عربيEnglish

The Noble Qur'an Encyclopedia

Towards providing reliable exegeses and translations of the meanings of the Noble Qur'an in the world languages

The Forgiver [Ghafir] - Bunjabi translation

Surah The Forgiver [Ghafir] Ayah 85 Location Maccah Number 40

1਼ ਹਾ, ਮੀਮ।

2਼ ਇਹ ਕਿਤਾਬ (.ਕੁਰਆਨ) ਦਾ ਉਤਰਨਾ ਉਸ ਅੱਲਾਹ ਵੱਲੋਂ ਹੈ ਜਿਹੜਾ ਵੱਡਾ ਜ਼ੋਰਾਵਰ ਅਤੇ ਸਭ ਕੁੱਝ ਜਾਣਨ ਵਾਲਾ ਹੈ।

3਼ ਗੁਨਾਹਾਂ ਨੂੰ ਬਖ਼ਸ਼ਣ ਵਾਲਾ ਅਤੇ ਤੌਬਾ ਨੂੰ ਕਬੂਲ ਕਰਨ ਵਾਲਾ ਹੈ। ਕਰੜੀ ਸਜ਼ਾ ਦੇਣ ਵਾਲਾ ਅਤੇ ਵੱਡਾ ਦਾਤਾ ਦਾਤਾਰ ਹੈ। ਉਸ (ਅੱਲਾਹ) ਤੋਂ ਛੁੱਟ ਹੋਰ ਕੋਈ (ਸੱਚਾ) ਇਸ਼ਟ ਨਹੀਂ, ਸਾਰਿਆਂ ਨੇ ਉਸੇ ਵੱਲ ਮੁੜ ਜਾਣਾ ਹੈ।

4਼ ਅੱਲਾਹ ਦੀਆਂ ਆਇਤਾਂ (.ਕੁਰਆਨ) ਬਾਰੇ ਕੇਵਲ ਇਨਕਾਰੀ ਹੀ ਝਗੜਦੇ ਹਨ। ਸੋ ਉਹਨਾਂ (ਇਨਕਾਰੀਆਂ) ਦੀ ਸ਼ਹਿਰਾਂ ਵਿਚ ਚੱਲਤ ਫਿਰਤ ਤੁਹਾਨੂੰ ਕਿਸੇ ਧੋਖੇ ਵਿਚ ਨਾ ਪਾ ਦੇਵੇ।

5਼ ਇਹਨਾਂ (ਮੱਕੇ ਵਾਲਿਆਂ) ਤੋਂ ਪਹਿਲਾਂ ਨੂਹ ਦੀ ਕੌਮ ਨੇ ਅਤੇ ਉਸ ਦੇ ਮਗਰੋਂ ਦੂਜੀਆਂ ਕੌਮਾਂ ਨੇ ਵੀ (ਪੈਗ਼ੰਬਰਾਂ ਨੂੰ) ਝੁਠਲਾਇਆ ਸੀ। ਹਰ ਉੱਮਤ ਨੇ ਆਪਣੇ ਰਸੂਲ ਨੂੰ ਗ੍ਰਿਫਤਾਰ ਕਰਨ ਦਾ ਇਰਾਦਾ ਕੀਤਾ ਅਤੇ ਉਹਨਾਂ ਨਾਲ ਅਣਹੱਕਾ ਝਗੜਾ ਕੀਤਾ ਤਾਂ ਜੋ ਹੱਕ ਨੂੰ (ਝੂਠ ਰਾਹੀਂ) ਨੀਵਾਂ ਵਿਖਆਇਆ ਜਾਵੇ। ਫੇਰ ਮੈਂਨੇ (ਭਾਵ ਅੱਲਾਹ ਨੇ ਇਕ ਦਿਨ) ਉਹਨਾਂ ਨੂੰ ਨੱਪ ਲਿਆ। ਸੋ ਵੇਖੋ! ਮੇਰੇ ਵੱਲੋਂ ਉਹਨਾਂ ਨੂੰ ਕਿਹੋ ਜਿਹੀ ਸਜ਼ਾ ਦਿੱਤੀ ਗਈ।

6਼ ਇਸੇ ਤਰ੍ਹਾਂ ਉਹਨਾਂ ਲੋਕਾਂ ਉੱਤੇ ਤੁਹਾਡੇ ਰੱਬ ਦਾ ਹੁਕਮ ਢੁਕਵਾਂ ਸਿੱਧ ਹੋਇਆ, ਜਿਨ੍ਹਾਂ ਨੇ (ਰਸੂਲਾਂ ਦਾ) ਇਨਕਾਰ ਕੀਤਾ ਸੀ। ਨਿਰਸੰਦੇਹ, ਉਹ ਸਭ ਨਰਕੀ ਹਨ।

7਼ ਜਿਹੜੇ ਫ਼ਰਿਸ਼ਤਿਆਂ ਨੇ ਰੱਬ ਦੇ ਅਰਸ਼ (ਸਿੰਘਾਸਨ) ਨੂੰ ਚੁੱਕਿਆ ਹੋਇਆ ਹੈ ਅਤੇ ਉਹ ਜਿਹੜੇ ਉਸ ਦੇ ਆਲੇ-ਦੁਆਲੇ (ਸੇਵਾ ਲਈ) ਰਹਿੰਦੇ ਹਨ, ਉਹ ਆਪਣੇ ਰੱਬ ਦੀ ਸ਼ਲਾਘਾ ਦੇ ਨਾਲੋ-ਨਾਲ ਉਸਦੀ ਪਾਕੀ ਬਿਆਨ ਕਰਦੇ ਹਨ ਅਤੇ ਉਸ ’ਤੇ ਈਮਾਨ ਰੱਖਦੇ ਹਨ ਅਤੇ ਈਮਾਨ ਵਾਲਿਆਂ ਲਈ ਬਖ਼ਸ਼ਿਸ਼ ਦੀਆਂ ਦੁਆਵਾਂ ਕਰਦੇ ਹਨ। ਉਹ ਆਖਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਆਪਣੀ ਮਿਹਰ ਤੇ ਗਿਆਨ ਸਦਕਾ ਹਰ ਚੀਜ਼ ’ਤੇ ਛਾਇਆ ਹੋਇਆ ਹੈ। ਸੋ ਤੂੰ ਉਹਨਾਂ ਲੋਕਾਂ ਨੂੰ ਬਖ਼ਸ਼ ਦੇ ਜਿਹੜੇ ਤੌਬਾ ਕਰਦੇ ਹਨ ਅਤੇ (ਤੇਰੇ ਵੱਲ ਆਉਣ ਵਾਲੇ) ਰਾਹ ’ਤੇ ਚਲਦੇ ਹਨ, ਤੂੰ ਉਹਨਾਂ ਨੂੰ ਨਰਕ ਦੇ ਅਜ਼ਾਬ ਤੋਂ ਬਚਾ ਲੈ।

8਼ (ਫ਼ਰਿਸ਼ਤੇ ਅਰਦਾਸ ਕਰਦੇ ਹਨ) ਹੇ ਸਾਡੇ ਰੱਬਾ! ਤੂੰ ਉਹਨਾਂ (ਈਮਾਨ ਵਾਲਿਆਂ) ਨੂੰ ਸਦੀਵੀ ਬਾਗ਼ਾਂ ਵਿਚ ਦਾਖ਼ਲ ਕਰ ਜਿਸ ਦਾ ਤੂੰ ਉਹਨਾਂ ਨੂੰ ਬਚਨ ਦਿੱਤਾ ਹੋਇਆ ਹੈ ਅਤੇ ਉਹਨਾਂ ਦੇ ਪਿਓ, ਦਾਦੇ, ਪਤਨੀਆਂ ਅਤੇ ਔਲਾਦਾਂ ਵਿੱਚੋਂ ਵੀ ਜਿਹੜੇ ਨੇਕ ਅਮਲ ਕਰਦੇ ਹਨ (ਸਵਰਗ ਵਿਚ ਲੈ ਜਾ)। ਬੇਸ਼ੱਕ ਤੂੰ ਹੀ ਜ਼ੋਰਾਵਰ ਤੇ ਹਿਕਮਤ ਵਾਲਾ ਹੈ।

9਼ (ਇਹ ਵੀ ਬੇਨਤੀ ਹੈ ਕਿ) ਇਹਨਾਂ (ਈਮਾਨ ਵਾਲਿਆਂ) ਨੂੰ ਬੁਰਾਈਆਂ ਤੋਂ ਬਚਾ ਕੇ ਰੱਖ, ਸੱਚੀ ਗੱਲ ਤਾਂ ਇਹ ਹੈ ਕਿ ਉਸ ਦਿਨ (ਕਿਆਮਤ ਵੇਲੇ) ਤੈਨੇ ਜਿਸ ਨੂੰ ਬੁਰਾਈਆਂ (ਦੀ ਸਜ਼ਾ) ਤੋਂ ਬਚਾ ਲਿਆ ਹਕੀਕਤ ਵਿਚ ਤੈਨੇ ਉਸ ਉੱਤੇ ਰਹਿਮ ਕੀਤਾ, ਇਹੋ ਵੱਡੀ ਕਾਮਯਾਬੀ ਹੈ।

10਼ ਬੇਸ਼ੱਕ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਸੀ ਉਹਨਾਂ ਨੂੰ ਪੁਕਾਰ ਕੇ ਆਖਿਆ ਜਾਵੇਗਾ ਕਿ ਅੱਜ ਤੁਹਾਨੂੰ ਜਿੱਨਾ ਭਾਰਾ ਗ਼ੁੱਸਾ ਆਪਣੇ ਆਪ ’ਤੇ ਆ ਰਿਹਾ ਹੈ ਇਸ ਤੋਂ ਕਿਤੇ ਵੱਧ ਅੱਲਾਹ ਨੂੰ ਤੁਹਾਡੇ ’ਤੇ ਗ਼ੁੱਸਾ ਉਸ ਸਮੇਂ ਆਉਂਦਾ ਸੀ ਜਦੋਂ (ਸੰਸਾਰ ਵਿਚ) ਤੁਹਾਨੂੰ ਈਮਾਨ ਲਿਆਉਣ ਲਈ ਕਿਹਾ ਜਾਂਦਾ ਸੀ ਪਰ ਤੁਸੀਂ ਇਨਕਾਰ ਕਰ ਦਿੰਦੇ ਸੀ।

11਼ ਫੇਰ ਉਹ (ਕਾਫ਼ਿਰ) ਆਖਣਗੇ ਕਿ ਹੇ ਸਾਡੇ ਪਾਲਣਹਾਰ! ਤੂੰ ਸਾਨੂੰ ਦੋ ਵਾਰੀ ਮੌਤ ਦਿੱਤੀ ਅਤੇ ਦੋ ਵਾਰੀ ਹੀ ਜੀਵਨ ਦਿੱਤਾ, ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰਦੇ ਹਾਂ, ਕੀ ਹੁਣ ਇਸ (ਨਰਕ ਵਿੱਚੋਂ) ਬਚਣ ਦਾ ਕੋਈ ਰਸਤਾ ਹੈ ?

12਼ (ਉੱਤਰ ਵਿਚ ਕਿਹਾ ਜਾਵੇਗਾ ਕਿ) ਤੁਹਾਨੂੰ ਇਹ ਅਜ਼ਾਬ (ਸਜ਼ਾ) ਇਸ ਲਈ ਹੈ ਕਿ ਜਦੋਂ ਤੁਹਾਨੂੰ ਇੱਕੋ-ਇੱਕ ਅੱਲਾਹ ਵੱਲ ਬੁਲਾਇਆ ਜਾਂਦਾ ਸੀ ਤਾਂ ਤੁਸੀਂ (ਤੌਹੀਦ ਦਾ) ਇਨਕਾਰ ਕਰਦੇ ਸੀ। ਜੇ ਉਸ (ਅੱਲਾਹ) ਦੇ ਨਾਲ ਕਿਸੇ ਨੂੰ ਸ਼ਰੀਕ ਕੀਤਾ ਜਾਂਦਾ ਤਾਂ ਤੁਸੀਂ (ਉਸ ਸ਼ਰੀਕ) ਨੂੰ ਮੰਨ ਲੈਂਦੇ ਸੀ। ਹੁਣ ਤਾਂ ਇਹ (ਸਜ਼ਾ ਦਾ) ਹੁਕਮ ਉਸ ਅੱਲਾਹ ਵੱਲੋਂ ਹੈ ਜੋ ਸਰਵਉੱਚ ਤੇ ਮਹਾਨ ਹੈ।

13਼ ਉਹੀਓ ਤਾਂ (ਅੱਲਾਹ) ਹੈ ਜਿਹੜਾ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਵਿਖਾਉਂਦਾ ਹੈ ਅਤੇ ਤੁਹਾਡੇ ਲਈ ਅਕਾਸ਼ ਤੋਂ ਰਿਜ਼ਕ ਭੇਜਦਾ ਹੈ, ਪਰ ਇਹਨਾਂ (ਨਿਸ਼ਾਨੀਆਂ) ਤੋਂ ਸਿੱਖਿਆ ਕੇਵਲ ਉਹੀਓ ਵਿਅਕਤੀ ਲੈਂਦਾ ਹੈ ਜਿਹੜਾ (ਅੱਲਾਹ ਵੱਲ) ਮੁੜ ਆਉਂਦਾ ਹੈ।

14਼ ਸੋ (ਹੇ ਨਬੀ!) ਤੁਸੀਂ ਅੱਲਾਹ ਲਈ ਆਪਣੀ ਬੰਦਗੀ ਨੂੰ ਵਿਸ਼ੇਸ਼ ਕਰਦੇ ਹੋਏ ਉਸੇ ਨੂੰ ਹੀ (ਮਦਦ ਲਈ) ਪੁਕਾਰੋ ਭਾਵੇਂ ਕਾਫ਼ਿਰਾਂ ਨੂੰ ਕਿੰਨਾ ਹੀ ਭੈੜਾ ਲੱਗੇ।

15਼ ਉਹ (ਅੱਲਾਹ) ਉੱਚੇ ਦਰਜਿਆਂ ਵਾਲਾ ਅਤੇ ਅਰਸ਼ (ਤਖ਼ਤ) ਦਾ ਮਾਲਿਕ ਹੈ। ਉਹ ਆਪਣੇ ਬੰਦਿਆਂ ਵਿੱਚੋਂ ਜਿਸ ’ਤੇ ਚਾਹੁੰਦਾ ਹੈ ਆਪਣੇ ਹੁਕਮ ਨਾਲ ਵਹੀ ਭੇਜਦਾ ਹੈ ਤਾਂ ਜੋ ਉਹ (ਨਬੀ) ਲੋਕਾਂ ਨੂੰ ਮਿਲਣੀ ਵਾਲੇ ਦਿਨ (ਕਿਆਮਤ) ਤੋਂ ਡਰਾਵੇ।

16਼ ਜਿਸ ਦਿਨ ਉਹ ਸਾਰੇ ਕਬਰਾਂ ਵਿੱਚੋਂ ਬਾਹਿਰ ਨਿਕਲ ਆਉਣਗੇ ਅਤੇ ਉਹਨਾਂ ਦੀ ਕੋਈ ਵੀ ਗੱਲ ਅੱਲਾਹ ਤੋਂ ਲੁਕੀ ਹੋਈ ਨਹੀਂ ਰਹੇਗੀ (ਉਸ ਦਿਨ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ) ਅੱਜ ਪਾਤਸ਼ਾਹੀ ਕਿਸ ਦੀ ਹੈ? (ਉੱਤਰ ਦਿੱਤਾ ਜਾਵੇਗਾ) ਕੇਵਲ ਇੱਕੋ ਇਕ ਸਰਵ-ਸੱਤਾਵਾਨ ਅੱਲਾਹ ਦੀ ਹੀ ਹੈ।

17਼ ਅੱਜ ਹਰ ਇਕ ਜਾਨ ਨੂੰ ਉਸ ਦੀ ਕਰਨੀ ਦਾ ਬਦਲਾ ਦਿੱਤਾ ਜਾਵੇਗਾ, ਅੱਜ ਕਿਸੇ ’ਤੇ ਕੋਈ ਜ਼ੁਲਮ ਨਹੀਂ ਹੋਵੇਗਾ। ਬੇਸ਼ੱਕ ਅੱਲਾਹ ਛੇਤੀ ਹੀ ਹਿਸਾਬ ਲੈਣ ਵਾਲਾ ਹੈ।

18਼ (ਹੇ ਨਬੀ!) ਤੁਸੀਂ ਇਹਨਾਂ (ਲੋਕਾਂ) ਨੂੰ ਨੇੜੇ ਆਉਣ ਵਾਲੇ ਦਿਨ ਤੋਂ ਡਰਾਓ ਜਦੋਂ ਕਾਲਜੇ ਮੂੰਹ ਨੂੰ ਆ ਰਹੇ ਹੋਣਗੇ। ਉਸ ਦਿਨ ਜ਼ਾਲਮਾਂ ਦਾ ਨਾ ਕੋਈ ਸਹਾਈ ਹੋਵੇਗਾ ਤੇ ਨਾ ਕੋਈ ਸਿਫ਼ਾਰਸ਼ੀ ਹੋਵੇਗਾ ਕਿ ਜਿਸ ਦੀ ਗੱਲ ਮੰਨੀ ਜਾਵੇ।

19਼ ਉਹ (ਅੱਲਾਹ) ਚੋਰੀ ਚੋਰੀ ਵੇਖਣ ਵਾਲੀਆਂ ਨਜ਼ਰਾਂ ਨੂੰ ਅਤੇ ਦਿਲਾਂ ਵਿਚ ਲੁਕੀਆਂ ਹੋਈਆਂ ਗੱਲਾਂ ਨੂੰ ਜਾਣਦਾ ਹੈ।

20਼ ਅੱਲਾਹ ਹੱਕ ਅਨੁਸਾਰ ਨਿਆ ਕਰੇਗਾ ਅਤੇ ਜਿਨ੍ਹਾਂ ਨੂੰ ਉਹ (ਕਾਫ਼ਿਰ) ਲੋਕ ਉਸ (ਅੱਲਾਹ) ਨੂੰ ਛੱਡ ਕੇ ਪੁਕਾਰਦੇ ਹਨ, ਉਹ ਕੋਈ ਵੀ ਫ਼ੈਸਲਾ ਨਹੀਂ ਕਰ ਸਕਦੇ। ਬੇਸ਼ੱਕ ਅੱਲਾਹ ਹੀ (ਹਰਕੇ ਗੱਲ ਨੂੰ) ਸੁਣਨ ਵਾਲਾ ਤੇ (ਹਰੇਕ ਚੀਜ਼ ਨੂੰ) ਵੇਖਣ ਵਾਲਾ ਹੈ।

21਼ ਕੀ ਉਹ (ਇਨਕਾਰੀ) ਲੋਕ ਧਰਤੀ ’ਤੇ ਤੁਰੇ ਫਿਰੇ ਨਹੀਂ ਕਿ ਉਹ ਵੇਖ ਲੈਂਦੇ ਕਿ ਉਹਨਾਂ ਤੋਂ ਪਹਿਲੇ ਇਨਕਾਰੀਆਂ ਦਾ ਅੰਤ ਕਿਵੇਂ ਹੋਇਆ ਸੀ। ਉਹ ਸ਼ਕਤੀ ਵਿਚ ਵੀ ਅਤੇ ਧਰਤੀ ਉੱਤੇ ਆਪਣੀਆਂ ਨਿਸ਼ਾਨੀਆਂ ਛੱਡਣ ਵਿਚ ਵੀ ਇਹਨਾਂ ਨਾਲੋਂ ਕਿਤੇ ਵਾਧੂ ਸਨ। ਫੇਰ ਅੱਲਾਹ ਨੇ ਉਹਨਾਂ ਨੂੰ ਉਹਨਾਂ ਦੇ ਪਾਪਾਂ ਕਾਰਨ ਨੱਪ ਲਿਆ ਅਤੇ ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣ ਵਾਲਾ ਕੋਈ ਨਹੀਂ ਸੀ।

22਼ ਇਹ (ਸਜ਼ਾ) ਉਹਨਾਂ ਨੂੰ ਇਸ ਕਾਰਨ ਹੋਈ ਸੀ ਕਿ ਉਹਨਾਂ ਦੇ ਰਸੂਲ ਉਹਨਾਂ ਕੋਲ ਸਪਸ਼ਟ ਤੇ ਪ੍ਰਤੱਖ ਨਿਸ਼ਾਨੀਆਂ ਲੈਕੇ ਆਏ ਸਨ, ਪਰ ਉਹਨਾਂ ਨੇ ਸਵੀਕਾਰ ਨਹੀਂ ਕੀਤਾ, ਅੰਤ ਅੱਲਾਹ ਨੇ ਉਹਨਾਂ ਨੂੰ ਨੱਪ ਲਿਆ। ਬੇਸ਼ੱਕ ਉਹੀਓ ਸ਼ਕਤੀਸ਼ਾਲੀ ਅਤੇ ਕਰੜਾ ਅਜ਼ਾਬ ਦੇਣ ਵਾਲਾ ਹੈ।

23਼ ਅਸੀਂ ਮੂਸਾ ਨੂੰ ਆਪਣੇ ਵੱਲੋਂ (ਨਬੀਂ ਹੋਣ ਦੀਆਂ) ਨਿਸ਼ਾਨੀਆਂ ਅਤੇ ਖੁੱਲ੍ਹੀਆਂ ਦਲੀਲਾਂ ਦੇਕੇ ਭੇਜਿਆ।

24਼ (ਜਦੋਂ ਮੂਸਾ) ਫ਼ਿਰਔਨ, ਹਾਮਾਨ ਅਤੇ ਕਾਰੂਨ ਵੱਲ ਆਇਆ ਤਾਂ ਉਹਨਾਂ ਨੇ ਆਖਿਆ ਕਿ (ਉਹ ਮੂਸਾ ਤਾਂ) ਜਾਦੂਗਰ ਅਤੇ ਝੂਠਾ ਹੈ।

25਼ ਫੇਰ ਜਦੋਂ ਉਹ (ਮੂਸਾ) ਸਾਡੇ ਵੱਲੋਂ (ਭਾਵ ਅੱਲਾਹ ਵੱਲੋਂ) ਉਹਨਾਂ ਕੋਲ ਹੱਕ (ਸੱਚਾਦੀਨ) ਲੈ ਕੇ ਆਇਆ ਤਾਂ ਉਹਨਾਂ ਨੇ ਆਖਿਆ ਕਿ ਜਿਹੜੇ ਵੀ ਇਸ (ਮੂਸਾ) ਦੇ ਨਾਲ ਈਮਾਨ ਲਿਆਏ ਹਨ ਉਹਨਾਂ ਦੇ ਪੁੱਤਰਾਂ ਨੂੰ ਮਾਰ ਦਿਓ ਅਤੇ ਧੀਆਂ ਨੂੰ ਜਿਉਂਦੀਆਂ ਰੱਖੋ। ਪਰ ਇਨਕਾਰੀਆਂ ਦੀ ਇਹ ਚਾਲ ਤਾਂ ਉੱਕਾ ਹੀ ਅਸਫ਼ਲ ਰਹੀ।

26਼ ਫ਼ਿਰਔਨ ਨੇ ਆਪਣੇ ਸਾਥੀਆਂ ਨੂੰ ਆਖਿਆ ਕਿ ਮੈਨੂੰ ਛੱਡ ਦਿਓ ਕਿ ਮੈਂ ਮੂਸਾ ਨੂੰ ਕਤਲ ਕਰ ਦਵਾਂ। ਇਸ (ਮੂਸਾ) ਨੂੰ ਚਾਹੀਦਾ ਹੈ ਕਿ ਆਪਣੇ ਰੱਬ ਨੂੰ (ਮਦਦ ਲਈ) ਬੁਲਾ ਲਵੇ। ਮੈਨੂੰ ਤਾਂ ਇਹ ਵੀ ਡਰ ਹੈ ਕਿ ਇਹ ਤੁਹਾਡਾ ਧਰਮ ਹੀ ਨਾ ਬਦਲ ਦੇਵੇ ਜਾਂ ਦੇਸ਼ ਵਿਚ ਕੋਈ ਫ਼ਸਾਦ ਹੀ ਨਾ ਕਰਾ ਦੇਵੇ।

27਼ ਮੂਸਾ ਨੇ ਕਿਹਾ ਕਿ ਮੈਂ ਹਰੇਕ ਉਸ ਹੰਕਾਰੇ ਹੋਏ ਤੋਂ ਤੁਹਾਡੇ ਰੱਬ ਦੀ ਸ਼ਰਨ ਵਿਚ ਆਉਂਦਾ ਹਾਂ, ਜਿਹੜਾ ਪੁੱਛ-ਗਿੱਛ ਵਾਲੇ ਦਿਨ (ਕਿਆਮਤ) ’ਤੇ ਈਮਾਨ ਨਹੀਂ ਰੱਖਦਾ।

28਼ ਫ਼ਿਰਔਨ ਦੇ ਪਰਿਵਾਰ ਵਿੱਚੋਂ ਇਕ ਮੋਮਿਨ ਪੁਰਸ਼, ਜਿਸ ਨੇ ਆਪਣੇ ਈਮਾਨ ਨੂੰ ਲੁਕਾਇਆ ਹੋਇਆ ਸੀ, ਆਖਣ ਲਗਿਆ, ਕੀ ਤੁਸੀਂ ਇਸ ਵਿਅਕਤੀ ਨੂੰ ਕੇਵਲ ਇਸ ਲਈ ਕਤਲ ਕਰਦੇ ਹੋ ਕਿ ਉਹ ਕਹਿੰਦਾ ਹੈ ਕਿ ਮੇਰਾ ਰੱਬ ਅੱਲਾਹ ਹੈ ਅਤੇ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ (ਨਬੀ ਹੋਣ ਦੀਆਂ) ਖੁੱਲ੍ਹੀਆਂ ਦਲੀਲਾਂ ਲੈ ਕੇ ਆਇਆ ਹੈ ? ਜੇ ਉਹ ਝੂਠਾ ਹੈ ਤਾਂ ਉਸ ਦਾ ਝੂਠ ਆਪ ਉਸੇ ’ਤੇ ਆ ਪਏਗਾ ਹੈ ਅਤੇ ਜੇ ਉਹ ਸੱਚਾ ਹੈ ਤਾਂ (ਅਜ਼ਾਬ) ਦਾ ਕੁੱਝ ਹਿੱਸਾ ਤੁਹਾਨੂੰ ਵੀ ਮਿਲੇਗਾ ਜਿਸ ਦਾ ਉਹ ਤੁਹਾਨੂੰ ਵਾਅਦਾ ਕਰਦਾ ਹੈ। ਬੇਸ਼ੱਕ ਅੱਲਾਹ ਉਸ ਵਿਅਕਤੀ ਨੂੰ ਸਿੱਧੀ ਰਾਹ ਨਹੀਂ ਵਿਖਾਉਂਦਾ ਜਿਹੜਾ (ਨਾ-ਫ਼ਰਮਾਨੀ ਵਿਚ) ਹੱਦੋਂ ਟੱਪਣ ਵਾਲਾ ਹੋਵੇ ਅਤੇ (ਨਾਲ ਹੀ) ਝੂਠਾ ਵੀ ਹੋਵੇ।

29਼ (ਉਸੇ ਵਿਅਕਤੀ ਨੇ ਆਖਿਆ) ਹੇ ਮੇਰੀ ਕੌਮ! ਅੱਜ ਰਾਜ ਤੁਹਾਡਾ ਹੀ ਹੈ ਕਿਉਂ ਜੋ ਧਰਤੀ ’ਤੇ ਤੁਸੀਂ ਹੀ ਗ਼ਲਿਬ (ਭਾਰੂ) ਹੋ। ਫੇਰ ਸਾਨੂੰ ਅੱਲਾਹ ਦੇ ਅਜ਼ਾਬ ਤੋਂ ਕੌਣ ਬਚਾਵੇਗਾ ਜੇ ਉਹ ਸਾਡੇ ’ਤੇ ਆ ਡਿਿਗਆ? ਫ਼ਿਰਔਨ ਬੋਲਿਆ ਕਿ ਮੈਂ ਤਾਂ ਤੁਹਾਨੂੰ ਉਹੀਓ ਬਚਾਓ ਵਾਲਾ ਰਾਹ ਵਿਖਾਉਂਦਾ ਹਾਂ, ਜੋ ਮੈਂ ਆਪ ਵੇਖ ਰਿਹਾ ਹਾਂ ਮੈਂ ਤਾਂ ਭਲਾਈ ਵੱਲ ਹੀ ਤੁਹਾਡੀ ਅਗਵਾਈ ਕਰਦਾ ਹਾਂ।

30਼ ਜਿਹੜਾ ਵਿਅਕਤੀ ਈਮਾਨ ਲਿਆਇਆ ਸੀ ਉਸ ਨੇ ਕਿਹਾ ਕਿ ਹੇ ਮੇਰੀ ਕੌਮ ਵਾਲਿਓ! ਮੈਨੂੰ ਤਾਂ ਇਸ ਗੱਲ ਦਾ ਡਰ ਹੈ ਕਿ ਤੁਹਾਡੇ ’ਤੇ ਉਹੀ ਦਿਨ (ਦਾ ਅਜ਼ਾਬ) ਨਾ ਆ ਜਾਵੇ ਜਿਹੜਾ (ਮਾੜਾ ਸਮਾਂ) ਹੋਰ ਉੱਮਤਾਂ ਉੱਤੇ (ਰਸੂਲਾਂ ਨੂੰ ਝੁਠਲਾਉਣ ਕਾਰਨ) ਆ ਚੁੱਕਿਆ ਹੈ।

31਼ ਜਿਵੇਂ ਨੂਹ ਦੀ ਕੌਮ, ਆਦ, ਸਮੂਦ ਤੇ ਉਹਨਾਂ ਤੋਂ ਬਾਅਦ ਵਾਲੇ ਲੋਕਾਂ ਦਾ ਹਾਲ ਹੋਇਆ ਸੀ। ਅੱਲਾਹ ਆਪਣੇ ਬੰਦਿਆਂ ਉੱਤੇ ਕਿਸੇ ਪ੍ਰਕਾਰ ਦਾ ਜ਼ੁਲਮ ਨਹੀਂ ਕਰਨਾ ਚਾਹੁੰਦਾ।

32਼ ਅਤੇ ਕਿਹਾ ਕਿ ਹੇ ਮੇਰੀ ਕੌਮ ਵਾਲਿਓ! ਮੈਂ ਤੁਹਾਡੇ ਉੱਤੇ ਉਸ ਪੁਕਾਰਨ ਵਾਲੇ ਦਿਨ (ਕਿਆਮਤ) ਤੋਂ ਵੀ ਡਰਦਾ ਹਾਂ।

33਼ ਜਿਸ ਦਿਨ ਤੁਸੀਂ ਪਿੱਠ ਵਿਖਾਕੇ ਭੱਜੋਗੇ ਫੇਰ ਤੁਹਾਨੂੰ ਅੱਲਾਹ (ਦੇ ਅਜ਼ਾਬ) ਤੋਂ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ ਅਤੇ (ਸੱਚੀ ਗੱਲ ਇਹ ਹੈ ਕਿ) ਜਿਸ ਨੂੰ ਅੱਲਾਹ ਹੀ ਗੁਮਰਾਹ ਕਰ ਦੇਵੇ ਉਸ ਨੂੰ ਕੋਈ ਵੀ ਹਿਦਾਇਤ ਦੇਣ ਵਾਲਾ ਨਹੀਂ।

34਼ ਬੇਸ਼ੱਕ ਇਸ (ਮੂਸਾ) ਤੋਂ ਪਹਿਲਾਂ ਤੁਹਾਡੇ ਕੋਲ ਯੂਸੁਫ਼ ਵੀ (ਨਬੀ ਹੋਣ ਦੀਆਂ) ਦਲੀਲਾਂ ਲੈ ਕੇ ਆਇਆ ਸੀ, ਫੇਰ ਵੀ ਤੁਸੀਂ ਉਸ ਦੇ ਬਾਰੇ ਸ਼ੱਕ ਵਿਚ ਹੀ ਰਹੇ ਜੋ ਉਹ ਤੁਹਾਡੇ ਕੋਲ ਨਿਸ਼ਾਨੀਆਂ ਲਿਆਇਆ ਸੀ। ਇੱਥੋਂ ਤਕ ਕਿ ਜਦੋਂ ਉਹ (ਯੂਸੁਫ਼) ਦਾ ਅਕਾਲ ਚਲਾਣਾ ਹੋ ਗਿਆ ਤਾਂ ਤੁਸੀਂ ਆਖਿਆ ਸੀ ਕਿ ਇਹ ਤੋਂ ਮਗਰੋਂ ਅੱਲਾਹ ਹੁਣ ਕਿਸੇ ਰਸੂਲ ਨੂੰ ਨਹੀਂ ਭੇਜੇਗਾ। ਅੱਲਾਹ ਉਸ ਵਿਅਕਤੀ ਨੂੰ ਇਸੇ ਤਰ੍ਹਾਂ ਗੁਮਰਾਹ ਕਰਦਾ ਹੈ ਜਿਹੜਾ ਹੱਦੋਂ ਟੱਪਣ ਵਾਲਾ ਹੈ ਤੇ ਸ਼ੱਕੀ ਹੈ।

35਼ ਜਿਹੜੇ ਲੋਕ ਅੱਲਾਹ ਵੱਲੋਂ ਆਉਣ ਵਾਲੀਆਂ ਆਇਤਾਂ (ਨਿਸ਼ਾਨੀਆਂ) ਵਿਚ ਜਿਹੜੀਆਂ ਉਹਨਾਂ ਕੋਲ ਆਇਆਂ ਹਨ ਬਿਨਾਂ ਕਿਸੇ ਦਲੀਲ ਤੋਂ ਹੀ ਝਗੜਦੇ ਹਨ, ਉਹਨਾਂ ਦਾ ਇਹ ਵਤੀਰਾ ਅੱਲਾਹ ਅਤੇ ਈਮਾਨ ਵਾਲਿਆਂ ਦੀਆਂ ਨਜ਼ਰਾਂ ਵਿਚ ਗ਼ੁੱਸਾ ਚਾੜ੍ਹਣ ਵਾਲਾ ਹੈ। ਇਸੇ ਲਈ ਅੱਲਾਹ ਹਰ ਹੰਕਾਰੇ ਹੋਏ ਸਰਕਸ਼ (ਬਾਗ਼ੀ) ਦੇ ਦਿਲ ਉੱਤੇ ਠੱਪਾ ਲਾ ਦਿੰਦਾ ਹੈ (ਤਾਂ ਜੋ ਸਮਝ ਸੋਚ ਨਾ ਸਕੇ)।

36਼ ਫ਼ਿਰਔਨ ਨੇ ਕਿਹਾ ਕਿ ਹੇ ਹਾਮਾਨ! ਤੂੰ ਮੇਰੇ ਲਈ ਇਕ ਉੱਚਾ ਭਵਨ ਉਸਾਰ ਦੇ ਤਾਂ ਜੋ ਮੈਂ (ਉਸ ੳੱਤੇ ਚੱੜ੍ਹ ਕੇ) ਗਹਾਂ ਤੀਕ ਪਹੁੰਚ ਜਾਵਾਂ।

37਼ ਅਕਾਸ਼ ਦੀਆਂ ਰਾਹਾਂ ਤੀਕ (ਪਹੁੰਚ ਜਾਵਾਂ), ਤਾਂ ਜੋ ਮੈਂ ਮੂਸਾ ਦੇ ਰੱਬ ਨੂੰ ਝਾਤ ਮਾਰ ਕੇ ਵੇਖ ਲਵਾਂ। ਬੇਸ਼ੱਕ ਮੈਂ ਤਾਂ ਉਸ ਨੂੰ ਝੂਠਾ ਸਮਝਦਾ ਹਾਂ, ਇਸ ਤਰ੍ਹਾਂ ਫ਼ਿਰਔਨ ਲਈ ਉਸ ਦੀਆਂ ਭੈੜੀਆਂ ਕਰਤੂਤਾਂ ਸ਼ੋਭਾਵਾਨ ਬਣਾ ਦਿੱਤੀਆਂ ਅਤੇ ਉਸ ਨੂੰ ਸਿੱਧੇ ਰਾਹੋਂ ਰੋਕ ਦਿੱਤਾ ਗਿਆ ਅਤੇ ਫ਼ਿਰਔਨ ਦੀ ਹਰੇਕ ਚਾਲ ਅਸਫਲ ਹੋ ਕੇ ਰਹਿ ਗਈ।

38਼ ਉਸੇ ਈਮਾਨ ਲਿਆਉਣ ਵਾਲੇ ਵਿਅਕਤੀ ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਸਾਰੇ ਮੇਰੇ ਪਿੱਛੇ ਲੱਗੋ, ਮੈਂ ਤੁਹਾਨੂੰ ਭਲਾਈ ਵਾਲੀ ਰਾਹ ਵੱਲ ਲੈ ਜਾਵਾਂਗਾ।

39਼ ਹੇ ਮੇਰੀ ਕੌਮ ਵਾਲਿਓ! ਇਹ ਸੰਸਾਰਿਕ ਜੀਵਨ ਤਾਂ ਥੋੜ੍ਹੇ ਸਮੇਂ ਲਈ ਹੈ ਜਦ ਕਿ ਸਦਾ ਲਈ ਪਰਲੋਕ ਵਿਚ ਹੀ ਰਹਿਣਾ ਹੈ।

40਼ ਜਿਸ ਨੇ ਵੀ ਕੋਈ ਪਾਪ ਕੀਤਾ ਤਾਂ ਉਸ ਪਾਪ ਅਨੁਸਾਰ ਹੀ ਉਸ ਨੂੰ ਬਦਲਾ (ਸਜ਼ਾ) ਦਿੱਤਾ ਜਾਵੇਗਾ ਅਤੇ ਜਿਸ ਨੇ ਕੋਈ ਨੇਕੀ ਕੀਤੀ ਹੋਵੇਗੀ ਭਾਵੇਂ ਉਹ ਮਰਦ ਹੋਵੇ ਭਾਵੇਂ ਔਰਤ, ਪਰ ਹੋਣ ਈਮਾਨ ਵਾਲੇ ਤਾਂ ਇਹੋ ਲੋਕ ਸਵਰਗ ਵਿਚ ਜਾਣਗੇ ਅਤੇ ਉਹਨਾਂ ਨੂੰ ਅਣਗਿਣਤ ਰਿਜ਼ਕ ਦਿੱਤਾ ਜਾਵੇਗਾ।

41਼ ਅਤੇ ਉਸ ਨੇ ਇਹ ਵੀ ਕਿਹਾ ਕਿ ਹੇ ਮੇਰੀ ਕੌਮ! ਮੇਰਾ ਇਸ ਵਿਚ ਕੀ ਲਾਭ ਹੈ? ਮੈਂ ਤਾਂ ਤੁਹਾਨੂੰ ਨਰਕ ਤੋਂ ਮੁਕਤੀ ਵੱਲ ਬੁਲਾ ਰਿਹਾ ਹਾਂ ਜਦ ਕਿ ਤੁਸੀਂ ਮੈਨੂੰ ਅੱਗ ਵੱਲ ਬੁਲਾ ਰਹੇ ਹੋ।

42਼ ਤੁਸੀਂ ਮੈਨੂੰ ਇਸ ਵੱਲ ਬੁਲਾ ਰਹੇ ਹੋ ਕਿ ਮੈਂ ਅੱਲਾਹ ਦਾ ਇਨਕਾਰ ਕਰਾਂ ਅਤੇ ਉਸ ਦੇ ਨਾਲ ਉਸ ਨੂੰ ਸਾਂਝੀ ਬਣਾਵਾਂ ਜਿਸ ਨੂੰ ਮੈਂ ਜਾਣਦਾ ਵੀ ਨਹੀਂ ਅਤੇ ਮੈਂ ਤੁਹਾਨੂੰ ਵੱਡੇ ਜ਼ੋਰਾਵਰ ਤੇ ਬਖ਼ਸ਼ਣਹਾਰ (ਇਸ਼ਟ) ਵੱਲ ਬੁਲਾ ਰਿਹਾ ਹਾਂ।

43਼ ਇਹ ਵੀ ਗੱਲ ਸੱਚ ਹੈ ਕਿ ਤੁਸੀਂ ਜਿਨ੍ਹਾਂ ਵੱਲ ਮੈਨੂੰ ਬੁਲਾ ਰਹੇ ਹੋ ਨਾ ਤਾਂ ਉਹ ਸੰਸਾਰ ਵਿਚ ਪੁਕਾਰਨ ਦੇ ਯੋਗ ਹਨ ਅਤੇ ਨਾ ਹੀ ਆਖ਼ਿਰਤ ਵਿਚ। ਇਹ ਗੱਲ ਵੀ ਲਾਜ਼ਮੀ ਹੈ ਕਿ ਸਾਡਾ ਸਭ ਦਾ ਪਰਤਣਾ ਅੱਲਾਹ ਵੱਲ ਹੀ ਹੈ ਅਤੇ ਨਿਰਸੰਦੇਹ, ਹੱਦਾ ਨੂੰ ਟੱਪਣ ਵਾਲੇ (ਭਾਵ ਉਲੰਘਣਾਕਾਰੀ) ਹੀ ਨਰਕ ਵਿਚ ਜਾਣ ਵਾਲੇ ਹਨ।

44਼ ਛੇਤੀ ਹੀ (ਭਾਵ ਕਿਆਮਤ ਵਾਲੇ ਦਿਨ) ਤੁਸੀਂ ਮੇਰੀਆਂ ਉਹਨਾਂ ਗੱਲਾਂ ਨੂੰ ਯਾਦ ਕਰੋਗੇ ਜੋ ਮੈਂ ਤੁਹਾਨੂੰ ਕਹਿ ਰਿਹਾ ਹਾਂ। ਮੈਂ ਆਪਣਾ ਮਾਮਲਾ ਅੱਲਾਹ ਦੇ ਹਵਾਲੇ ਕਰਦਾ ਹਾਂ। ਬੇਸ਼ੱਕ ਅੱਲਾਹ ਤਾਂ ਸਾਰੇ ਬੰਦਿਆਂ ਨੂੰ ਵੇਖ ਰਿਹਾ ਹੈ।

45਼ ਫੇਰ ਅਸੀਂ ਉਹਨਾਂ ਦੀਆਂ ਭੈੜੀਆਂ ਚਾਲਾਂ ਤੋਂ ਉਸ ਈਮਾਨ ਵਾਲੇ ਨੂੰ ਬਚਾ ਲਿਆ ਅਤੇ ਫ਼ਿਰਔਨੀਆਂ ਨੂੰ ਅਤਿਅੰਤ ਕਰੜੇ ਅਜ਼ਾਬ ਨੇ ਘੇਰ ਲਿਆ।

46਼ ਉਹ (ਅਜ਼ਾਬ) ਨਰਕ ਦੀ ਅੱਗ ਹੈ ਜਿਸ ਦੇ ਸਾਹਮਣੇ ਉਹਨਾਂ ਨੂੰ ਸਵੇਰੇ-ਸ਼ਾਮ ਪੇਸ਼ ਕੀਤਾ ਜਾਂਦਾ ਹੈ ਅਤੇ ਜਿਸ ਦਿਨ ਕਿਆਮਤ ਆਵੇਗੀ (ਹੁਕਮ ਹੋਵੇਗਾ ਕਿ) ਫ਼ਿਰਔਨੀਆਂ ਨੂੰ ਅਤਿਅੰਤ ਕਰੜੇ ਅਜ਼ਾਬ ਵਿਚ ਸੁੱਟ ਦਿਓ।

47਼ ਜਦੋਂ ਉਹ ਨਰਕ ਵਿਚ ਇਕ ਦੂਜੇ ਨਾਲ ਝਗੜਣਗੇ ਤਾਂ ਕਮਜ਼ੋਰ (ਹੀਣੇ) ਲੋਕ ਹੰਕਾਰ ਕਰਨ ਵਾਲਿਆਂ ਨੂੰ ਆਖਣਗੇ ਕਿ ਅਸੀਂ ਤਾਂ (ਸੰਸਾਰ ਵਿਚ) ਤੁਹਾਡੇ ਪਿੱਛੇ ਲੱਗੇ ਹੋਏ ਸੀ। ਕੀ ਤੁਸੀਂ ਸਾਥੋਂ ਅੱਗ ਦਾ ਕੁੱਝ ਭਾਗ ਹਟਾ ਸਕਦੇ ਹੋ ?

48਼ ਘਮੰਡੀ ਲੋਕ ਆਖਣਗੇ ਕਿ ਅਸੀਂ ਸਾਰੇ ਹੀ ਇਸ ਅੱਗ ਵਿਚ (ਸੜ ਰਹੇ) ਹਾਂ। ਬੇਸ਼ੱਕ ਅੱਲਾਹ ਨੇ ਆਪਣੇ ਬੰਦਿਆਂ ਵਿਚਾਲੇ ਫ਼ੈਸਲਾ ਕਰ ਦਿੱਤਾ ਹੈ।

49਼ ਜਦੋਂ ਉਹ ਸਾਰੇ ਲੋਕ ਜਿਹੜੇ ਅੱਗ ਵਿਚ ਹੋਣਗੇ ਤਾਂ ਉਹ ਨਰਕ ਦੇ ਪਹਿਰੇਦਾਰਾਂ ਨੂੰ ਆਖਣਗੇ ਕਿ ਤੁਸੀਂ ਆਪਣੇ ਰੱਬ ਨੂੰ ਬੇਨਤੀ ਕਰੋ ਕਿ ਉਹ ਸਾਡੇ ਅਜ਼ਾਬ ਵਿਚ ਕੇਵਲ ਇਕ ਦਿਨ ਲਈ ਕਮੀ ਕਰ ਦੇਵੇ।

50਼ ਉਹ (ਫ਼ਰਿਸ਼ਤੇ) ਪੁੱਛਣਗੇ, ਕੀ ਤੁਹਾਡੇ ਕੋਲ ਤੁਹਾਡੇ ਰਸੂਲ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਨਹੀਂ ਆਏ ਸਨ? ਉਹ (ਨਰਕੀ) ਆਖਣਗੇ ਕਿਉਂ ਨਹੀਂ ?ਉਹ (ਫ਼ਰਿਸ਼ਤੇ) ਆਖਣਗੇ ਕਿ ਫੇਰ ਤੁਸੀਂ ਆਪੇ ਹੀ (ਅੱਲਾਹ ਨੂੰ) ਬੇਨਤੀ ਕਰੋ ਜਦ ਕਿ ਕਾਫ਼ਿਰਾਂ ਦੀਆਂ ਸਾਰੀਆਂ ਬੇਨਤੀਆਂ ਵਿਅਰਥ ਹੀ ਜਾਣਗੀਆਂ।

51਼ ਬੇਸ਼ੱਕ ਅਸੀਂ ਆਪਣੇ ਪੈਗ਼ੰਬਰਾਂ ਦੀ ਅਤੇ ਈਮਾਨ ਵਾਲਿਆਂ ਦੀ ਮਦਦ ਸੰਸਾਰ ਵਿਚ ਵੀ ਕਰਦੇ ਹਾਂ ਅਤੇ ਉਸ (ਕਿਆਮਤ ਵਾਲੇ) ਦਿਨ ਵੀ ਕਰਾਂਗੇ ਜਦੋਂ ਗਵਾਹ (ਵਜੋਂ ਫ਼ਰਿਸ਼ਤੇ ਤੇ ਪੈਗ਼ੰਬਰ) ਖੜ੍ਹੇ ਹੋਣਗੇ।

52਼ ਉਸ ਦਿਨ ਜ਼ਾਲਮਾਂ ਨੂੰ ਉਹਨਾਂ ਦਾ ਬਹਾਨਾਂ ਕਿਸੇ ਕੰਮ ਨਹੀਂ ਆਵੇਗਾ ਸਗੋਂ ਉਹਨਾਂ ਲਈ ਜ਼ਲਾਲਤ ਹੀ ਜ਼ਲਾਲਤ ਹੋਵੇਗੀ ਅਤੇ ਉਹਨਾਂ ਲਈ ਭੈੜਾ ਟਿਕਾਣਾ ਹੋਵੇਗਾ।

53਼ ਬੇਸ਼ੱਕ ਅਸੀਂ ਮੂਸਾ ਨੂੰ ਹਿਦਾਇਤ (ਤੌਰੈਤ) ਬਖ਼ਸ਼ੀ ਅਤੇ ਬਨੀ-ਇਸਰਾਈਲ ਨੂੰ ਉਸ ਕਿਤਾਬ ਦਾ ਵਾਰਸ ਬਣਾਇਆ।

54਼ (ਇਹ ਕਿਤਾਬ) ਅਕਲ ਵਾਲਿਆਂ ਲਈ ਹਿਦਾਇਤ ਅਤੇ ਨਸੀਹਤ ਹੈ।

55਼ ਸੋ (ਹੇ ਨਬੀ!) ਤੁਸੀਂ ਸਬਰ ਕਰੋ, ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ। ਆਪਣੀਆਂ ਭੁੱਲਾਂ ਦੀ ਬਖ਼ਸ਼ਿਸ਼ ਲਈ ਦੁਆਵਾਂ ਮੰਗੋ ਅਤੇ ਸਵੇਰੇ-ਸ਼ਾਮ (ਹਰ ਵੇਲੇ) ਆਪਣੇ ਪਾਲਣਹਾਰ ਦੀ ਵਡਿਆਈ ਦੇ ਨਾਲ ਉਸ ਦੀ ਤਸਬੀਹ ਬਿਆਨ ਕਰੋ।1

56਼ ਜਿਹੜੇ ਲੋਕੀ ਅੱਲਾਹ ਦੀਆਂ ਆਇਤਾਂ (ਨਿਸ਼ਾਨੀਆਂ) ਵਿਚ, ਜਿਹੜੀਆਂ ਉਹਨਾਂ ਕੋਲ ਆ ਚੁੱਕੀਆਂ ਹਨ, ਬਿਨਾਂ ਕਿਸੇ ਦਲੀਲ ਤੋਂ ਝਗੜਦੇ ਹਨ ਉਹਨਾਂ ਦੇ ਦਿਲਾਂ ਵਿਚ ਵਡਿਆਈ ਦਾ ਭੂਤ ਸਵਾਰ ਹੈ, ਉਹ ਉਸ (ਵਡਿਆਈ) ਤਕ ਪਹੁੰਚ ਵੀ ਨਹੀਂ ਸਕਦੇ। ਸੋ ਤੁਸੀਂ (ਉਹਨਾਂ ਦੀਆਂ ਸ਼ਰਾਰਤਾਂ ਤੋਂ) ਅੱਲਾਹ ਦੀ ਪਨਾਹ ਮੰਗਦੇ ਰਹੋ। ਬੇਸ਼ੱਕ ਉਹੀਓ ਸੁਣਨ ਵਾਲਾ ਅਤੇ ਵੇਖਣ ਵਾਲਾ ਹੈ।

57਼ ਅਕਾਸ਼ ਤੇ ਧਰਤੀ ਦੀ ਰਚਨਾ ਮਨੁੱਖੀ ਰਚਨਾਂ ਤੋਂ ਕਿਤੇ ਵੱਧ ਵੱਡਾ ਕੰਮ ਹੈ, ਪ੍ਰੰਤੂ ਵਧੇਰੇ ਲੋਕ ਨਹੀਂ ਜਾਣਦੇ।

58਼ ਅੱਨਾ ਅਤੇ ਸੁਜਾਖਾ ਇਕੋ ਬਰਾਬਰ ਨਹੀਂ ਹੋ ਸਕਦੇ ਅਤੇ ਨਾ ਹੀ ਉਹ ਲੋਕ ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ ਅਤੇ ਬੁਰਾਈ ਕਰਨ ਵਾਲੇ, ਬਰਾਬਰ ਹਨ। ਤੁਸੀਂ ਲੋਕ ਬਹੁਤ ਹੀ ਘੱਟ ਨਸੀਹਤ ਗ੍ਰਹਿਣ ਕਰਦੇ ਹੋ।

59਼ ਇਸ ਵਿਚ ਕਿਆਮਤ ਦੀ ਘੜੀ ਜ਼ਰੂਰ ਆਵੇਗੀ, ਪ੍ਰੰਤੂ ਵਧੇਰੇ ਲੋਕ ਇਸ ਗੱਲ ਨੂੰ ਨਹੀਂ ਮੰਨਦੇ।

60਼ ਤੁਹਾਡੇ ਪਾਲਣਹਾਰ ਦਾ ਫ਼ਰਮਾਨ ਹੈ ਕਿ ਮੈਨੂੰ ਹੀ ਪੁਕਾਰੋ, ਮੈਂ ਤੁਹਾਡੀਆਂ ਦੁਆਵਾਂ ਨੂੰ ਕਬੂਲ ਕਰਾਂਗਾ। ਸੱਚ ਜਾਣੋਂ ਕਿ ਜਿਹੜੇ ਲੋਕ ਮੇਰੀ ਬੰਦਗੀ ਕਰਨ ਤੋਂ ਮੂੰਹ ਮੋੜਦੇ ਹਨ ਉਹ ਲੋਕ ਜ਼ਲੀਲ ਹੋਕੇ ਨਰਕ ਵਿਚ ਪ੍ਰਵੇਸ਼ ਕਰਨਗੇ।

61਼ ਅੱਲਾਹ ਉਹ ਹੈ ਜਿਸ ਨੇ ਤੁਹਾਡੇ ਲਈ ਰਾਤ ਬਣਾਈ ਤਾਂ ਜੋ ਤੁਸੀਂ ਇਸ ਵਿਚ ਆਰਾਮ ਕਰ ਸਕੋਂ ਅਤੇ ਦਿਨ ਬਣਾਇਆ ਤਾਂ ਜੋ ਤੁਸੀਂ ਵੇਖ ਸਕੋਂ। ਅੱਲਾਹ ਆਪਣੇ ਬੰਦਿਆਂ ’ਤੇ ਕ੍ਰਿਪਾਲਤਾ ਕਰਨ ਵਾਲਾ ਹੈ ਪਰ ਬਹੁਤੇ ਲੋਕ ਸ਼ੁਕਰ ਅਦਾ ਨਹੀਂ ਕਰਦੇ।

62਼ ਇਹੋ ਅੱਲਾਹ ਤੁਹਾਡਾ ਰੱਬ ਹੈ ਅਤੇ ਹਰੇਕ ਚੀਜ਼ ਦਾ ਪੈਦਾ ਕਰਨ ਵਾਲਾ ਹੈ, ਇਸ ਤੋਂ ਛੁੱਟ ਹੋਰ ਕੋਈ ਸੱਚਾ ਇਸ਼ਟ ਨਹੀਂ। ਤੁਸੀਂ ਕਿੱਧਰੋਂ ਬਹਿਕਾਏ ਜਾ ਰਹੇ ਹੋ?

63਼ ਇਸੇ ਪ੍ਰਕਾਰ ਉਹ ਲੋਕ ਵੀ ਬਹਿਕੇ ਫਿਰਦੇ ਰਹੇ, ਜਿਹੜੇ ਰੱਬ ਦੀਆਂ ਆਇਤਾਂ (ਆਦੇਸ਼ਾਂ) ਦਾ ਇਨਕਾਰ ਕਰਿਆ ਕਰਦੇ ਸਨ।

64਼ ਅੱਲਾਹ ਉਹ ਹੈ ਜਿਸ ਨੇ ਧਰਤੀ ਨੂੰ ਤੁਹਾਡੇ ਲਈ ਠਹਿਰਨ ਵਾਲੀ ਥਾਂ ਅਤੇ ਅਕਾਸ਼ ਨੂੰ ਛੱਤ ਬਣਾਇਆ। ਉਸ ਨੇ ਤੁਹਾਡੀਆਂ ਸ਼ਕਲਾਂ ਬਣਾਈਆਂ ਅਤੇ ਬਹੁਤ ਹੀ ਸੋਹਣੀਆਂ ਬਣਾਈਆਂ। ਉਸ ਨੇ ਤੁਹਾਨੂੰ ਪਾਕੀਜ਼ਾਂ ਤੇ ਸਾਫ਼ ਸੁਥਰਾ ਰਿਜ਼ਕ ਦਿੱਤਾ। ਅੱਲਾਹ ਤੁਹਾਡਾ ਪਾਲਣਹਾਰ ਹੈ ਅਤੇ ਬਹੁਤ ਹੀ ਬਰਕਤਾਂ ਵਾਲਾ ਹੈ ਅਤੇ ਸਾਰੇ ਜਹਾਨ ਦਾ ਪਾਲਣਹਾਰ ਹੈ।

65਼ ਉਹ (ਸਦਾ ਲਈ) ਜਿਊਂਦਾ ਹੈ, ਉਸ ਤੋਂ ਛੁੱਟ ਹੋਰ ਕੋਈ (ਸੱਚਾ) ਇਸ਼ਟ ਨਹੀਂ। ਸੋ ਤੁਸੀਂ ਆਪਣੀ ਬੰਦਗੀ ਨੂੰ ਉਸ ਲਈ ਖ਼ਾਲਿਸ ਕਰਦੇ ਹੋਏ ਉਸੇ ਨੂੰ (ਮਦਦ ਲਈ) ਪੁਕਾਰੋ। ਸਾਰੀਆਂ ਸਿਫ਼ਤਾਂ ਅੱਲਾਹ ਲਈ ਹੀ ਹਨ ਜਿਹੜਾ ਸਾਰੇ ਜਹਾਨਾਂ ਦਾ ਰੱਬ ਹੈ।

66਼ (ਹੇ ਨਬੀ!) ਤੁਸੀਂ ਆਖ ਦਿਓ ਕਿ ਮੈਨੂੰ ਉਹਨਾਂ ਸਭ ਦੀ ਇਬਾਦਤ ਕਰਨ ਤੋਂ ਰੋਕ ਦਿੱਤਾ ਹੈ ਕਿ ਮੈਂ ਉਹਨਾਂ ਦੀ ਇਬਾਦਤ ਕਰਾਂ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਛੁੱਟ ਪੁਕਾਰਦੇ ਹੋ, ਜਦ ਕਿ ਮੇਰੇ ਕੋਲ ਰੱਬ ਵੱਲੋਂ ਸਪਸ਼ਟ ਨਿਸ਼ਾਨੀਆਂ ਆ ਚੁੱਕੀਆਂ ਹਨ ਅਤੇ ਮੈਨੂੰ ਇਹ ਹੁਕਮ ਹੋਇਆ ਹੈ ਕਿ ਮੈਂ ਸਾਰੇ ਜਹਾਨਾ ਦੇ ਰੱਬ ਦਾ ਆਗਿਆਕਾਰੀ ਬਣ ਕੇ ਰਹਾਂ।

67਼ (ਅੱਲਾਹ) ਉਹੀਓ ਹੈ ਜਿਸ ਨੇ ਤੁਹਾਨੂੰ (ਪਹਿਲੀ ਵਾਰ) ਮਿੱਟੀ ਤੋਂ ਸਾਜਿਆ, ਫੇਰ ਵੀਰਜ ਤੋਂ, ਫੇਰ ਲਹੂ ਦੇ ਲੋਥੜੇ ਤੋਂ, ਫੇਰ ਉਹ ਤੁਹਾਨੂੰ ਬੱਚੇ ਦੇ ਰੂਪ ਵਿਚ (ਮਾਂ ਦੇ ਗਰਭ ’ਚੋਂ) ਕੱਢਦਾ ਹੈ, ਫੇਰ ਤੁਹਾਨੂੰ ਵਧਾਉਂਦਾ ਹੈ ਤਾਂ ਜੋ ਤੁਸੀਂ ਆਪਣੀ ਪੂਰੀ ਜਵਾਨੀ ਨੂੰ ਪਹੁੰਚ ਜਾਓ, ਫੇਰ (ਵਧਾਉਂਦਾ ਹੈ) ਤਾਂ ਜੋ ਤੁਸੀਂ ਬੁੱਢੇ ਹੋ ਜਾਓ। ਤੁਹਾਡੇ ਵਿੱਚੋਂ ਕੁੱਝ ਇਸ (ਬੁਢਾਪੇ) ਤੋਂ ਪਹਿਲਾਂ ਹੀ ਪੂਰੇ ਹੋ ਜਾਂਦੇ ਹਨ। (ਭਾਵ ਮਰ ਜਾਂਦੇ ਹੋ) ਅਤੇ (ਇਹ ਸਭ ਇਸ ਲਈ ਹੈ) ਤਾਂ ਜੋ ਤੁਸੀਂ ਆਪਣੀ ਨਿਯਤ ਉਮਰ ਤਕ ਪਹੁੰਚ ਜਾਓ ਅਤੇ ਤੁਸੀਂ (ਹਕੀਕਤ ਨੂੰ) ਸਮਝ ਸਕੋ।1

68਼ ਉਹੀ ਜੀਵਨ ਦਿੰਦਾ ਹੈ, ਉਹੀ ਮੌਤ ਦਿੰਦਾ ਹੈ ਫੇਰ ਜਦੋਂ ਉਹ ਕਿਸੇ ਕੰਮ ਨੂੰ ਕਰਨਾ ਚਾਹੁੰਦਾ ਹੈ ਤਾਂ ਕੇਵਲ ਇਹੋ ਕਹਿੰਦਾ ਹੈ ਕਿ ਹੋ ਜਾ ਤੇ ਉਹ ਹੋ ਜਾਂਦਾ ਹੈ।

69਼ ਕੀ ਤੁਸੀਂ ਉਹਨਾਂ ਨੂੰ ਨਹੀਂ ਵੇਖਿਆ ਕਿ ਜਿਹੜੇ ਅੱਲਾਹ ਦਿਆਂ ਆਇਤਾਂ (.ਕੁਰਆਨ) ਵਿਚ ਝਗੜਦੇ ਹਨ ? ਉਹ ਕਿਧਰੋਂ ਫਿਰਾਏ ਜਾ ਰਹੇ ਹੋ।

70਼ ਜਿਹਨਾਂ ਲੋਕਾਂ ਨੇ ਇਸ ਕਿਤਾਬ (.ਕੁਰਆਨ) ਨੂੰ ਝੁਠਲਾਇਆ ਅਤੇ ਉਹਨਾਂ (ਸਿੱਖਿਆਵਾਂ) ਨੂੰ ਝੁਠਲਾਇਆ, ਜਿਨ੍ਹਾਂ ਨਾਲ ਅਸੀਂ ਆਪਣੇ ਰਸੂਲਾਂ ਨੂੰ ਭੇਜਿਆ ਸੀ ਉਹ ਛੇਤੀ ਹੀ (ਹਕੀਕਤ ਨੂੰ) ਜਾਣ ਲੈਣਗੇ।

71਼ ਜਦੋਂ ਉਹਨਾਂ ਦੀਆਂ ਗਰਦਨਾਂ ਵਿਚ ਸੰਗਲ ਤੇ (ਪੈਰਾਂ ਵਿਚ) ਬੇੜੀਆਂ ਹੋਣਗੀਆਂ ਜਿਨ੍ਹਾਂ ਨਾਲ ਜਕੜ ਕੇ ਉਹ ਘਸੀਟੇ ਜਾਣਗੇ।

72਼ (ਪਹਿਲਾਂ) ਉਹ ਉੱਬਲਦੇ ਹੋਏ ਪਾਣੀ ਵਿਚ ਅਤੇ ਫੇਰ (ਨਰਕ ਦੀ) ਅੱਗ ਵਿਚ ਸੁੱਟ ਦਿੱਤੇ ਜਾਣਗੇ।

73਼ ਫੇਰ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਜਿਨ੍ਹਾਂ ਨੂੰ ਤੁਸੀਂ (ਰੱਬ ਦਾ) ਸ਼ਰੀਕ ਬਣਾਉਂਦੇ ਸੀ ਅੱਜ ਉਹ ਕਿੱਥੇ ਹਨ ?

74਼ ਅੱਲਾਹ ਤੋਂ ਛੁੱਟ ਦੂਜੇ ਇਸ਼ਟ ਕਿੱਥੇ ਹਨ ? ਉਹ (ਮੁਸ਼ਰਿਕ) ਆਖਣਗੇ ਕਿ ਉਹ ਤਾਂ ਸਾਥੋਂ ਗੁਆਚ ਗਏ। ਅਸੀਂ ਤਾਂ ਇਸ ਤੋਂ ਪਹਿਲਾਂ ਹੀ (ਅੱਲਾਹ ਤੋਂ ਛੁਟ) ਕਿਸੇ ਨੂੰ ਵੀ ਨਹੀਂ ਪੁਕਾਰਦੇ ਸੀ। ਅੱਲਾਹ ਕਾਫ਼ਿਰਾਂ ਨੂੰ ਇਸੇ ਤਰ੍ਹਾਂ ਕੁਰਾਹੇ ਪਾਉਂਦਾ ਹੈ।

75਼ ਕਿਹਾ ਜਾਵੇਗਾ ਕਿ ਤੁਹਾਡਾ ਇਹ ਭੈੜਾ ਅੰਤ ਇਸ ਲਈ ਹੋਇਆ ਹੈ ਕਿ ਤੁਸੀਂ ਧਰਤੀ ’ਤੇ ਘਮੰਡ ਕਰਦੇ ਸੀ ਅਤੇ (ਇਹ ਅੰਤ) ਇਸ ਲਈ ਵੀ ਹੈ ਕਿ ਤੁਸੀਂ ਆਕੜਦੇ ਸੀ।

76਼ ਹੁਣ ਤੁਸੀਂ ਨਰਕ ਵਿਚ ਸਦਾ ਰਹਿਣ ਲਈ ਉਸ ਦੇ ਬੂਹਿਆਂ ਵਿਚ ਦਾਖ਼ਲਾ ਹੋ ਜਾਓ। ਉਹਨਾਂ ਹੰਕਾਰਿਆਂ ਲਈ ਕਿੰਨਾਂ ਭੈੜਾ ਟਿਕਾਣਾ ਹੈ।

77਼ ਸੋ ਹੇ ਨਬੀ! ਤੁਸੀਂ ਧੀਰਜ ਰੱਖੋ, ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੁੰਦਾ ਹੈ। ਜੇ ਅਸੀਂ ਚਾਹੀਏ ਤਾਂ ਤੁਹਾਨੂੰ ਉਸ ਅਜ਼ਾਬ ਵਿੱਚੋਂ ਕੁੱਝ ਵਿਖਾ ਦਈਏ ਜਿਸ ਦਾ ਅਸੀਂ ਇਹਨਾਂ ਕਾਫ਼ਿਰਾਂ ਨਾਲ ਵਾਅਦਾ ਕੀਤਾ ਹੈ, ਜਾਂ ਅਸੀਂ ਇਸ ਤੋਂ ਪਹਿਲਾਂ ਹੀ ਤੁਹਾਨੂੰ ਮੌਤ ਦੇ ਦਈਏ। ਅੰਤ ਨੂੰ ਉਹ ਸਾਰੇ ਸਾਡੇ ਵੱਲ ਹੀ ਪਰਤਾਏ ਜਾਣਗੇ।

78਼ ਹੇ ਨਬੀ! ਬੇਸ਼ੱਕ ਅਸੀਂ ਤੁਹਾਥੋਂ ਪਹਿਲਾਂ ਵੀ ਬਹੁਤ ਸਾਰੇ ਰਸੂਲ ਭੇਜ ਚੁੱਕੇ ਹਾਂ ਜਿਨ੍ਹਾਂ ਵਿੱਚੋਂ ਕੁੱਝ (ਰਸੂਲਾਂ) ਦੇ ਹਾਲਾਤ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਅਤੇ ਕਈਆਂ ਦੇ ਹਾਲਾਤ ਤੁਹਾਨੂੰ ਬਿਆਨ ਵੀ ਨਹੀਂ ਕੀਤੇ। ਕਿਸੇ ਵੀ ਰਸੂਲ ਦੀ ਇਹ ਤਾਕਤ ਨਹੀਂ ਸੀ ਕਿ ਉਹ ਕੋਈ ਮੌਅਜਜ਼ਾ (ਨਿਸ਼ਾਨੀ) ਅੱਲਾਹ ਦੀ ਆਗਿਆ ਤੋਂ ਬਿਨਾਂ ਲੈ ਆਵੇ। ਜਦੋਂ ਅੱਲਾਹ ਦਾ ਅਜ਼ਾਬ ਆਉਣ ਦਾ ਹੁਕਮ ਆ ਗਿਆ, ਫੇਰ ਉਹਨਾਂ ਦਾ ਇਨਸਾਫ਼ ਨਾਲ ਫ਼ੈਸਲਾ ਕਰ ਦਿੱਤਾ ਗਿਆ ਤੇ ਉਸ ਸਮੇਂ ਝੂਠੇ ਲੋਕ ਘਾਟੇ ਵਿਚ ਰਹੇ।

79਼ ਅੱਲਾਹ ਉਹ ਹੈ ਜਿਸ ਨੇ ਤੁਹਾਡੇ ਲਈ ਮਵੇਸ਼ੀ ਪੈਦਾ ਕੀਤੇ, ਇਨ੍ਹਾਂ ਵਿੱਚੋਂ ਕੁੱਝ ਦੀ ਤੁਸੀਂ ਸਵਾਰੀ ਕਰਦੇ ਹੋ ਅਤੇ ਕੁਝ ਨੂੰ ਤੁਸੀਂ ਖਾਂਦੇ ਹੋ।

80਼ ਉਹਨਾਂ (ਮਵੇਸ਼ੀਆਂ) ਵਿਚ ਤੁਹਾਡੇ ਲਈ ਹੋਰ ਵੀ ਕਈ ਲਾਭ ਹਨ। ਤੁਸੀਂ ਉਹਨਾਂ ’ਤੇ ਸਵਾਰ ਹੋ ਕੇ ਆਪਣੀ ਉਸ ਥਾਂ ਤਕ ਪਹੁੰਚਦੇ ਹੋ ਜਿਸ ਦੀ ਚਾਹਤ ਤੁਹਾਡੇ ਦਿਲਾਂ ਵਿਚ ਹੁੰਦੀ ਹੈ। ਤੁਸੀਂ ਬੇੜੀਆਂ ’ਤੇ ਵੀ ਸਵਾਰ ਹੁੰਦੇ ਹੋ।

81਼ ਉਹ ਅੱਲਾਹ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਵਿਖਾਉਂਦਾ ਹੈ। ਤੁਸੀਂ ਅੱਲਾਹ ਦੀਆਂ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਦਾ ਇਨਕਾਰ ਕਰੋਗੇ।

82਼ ਕੀ ਉਹਨਾਂ (ਇਨਕਾਰੀਆਂ) ਨੇ ਧਰਤੀ ਦੀ ਸੈਰ ਨਹੀਂ ਕੀਤੀ, ਫੇਰ ਉਹ ਵੇਖਦੇ ਕਿ ਉਹਨਾਂ (ਇਨਕਾਰੀਆਂ) ਦਾ ਅੰਤ ਕਿਹੋ ਜਿਹਾ ਹੋਇਆ ਸੀ, ਜਿਹੜੇ ਉਹਨਾਂ ਤੋਂ ਪਹਿਲਾਂ ਹੋਏ ਸੀ। ਉਹ ਗਿਣਤੀ ਵਿਚ ਵੀ ਇਹਨਾਂ ਤੋਂ ਕਿਤੇ ਵੱਧ ਸਨ ਅਤੇ ਵਧੇਰੇ ਸ਼ਕਤੀਸ਼ਾਲੀ ਸਨ ਅਤੇ ਧਰਤੀ ਉੱਤੇ ਛੱਡੇ ਹੋਏ ਚਿੰਨਾਂ ਪੱਖੋਂ ਵੀ ਇਹਨਾਂ ਤੋਂ ਵਾਧੂ ਸਨ। ਉਹ ਲੋਕ ਜੋ ਵੀ ਕਰਦੇ ਸਨ ਉਹ ਉਹਨਾਂ ਦੇ ਕਿਸੇ ਕੰਮ ਨਹੀਂ ਆਇਆ।

83਼ ਜਦੋਂ ਵੀ ਉਹਨਾਂ ਲੋਕਾਂ ਕੋਲ ਉਹਨਾਂ ਦੇ ਰਸੂਲ ਸਪਸ਼ਟ ਪ੍ਰਮਾਣ ਲੈਕੇ ਆਉਂਦੇ ਤਾਂ ਉਹ ਆਪਣੇ ਹੀ ਝੂਠੇ ਗਿਆਨ ਉੱਤੇ ਹੰਕਾਰ ਕਰਦੇ ਰਹੇ ਜਿਹੜਾ ਗਿਆਨ ਉਹਨਾਂ ਦੇ ਕੋਲ ਸੀ। ਅੰਤ ਜਿਸ (ਅਜ਼ਾਬ) ਦਾ ਉਹ ਮਖੌਲ ਕਰਿਆ ਕਰਦੇ ਸੀ ਉਸ ਨੇ ਉਹਨਾਂ ਨੂੰ ਆ ਘੇਰਿਆ।

84਼ ਜਦੋਂ ਉਹਨਾਂ ਨੇ ਸਾਡਾ ਅਜ਼ਾਬ ਵੇਖਿਆ ਤਾਂ ਆਖਣ ਲੱਗੇ ਕਿ ਅਸੀਂ ਇੱਕੋ ਇੱਕ ਅੱਲਾਹ ਉੱਤੇ ਈਮਾਨ ਲਿਆਏ ਹਾਂ ਅਤੇ ਜਿਨ੍ਹਾਂ ਨੂੰ ਅਸੀਂ ਉਸ ਦਾ ਸਾਝੀ ਬਣਾਉਂਦੇ ਸੀ, ਅਸੀਂ ਉਹਨਾਂ ਸਭ ਦਾ ਇਨਕਾਰ ਕਰਦੇ ਹਾਂ।

85਼ ਪ੍ਰੰਤੂ ਜਦੋਂ ਉਹਨਾਂ ਨੇ ਸਾਡਾ ਅਜ਼ਾਬ ਵੇਖ ਲਿਆ ਤਾਂ ਉਹਨਾਂ ਦੇ ਈਮਾਨ ਲਿਆਉਣ ਨੇ ਉਹਨਾਂ ਨੂੰ ਕੁੱਝ ਵੀ ਲਾਭ ਨਹੀਂ ਦਿੱਤਾ। ਇਹੋ ਅੱਲਾਹ ਦਾ ਨਿਯਤ ਤਰੀਕਾ ਹੈ, ਜਿਹੜਾ ਉਸ ਦੇ ਬੰਦਿਆਂ ਵਿਚ ਸਦਾ ਤੋਂ ਲਾਗੂ ਹੈ ਅਤੇ ਉਸ ਸਮੇਂ ਇਨਕਾਰੀ ਘਾਟੇ ਵਿਚ ਪੈ ਗਏ।