The Noble Qur'an Encyclopedia
Towards providing reliable exegeses and translations of the meanings of the Noble Qur'an in the world languagesThose who set the ranks [As-Saaffat] - Bunjabi translation
Surah Those who set the ranks [As-Saaffat] Ayah 182 Location Maccah Number 37
1਼ ਕਸਮ ਹੈ (ਰੱਬ ਦੇ ਹਜ਼ੂਰ) ਕਤਾਰਾਂ ਬੰਨੀ ਖੜ੍ਹੇ (ਫ਼ਰਿਸ਼ਤਿਆਂ ਦੀ)।
2਼ ਕਸਮ ਹੈ (ਕਿਆਮਤ ਦਿਹਾੜੇ ਅਪਰਾਧੀਆਂ ਨੂੰ) ਝਿੜਕੀਆਂ ਦੇਣ ਵਾਲੇ (ਫ਼ਰਿਸ਼ਤਿਆਂ ਦੀ)।
3਼ ਫੇਰ ਕਸਮ ਉਹਨਾਂ ਦੀ ਜਿਹੜੇ .ਕੁਰਆਨ ਪੜ੍ਹਦੇ ਹਨ।
4਼ ਨਿਰਸੰਦੇਹ, ਤੁਹਾਡਾ ਸਭ ਦਾ ਇਸ਼ਟ ਇੱਕੋ ਇੱਕ (ਅੱਲਾਹ) ਹੈ।
5਼ ਉਹੀ ਅਕਾਸ਼ਾਂ ਤੇ ਧਰਤੀ ਦਾ ਅਤੇ ਉਹਨਾਂ ਦੋਵਾਂ ਵਿਚਕਾਰ ਸਾਰੀਆਂ ਚੀਜ਼ਾਂ ਦਾ ਮਾਲਿਕ ਹੈ ਅਤੇ ਸਾਰੀਆਂ ਪੂਰਬੀ ਦਿਸ਼ਾਵਾਂ ਦਾ ਵੀ ਮਾਲਿਕ ਹੈ।
6਼ ਅਸੀਂ ਸੰਸਾਰਿਕ ਅਕਾਸ਼ ਨੂੰ ਤਾਰਿਆਂ ਤੇ ਸੋਹੱਪਣ ਨਾਲ ਸਜਾਇਆ ਹੈ।1
7਼ ਅਤੇ ਹਰੇਕ ਸਰਕਸ਼ ਸ਼ੈਤਾਨ ਤੋਂ ਉਸ ਨੂੰ ਸੁਰੱਖਿਅਤ ਰੱਖਣ ਦਾ ਪ੍ਰਬੰਧ ਕੀਤਾ ਹੈ।
8਼ ਤਾਂ ਜੋ ਉਹ (ਸ਼ੈਤਾਨ) ਸਰਵਉੱਚ (ਰੱਬੀ) ਦਰਬਾਰ ਦੀਆਂ ਗੱਲਾਂ ਨਾ ਸੁਣ ਸਕਣ, ਸਗੋਂ ਹਰ ਪਾਸਿਓਂ ਉਹਨਾਂ ’ਤੇ ਸ਼ਹਾਬ (ਤਾਰੇ) ਸੁੱਟੇ ਜਾਂਦੇ ਹਨ।
9਼ (ਇਹ ਤਾਰੇ) ਉਹਨਾਂ ਨੂੰ ਨਠਾਉਣ ਲਈ ਸੁੱਟੇ ਜਾਂਦੇ ਹਨ ਅਤੇ ਉਹਨਾਂ ਲਈ ਸਦੀਵੀ ਅਜ਼ਾਬ ਹੈ।
10਼ ਪਰ ਜੇ ਕੋਈ (ਸ਼ੈਤਾਨ) ਉੱਥਿਓਂ ਇਕ ਅੱਧ ਗੱਲ ਸੁਣ ਕੇ ਨੱਸ ਵੀ ਜਾਵੇ ਤਾਂ ਉਹ ਦਾ ਪਿੱਛਾ ਇਕ ਦਹਕਦਾ ਹੋਇਆ ਅੰਗਿਆਰਾ ਕਰਦਾ ਹੈ।
11਼ (ਹੇ ਨਬੀ!) ਇਹਨਾਂ (ਕਾਫ਼ਿਰਾਂ) ਤੋਂ ਪੁੱਛੋ, ਕੀ ਉਹਨਾਂ ਨੂੰ ਪੈਦਾ ਕਰਨਾ ਵਧੇਰੇ ਔਖਾ ਹੈ ਜਾਂ ਜੋ ਅਸੀਂ ਪੈਦਾ ਕਰ ਚੁੱਕੇ ਹਾਂ ? ਬੇਸ਼ੱਕ ਅਸੀਂ ਇਹਨਾਂ (ਮਨੁੱਖਾਂ ਨੂੰ) ਇਕ ਲੇਸਦਾਰ ਚੀਕਣੀ ਮਿੱਟੀ ਤੋਂ ਪੈਦਾ ਕੀਤਾ ਹੈ।
12਼ (ਹੇ ਨਬੀ!) ਤੁਸੀਂ ਤਾਂ (ਪਰਲੋਕ ਦੇ ਇਨਕਾਰ ਕਰਨ ’ਤੇ) ਰੁਰਾਨ ਹੁੰਦੇ ਹੋ, ਜਦ ਕਿ ਉਹ ਇਸ ਦਾ ਮਖੌਲ ਕਰਦੇ ਹਨ।
13਼ ਜਦੋਂ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਤਾਂ ਵੀ ਨਹੀਂ ਸਮਝਦੇ।
14਼ ਅਤੇ ਜਦੋਂ ਕਿਸੇ ਨਿਸ਼ਾਨੀ ਨੂੰ ਵੇਖਦੇ ਹਨ ਤਾਂ ਮਖੌਲ ਕਰਦੇ ਹਨ।
15਼ ਅਤੇ ਆਖਦੇ ਹਨ ਕਿ ਇਹ ਤਾਂ ਖੁੱਲ੍ਹਮ-ਖੁੱਲ੍ਹਾ ਇਕ ਜਾਦੂ ਹੈ।
16਼ (ਪੁੱਛਦੇ ਹਨ) ਕਿ ਜਦੋਂ ਅਸੀਂ ਮਰ ਜਾਵਾਂਗੇ ਅਤੇ ਮਿੱਟੀ ਤੇ ਹੱਡੀ ਹੋ ਜਾਵਾਂਗੇ ਤਾਂ ਕੀ ਅਸੀਂ ਮੁੜ ਜਿਊਂਦੇ ਕੀਤੇ ਜਾਵਾਂਗੇ?
17਼ ਕੀ ਸਾਥੋਂ ਪਹਿਲਾਂ ਮਰੇ ਹੋਏ ਪਿਓ ਦਾਦੇ ਵੀ (ਜਿਊਂਦੇ ਕੀਤੇ ਜਾਣਗੇ) ?
18਼ ਤੁਸੀਂ (ਹੇ ਨਬੀ!) ਆਖੋ ਕਿ ‘ਹਾਂ’ ਅਤੇ (ਉਸੇ ਵੇਲੇ) ਤੁਸੀਂ (ਲੋਕ) ਜ਼ਲੀਲ ਵੀ ਹੋਵੋਗੇ।
19਼ ਉਹ (ਕਿਆਮਤ ਦਿਹਾੜੇ ਓਠਾਣਾ) ਤਾਂ ਇਕ ਝਿੜਕੀ ਵਾਂਗ ਹੈ ਅਤੇ ਅਚਣਚੇਤ ਉਹ (ਜਿਊਂਦੇ ਹੋ ਕੇ) ਵੇਖਣਗੇ।
20਼ ਅਤੇ ਆਖਣਗੇ, ਹਾਏ ਸਾਡੇ ਮਾੜੇ ਭਾਗ! ਇਹ ਤਾਂ ਬਦਲਾ ਮਿਲਣ ਵਾਲਾ ਦਿਨ ਹੈ।
21਼ (ਉਹਨਾਂ ਨੂੰ ਕਿਹਾ ਜਾਵੇਗਾ ਕਿ) ਇਹ ਫੈਸਲਿਆਂ ਦਾ ਵੇਲਾ ਹੈ, ਜਿਸ ਨੂੰ ਤੁਸੀਂ ਝੁਠਲਾਇਆ ਕਰਦੇ ਸੀ।
22਼ (ਹੇ ਫ਼ਰਿਸ਼ਤਿਓ!) ਉਹਨਾਂ ਲੋਕਾਂ ਨੂੰ ਇਕੱਠਾ ਕਰੋ ਜਿਨ੍ਹਾਂ ਨੇ ਜ਼ੁਲਮ (ਸ਼ਿਰਕ) ਕੀਤਾ ਸੀ ਫੇਰ ਉਹਨਾਂ ਦੇ ਸਾਥੀਆਂ ਨੂੰ ਅਤੇ ਉਹਨਾਂ (ਇਸ਼ਟ) ਨੂੰ ਵੀ ਇਕੱਠਾ ਕਰੋ, ਜਿਨ੍ਹਾਂ ਦੀ ਉਹ (ਕਾਫ਼ਿਰ) ਪੂਜਾ ਕਰਦੇ ਸਨ।
23਼ ਅਤੇ (ਜਿਹੜੇ) ਅੱਲਾਹ ਨੂੰ ਛੱਡ ਹੋਰਾਂ ਦੀ ਪੂਜਾ ਕਰਦੇ ਸਨ, ਉਹਨਾਂ ਸਭ ਨੂੰ ਨਰਕ ਦੀ ਰਾਹ ਵਿਖਾਓ।
24਼ ਉਹਨਾਂ (ਜ਼ਾਲਮਾਂ) ਨੂੰ ਰੋਕੋ, ਬੇਸ਼ੱਕ ਉਹਨਾਂ ਤੋਂ ਪੁੱਛ-ਗਿੱਛ ਕੀਤੀ ਜਾਵੇਗੀ।
25਼ (ਕਿਹਾ ਜਾਵੇਗਾ) ਤੁਹਾਨੂ ਕੀ ਹੋ ਗਿਆ ਕਿ ਤੁਸੀਂ ਇਕ ਦੂਜੇ ਦੀ ਸਹਾਇਤਾ ਨਹੀਂ ਕਰ ਰਹੇ ?
26਼ ਸਗੋਂ ਅੱਜ ਤਾਂ (ਸਾਰੇ ਹੀ) ਆਗਿਆਕਾਰੀ ਬਣ ਗਏ।
27਼ ਉਹ (ਇਨਕਾਰੀ) ਇਕ ਦੂਜੇ ਵੱਲ ਵੇਖਣਗੇ ਅਤੇ ਵਾਦ ਵਿਵਾਦ ਕਰਨਗੇ।
28਼ ਪੈਰੋਕਾਰ ਆਖਣਗੇ, ਬੇਸ਼ੱਕ ਤੁਸੀਂ (ਸਾਨੂੰ ਕੁਰਾਹੇ ਪਾਉਣ ਲਈ) ਸਾਡੇ ਕੋਲ ਸੱਜੇ ਪਾਸਿਓਂ ਆਇਆ ਕਰਦੇ ਸੀ।
29਼ ਉਹ (ਇਸ਼ਟ) ਆਖਣਗੇ ਕਿ ਨਹੀਂ, ਸਗੋਂ ਤੁਸੀਂ ਆਪ ਹੀ ਈਮਾਨ ਲਿਆਉਣ ਵਾਲੇ ਨਹੀਂ ਸੀ।
30਼ ਅਤੇ ਤੁਹਾਡੇ ’ਤੇ ਸਾਡਾ ਕੁੱਝ ਵੀ ਜ਼ੋਰ ਨਹੀਂ ਸੀ, ਤੁਸੀਂ ਤਾਂ ਆਪੇ ਹੀ ਸਰਕਸ਼ ਸੀ।
31਼ ਹੁਣ ਤਾਂ ਸਾਡੇ ’ਤੇ ਸਾਡੇ ਰੱਬ ਦਾ ਇਹ ਕਹਿਣਾ ਸੱਚ ਸਿੱਧ ਹੋ ਗਿਆ ਹੈ ਕਿ ਬੇਸ਼ੱਕ ਅਸੀਂ (ਸਾਰੇ ਹੀ ਅਜ਼ਾਬ ਦਾ) ਸੁਆਦ ਚਖਣ ਵਾਲੇ ਹਾਂ।
32਼ ਸੋ ਅਸੀਂ ਤੁਹਾਨੂੰ ਰਾਹੋਂ ਭਟਕਾਇਆ ਤੇ ਅਸੀਂ ਆਪ ਵੀ ਭਟਕੇ ਹੋਏ ਸੀ।
33਼ ਉਸ ਦਿਨ ਉਹ ਸਾਰੇ ਅਜ਼ਾਬ ਵਿਚ ਭਾਈਵਾਲ ਹੋਣਗੇ।
34਼ ਅਸੀਂ ਅਪਰਾਧੀਆਂ ਨਾਲ ਇੰਜ ਹੀ ਕਰਿਆ ਕਰਦੇ ਹਾਂ।
35਼ ਇਹ ਉਹ ਲੋਕ ਹਨ ਕਿ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਅੱਲਾਹ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਤਾਂ ਉਹ ਹੰਕਾਰ ਕਰਦੇ ਸਨ।1
36਼ ਅਤੇ ਕਹਿੰਦੇ ਸਨ, ਕੀ ਅਸੀਂ ਆਪਣੇ ਇਸ਼ਟਾਂ ਨੂੰ ਇਕ ਸੁਦਾਈ ਕਵੀ ਦੇ ਕਹਿਣੇ ’ਤੇ ਛੱਡ ਦਈਏ?
37਼ ਜਦ ਕਿ ਉਹ (ਮੁਹੰਮਦ) ਤਾਂ ਹੱਕ (ਸੱਚਾ ਦੀਨ) ਲੈ ਕੇ ਆਇਆ ਹੈ ਅਤੇ ਇਸ ਨੇ ਸਾਰੇ ਰਸੂਲਾਂ ਦੀ ਪੁਸ਼ਟੀ ਕੀਤੀ ਹੈ।
38਼ ਬੇਸ਼ੱਕ ਹੁਣ ਤੁਸੀਂ ਦਰਦਨਾਕ ਅਜ਼ਾਬ ਦਾ ਸੁਆਦ ਚਖੋਗੇ।
39਼ ਹੁਣ ਤੁਹਾਨੂੰ ਤੁਹਾਡੇ ਕਰਮਾਂ ਦਾ ਬਦਲਾ ਦਿੱਤਾ ਜਾਵੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ।
40਼ ਪ੍ਰੰਤੂ ਅੱਲਾਹ ਦੇ ’ਚੋਂਣਵੇਂ ਬੰਦੇ (ਅਜ਼ਾਬ ਤੋਂ) ਸੁਰੱਖਿਅਤ ਰਹਿਣਗੇ।
41਼ ਉਹਨਾਂ ਲਈ ਜਾਣਿਆ-ਪਛਾਣਿਆ ਰਿਜ਼ਕ ਹੈ।
42਼ (ਭਾਵ) ਜੰਨਤ ਦੇ ਸੁਆਦਲੇ ਫਲ ਹੋਣਗੇ ਅਤੇ ਉਹ ਜੰਨਤ ਵਾਸੀ ਸਤਿਕਾਰਯੋਗ ਹੋਣਗੇ।
43਼ ਨਿਅਮਤਾਂ ਵਾਲੀ ਸਵਰਗ ਵਿਚ ਰੱਖਿਆ ਜਾਵੇਗਾ।
44਼ ਇਕ ਦੂਜੇ ਦੇ ਸਾਹਮਣੇ ਤਖ਼ਤਾਂ ’ਤੇ ਬੈਠੇ ਹੋਣਗੇ।
45਼ ਉਹਨਾਂ ਲਈ ਵਗਦੇ ਚਸ਼ਮਿਆਂ ਤੋਂ ਪਵਿੱਤਰ ਸ਼ਰਾਬ ਦਾ ਦੌਰ ਚੱਲ ਰਿਹਾ ਹੋਵੇਗਾ।
46਼ (ਉਹ ਸ਼ਰਾਬ) ਵੇਖਣ ਵਿਚ ਸਫ਼ੇਦ (ਸਾਫ਼-ਸੁਥਰੀ) ਹੋਵੇਗੀ ਅਤੇ ਪੀਣ ਵਾਲਿਆਂ ਲਈ ਸੁਆਦਲੀ ਹੋਵੇਗੀ।
47਼ ਨਾ ਉਸ ਦੇ ਪੀਣ ਨਾਲ ਸਿਰ ਚਕਰਾਵੇਗਾ ਅਤੇ ਨਾ ਹੀ ਮੱਤ ਮਾਰੀ ਜਾਵੇਗੀ।
48਼ ਅਤੇ ਉਹਨਾਂ (ਜੰਨਤੀਆਂ) ਦੇ ਕੋਲ ਨਜ਼ਰਾਂ ਨੂੰ ਨੀਵੀਆਂ ਰੱਖਣ ਵਾਲੀਆਂ ਤੇ ਵੱਡੀਆਂ-ਵੱਡੀਆਂ (ਸੋਹਣੀਆਂ) ਅੱਖਾਂ ਵਾਲੀਆਂ (ਹੂਰਾਂ) ਹੋਣਗੀਆਂ।
49਼ ਜਿਵੇਂ ਉਹ ਅੱਖਾਂ (ਸ਼ੁਤਰ ਮੁਰਗ਼ ਦੇ) ਆਂਡੇ ਹੋਣ, ਜਿਹੜੇ ਪੜਦਿਆਂ ਵਿਚ ਲੁਕਾਏ ਹੋਏ ਹਨ।
50਼ ਉਹ (ਜੰਨਤੀ) ਇਕ ਦੂਜੇ ਵੱਲ ਰੁੱਖ ਕਰਕੇ (ਇਕ ਦੂਜੇ ਦਾ ਹਾਲ) ਪੁੱਛਣਗੇ।
51਼ ਉਹਨਾਂ (ਜੰਨਤੀਆਂ) ਵਿੱਚੋਂ ਇਕ ਆਖੇਗਾ ਕਿ (ਸੰਸਾਰ ਵਿਚ) ਮੇਰਾ ਇਕ ਸਾਥੀ ਸੀ।
52਼ ਜਿਹੜਾ (ਮੈਨੂੰ) ਕਿਹਾ ਕਰਦਾ ਸੀ ਕਿ ਕੀ ਤੂੰ ਵੀ (ਕਿਆਮਤ ਦੇ ਆਉਣ ਦੀ) ਪੁਸ਼ਟੀ ਕਰਨ ਵਾਲਿਆਂ ਵਿੱਚੋਂ ਹੈ ?
53਼ ਕੀ ਜਦੋਂ ਅਸੀਂ ਮਰ ਜਾਵਾਂਗੇ ਤੇ ਹੱਡੀਆਂ ਹੋ ਜਾਵਾਂਗੇ ਤਾਂ ਕੀ ਸਾਨੂੰ (ਮੁੜ ਜਿਊਂਦਾ ਕਰਕੇ ਕਰਮਾਂ ਅਨੁਸਾਰ) ਬਦਲਾ ਦਿੱਤਾ ਜਾਵੇਗਾ?
54਼ ਉਹ (ਜੰਨਤੀ ਸਾਥੀਆਂ ਨੂੰ) ਆਖੇਗਾ ਕਿ ਜੇ ਤੂੰ (ਉਸ ਇਨਕਾਰੀ ਨੂੰ) ਵੇਖਣਾ ਚਾਹੁੰਦਾ ਹੈ ਤਾਂ (ਨਰਕ ਵਿਚ) ਝਾਤੀ ਮਾਰ ਕੇ ਵੇਖ ਲੇ।
55਼ ਜਦੋਂ ਉਹ ਝਾਤੀ ਮਾਰੇਗਾ ਤਾਂ ਉਸ ਨੂੰ ਨਰਕ ਦੇ ਵਿਚਾਲੇ (ਜਲਦਾ ਹੋਇਆ) ਵੇਖੇਗਾ।
56਼ ਜੰਨਤੀ ਉਸ ਨੂੰ ਆਖੇਗਾ ਕਿ ਅੱਲਾਹ ਦੀ ਸੁੰਹ, ਤੂੰ ਤਾਂ ਮੈਨੂੰ ਵੀ ਬਰਬਾਦ ਕਰਨਾ ਚਾਹੁੰਦਾ ਸੀ।
57਼ ਜੇ ਮੇਰੇ ਰੱਬ ਦੀ ਮੇਰੇ ’ਤੇ ਕ੍ਰਿਪਾ ਨਾ ਹੁੰਦੀ ਤਾਂ ਅੱਜ ਮੈਂ ਵੀ ਨਰਕ ਵਿਚ ਇਹਨਾਂ ਅਪਰਾਧੀਆਂ ਵਾਂਗ ਹਾਜ਼ਰ ਕੀਤਾ ਗਿਆ ਹੁੰਦਾ।
58਼ (ਜੰਨਤੀ ਆਖੇਗਾ) ਕੀ ਮੈਂ ਤੈਨੂੰ ਨਹੀਂ ਸੀ ਕਹਿੰਦਾ ਕਿ ਹੁਣ ਅਸੀਂ ਨਹੀਂ ਮਰਾਂਗੇ ?
59਼ (ਹਾਂ ਕੋਈ ਮੌਤ ਨਹੀਂ) ਛੁੱਟ ਪਹਿਲੀ (ਸੰਸਾਰਿਕ) ਮੌਤ ਤੋਂ ਅਤੇ ਨਾ ਹੀ ਸਾਨੂੰ (ਪ੍ਰਲੋਕ ਵਿਚ) ਕੋਈ ਅਜ਼ਾਬ ਦਿੱਤਾ ਜਾਵੇਗਾ।
60਼ ਨਿਰਸੰਦੇਹ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ।
61਼ ਅਮਲ ਕਰਨ ਵਾਲਿਆਂ ਨੂੰ ਅਜਿਹੀ ਸਫ਼ਲਤਾ ਲਈ ਹੀ ਅਮਲ ਕਰਨੇ ਚਾਹੀਦੇ ਹਨ।
62਼ ਕੀ ਇਹ (ਜੰਨਤ ਦੀ) ਮਹਿਮਾਨਦਾਰੀ ਚੰਗੀ ਹੈ ਜਾਂ (ਨਰਕ ਵਿਚ) ਥੋਹਰ ਦਾ ਰੱਖ ?
63਼ ਜਿਸ ਨੂੰ ਅਸੀਂ ਜ਼ਾਲਮਾਂ ਲਈ ਪ੍ਰੀਖਿਆ ਬਣਾ ਛੱਡਿਆ ਹੈ।
64਼ ਇਹ ਉਹ ਰੁੱਖ ਹੈ ਜਿਹੜਾ ਨਰਕ ਦੇ ਹੇਠ ਤੋਂ ਨਿਕਲਦਾ ਹੈ।
65਼ ਉਸ ਦੇ ਫਲ ਸ਼ੈਤਾਨ ਦੇ ਸਿਰਾਂ ਵਾਂਗ ਹਨ।
66਼ ਉਹਨਾਂ ਰੁੱਖਾਂ (ਦੇ ਫਲਾਂ) ਵਿੱਚੋਂ ਹੀ (ਨਰਕਧਾਰੀ) ਖਾਣਗੇ ਅਤੇ ਆਪਣੇ ਢਿੱਡ ਭਰਨਗੇ।
67਼ ਫੇਰ ਉਹਨਾਂ ਨੂੰ ਖੌਲਦਾ ਹੋਇਆ ਪਾਣੀ ਪੀਣ ਨੂੰ ਮਿਲੇਗਾ।
68਼ (ਖਾਣ ਪੀਣ ਮਗਰੋਂ) ਉਹਨਾਂ ਦੀ ਵਾਪਸੀ ਮੁੜ ਭੜਕਦੀ ਅੱਗ ਵੱਲ ਹੋਵੇਗੀ।
69਼ ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਪਿਓ ਦਾਦਿਆਂ ਨੂੰ ਕੁਰਾਹੇ ਪਿਆ ਹੋਇਆ ਵੇਖਿਆ।
70਼ ਅਤੇ ਉਹਨਾਂ ਦੀ ਹੀ ਪੈਰਵੀ ਕਰਨ ਲਈ ਉਹਨਾਂ ਦੇ ਪਿੱਛੇ ਨੱਠੇ ਚਲੇ ਗਏ।
71਼ ਬੇਸ਼ੱਕ ਉਹਨਾਂ ਤੋਂ ਪਹਿਲਾਂ ਵੀ ਵਧੇਰੇ ਲੋਕ ਕੁਰਾਹੇ ਪੈ ਚੁੱਕੇ ਹਨ।
72਼ ਅਤੇ ਅਸੀਂ ਉਹਨਾਂ ਵਿਚ (ਨਰਕ ਤੋਂ) ਡਰਾਉਣ ਵਾਲੇ (ਪੈਗ਼ੰਬਰ) ਵੀ ਭੇਜੇ ਸਨ।
73਼ ਹੁਣ ਤੂੰ ਵੇਖ, ਜਿਨ੍ਹਾਂ ਨੂੰ ਡਰਇਆ ਗਿਆ ਸੀ (ਪ੍ਰੰਤੂ ਨਾ ਡਰੇ) ਉਹਨਾਂ ਦਾ ਅੰਤ ਕਿਹੋ ਜਿਹਾ ਹੋਇਆ।
74਼ (ਉਸ ਭੈੜੇ ਅੰਤ ਤੋਂ) ਕੋਈ ਨਹੀਂ ਬਚੇਗਾ, ਛੁਟ ਅੱਲਾਹ ਦੇ ਚੁਣਵੇਂ ਤੇ ਖ਼ਾਲਸ ਬੰਦਿਆਂ ਤੋਂ।
75਼ ਅਤੇ (ਇਸ ਤੋਂ ਪਹਿਲਾਂ ਆਪਣੀ ਕੌਮ ਤੋਂ ਨਿਰਾਸ਼ ਹੋ ਕੇ) ਸਾਨੂੰ ਨੂਹ ਨੇ ਪੁਕਾਰਿਆ ਸੀ, ਵੇਖੋ ਕਿ ਅਸੀਂ ਕਿੰਨਾ ਸੋਹਣਾ ਉੱਤਰ ਦੇਣ ਵਾਲੇ ਹਾਂ।
76਼ ਅਸੀਂ ਉਸ (ਨੂਹ) ਨੂੰ ਅਤੇ ਉਸ ਦੇ ਘਰ ਵਾਲਿਆਂ ਨੂੰ ਵੱਡੀ ਮੁਸੀਬਤ ਤੋਂ ਬਚਾ ਲਿਆ।
77਼ ਅਤੇ ਉਸ ਦੀ ਔਲਾਦ ਨੂੰ ਬਾਕੀ ਰਹਿਣ ਵਾਲਾ ਬਣਾਇਆ।
78਼ ਮਗਰੋਂ ਆਉਣ ਵਾਲੀਆਂ ਨਸਲਾਂ ਲਈ ਅਸੀਂ ਉਸ ਦੀ ਪ੍ਰਸ਼ੰਸਾ ਤੇ ਚਰਚੇ ਨੂੰ ਬਾਕੀ ਰੱਖਿਆ।
79਼ ਸਾਰੇ ਜਹਾਨਾਂ ਵਿਚ ਨੂਹ ’ਤੇ ਸਲਾਮਤੀ ਹੋਵੇ।
80਼ ਬੇਸ਼ੱਕ ਨੇਕੀ ਕਰਨ ਵਾਲਿਆਂ ਨੂੰ ਅਸੀਂ ਇਸੇ ਪ੍ਰਕਾਰ (ਚੰਗਾ) ਬਦਲਾ ਦਿੰਦੇ ਹਾਂ।
81਼ ਉਹ (ਨੂਹ) ਸਾਡੇ ਈਮਾਨਦਾਰ ਬੰਦਿਆਂ ਵਿੱਚੋਂ ਸੀ।
82਼ ਅਸੀਂ ਦੂਜਿਆਂ (ਨੂਹ ਦੇ ਦਸ਼ਮਣਾਂ) ਨੂੰ ਡੋਬ ਦਿੱਤਾ।
83਼ ਬੇਸ਼ੱਕ ਇਬਰਾਹੀਮ ਵੀ ਨੂਹ ਦੀ ਟੋਲੀ ਵਿੱਚੋਂ ਸੀ।
84਼ ਜਦੋਂ ਉਹ (ਇਬਰਾਹੀਮ) ਆਪਣੇ ਰੱਬ ਦੇ ਹਜ਼ੂਰ ਨਿਰਮਲ ਹਿਰਦਾ ਲੈ ਕੇ ਆਇਆ।
85਼ ਉਸ ਨੇ ਆਪਣੇ ਪਿਤਾ ਤੇ ਆਪਣੀ ਕੌਮ ਨੂੰ ਕਿਹਾ, ਤੁਸੀਂ ਕਿਸ ਚੀਜ਼ ਦੀ ਪੂਜਾ ਕਰਦੇ ਹੋ?
86਼ ਕੀ ਤੁਸੀਂ ਅੱਲਾਹ ਨੂੰ ਛੱਡ ਕੇ (ਆਪਣੇ ਹੱਥੀਂ) ਘੜ੍ਹੇ ਹੋਏ ਇਸ਼ਟ ਚਾਹੁੰਦੇ ਹੋ ?
87਼ ਸਾਰੇ ਜਹਾਨਾਂ ਦੇ ਪਾਲਣਹਾਰ ਬਾਰੇ ਤੁਹਾਡਾ ਕੀ ਵਿਚਾਰ ਹੈ ?
88਼ ਫੇਰ ਉਸ ਨੇ ਇਕ ਨਜ਼ਰ ਤਾਰਿਆਂ ਵੱਲ ਵੇਖਿਆ (ਭਾਵ ਸੋਚਣ ਲੱਗਾ)।
89਼ ਅਤੇ (ਆਪਣੇ ਘਰ ਵਾਲਿਆਂ ਨੂੰ) ਕਿਹਾ ਕਿ ਮੈਂ ਤਾਂ ਬੀਮਾਰ ਹਾਂ।
90਼ ਇਸ ਤੋਂ ਉਹ ਉਸ (ਇਬਰਾਹੀਮ) ਨੂੰ ਘਰ ਛੱਡ ਕੇ (ਮੇਲੇ ਵਿਚ) ਚਲੇ ਗਏ।
91਼ ਫੇਰ ਉਹ (ਇਬਰਾਹੀਮ) ਉਹਨਾਂ ਦੇ ਇਸ਼ਟਾਂ ਕੋਲ ਗਿਆ ਅਤੇ ਪੁੱਛਣ ਲੱਗਾ, ਤੁਸੀਂ (ਆਪਣੇ ਅੱਗੇ ਪਏ ਭੋਗ ਨੂੰ) ਖਾਂਦੇ ਕਿਉਂ ਨਹੀਂ ?
92਼ ਤੁਹਾਨੂੰ ਕੀ ਹੋਇਆ ਕਿ ਤੁਸੀਂ ਬੋਲਦੇ ਵੀ ਨਹੀਂ ?
93਼ ਫੇਰ ਤਾਂ ਉਹ (ਇਬਰਾਹੀਮ) ਉਹਨਾਂ ਨੂੰ ਸੱਜੇ ਹੱਥ (ਸ਼ਕਤੀ) ਨਾਲ ਮਾਰ-ਮਾਰ ਕੇ ਤੋੜਣ ਲੱਗ ਪਿਆ।
94਼ (ਫੇਰ ਜਦੋਂ ਮੁਸ਼ਰਿਕ ਮੇਲਾ ਵੇਖ ਦੇ ਘਰ ਆਏ ਅਤੇ ਬੁਤਾਂ ਦਾ ਹਾਲ ਵੇਖਿਆ ਤਾਂ) ਉਹ ਲੋਕ ਨੱਸਦੇ ਹੋਏ ਉਸ ਵੱਲ ਆਏ।
95਼ ਉਸ (ਇਬਰਾਹੀਮ) ਨੇ ਆਖਿਆ, ਕੀ ਤੁਸੀਂ ਉਹਨਾਂ ਨੂੰ ਪੂਜਦੇ ਹੋ ਜਿਨ੍ਹਾਂ ਨੂੰ ਤੁਸਾਂ ਆਪ ਹੀ ਘੜ੍ਹਿਆ ਹੈ ?
96਼ ਜਦ ਕਿ ਤੁਹਾਨੂੰ ਵੀ ਅੱਲਾਹ ਨੇ ਸਾਜਿਆ ਹੈ ਅਤੇ ਤੁਹਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਵੀ ਉਸ (ਅੱਲਾਹ) ਨੇ ਹੀ ਪੈਦਾ ਕੀਤਾ ਹੈ।
97਼ ਉਹ (ਮੁਸ਼ਰਿਕ) ਆਖਣ ਲੱਗੇ ਕਿ ਇਸ (ਇਬਰਾਹੀਮ) ਲਈ ਇਕ ਭੱਠੀ ਬਣਾਓ ਅਤੇ ਉਸ ਵਿਚ ਅੱਗ ਬਾਲੋ ਤੇ ਉਸ ਦਗਦੀ ਹੋਈ ਅੱਗ ਵਿਚ ਉਸ ਨੂੰ ਸੁੱਟ ਦਿਓ।
98਼ ਉਹ ਲੋਕ ਤਾਂ ਇਬਰਾਹੀਮ ਦੇ ਵਿਰੁੱਧ ਚਾਲ ਚਲਣਾ ਚਾਹੁੰਦੇ ਸੀ ਪ੍ਰੰਤੂ ਅਸੀਂ (ਅੱਗ ਨੂੰ ਗੁਲਜ਼ਾਰ ਬਣਾ ਕੇ) ਉਹਨਾਂ (ਮੁਸ਼ਰਿਕਾਂ) ਨੂੰ ਹੀ ਹੀਣਾ ਕਰ ਵਿਖਾਇਆ।
99਼ ਅਤੇ ਉਸ (ਇਬਰਾਹੀਮ) ਨੇ (ਆਪਣੀ ਕੌਮ ਦਾ ਵਤੀਰਾ ਵੇਖ ਕੇ) ਕਿਹਾ ਕਿ ਮੈਂ ਤਾਂ ਆਪਣੇ ਰੱਬ ਵੱਲ ਜਾਂਦਾ ਹੈ, ਉਹੀਓ ਮੈਂ ਨੂੰ ਰਾਹ ਵਿਖਾਵੇਗਾ।
100਼ (ਇਬਰਾਹੀਮ ਨੇ ਦੁਆ ਕੀਤੀ ਕਿ) ਹੇ ਮੇਰੇ ਰੱਬਾ! ਮੈਨੂੰ ਇਕ ਪੁੱਤਰ ਦੀ ਦਾਤ ਬਖ਼ਸ਼, ਜਿਹੜਾ ਨੇਕ ਲੋਕਾਂ ਵਿੱਚੋਂ ਹੋਵੇ।
101਼ ਅਸੀਂ ਉਸ ਨੂੰ ਇਕ ਸਹਿਨਸ਼ੀਲ ਪੁੱਤਰ ਦੀ ਖ਼ੁਸ਼ਖ਼ਬਰੀ ਦਿੱਤੀ।
102਼ ਜਦੋਂ ਉਹ (ਪੁੱਤਰ) ਆਪਣੀ ਨੱਠਣ ਭੱਜਣ ਦੀ ਉਮਰ ਨੂੰ ਪਹੁੰਚਿਆ ਤਾਂ ਉਸ (ਪਿਤਾ) ਨੇ (ਪੁੱਤਰ) ਨੂੰ ਆਖਿਆ ਕਿ ਹੇ ਮੇਰੇ ਪੁੱਤਰ! ਮੈਂਨੇ ਇਕ ਸੁਪਨਾ ਵੇਖਿਆ ਹੈ ਕਿ ਮੈਂ ਤੈਨੂੰ ਜ਼ਿਬਹ (ਅੱਲਾਹ ਦੀ ਰਾਹ ਵਿਚ ਕੁਰਬਾਨ) ਕਰ ਰਿਹਾ ਹਾਂ, ਹੁਣ ਤੂੰ ਦੱਸ ਤੇਰਾ ਕੀ ਵਿਚਾਰ ਹੈ ? ਪੁੱਤਰ ਬੋਲਿਆ ਕਿ ਪਿਤਾ ਜੀ, ਜੋ ਵੀ (ਰੱਬ ਵੱਲੋਂ) ਤੁਹਾਨੂੰ ਹੁਕਮ ਹੋਇਆ ਹੈ ਉਸ ਨੂੰ ਪੂਰਾ ਕਰੋ, ਜੇ ਅੱਲਾਹ ਨੇ ਚਾਹਿਆ ਤਾਂ ਤੁਸੀਂ ਮੈਨੂੰ ਸਬਰ ਕਰਨ ਵਾਲਿਆਂ ’ਚੋਂ ਹੀ ਪਾਉਗੇ।
103਼ ਅਖ਼ੀਰ ਜਦੋਂ ਦੋਵਾਂ (ਪਿਓ ਪੁੱਤਰ) ਨੇ (ਰੱਬ ਦੇ) ਹੁਕਮ ਅੱਗੇ ਆਪਣੇ ਸੀਸ ਝੁਕਾ ਦਿੱਤੇ ਅਤੇ ਇਬਰਾਹੀਮ ਨੇ ਉਸ (ਪੁੱਤਰ) ਨੂੰ ਪਾਸੇ ਭਾਰ (ਧਰਤੀ ’ਤੇ) ਪਾ ਦਿੱਤਾ।
104਼ ਫੇਰ ਅਸੀਂ (ਅੱਲਾਹ ਨੇ ਉਸ ਦਾ ਇਰਾਦਾ ਵੇਖ ਕੇ) ਆਵਾਜ਼ ਦਿੱਤੀ ਕਿ ਹੇ ਇਬਰਾਹੀਮ!
105਼ ਬੇਸ਼ੱਕ ਤੂੰ ਆਪਣਾ ਸੁਪਨਾ ਸੱਚਾ ਕਰ ਕੇ ਵਿਖਾ ਦਿੱਤਾ। ਅਸੀਂ ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ।
106਼ ਅਸਲ ਵਿਚ ਇਹ ਇਕ ਸਪਸ਼ਟ ਪਰੀਖਿਆ ਸੀ।
107਼ ਅਤੇ ਅਸੀਂ ਇਸ (ਇਸਮਾਈਲ) ਦੇ ਬਦਲੇ ਵਿਚ ਇਕ ਵੱਡਾ ਜਾਨਵਰ ਜ਼ਿਬਹ (ਕੁਰਬਾਨੀ) ਕਰਨ ਲਈ ਬਖ਼ਸ਼ ਦਿੱਤਾ।
108਼ ਅਤੇ ਇਸ ਦੀ ਸ਼ੁਭ ਚਰਚਾ ਅਸੀਂ ਮਗਰੋਂ ਆਉਣ ਵਾਲਿਆਂ (ਨਸਲਾਂ) ਲਈ ਬਾਕੀ ਰੱਖੀ।
109਼ ਇਬਰਾਹੀਮ ’ਤੇ ਸਲਾਮਤੀ ਹੋਵੇ।
110਼ ਅਸੀਂ ਨੇਕ ਲੋਕਾਂ ਨੂੰ ਇਸੇ ਪ੍ਰਕਾਰ ਵਧੀਆ ਬਦਲਾ ਦਿਆ ਕਰਦੇ ਹਾਂ।
111਼ ਬੇਸ਼ੱਕ ਉਹ (ਇਬਰਾਹੀਮ) ਸਾਡੇ ਮੋਮਿਨ ਬੰਦਿਆਂ ਵਿੱਚੋਂ ਸੀ।
112਼ ਅਤੇ ਅਸੀਂ ਉਸ (ਇਬਰਾਹੀਮ) ਨੂੰ ਇਸਹਾਕ (ਪੁੱਤਰ) ਦੀ ਖ਼ੁਸ਼ਖ਼ਬਰੀ ਦਿੱਤੀ, ਜਿਹੜਾ ਨੇਕ ਲੋਕਾਂ ਵਿੱਚੋਂ ਇਕ ਨਬੀ ਹੋਵੇਗਾ।
113਼ ਅਸੀਂ ਉਸ (ਇਬਰਾਹੀਮ) ਅਤੇ ਇਸਹਾਕ ’ਤੇ ਬਰਕਤਾਂ ਨਾਜ਼ਿਲ ਕੀਤੀਆਂ ਅਤੇ ਉਹਨਾਂ ਦੀ ਔਲਾਦ ਵਿੱਚੋਂ ਕੁੱਝ ਤਾਂ ਨੇਕੀ ਕਰਨ ਵਾਲੇ ਹਨ ਅਤੇ ਕੁੱਝ ਆਪਣੇ ਆਪ ਉੱਤੇ ਜ਼ੁਲਮ ਕਰਨ ਵਾਲੇ ਹਨ।
114਼ ਬੇਸ਼ੱਕ ਅਸਾਂ ਮੂਸਾ ਤੇ ਹਾਰੂਨ ’ਤੇ ਵੀ ਉਪਕਾਰ ਕੀਤਾ।
115਼ ਅਸੀਂ ਉਹਨਾਂ ਦੋਵਾਂ ਨੂੰ ਅਤੇ ਉਹਨਾਂ ਦੀ ਕੌਮ ਨੂੰ ਇਕ ਵੱਡੀ ਕਠਿਨਾਈ ਤੋਂ ਮੁਕਤੀ ਦਿੱਤੀ।
116਼ ਅਤੇ ਅਸੀਂ ਉਹਨਾਂ ਦੀ ਸਹਾਇਤਾ ਕੀਤੀ ਅਤੇ ਉਹੀਓ ਭਾਰੂ ਰਹੇ।
117਼ ਅਤੇ ਅਸੀਂ ਉਹਨਾਂ ਦੋਵਾਂ (ਮੂਸਾ ਤੇ ਹਾਰੂਨ) ਨੂੰ ਇਕ ਸਪਸ਼ਟ ਕਿਤਾਬ (ਤੌਰੈਤ) ਦਿੱਤੀ।
118਼ ਅਤੇ ਉਹਨਾਂ ਦੋਵਾਂ ਨੂੰ ਸਿੱਧੇ ਰਾਹ ਦੀ ਸਿੱਖਿਆ ਦਿੱਤੀ।
119਼ ਅਤੇ ਅਸੀਂ ਉਹਨਾਂ ਦੋਵਾਂ (ਮੂਸਾ ਤੇ ਹਾਰੂਨ) ਦੀ ਸ਼ੁਭ ਚਰਚਾ ਨੂੰ ਪਿੱਛਿਓਂ ਆਉਣ ਵਾਲਿਆਂ ਲਈ ਬਾਕੀ ਰੱਖਿਆ।
120਼ ਮੂਸਾ ਤੇ ਹਾਰੂਨ ਉੱਤੇ ਸਲਾਮ ਹੋਵੇ।
121਼ ਅਸੀਂ ਨੇਕ ਲੋਕਾਂ ਨੂੰ ਇਸੇ ਪ੍ਰਕਾਰ ਬਦਲਾ ਦਿਆ ਕਰਦੇ ਹਾਂ।
122਼ ਨਿਰਸੰਦੇਹ, ਉਹ ਸਾਡੇ ਮੋਮਿਨ ਬੰਦਿਆਂ ਵਿੱਚੋਂ ਸਨ।
123਼ ਬੇਸ਼ੱਕ ਇਲਿਆਸ ਵੀ ਪੈਗ਼ੰਬਰਾਂ ਵਿੱਚੋਂ ਹੀ ਸੀ।
124਼ ਜਦੋਂ ਉਸ (ਇਲਿਆਸ) ਨੇ ਆਪਣੀ ਕੌਮ ਨੂੰ ਕਿਹਾ ਕਿ ਕੀ ਤੁਸੀਂ (ਅੱਲਾਹ ਤੋਂ) ਨਹੀਂ ਡਰਦੇ ?
125਼ ਕੀ ਤੁਸੀਂ ਬੋਅਲ (ਨਾਂ ਦੇ ਬੁਤ) ਨੂੰ ਪੁਕਾਰਦੇ ਹੋ ? ਅਤੇ ਸਭ ਤੋਂ ਵਧੀਆ ਰਚਨਾਹਾਰ ਨੂੰ ਛੱਡ ਦਿੰਦੇ ਹੋ।
126਼ ਭਾਵ ਅੱਲਾਹ ਨੂੰ ਛੱਡ ਦਿੰਦੇ ਹੋ ਜਿਹੜਾ ਤੁਹਾਡਾ ਤੇ ਤੁਹਾਡੇ ਪਿਓ ਦਾਦਿਆਂ ਦਾ ਰੱਬ ਹੈ।
127਼ ਪਰ ਉਹਨਾਂ (ਕੌਮ) ਨੇ ਉਸ (ਇਲਿਆਸ) ਨੂੰ ਝੁਠਲਾਇਆ, ਹੁਣ ਉਹ ਸਾਰੇ ਜ਼ਰੂਰ ਹੀ (ਸਜ਼ਾ ਲਈ) ਹਾਜ਼ਰ ਕੀਤੇ ਜਾਣਗੇ।
128਼ ਰੱਬ ਦੇ ਨੇਕ ਬੰਦਿਆਂ ਤੋਂ ਛੁੱਟ (ਸਜ਼ਾ ਤੋਂ ਕੋਈ ਨਹੀਂ ਬਚ ਸਕੇਗਾ)।
129਼ ਅਸੀਂ ਇਲਿਆਸ ਦੀ) ਸ਼ੁਭ ਚਰਚਾ ਮਗਰੋਂ ਆਉਣ ਵਾਲਿਆਂ ਲਈ ਬਾਕੀ ਰੱਖ ਛੱਡੀ ਹੈ।
130਼ ਇਲਯਾਸੀਨ (ਇਲਿਆਸ) ’ਤੇ ਸਲਾਮਤੀ ਹੋਵੇ।
131਼ ਨੇਕੀ ਕਰਨ ਵਾਲਿਆਂ ਨੂੰ ਅਸੀਂ ਇੰਜ ਹੀ ਬਦਲਾ ਦਿਆ ਕਰਦੇ ਹਾਂ।
132਼ ਬੇਸ਼ੱਕ ਉਹ (ਇਲਿਆਸ) ਸਾਡੇ ਮੋਮਿਨ ਬੰਦਿਆਂ ਵਿੱਚੋਂ ਹੀ ਸੀ।
133਼ ਨਿਰਸੰਦੇਹ, ਲੂਤ ਵੀ ਪੈਗ਼ੰਬਰਾਂ ਵਿੱਚੋਂ ਹੀ ਸੀ।
134਼ ਅਸੀਂ ਉਸ (ਲੂਤ) ਨੂੰ ਤੇ ਉਸ ਦੇ ਘਰ ਵਾਲਿਆਂ ਨੂੰ (ਅਜ਼ਾਬ ਤੋਂ) ਬਚਾ ਲਿਆ।
135਼ ਛੁੱਟ ਉਸ ਬੁੱਢੀ (ਲੂਤ ਦੀ ਪਤਨੀ) ਤੋਂ ਜਿਹੜੀ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਸੀ (ਭਾਵ ਜਿਨ੍ਹਾਂ ਨੂੰ ਅਜ਼ਾਬ ਆਉਣਾ ਸੀ)।
136਼ ਫੇਰ ਅਸੀਂ ਬਾਕੀ ਸਾਰਿਆਂ ਨੂੰ ਹਲਾਕ (ਤਬਾਹ) ਕਰ ਦਿੱਤਾ।
137਼ ਨਿਰਸੰਦੇਹ, ਤੁਸੀਂ ਸਵੇਰ ਨੂੰ ਉਹਨਾਂ (ਨਾਸ਼ ਕੀਤੀਆਂ ਹੋਈਆਂ) ਬਸਤੀਆਂ ਵਿੱਚੋਂ ਦੀ ਲੰਘਦੇ ਹੋ।
138਼ ਅਤੇ ਰਾਤ ਨੂੰ ਵੀ ਲੰਘਦੇ ਹੋ। ਕੀ ਤੁਸੀਂ ਫੇਰ ਵੀ ਨਹੀਂ ਸਮਝਦੇ ?
139਼ ਬੇਸ਼ੱਕ ਯੂਨੁਸ ਵੀ ਨਬੀਆਂ ਵਿੱਚੋਂ ਸੀ।
140਼ ਜਦੋਂ ਉਹ (ਯੂਨੁਸ ਕੌਮ ਤੋਂ ਨਿਰਾਸ਼ ਹੋ ਕੇ) ਇਕ ਭਰੀ ਹੋਈ ਬੇੜੀ ਵੱਲ ਨੱਸ ਤੁਰਿਆ ਸੀ।
141਼ ਜਦੋਂ (ਬੇੜੀ ਦਾ ਬੋਝ ਘਟਾਉਣ ਲਈ ਬੇੜੀ ਵਾਲਿਆਂ ਨੇ) ਪਰਚੀਆਂ ਪਾਈਆਂ ਤਾਂ ਉਹ (ਯੂਨੁਸ) ਫਸ ਗਿਆ (ਭਾਵ ਯੂਨੁਸ ਦੀ ਹੀ ਪਰਚੀ ਨਿੱਕਲੀ)।
142਼ (ਜਦੋਂ ਉਸ ਨੇ ਸਮੁੰਦਰ ਵਿਚ ਛਾਲ ਮਾਰੀ) ਤਦ ਹੀ ਮੱਛੀ ਨੇ ਉਸ ਨੂੰ ਨਿਗਲ ਲਿਆ ਜਦ ਕਿ ਉਹ ਆਪਣੀ ਨਿੰਦਾ ਆਪ ਹੀ ਕਰ ਰਿਹਾ ਸੀ।
143਼ ਜੇਕਰ ਉਹ ਰੱਬ ਦੀ ਪਾਕੀ ਬਿਆਨ ਕਰਨ ਵਾਲਿਆਂ ਵਿੱਚੋਂ ਨਾ ਹੁੰਦਾ।
144਼ ਤਾਂ ਉਹ ਲੋਕਾਂ ਦੇ ਮੁੜ ਜਿਊਂਦਾ ਉਠਾਉਣ ਜਾਣ ਵਾਲੇ ਦਿਨ (ਕਿਆਮਤ) ਤੱਕ ਉਸੇ ਮੱਛੀ ਦੇ ਢਿੱਡ ਵਿਚ ਹੀ ਰਹਿੰਦਾ।
145਼ ਫੇਰ ਅਸੀਂ ਉਸ (ਯੂਨੁਸ) ਨੂੰ (ਮੱਛੀ ਦੇ ਢਿੱਡ ਵਿੱਚੋਂ ਕੱਢ ਕੇ) ਇਕ ਰੜੇ ਮੈਦਾਨ ਵਿਚਸੁੱਟ ਦਿੱਤਾ। ਉਸ ਵੇਲੇ ਉਹ ਅਸੁਵਸਥ ਸੀ।
146਼ ਅਤੇ ਅਸੀਂ ਉਸ (ਯੂਨੁਸ) ਉੱਤੇ (ਕੱਦੂ ਦਾ) ਇਕ ਵੇਲਦਾਰ ਰੁੱਖ ਉਗਾ ਦਿੱਤਾ।
147਼ ਫੇਰ ਅਸੀਂ ਉਸ (ਯੂਨੁਸ) ਨੂੰ ਇਕ ਲੱਖ ਲੋਕਾਂ ਵੱਲ (ਰੱਬੀ ਪੈਗ਼ਾਮ ਦੇ ਕੇ) ਭੇਜਿਆ, ਉਹ ਲੋਕ ਇਸ ਗਿਣਤੀ ਤੋਂ ਕੁੱਝ ਵੱਧ ਹੀ ਹੋਣਗੇ।
148਼ ਸੋ ਉਹ ਸਾਰੇ ਈਮਾਨ ਲਿਆਏ ਅਤੇ ਅਸਾਂ ਉਹਨਾਂ ਨੂੰ ਇਕ ਨਿਯਤ ਸਮੇਂ ਤੀਕ (ਸੰਸਾਰ ਦਾ) ਲਾਭ ਉਠਾਉਣ ਦਾ ਅਵਸਰ ਪ੍ਰਦਾਨ ਕੀਤਾ।
149਼ ਇਹਨਾਂ (ਮੁਸ਼ਰਿਕਾਂ) ਤੋਂ ਪੁੱਛੋ, ਕੀ ਤੁਹਾਡੇ ਰੱਬ ਲਈ ਧੀਆਂ ਅਤੇ ਉਹਨਾਂ (ਲੋਕਾਂ) ਲਈ ਪੁੱਤਰ ਹਨ ?
150਼ ਕੀ ਉਹ ਉਸ ਸਮੇਂ ਹਾਜ਼ਰ ਸਨ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਇਸਤਰੀਆਂ ਬਣਾਇਆ ਸੀ ?
151਼ (ਖ਼ਬਰਦਾਰ) ਇਹ ਲੋਕ ਆਪਣੇ ਵੱਲੋਂ ਝੂਠ ਘੜ੍ਹ ਰਹੇ ਹਨ।
152਼ ਕਿ ਅੱਲਾਹ ਦੀ ਸੰਤਾਨ ਹੈ। ਬੇਸ਼ੱਕ ਉਹ ਸਾਰੇ ਝੂਠੇ ਹਨ।
153਼ ਕੀ ਉਹ (ਅੱਲਾਹ) ਪੁੱਤਰਾਂ ਦੀ ਥਾਂ ਧੀਆਂ ਨੂੰ ਪਸੰਦ ਕਰਦਾ ਹੈ?
154਼ ਤੁਹਾਨੂੰ ਕੀ ਹੋ ਗਿਆ ਹੈ ? ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ?
155਼ ਕੀ ਤੁਸੀਂ ਕੁੱਝ ਵੀ ਨਹੀਂ ਸੋਚਦੇ ?
156਼ ਜਾਂ ਤੁਹਾਡੇ ਕੋਲ ਕੋਈ ਸਪਸ਼ਟ ਦਲੀਲ ਹੈ ?
157਼ ਜਾਂ ਤੁਸੀਂ ਆਪਣੀ ਕਿਤਾਬ ਲੈ ਆਓ, ਜੇ ਤੁਸੀਂ ਸੱਚੇ ਹੋ।
158਼ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਅਤੇ ਜਿੰਨਾਂ ਦੇ ਵਿਚਾਲੇ ਇਕ ਸੰਬੰਧ ਬਣਾ ਛੱਡਿਆ ਹੈ, ਜਦ ਕਿ ਜਿੰਨਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਉਹ (ਰੱਬ ਅੱਗੇ) ਜ਼ਰੂਰ ਹੀ ਹਾਜ਼ਰ ਕੀਤੇ ਜਾਣਗੇ।
159਼ ਅੱਲਾਹ ਉਹਨਾਂ ਸਾਰੀਆਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਉਹ (ਮੁਸ਼ਰਿਕ) ਉਸ ਦੇ ਬਾਰੇ ਕਰਦੇ ਹਨ।
160਼ ਅੱਲਾਹ ਦੇ ਨੇਕ ਬੰਦੇ (ਅਜਿਹੀਆਂ ਗੱਲਾਂ ਤੋਂ) ਬਚੇ ਹੋਏ ਹਨ।
161਼ ਹੇ ਮੁਸ਼ਰਿਕੋ! ਬੇਸ਼ੱਕ ਤੁਸੀਂ ਅਤੇ ਉਹ, ਜਿਨ੍ਹਾਂ ਦੀ ਤੁਸੀਂ ਬੰਦਗੀ ਕਰਦੇ ਹੋ।
162਼ ਤੁਸੀਂ ਸਾਰੇ ਮਿਲ ਕੇ ਵੀ (ਨੇਕ ਬੰਦਿਆਂ ਨੂੰ) ਅੱਲਾਹ ਦੇ ਵਿਰੁੱਧ ਬਹਕਾ ਨਹੀਂ ਸਕਦੇ।
163਼ ਛੁੱਟ ਉਸ ਤੋਂ ਜਿਹੜਾ ਨਰਕ ਵਿਚ ਜਾਣ ਵਾਲਾ ਹੈ।
164਼ (ਫ਼ਰਿਸ਼ਤੇ ਆਖਦੇ ਹਨ ਕਿ) ਸਾਡੇ ਵਿੱਚੋਂ ਹਰੇਕ ਦੀ ਜ਼ਿੰਮੇਵਾਰੀ ਨਿਯਤ ਹੈ।
165਼ ਅਸੀਂ ਤਾਂ ਅੱਲਾਹ ਦੇ ਹਜ਼ੂਰ ਕਤਾਰ ਬੰਨੀ ਖੜ੍ਹੇ ਰਹਿਣ ਵਾਲੇ ਹਾਂ।
166਼ ਬੇਸ਼ੱਕ ਅਸੀਂ ਅੱਲਾਹ ਦੀ ਤਸਬੀਹ (ਸ਼ਲਾਘਾ) ਕਰਨ ਵਾਲੇ ਹਾਂ।
167਼ ਅਤੇ ਉਹ (ਇਨਕਾਰੀ) ਲੋਕ ਕਿਹਾ ਕਰਦੇ ਸਨ।
168਼ ਕਿ ਜੇ ਸਾਡੇ ਕੋਲ ਸਾਥੋਂ ਪਹਿਲਾਂ ਦੇ ਲੋਕਾਂ (ਦੇ ਅਜ਼ਾਬ) ਦੀ ਚਰਚਾ ਕੀਤੀ ਹੁੰਦੀ।
169਼ ਤਾਂ ਅਸੀਂ ਵੀ ਅੱਲਾਹ ਦੇ ’ਚੋਂਣਵੇ ਬੰਦੇ ਹੁੰਦੇ।
170਼ ਜਦੋਂ ਪੈਗ਼ੰਬਰ .ਕੁਰਆਨ ਲੈ ਕੇ ਆਇਆ ਤਾਂ ਉਹਨਾਂ ਨੇ ਉਸ (.ਕੁਰਆਨ ਦਾ) ਇਨਕਾਰ ਕਰ ਦਿੱਤਾ। ਉਹ ਛੇਤੀ ਹੀ ਜਾਣ ਲੈਣਗੇ (ਕਿ ਉਹ ਕੀ ਕਰਦੇ ਸਨ?)।
171਼ ਅਸਲ ਵਿਚ ਅਸੀਂ ਪਹਿਲਾਂ ਹੀ ਆਪਣੇ ਉਹਨਾਂ ਬੰਦਿਆਂ ਨੂੰ, ਜਿਹੜੇ ਪੈਗ਼ੰਬਰ ਹਨ, ਵਚਨ ਦੇ ਚੁੱਕੇ ਹਾਂ।
172਼ ਕਿ ਜ਼ਰੂਰ ਹੀ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ।
173਼ ਅਤੇ ਬੇਸ਼ੱਕ ਸਾਡੀਆਂ (ਅੱਲਾਹ ਦੀਆਂ) ਫ਼ੌਜਾਂ ਹੀ ਭਾਰੂ ਰਹਿਣਗੀਆਂ।
174਼ ਸੋ ਹੇ ਨਬੀ! ਤੁਸੀਂ ਕੁੱਝ ਸਮੇਂ ਲਈ ਉਹਨਾਂ (ਕਾਫ਼ਿਰਾਂ) ਤੋਂ ਮੂੰਹ ਮੋੜ ਲਵੋ (ਭਾਵ ਧਿਆਨ ਨਾ ਦਿਓ)।
175਼ ਅਤੇ ਉਹਨਾਂ ਨੂੰ ਵੇਖਦੇ ਰਹੋ (ਕਿ ਉਹਨਾਂ ’ਤੇ ਅਜ਼ਾਬ ਆਉਣ ਵਾਲਾ ਹੈ) ਫੇਰ ਛੇਤੀ ਹੀ ਉਹ ਵੀ ਵੇਖ ਲੈਣਗੇ।
176਼ ਕੀ ਉਹ ਸਾਡੇ ਅਜ਼ਾਬ ਲਈ ਕਾਹਲੀ ਕਰ ਰਹੇ ਹਨ ?
177਼ ਪ੍ਰੰਤੂ ਜਦੋਂ ਉਹ (ਅਜ਼ਾਬ) ਉਹਨਾਂ ਦੇ ਵਿਹੜੇ ਉੱਤਰੇਗਾ ਤਾਂ ਡਰਾਏ ਗਏ ਲੋਕਾਂ ਲਈ ਉਹ ਸਵੇਰ ਬਹੁਤ ਹੀ ਭੈੜੀ ਹੋਵੇਗੀ।
178਼ (ਹੇ ਨਬੀ!) ਤੁਸੀਂ ਕੁੱਝ ਸਮੇਂ ਲਈ ਇਹਨਾਂ ਦੀ ਚਿੰਤਾ ਛੱਡ ਦਿਓ।
179਼ ਕੇਵਲ ਉਹਨਾਂ ਨੂੰ ਵੇਖਦੇ ਰਹੋ ਅਤੇ ਉਹ ਵੀ ਛੇਤੀ ਹੀ ਵੇਖ ਲੈਣਗੇ।
180਼ ਤੁਹਾਡਾ ਰੱਬ, ਜਿਹੜਾ ਇੱਜ਼ਤਾਂ ਦਾ ਮਾਲਿਕ ਹੈ, ਉਹਨਾਂ ਸਾਰੀਆਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਉਹ ਮੁਸ਼ਰਿਕ ਬਿਆਨ ਕਰਦੇ ਹਨ।
181਼ ਸਮੂਹ ਪੈਗ਼ੰਬਰਾਂ ’ਤੇ ਸਲਾਮ ਹੋਵੇ।
182਼ ਅਤੇ ਸਾਰੀਆਂ ਤਾਰੀਫ਼ਾਂ (ਤੇ ਸ਼ੁਕਰਾਨੇ) ਅੱਲਾਹ ਲਈ ਹਨ ਜਿਹੜਾ ਸਾਰੇ ਜਹਾਨਾਂ ਦਾ ਪਾਲਣਹਾਰ ਹੈ।