ ਰਿਹਾ ਸੀ। ਜਦੋਂ ਉਹ (ਸੁਲੈਮਾਨ) ਡਿਗ ਪਏ, ਉਸ ਵੇਲੇ ਜਿੰਨਾਂ ਨੇ ਜਾਣਿਆ ਕਿ ਜੇਕਰ ਉਹ (ਜਿੰਨ) ਪਰੋਖ ਦੇ ਜਾਣਕਾਰ ਹੁੰਦੇ ਤਾਂ ਉਹ ਹੀਣਤਾ ਭਰੇ ਕਸ਼ਟ ਵਿਚ ਫਸੇ ਨਾ ਰਹਿੰਦੇ।

15਼ ਸਬਾ (ਕੌਮ) ਲਈ ਉਸ ਦੀ ਆਪਣੀ ਬਸਤੀ ਵਿਚ ਇਕ ਵੱਡੀ (ਰੱਬ ਦੀ) ਨਿਸ਼ਾਨੀ ਮੌਜੂਦ ਸੀ। ਇਸ (ਬਸਤੀ) ਦੇ ਸੱਜੇ ਤੇ ਖੱਬੇ ਪਾਸੇ ਦੋ ਬਾਗ਼ ਸਨ। ਅਸੀਂ ਉਹਨਾਂ (ਬਸਤੀ ਵਾਲਿਆਂ) ਨੂੰ ਹੁਕਮ ਦਿੱਤਾ ਕਿ ਤੁਸੀਂ ਆਪਣੇ ਰੱਬ ਦੀ ਬਖ਼ਸ਼ੀ ਹੋਈ ਰੋਜ਼ੀ ਖਾਓ ਅਤੇ ਉਸ ਦਾ ਧੰਨਵਾਦ ਕਰੋ। ਇਹ ਪਵਿੱਤਰ ਬਸਤੀ ਹੈ ਅਤੇ ਤੁਹਾਡਾ ਰੱਬ ਵੱਡਾ ਬਖ਼ਸ਼ਣਹਾਰ ਹੈ।

16਼ ਪਰ ਜਦੋਂ ਉਹਨਾਂ (ਬਸਤੀਆਂ ਵਾਲਿਆਂ) ਨੇ (ਸ਼ੁਕਰ ਅਦਾ ਕਰਨ ਤੋਂ) ਮੂੰਹ ਮੋੜ ਲਿਆ ਤਾਂ ਅਸੀਂ ਉਹਨਾਂ ’ਤੇ ਬੰਨ੍ਹ-ਤੋੜ ਹੜ੍ਹ ਭੇਜ ਦਿੱਤਾ ਅਤੇ ਉਹਨਾਂ ਦੇ (ਹਰੇ ਭਰੇ) ਬਾਗ਼ਾਂ ਦੇ ਦਿੱਤੇ ਬਦਲੇ ਅਸੀਂ ਉਹਨਾਂ ਨੂੰ ਦੋ ਅਜਿਹੇ ਬਾਗ਼ ਦੇ ਦਿੱਤੇ ਜਿਨ੍ਹਾਂ ਦੇ ਫਲ ਬੇ-ਸੁਆਦੇ ਕੌੜੇ-ਕੁਸੈਲੇ, ਝਾਊ ਵਾਲੇ ਤੇ ਕੁੱਝ ਬੇਰੀਆਂ ਵਾਲੇ ਰੁੱਖ ਸਨ।

17਼ ਇਹ ਸਜ਼ਾ ਅਸੀਂ ਉਹਨਾਂ ਨੂੰ ਉਹਨਾਂ ਦੀ ਨਾ-ਸ਼ੁਕਰੀ ਦੀ ਦਿੱਤਾ ਸੀ। ਅਸੀਂ ਨਾ-ਸ਼ੁਕਰਿਆਂ ਨੂੰ ਹੀ ਸਜ਼ਾ ਦਿੰਦੇ ਹਾਂ।

18਼ ਅਸੀਂ ਉਹਨਾਂ (ਸਬਾ ਵਾਲਿਆਂ) ਦੇ ਅਤੇ ਉਹਨਾਂ (ਸੁਲੇਮਾਨ ਦੀ ਬਸਤੀ) ਦੇ ਵਿਚਕਾਰ ਜਿਨ੍ਹਾ ਬਸਤੀਆਂ ਵਿਚ ਅਸੀਂ ਬਰਕਤਾਂ ਵੀ ਰੱਖੀਆਂ ਸਨ, ਕੁੱਝ ਬਸਤੀਆਂ ਨਾਲੋ-ਨਾਲ ਰਸਤੇ ਵਿਚ ਆਬਾਦ ਕਰ ਰੱਖੀਆਂ ਸਨ ਅਤੇ ਉਹਨਾਂ ਬਸਤੀਆਂ ਵਿਚ ਚੱਲਣ ਵਾਲਿਆਂ ਲਈ ਅਸੀਂ ਮੰਜ਼ਿਲਾਂ (ਪੜਾ) ਨਿਯਤ ਕਰ ਦਿੱਤੀਆਂ ਸਨ। (ਅਸੀਂ ਕਿਹਾ) ਤੁਸੀਂ ਇਹਨਾਂ ਵਿਚ ਦਿਨ-ਰਾਤ ਨਿਸ਼ਚਿੰਤ ਹੋਕੇ ਸਫ਼ਰ ਕਰੋ।

19਼ ਪਰ ਉਹਨਾਂ (ਸਬਾ ਦੀ ਬਸਤੀ ਵਾਲਿਆਂ) ਨੇ ਬੇਨਤੀ ਕੀਤੀ ਕਿ ਹੇ ਸਾਡੇ ਰੱਬਾ! ਸਾਡੀ ਯਾਤਰਾ ਵਿਚ ਦੂਰੀਆਂ (ਭਾਵ ਦੇਸ਼ ਦੀਆਂ ਸਰਹਦਾਂ) ਵਧਾ ਦੇ। (ਇਹ ਕਹਿ ਕੇ) ਉਹਨਾਂ ਨੇ ਆਪਣੇ ਆਪ ’ਤੇ ਹੀ ਜ਼ੁਲਮ ਕੀਤਾ ਸੀ, ਸੋ ਅਸੀਂ ਉਹਨਾਂ ਨੂੰ ਕਿੱਸੇ-ਕਹਾਣੀਆਂ ਬਣਾ ਛੱਡਿਆ ਅਤੇ ਉਹਨਾਂ ਨੂੰ (ਪੁਰਾਣੇ ਕਿੱਸਿਆਂ ਵਾਂਗ) ਤਿੱਤਰ-ਬਿੱਤਰ ਕਰ ਦਿੱਤਾ (ਭਾਵ ਅਜ਼ਾਬ ਦੇ ਛੱਡਿਆ)। ਬੇਸ਼ੱਕ ਹਰੇਕ ਸਬਰ ਤੇ ਸ਼ੁਕਰ ਕਰਨ ਵਾਲੇ ਵਿਅਕਤੀ ਲਈ ਇਸ (ਕਿੱਸੇ) ਵਿਚ ਮਹੱਤਵਪੂਰਨ ਸਿੱਖਿਆਵਾਂ ਹਨ।

20਼ ਅਤੇ ਇਬਲੀਸ (ਸ਼ੈਤਾਨ) ਨੇ ਉਹਨਾਂ ਦੇ ਮਾਮਲੇ ਵਿਚ ਆਪਣੀ ਸੋਚ ਨੂੰ ਸੱਚ ਸਿੱਧ ਕਰ ਵਿਖਾਇਆ, ਮੋਮਿਨਾਂ ਦੇ ਇਕ ਧੜੇ ਤੋਂ ਛੁੱਟ, ਸਾਰੇ ਦੇ ਸਾਰੇ ਲੋਕ ਉਸ ਦੇ ਅਧੀਨ ਹੋ ਗਏ।

21਼ ਇਸ (ਸ਼ੈਤਾਨ) ਦਾ ਉਹਨਾਂ (ਮੋਮਿਨਾਂ) ’ਤੇ ਕੋਈ ਜ਼ੋਰ ਨਹੀਂ ਸੀ, ਪਰ (ਇਹ ਸਭ) ਇਸ ਲਈ ਕੀਤਾ ਸੀ ਕਿ ਅਸੀਂ ਇਹ ਜਾਣ ਲਈਏ ਕਿ ਕੌਣ ਪਰਲੋਕ ’ਤੇ ਈਮਾਨ ਰੱਖਦਾ ਹੈ ਅਤੇ ਉਹਨਾਂ ਲੋਕਾਂ ਵਿੱਚੋਂ ਕੌਣ ਇਸ ਵਿਚ ਸ਼ੱਕ ਕਰਦਾ ਹੈ। ਤੁਹਾਡਾ ਰੱਬ ਹਰੇਕ ਚੀਜ਼ ਦੀ ਦੇਖਭਾਲ ਕਰਦਾ ਹੈ।

22਼ (ਹੇ ਨਬੀ!) ਆਖ ਦਿਓ ਕਿ ਉਹਨਾਂ ਨੂੰ ਸੱਦੋ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਛੁੱਟ ਆਪਣਾ ਇਸ਼ਟ ਸਮਝਦੇ ਹੋ। ਉਹ ਅਕਾਸ਼ਾਂ ਤੇ ਧਰਤੀ ਵਿਚ ਰਤਾ ਬਰਾਬਰ ਵੀ ਅਧਿਕਾਰ ਨਹੀਂ ਰੱਖਦੇ ਅਤੇ ਨਾ ਹੀ ਮਾਲਕੀ ਵਿਚ ਕੋਈ ਹਿੱਸੇਦਾਰੀ ਹੈ ਅਤੇ ਨਾ ਹੀ ਇਹਨਾਂ ਵਿੱਚੋਂ ਕੋਈ (ਸਸ਼੍ਰਿਟੀ ਦੇ ਬਣਾਉਣ ਵਿਚ) ਅੱਲਾਹ ਦਾ ਸਹਾਈ ਹੈ।

23਼ ਉਸ ਦੇ ਹਜ਼ੂਰ ਕੇਵਲ ਉਸ ਵਿਅਕਤੀ ਦੀ ਹੀ ਸਿਫ਼ਾਰਸ਼ ਲਾਹੇਵੰਦ ਹੋ ਸਕਦੀ ਹੈ ਜਿਸ ਨੂੰ ਅੱਲਾਹ ਆਗਿਆ ਦੇਵੇਗਾ। ਜਦੋਂ ਉਹਨਾਂ ਦੇ ਦਿਲਾਂ ਦੀ ਘਬਰਾਹਟ ਦੂਰ ਕਰ ਦਿੱਤੀ ਜਾਂਦੀ ਹੈ ਤਾਂ ਫੇਰ ਪੁੱਛਦੇ ਹਨ ਕਿ ਤੁਹਾਡੇ ਰੱਬ ਨੇ ਕੀ ਕਿਹਾ ਹੈ? ਉਹ ਉੱਤਰ ਵਿਚ ਆਖਦੇ ਹਨ ਕਿ ਹੱਕ (ਸੱਚ) ਕਿਹਾ ਹੈ। ਉਹ (ਅੱਲਾਹ) ਅਤਿਅੰਤ ਮਹਾਨ ਤੇ ਸਰਵਉੱਚ ਹੈ।

24਼ ਉਹਨਾਂ ਤੋਂ ਪੁੱਛੋ ਕਿ ਤੁਹਾਨੂੰ ਅਕਾਸ਼ਾਂ ਤੇ ਧਰਤੀ ਵਿੱਚੋਂ ਰੋਜ਼ੀ ਕੌਣ ਦਿੰਦਾ ਹੈ ? ਆਖੋ ‘ਅੱਲਾਹ’। ਅਤੇ ਇਹ ਵੀ ਪੁੱਛੋ ਕਿ ਕੌਣ ਸਿੱਧੀ ਰਾਹ ’ਤੇ ਹੈ, ਅਸੀਂ ਜਾਂ ਤੁਸੀਂ ? ਜਾਂ ਕੌਣ ਸਪਸ਼ਟ ਕੁਰਾਹੇ ਪਿਆ ਹੋਇਆ ਹੈ ?

25਼ ਆਖ ਦਿਓ ਕਿ ਸਾਡੇ ਕੀਤੇ ਹੋਏ ਅਪਰਾਧਾਂ ਬਾਰੇ ਤੁਹਾਥੋਂ ਪੁੱਛਿਆ ਨਹੀਂ ਜਾਵੇਗਾ ਅਤੇ ਨਾ ਹੀ ਤੁਹਾਡੇ ਕੰਮਾਂ ਬਾਰੇ ਸਾਥੋਂ ਕੁੱਝ ਪੁੱਛਿਆ ਜਾਵੇਗਾ।

26਼ ਉਹਨਾਂ ਨੂੰ ਦੱਸ ਦਿਓ ਕਿ ਸਾਨੂੰ ਸਭ ਨੂੰ ਸਾਡਾ ਰੱਬ ਇਕੱਠਾ ਕਰੇਗਾ ਫੇਰ ਉਹ ਸਾਡੇ ਵਿਚਾਲੇ ਹੱਕ (ਇਨਸਾਫ਼) ਨਾਲ ਫ਼ੈਸਲਾ ਕਰ ਦੇਵੇਗਾ। ਉਹੀਓ ਵਧੀਆ ਫ਼ੈਸਲਾ ਕਰਨ ਵਾਲਾ ਤੇ ਦਾਨਾਈ ਵਾਲਾ ਹੈ।

27਼ ਆਖੋ ਕਿ ਚੰਗਾ ਮੈਨੂੰ ਵੀ ਤਾਂ ਉਹਨਾਂ ਇਸ਼ਟਾਂ ਨੂੰ ਵਿਖਾਓ ਜਿਨ੍ਹਾਂ ਨੂੰ ਤੁਸੀਂ ਅੱਲਾਹ ਦਾ ਸਾਂਝੀ ਬਣਾ ਕੇ ਉਸ (ਅੱਲਾਹ) ਦੇ ਨਾਲ ਰਲਾ ਮਲਾ ਦਿਤਾ ਹੈ, ਜਦ ਕਿ ਉਸ ਦਾ ਸਾਂਝੀ ਕੋਈ ਵੀ ਨਹੀਂ ਹੋ ਸਕਦਾ, ਸਗੋਂ ਉਹੀਓ ਅੱਲਾਹ ਜ਼ੋਰਾਵਰ ਤੇ ਹਿਕਮਤ ਵਾਲਾ ਹੈ।

28਼ (ਹੇ ਮੁਹੰਮਦ) ਅਸਾਂ ਤੁਹਾਨੂੰ ਸਾਰੇ ਹੀ ਲੋਕਾਂ ਲਈ (ਸਵਰਗ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਅਤੇ (ਨਰਕ ਤੋਂ) ਡਰਾਉਣ ਵਾਲਾ ਬਣਾ ਕੇ ਭੇਜਿਆ ਹੈ ਪਰ ਲੋਕਾਂ ਦੀ ਬਹੁਗਿਣਤੀ ਅਗਿਆਨੀਆਂ ਦੀ ਹੈ।1

29਼ (ਹੇ ਨਬੀ!) ਉਹ ਲੋਕੀ ਤੁਹਾਥੋਂ ਪੁੱਛਦੇ ਹਨ ਕਿ (ਕਿਆਮਤ ਦਾ) ਵਾਅਦਾ ਕਦੋਂ ਪੂਰਾ ਹੋਵੇਗਾ ? (ਜੇ ਤੁਸੀਂ ਸੱਚੇ ਹੋ ਤਾਂ ਦੱਸੋ ?)

30਼ (ਹੇ ਨਬੀ!) ਉਹਨਾਂ ਨੂੰ ਕਹੋ ਕਿ ਤੁਹਾਡੇ ਲਈ ਇਕ ਅਜਿਹੇ ਵਾਅਦਾ ਦਾ ਦਿਨ ਨਿਯਤ ਹੈ ਜਿਸ ਤੋਂ ਤੁਸੀਂ ਇਕ ਘੜ੍ਹੀ ਵੀ ਨਾ ਪਿਛਾਂਹ ਰਹਿ ਸਕਦੇ ਹੋ ਅਤੇ ਨਾ ਹੀ ਅਗਾਂਹ ਵਧ ਸਕਦੇ ਹੋ।

31਼ ਅਤੇ ਕਾਫ਼ਿਰ ਆਖਦੇ ਹਨ ਕਿ ਅਸੀਂ ਇਸ .ਕੁਰਆਨ ’ਤੇ ਈਮਾਨ ਨਹੀਂ ਲਿਆਵਾਂਗੇ ਅਤੇ ਨਾ ਹੀ ਇਸ ਤੋਂ ਪਹਿਲੀਆਂ ਕਿਤਾਬਾਂ ’ਤੇ (ਈਮਾਨ ਹੈ)। (ਹੇ ਨਬੀ!) ਕਾਸ਼! ਜੇ ਤੁਸੀਂ ਉਹਨਾਂ ਜ਼ਾਲਮਾਂ ਨੂੰ ਉਸ ਸਮੇਂ ਵੇਖੋ ਜਦੋਂ ਉਹ ਆਪਣੇ ਰੱਬ ਦੇ ਹਜ਼ੂਰ ਖਲੋਤੇ ਇਕ ਦੂਜੇ ’ਤੇ ਆਰੋਪ ਲਾ ਰਹੇ ਹੋਣਗੇ। ਜਿਹੜੇ ਲੋਕੀ ਸੰਸਾਰ ਵਿਚ ਕਮਜ਼ੋਰ ਸਮਝੇ ਜਾਂਦੇ ਸੀ ਉਹ ਵਡਿਆਈ ਮਾਰਨ ਵਾਲਿਆਂ ਨੂੰ ਆਖਣਗੇ ਕਿ ਜੇ ਤੁਸੀਂ ਨਾ ਹੁੰਦੇ ਤਾਂ ਅਸੀਂ ਵੀ ਈਮਾਨ ਵਾਲੇ ਹੁੰਦੇ।

32਼ ਉਹ ਘਮੰਡੀ ਲੋਕ (ਸਮਾਜ ਦੇ) ਕਮਜ਼ੋਰ ਲੋਕਾਂ ਨੂੰ ਆਖਣਗੇ, ਕੀ ਅਸੀਂ ਤੁਹਾਨੂੰ ਉਸ ਹਿਦਾਇਤ (.ਕੁਰਆਨ) ਤੋਂ ਰੋਕਿਆ ਸੀ ਜਿਹੜੀ ਤੁਹਾਡੇ ਕੋਲ ਆ ਚੁੱਕੀ ਸੀ ? ਨਹੀਂ! ਤੁਸੀਂ ਤਾਂ ਆਪੇ ਹੀ ਅਪਰਾਧੀ ਸੀ ?

33਼ (ਜਵਾਬ ਵਿਚ) ਉਹ ਕਮਜ਼ੋਰ ਲੋਕ ਉਹਨਾਂ ਘਮੰਡੀਆਂ ਨੂੰ ਆਖਣਗੇ ਕਿ ਨਹੀਂ, ਸਗੋਂ ਤੁਹਾਡੀਆਂ ਦਿਨ-ਰਾਤ ਦੀਆਂ ਚਾਲਾਂ ਨੇ ਹੀ ਸਾਨੂੰ (ਈਮਾਨ ਲਿਆਉਣ ਤੋਂ) ਰੋਕ ਰੱਖਿਆ ਸੀ। ਤੁਸੀਂ ਸਾਨੂੰ ਅੱਲਾਹ ਨਾਲ ਕੁਫ਼ਰ ਕਰਨ ਲਈ ਅਤੇ ਉਸ ਦੇ ਨਾਲ ਸਾਂਝੀ ਬਣਾਉਣ ਲਈ ਹੁਕਮ ਦਿੰਦੇ ਸੀ। ਜਦੋਂ ਉਹ (ਕਮਜ਼ੋਰ ਲੋਕ) ਅਜ਼ਾਬ ਵੇਖਣਗੇ ਤਾਂ ਉਹ ਪਛਤਾਵੇ ਨੂੰ ਆਪਣੇ ਦਿਲਾਂ ਵਿਚ ਗੁਪਤ ਰੱਖਣ ਦੀ ਕੋਸ਼ਿਸ਼ ਕਰਨਗੇ ਅਤੇ (ਜਿਨ੍ਹਾਂ ਨੇ ਘਮੰਡ ਵਿਚ ਆਕੇ) ਇਨਕਾਰ ਕੀਤਾ ਸੀ ਅਸੀਂ ਉਹਨਾਂ ਦੇ ਗਲਿਆਂ ਵਿਚ ਤੌਕ (ਪਟੇ) ਪਾ ਦਿਆਂਗੇ, ਉਹਨਾਂ ਨੂੰ ਉਹਨਾਂ ਦੇ ਕੀਤੇ ਕਰਮਾਂ ਦਾ ਬਦਲਾ ਦਿੱਤਾ ਜਾਵੇਗਾ।

34਼ ਅਤੇ ਅਸੀਂ ਜਿਸ ਬਸਤੀ ਵਿਚ ਕੋਈ ਸਾਵਧਾਨ ਕਰਨ ਵਾਲਾ (ਨਬੀ) ਭੇਜਿਆ, ਉੱਥੇ ਦੇ ਖਾਂਦੇ ਪੀਂਦੇ ਲੋਕਾਂ ਨੇ ਇਹੋ ਕਿਹਾ ਕਿ ਜਿਸ ਚੀਜ਼ ਨੂੰ ਤੁਸੀਂ ਲੈਕੇ ਆਏ ਹੋ ਅਸੀਂ ਉਸ ਦਾ ਇਨਕਾਰ ਕਰਦੇ ਹਾਂ।

35਼ ਅਤੇ ਉਹਨਾਂ (ਘਮੰਡੀਆਂ) ਨੇ ਇਹ ਵੀ ਕਿਹਾ ਕਿ ਅਸੀਂ ਤੁਹਾਥੋਂ ਵਧੇਰੇ ਧੰਨ ਦੌਲਤ ਤੇ ਸੰਤਾਨ ਦੇ ਮਾਲਿਕ ਹਾਂ ਅਤੇ ਨਾ ਹੀ ਸਾਨੂੰ ਅਜ਼ਾਬ ਦਿੱਤਾ ਜਾਵੇਗਾ।

36਼ ਹੇ ਨਬੀ (ਸ:)! ਆਖ ਦਿਓ ਕਿ ਮੇਰਾ ਮਾਲਿਕ ਜਿਸ ਲਈ ਚਾਹੁੰਦਾ ਹੈ ਉਸ ਲਈ ਰਿਜ਼ਕ ਵਿਚ ਵਾਧਾ ਕਰ ਦਿੰਦਾ ਹੈ ਅਤੇ ਕਿਸੇ ਦੇ ਰਿਜ਼ਕ ਨੂੰ ਘਟਾ ਵੀ ਦਿੰਦਾ ਹੈ, ਪਰ ਬਹੁਤੇ ਲੋਕ ਇਸ ਨੂੰ ਨਹੀਂ ਸਮਝਦੇ।

37਼ ਤੁਹਾਡੇ ਮਾਲ ਤੇ ਔਲਾਦ ਅਜਿਹੇ ਨਹੀਂ ਜਿਹੜੇ ਤੁਹਾਨੂੰ ਸਾਡੇ ਨੇੜੇ ਕਰ ਦੇਣ। ਹਾਂ! ਨੇੜੇ ਉਹ ਹਨ ਜਿਹੜੇ ਈਮਾਨ ਲੈ ਆਉਣ ਤੇ ਨੇਕ ਕੰਮ ਕਰਨ, ਉਹਨਾਂ ਲਈ ਉਹਨਾਂ ਦੇ ਕਰਮਾਂ ਦਾ ਦੂਣਾ ਬਦਲਾ ਹੈ ਅਤੇ ਉਹ ਨਿਸ਼ਚਿੰਤ ਹੋਕੇ ਉੱਚੀਆਂ-ਉੱਚੀਆਂ ਥਾਵਾਂ ’ਤੇ ਰਹਿਣਗੇ।

38਼ ਅਤੇ ਜਿਹੜੇ ਲੋਕ ਸਾਨੂੰ ਬੇ-ਬਸ ਕਰਨ ਲਈ ਸਾਡੀਆਂ ਆਇਤਾਂ (ਹੁਕਮਾਂ) ਨੂੰ ਝੁਠਲਾਉਣ ਵਿਚ ਲੱਗੇ ਰਹਿੰਦੇ ਹਨ ਉਹੀ ਲੋਕ ਅਜ਼ਾਬ ਲਈ ਹਾਜ਼ਰ ਕੀਤੇ ਜਾਣਗੇ।

39਼ (ਹੇ ਨਬੀ!) ਆਖ ਦਿਓ ਕਿ ਮੇਰਾ ਪਾਲਣਹਾਰ ਆਪਣੇ ਬੰਦਿਆਂ ਵਿੱਚੋਂ ਜਿਸ ਲਈ ਚਾਹੇ ਰਿਜ਼ਕ ਵਿਚ ਵਾਧਾ ਕਰ ਦਿੰਦਾ ਹੈ ਅਤੇ ਜਿਸ ਲਈ ਚਾਹਵੇ ਰਿਜ਼ਕ ਤੰਗ ਕਰ ਦਿੰਦਾ ਹੈ। ਤੁਸੀਂ ਜੋ ਵੀ ਅੱਲਾਹ ਦੀ ਰਾਹ ਵਿਚ ਖ਼ਰਚ ਕਰੋਗੇ ਅੱਲਾਹ ਉਸ ਦਾ ਬਦਲਾ ਦੇਵੇਗਾ ਅਤੇ ਉਹੀਓ ਤਾਂ ਹੈ ਜਿਹੜਾ ਸਭ ਤੋਂ ਵਧੀਆ ਰੋਜ਼ੀ ਦੇਣ ਵਾਲਾ ਹੈ।

40਼ ਅਤੇ ਜਿਸ (ਕਿਆਮਤ ਵਾਲੇ) ਦਿਨ ਉਹ ਸਾਰਿਆਂ ਨੂੰ ਇਕੱਠਾ ਕਰੇਗਾ ਅਤੇ ਫ਼ਰਿਸ਼ਤਿਆਂ ਨੂੰ ਪੁੱਛੇਗਾ, ਕੀ ਇਹ ਲੋਕੀ ਤੁਹਾਡੀ ਬੰਦਗੀ ਕਰਦੇ ਸਨ ?

41਼ ਉਹ (ਫ਼ਰਿਸ਼ਤੇ) ਆਖਣਗੇ ਕਿ ਤੇਰੀ ਜ਼ਾਤ (ਹਰ ਐਬ ਤੋਂ) ਪਾਕ ਹੈ, ਛੁੱਟ ਤੇਰੇ ਤੋਂ ਸਾਡਾ ਕੋਈ ਕੰਮ ਸਵਾਰਨ ਵਾਲਾ ਨਹੀਂ, ਜਦ ਕਿ ਇਹ (ਕਾਫ਼ਿਰ) ਤਾਂ ਜਿੰਨਾਂ ਦੀ ਬੰਦਗੀ ਕਰਦੇ ਸੀ, ਉਹਨਾਂ ਵਿੱਚੋਂ ਬਹੁਤਿਆਂ ਦਾ ਤਾਂ ਉਹਨਾਂ ’ਤੇ ਹੀ ਈਮਾਨ ਸੀ।

42਼ ਸੋ ਅੱਜ (ਕਿਆਮਤ ਦਿਹਾੜੇ) ਤੁਹਾਡੇ ’ਚੋਂ ਨਾ ਕੋਈ ਕਿਸੇ ਨੂੰ ਲਾਭ ਪਹੁੰਚਾ ਸਕਦਾ ਹੈ ਅਤੇ ਨਾ ਹੀ ਹਾਨੀ ਅਤੇ ਅਸੀਂ ਜ਼ਾਲਮਾਂ ਨੂੰ ਕਹਾਂਗੇ ਕਿ ਇਸ ਅੱਗ ਦਾ ਸੁਆਦ ਲਵੋ ਜਿਸ ਨੂੰ ਤੁਸੀਂ ਝੁਠਲਾਉਂਦੇ ਸੀ।1

43਼ ਜਦੋਂ ਉਹਨਾਂ (ਕਾਫ਼ਿਰਾਂ) ਨੂੰ ਸਾਡੀਆਂ ਸਪਸ਼ਟ ਆਇਤਾਂ (.ਕੁਰਆਨ ਦੀਆਂ) ਸੁਣਾਈਆਂ ਜਾਂਦੀਆਂ ਹਨ ਤਾਂ ਉਹ ਆਖਦੇ ਹਨ ਕਿ ਇਹ (ਮੁਹੰਮਦ ਸ:) ਤਾਂ ਉਹ ਵਿਅਕਤੀ ਹੈ ਜਿਹੜਾ ਤੁਹਾਨੂੰ ਤੁਹਾਡੇ ਬਾਪ ਦਾਦਾ (ਬਜ਼ੁਰਗਾਂ) ਦੇ ਇਸ਼ਟਾਂ ਦੀ ਇਬਾਦਤ ਤੋਂ ਰੋਕਦਾ ਹੈ ਅਤੇ ਉਹ ਇਹ ਵੀ ਆਖਦੇ ਹਨ ਕਿ ਇਹ (.ਕੁਰਆਨ) ਤਾਂ ਘੜ੍ਹਿਆ ਘੜ੍ਹਾਇਆ ਝੂਠ ਹੈ। ਜਦ ਕਿ ਹੱਕ ਉਹਨਾਂ ਕਾਫ਼ਿਰਾਂ ਕੋਲ ਆ ਚੁੱਕਿਆ ਹੈ, ਫੇਰ ਵੀ ਕਾਫ਼ਿਰ ਇਹੋ ਆਖਦੇ ਰਹੇ ਕਿ ਉਹ ਤਾਂ ਸਪਸ਼ਟ ਰੂਪ ਵਿਚ ਇਕ ਜਾਦੂ ਹੈ।

44਼ ਅਸੀਂ ਉਹਨਾਂ (ਮੱਕੇ ਦੇ ਕਾਫ਼ਿਰਾਂ) ਨੂੰ ਕੋਈ ਕਿਤਾਬ ਨਹੀਂ ਦਿੱਤੀ ਕਿ ਉਹ ਉਸ ਨੂੰ ਪੜ੍ਹਦੇ ਅਤੇ ਨਾ ਹੀ ਉਹਨਾਂ ਦੇ ਕੋਲ (ਹੇ ਮੁਹੰਮਦ) ਤੁਹਾਥੋਂ ਪਹਿਲਾਂ ਕੋਈ ਖ਼ਬਰਦਾਰ ਕਰਨ ਵਾਲਾ ਹੀ ਘੱਲਿਆ ਸੀ।

45਼ ਇਹਨਾਂ (ਮੱਕੇ ਵਾਲਿਆਂ) ਤੋਂ ਪਹਿਲਾਂ ਦੇ ਲੋਕਾਂ ਨੇ ਵੀ ਹੱਕ ਨੂੰ ਝੁਠਲਾਇਆ ਸੀ ਜਦ ਕਿ ਇਹ ਉਹਨਾਂ ਦੇ ਦਸਵੇਂ ਹਿੱਸੇ ਨੂੰ ਵੀ ਨਹੀਂ ਪਹੁੰਚਦੇ ਜਿਹੜਾ ਅਸੀਂ ਉਹਨਾਂ ਨੂੰ (ਜੀਵਨ ਸਮੱਗਰੀ) ਦਿੱਤਾ ਸੀ। ਫੇਰ ਵੀ ਉਹਨਾਂ ਨੇ ਮੇਰੇ ਰਸੂਲਾਂ ਨੂੰ ਝੁਠਲਾਇਆ, ਫੇਰ ਵੇਖੋ ਉਹਨਾਂ ’ਤੇ ਮੇਰੇ ਅਜ਼ਾਬ ਕਿਹੋ ਜਿਹਾ ਹੋਇਆ ਸੀ?

46਼ (ਹੇ ਨਬੀ!) ਆਖ ਦਿਓ ਕਿ ਮੈਂ ਤਾਂ ਤੁਹਾਨੂੰ ਇਕ ਹੀ ਗੱਲ ਦੀ ਨਸੀਹਤ ਕਰਦਾ ਹਾਂ ਕਿ ਤੁਸੀਂ ਅੱਲਾਹ ਵਾਸਤੇ, ਇਕੱਲੇ-ਇਕੱਲੇ ਜਾਂ ਦੋ-ਦੋ ਮਿਲ ਕੇ (ਇਕ ਪਾਸੇ) ਖੜ੍ਹੇ ਹੋ ਜਾਓ ਤੇ ਰਤਾ ਸੋਚ-ਵਿਚਾਰ ਤਾਂ ਕਰੋ (ਕਿ ਹਕੀਕਤ ਕੀ ਹੈ) ਤੁਹਾਡੇ ਇਸ ਸਾਥੀ (ਮੁਹੰਮਦ ਸ:) ਵਿਚ ਕੋਈ ਵੀ ਦੀਵਾਨਗੀ ਵਾਲੀ ਗੱਲ ਨਹੀਂ, ਉਹ ਤਾਂ ਤੁਹਾਨੂੰ ਇਕ ਵੱਡੇ ਅਜ਼ਾਬ (ਕਿਆਮਤ ਦਿਹਾੜੇ ਦੇ) ਆਉਣ ਤੋਂ ਪਹਿਲਾਂ ਡਰਾਉਣ ਵਾਲਾ ਹੈ।

47਼ (ਹੇ ਨਬੀ!) ਆਖ ਦਿਓ ਕਿ ਜੇ ਮੈਂ ਤੁਹਾਥੋਂ ਕੋਈ ਬਦਲਾ (ਇਹਨਾਂ ਚਿਤਾਵਨੀਆਂ ਦੇਣ ਦਾ) ਮੰਗਾਂ ਤਾਂ ਉਹ ਤੁਹਾਨੂੰ ਹੀ ਮੁਬਾਰਕ, ਮੇਰਾ ਬਦਲਾ ਤਾਂ ਅੱਲਾਹ ਦੇ ਹੀ ਜ਼ਿੰਮੇ ਹੈ ਅਤੇ ਉਹ ਹਰ ਗੱਲ ਦੀ ਖ਼ਬਰ ਰੱਖਦਾ ਹੈ।

48਼ ਆਖੋ ਕਿ ਬੇਸ਼ਕ ਮੇਰਾ ਰੱਬ ਹੀ ਮੇਰੇ ਉੱਤੇ ਹੱਕ ਉਤਾਰਦਾ ਹੈ ਅਤੇ ਹਰ ਪ੍ਰਕਾਰ ਦੇ ਗੁਪਤ ਗਿਆਨ ਦਾ ਜਾਣਨਹਾਰ ਹੈ।

49਼ (ਹੇ ਨਬੀ!) ਆਖ ਦਿਓ ਕਿ ਹੱਕ (ਇਸਲਾਮ) ਆ ਗਿਆ, ਬਾਤਿਲ (ਕੂੜ, ਕੁਫ਼ਰ) ਨਾ ਤਾਂ ਪਹਿਲਾਂ ਕਦੇ ਛਾਇਆ ਹੈ ਅਤੇ ਨਾ ਹੀ ਹੁਣ ਛਾਵੇਗਾ।

50਼ (ਇਹ ਵੀ) ਆਖ ਦਿਓ ਕਿ ਜੇ ਮੈਂ ਕੁਰਾਹੇ ਪੈ ਜਾਵਾਂ ਤਾਂ ਮੇਰੇ ਇਸ ਕੁਰਾਹੇ ਪੈਣ ਦਾ ਦੋਸ਼ ਮੇਰਾ ਹੀ ਹੈ, ਜੇ ਮੈਂ ਸਿੱਧੀ ਰਾਹ ’ਤੇ ਹਾਂ ਤਾਂ ਇਸ ਦਾ ਕਾਰਨ ਉਹ ਵਹੀ (ਪੈਗ਼ਾਮ) ਹੈ ਜਿਸ ਨੂੰ ਮੇਰਾ ਪਾਲਣਹਾਰ ਮੇਰੇ ਵੱਲ ਘੱਲਦਾ ਹੈ, ਬੇਸ਼ੱਕ ਉਹ (ਅੱਲਾਹ) ਸੁਣਨ ਵਾਲਾ ਹੈ ਅਤੇ (ਬੰਦੇ ਦੇ) ਬਹੁਤ ਹੀ ਨੇੜੇ ਹੈ।

51਼ (ਹੇ ਨਬੀ!) ਕਾਸ਼ ਜੇ ਤੁਸੀਂ (ਉਸ ਸਮੇਂ) ਇਹਨਾਂ ਕਾਫ਼ਿਰਾਂ ਨੂੰ ਵੇਖੋ ਜਦੋਂ ਉਹ ਘਬਰਾਏ ਹੋਏ ਹੋਣਗੇ ਅਤੇ (ਉੱਥਿਓਂ) ਉਹ ਬਚ ਨਾ ਸਕਣਗੇ ਅਤੇ ਉਹ ਨੇੜੇ ਤੋਂ ਹੀ ਫੜੇ ਜਾਣਗੇ।

52਼ ਉਸ ਸਮੇਂ ਇਹ (ਕਾਫ਼ਿਰ) ਆਖਣਗੇ ਕਿ ਹੁਣ ਅਸੀਂ ਈਮਾਨ ਲਿਆਏ ਹਾਂ, ਪਰ ਇੰਨੀ ਦੂਰ ਤੋਂ ਈਮਾਨ ਦੀ ਪ੍ਰਾਪਤੀ ਕਿਵੇਂ ਸੰਭਵ ਹੈ?

53਼ ਜਦ ਕਿ ਇਸ (ਕਿਆਮਤ) ਤੋਂ ਪਹਿਲਾਂ (ਸੰਸਾਰ ਵਿਚ) ਉਹ ਇਸ ਦੇ ਇਨਕਾਰੀ ਸਨ ਅਤੇ ਦੂਰ ਤੋਂ ਹੀ ਬਿਨਾਂ ਵੇਖੇ ਹੀ (ਖ਼ਿਆਲੀ ਤੀਰ) ਸੁੱਟਦੇ ਰਹੇ।

54਼ (ਕਿਆਮਤ ਦਿਹਾੜੇ) ਉਹਨਾਂ ਦੇ ਅਤੇ ਉਹਨਾਂ ਦੀਆਂ ਇੱਛਾਵਾਂ ਵਿਚਾਲੇ ਓਟ ਕਰ ਦਿੱਤੀ ਜਾਵੇਗੀ। ਜਿਵੇਂ ਕਿ ਇਨ੍ਹਾਂ ਤੋਂ ਪਹਿਲਾਂ ਉਹਨਾਂ ਵਰਗਿਆਂ ਨਾਲ ਕੀਤਾ ਗਿਆ ਸੀ। ਬੇਸ਼ੱਕ ਉਹ ਦੁਵਿਧਾ ਵਿਚ ਪਾਉਣ ਵਾਲੀ ਅਸ਼ੰਕਾ ਵਿਚ ਫਸੇ ਹੋਏ ਸਨ।