The Noble Qur'an Encyclopedia
Towards providing reliable exegeses and translations of the meanings of the Noble Qur'an in the world languagesCrouching [Al-Jathiya] - Bunjabi translation
Surah Crouching [Al-Jathiya] Ayah 37 Location Maccah Number 45
1਼ ਹਾ, ਮੀਮ।
2਼ ਇਹ ਕਿਤਾਬ (.ਕੁਰਆਨ) ਅੱਲਾਹ ਵੱਲੋਂ ਉਤਾਰੀ ਗਈ ਹੈ। ਜਿਹੜਾ ਅਤਿਅੰਤ ਜ਼ੋਰਾਵਰ ਤੇ ਵੱਡਾ ਯੁਕਤੀਮਾਨ ਹੈ।
3਼ ਨਿਰਸੰਦੇਹ, ਅਕਾਸ਼ਾਂ ਤੇ ਧਰਤੀ ਵਿਚ ਈਮਾਨ ਵਾਲਿਆਂ ਲਈ (ਰੱਬ ਦੀ ਕੁਦਰਤ ਦੀਆਂ) ਕਿੰਨੀਆਂ ਹੀ ਨਿਸ਼ਾਨੀਆਂ ਹਨ।
4਼ ਤੁਹਾਡੀ ਆਪਣੀ ਸਿਰਜਣਾ ਵਿਚ ਵੀ ਅਤੇ ਉਹਨਾਂ ਜਾਨਵਰਾਂ ਵਿਚ ਵੀ, ਜਿਨ੍ਹਾਂ ਨੂੰ ਅੱਲਾਹ (ਧਰਤੀ ਵਿਚ) ਫੈਲਾ ਰਿਹਾ ਹੈ, ਉਹਨਾਂ ਲੋਕਾਂ ਲਈ ਵੱਡੀਆਂ ਨਿਸ਼ਾਨੀਆਂ ਹਨ, ਜਿਹੜੇ ਅੱਲਾਹ ਉੱਤੇ ਯਕੀਨ ਰੱਖਦੇ ਹਨ।
5਼ ਰਾਤ ਤੇ ਦਿਨ ਦੇ ਬਦਲ-ਬਦਲ ਕੇ ਆਉਣ-ਜਾਣ ਵਿਚ ਅਤੇ ਉਸ ਰਿਜ਼ਕ (ਪਾਣੀ) ਵਿਚ ਜਿਹੜਾ ਅੱਲਾਹ ਨੇ ਅਕਾਸ਼ੋਂ ਨਾਜ਼ਿਲ ਕੀਤਾ ਹੈ, ਫੇਰ ਉਸ ਰਾਹੀਂ ਮੋਈ ਪਈ ਧਰਤੀ ਨੂੰ ਜਿਊਂਦਾ ਕਰਦਾ ਹੈ ਅਤੇ ਹਵਾਵਾਂ ਦੀਆਂ ਦਿਸ਼ਾਵਾਂ ਬਦਲਣ ਵਿਚ ਸੂਝ-ਬੂਝ ਰੱਖਣ ਵਾਲਿਆਂ ਲਈ ਕਿੰਨੀਆਂ ਹੀ ਨਿਸ਼ਾਨੀਆਂ ਹਨ।
6਼ ਇਹ ਅੱਲਾਹ ਦੀਆਂ ਆਇਤਾਂ (ਨਿਸ਼ਾਨੀਆਂ) ਹਨ ਜਿਨ੍ਹਾਂ ਨੂੰ ਅਸੀਂ ਤੁਹਾਡੇ ਸਾਮ੍ਹਣੇ ਹੱਕ ਸੱਚ ਨਾਲ ਬਿਆਨ ਕਰ ਰਹੇ ਹਨ। ਹੁਣ ਉਹ ਉਸ (ਅੱਲਾਹ) ਦੀਆਂ ਨਿਸ਼ਾਨੀਆਂ ਤੋਂ ਮਗਰੋਂ ਕਿਹੜੀ ਗੱਲ ’ਤੇ ਈਮਾਨ ਲਿਉਣਗੇ ?
7਼ ਹਰੇਕ ਝੂਠੇ ਗੁਨਾਹਗਾਰ ਲਈ ਬਰਬਾਦੀ ਹੈ।
8਼ ਜਦੋਂ ਅੱਲਾਹ ਦੀਆਂ ਆਇਤਾਂ ਉਸ ਦੇ ਸਾਮ੍ਹਣੇ ਪੜ੍ਹੀਆਂ ਜਾਂਦੀਆਂ ਹਨ ਅਤੇ ਉਹ ਉਨ੍ਹਾਂ ਨੂੰ ਸੁਣਦਾ ਵੀ ਹੈ, ਪਰ ਉਹ ਹੰਕਾਰ ਵਿਚ ਆ ਕੇ ਆਪਣੀ ਗੱਲ ਉੱਤੇ ਅੜ ਜਾਂਦਾ ਹੈ ਜਿਵੇਂ ਉਸ ਨੇ ਕੁੱਝ ਸੁਣਿਆ ਹੀ ਨਹੀਂ। (ਹੇ ਨਬੀ!) ਤੁਸੀਂ ਉਸ ਨੂੰ ਦਰਦਨਾਕ ਅਜ਼ਾਬ ਦੀ ਖ਼ੁਸ਼ਖ਼ਬਰੀ ਸੁਣਾ ਦਿਓ।
9਼ ਜਦੋਂ ਉਹ ਸਾਡੀਆਂ ਕੁੱਝ ਆਇਤਾਂ (ਆਦੇਸ਼ਾਂ) ਵਿੱਚੋਂ ਕੁਝ ਨੂੰ ਜਾਣ ਲੈਂਦਾ ਹੈ ਤਾਂ ਉਹਨਾਂ ਦਾ ਮਖੌਲ ਉਡਾਉਂਦਾ ਹੈ, ਅਜਿਹੇ ਲੋਕਾਂ ਲਈ ਹੀਣਤਾ ਭਰਿਆ ਅਜ਼ਾਬ ਹੈ।
10਼ ਉਹਨਾਂ ਦੇ ਅੱਗੇ ਨਰਕ ਹੈ। ਜੋ ਕੁੱਝ ਵੀ ਉਹਨਾਂ ਨੇ ਸੰਸਾਰ ਵਿਚ ਕਮਾਇਆ ਹੈ, ਉਹ ਉਹਨਾਂ ਦੇ ਕੁੱਝ ਵੀ ਕੰਮ ਨਹੀਂ ਆਵੇਗਾ ਅਤੇ ਨਾ ਹੀ ਉਹ ਇਸ਼ਟ ਕੰਮ ਆਉਣਗੇ ਜਿਨ੍ਹਾਂ ਨੂੰ ਉਹਨਾਂ ਨੇ ਅੱਲਾਹ ਤੋਂ ਛੁੱਟ ਆਪਣਾ ਕਾਰਜ-ਸਾਧਕ ਬਣਾ ਛੱਡਿਆ ਹੈ ਅਤੇ ਉਹਨਾਂ ਲਈ ਦੁਖਦਾਈ ਅਜ਼ਾਬ ਹੈ।
11਼ ਇਹ (.ਕੁਰਆਨ) ਤਾਂ ਹਿਦਾਇਤ ਹੈ ਅਤੇ ਉਹ ਲੋਕ ਜਿਨ੍ਹਾਂ ਨੇ ਆਪਣੇ ਰੱਬ ਦੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਕੀਤਾ ਹੈ, ਉਹਨਾਂ ਲਈ ਲੋਹੜੇ ਦਾ ਦੁਖਦਾਈ ਅਜ਼ਾਬ ਹੈ।
12਼ ਅੱਲਾਹ ਉਹ ਹੈ ਜਿਸ ਨੇ ਸਮੁੰਦਰ ਨੂੰ ਤੁਹਾਡੇ ਅਧੀਨ ਕਰ ਰੱਖਿਆ ਹੈ ਤਾਂ ਜੋ ਉਸ ਦੇ ਹੁਕਮ ਨਾਲ ਇਸ ਵਿਚ ਬੇੜੀਆਂ ਚੱਲਣ, ਤਾਂ ਜੋ ਤੁਸੀਂ ਉਸ ਵਿੱਚੋਂ ਉਸ ਦਾ ਫ਼ਜ਼ਲ (ਰਿਜ਼ਕ) ਦੀ ਭਾਲ ਕਰ ਸਕੋਂ ਅਤੇ ਉਸ ਦੇ ਧੰਨਵਾਦੀ ਹੋਵੋਂ।
13਼ ਉਸ (ਅੱਲਾਹ) ਨੇ ਆਪਣੇ ਵੱਲੋਂ, ਜੋ ਕੁੱਝ ਅਕਾਸ਼ਾਂ ਵਿਚ ਅਤੇ ਜੋ ਕੁੱਝ ਧਰਤੀ ਵਿਚ ਹੈ, ਉਹ ਸਭ ਤੁਹਾਡੇ ਅਧੀਨ ਕਰ ਛੱਡਿਆ ਹੈ। ਬੇਸ਼ੱਕ ਇਸ ਵਿਚ ਉਹਨਾਂ ਲੋਕਾਂ ਲਈ ਨਿਸ਼ਾਨੀਆਂ ਹਨ ਜਿਹੜੇ ਸੋਚ ਵਿਚਾਰ ਕਰਦੇ ਹਨ।
14਼ (ਹੇ ਨਬੀ!) ਤੁਸੀਂ ਈਮਾਨ ਵਾਲਿਆਂ ਨੂੰ ਆਖ ਦਿਓ ਕਿ ਉਹ ਉਹਨਾਂ ਲੋਕਾਂ ਦੀ ਪਰਵਾਹ ਨਾ ਕਰਨ ਜਿਹੜੇ ਅੱਲਾਹ ਵੱਲੋਂ ਮਾੜੇ ਦਿਨਾਂ (ਭਾਵ ਕਿਆਮਤ) ਦੇ ਆਉਣ ਦਾ ਵਿਸ਼ਵਾਸ ਨਹੀਂ ਰੱਖਦੇ, ਤਾਂ ਜੋ ਅੱਲਾਹ ਕੁੱਝ ਲੋਕਾਂ ਨੂੰ ਉਹਨਾਂ (ਦੇ ਕਰਮਾਂ) ਦੀ ਸਜ਼ਾ ਦੇਵੇ ਜੋ ਉਹ ਕਮਾਉਂਦੇ ਰਹੇ ਹਨ।
15਼ ਜਿਹੜਾ ਕੋਈ ਨੇਕ ਕੰਮ ਕਰੇਗਾ ਤਾਂ ਉਸ ਦਾ ਲਾਭ ਉਸ ਨੂੰ ਹੋਵੇਗਾ ਅਤੇ ਜਿਸ ਨੇ ਬੁਰੇ ਕੰਮ ਕੀਤੇ ਤਾਂ ਉਸ ਦੀ ਸਜ਼ਾ ਵੀ ਉਹੀਓ ਭੋਗੇਗਾ ਅਤੇ ਤੁਸੀਂ ਸਾਰੇ ਆਪਣੇ ਰੱਬ ਵੱਲ ਹੀ ਪਰਤਾਏ ਜਾਵੋਗੇ।
16਼ (ਇਸ ਤੋਂ ਪਹਿਲਾਂ) ਅਸੀਂ ਬਨੀ-ਇਸਰਾਈਲ ਨੂੰ ਕਿਤਾਬ (ਤੌਰੈਤ), ਹਕੂਮਤ ਅਤੇ ਪੈਗ਼ੰਬਰੀ ਬਖ਼ਸ਼ੀ ਸੀ ਅਤੇ ਉਹਨਾਂ ਨੂੰ ਪਵਿੱਤਰ ਰਿਜ਼ਕ ਬਖ਼ਸ਼ਿਆ ਅਤੇ ਉਹਨਾਂ ਨੂੰ ਕੁੱਲ ਜਹਾਨ ਦੀਆਂ ਕੌਮਾਂ ਉੱਤੇ ਵਡਿਆਈ ਬਖ਼ਸ਼ੀ।
17਼ ਅਤੇ ਅਸੀਂ ਉਹਨਾਂ ਨੂੰ ਧਰਮ ਪੱਖੋਂ ਖੁੱਲ੍ਹੀਆਂ ਦਲੀਲਾਂ ਬਖ਼ਸ਼ੀਆਂ। ਫੇਰ ਆਪਣੇ ਕੋਲ ਗਿਆਨ ਆਉਣ ਮਗਰੋਂ, ਕੇਵਲ ਆਪੋ ਵਿਚ ਹਟਧਰਮੀ ਕਾਰਨ ਉਹਨਾਂ ਵਿਚਾਲੇ ਮਤਭੇਦ ਹੋ ਗਏ। ਬੇਸ਼ੱਕ ਤੁਹਾਡਾ ਰੱਬ ਕਿਆਮਤ ਦਿਹਾੜੇ ਉਹਨਾਂ ਗੱਲਾਂ ਦਾ ਫ਼ੈਸਲਾ ਕਰ ਦੇਵੇਗਾ ਜਿਨ੍ਹਾਂ ਵਿਚ ਉਹ ਮਤਭੇਦ ਕਰਦੇ ਰਹੇ ਹਨ।
18਼ (ਹੇ ਨਬੀ!) ਅਸੀਂ ਤੁਹਾਨੂੰ ਧਰਮ ਦੇ ਮਾਮਲੇ ਵਿਚ ਇਕ ਸ਼ਰੀਅਤ (ਸਪਸ਼ਟ ਰਾਹ) ਉੱਤੇ ਕਾਇਮ ਕੀਤਾ ਹੈ, ਸੋ ਤੁਸੀਂ ਉਸ ਰਾਹ ’ਤੇ ਤੁਰੋ ਅਤੇ ਉਹਨਾਂ ਲੋਕਾਂ ਦੀਆਂ ਕਾਮਨਾਵਾਂ ਦੇ ਪਿੱਛੇ ਨਾ ਲੱਗੋ ਜਿਹੜੇ ਅਗਿਆਨੀ ਹਨ।
19਼ ਬੇਸ਼ੱਕ ਇਹ ਲੋਕ (ਅੱਲਾਹ ਦੇ ਅਜ਼ਾਬ ਤੋਂ ਬਚਾਉਣ ਲਈ) ਤੁਹਾਡੇ ਕੁਝ ਵੀ ਕੰਮ ਨਹੀਂ ਆਉਣਗੇ। ਬੇਸ਼ੱਕ ਜ਼ਾਲਿਮ ਲੋਕ ਹੀ ਇਕ ਦੂਜੇ ਦੇ ਮਿੱਤਰ ਹਨ ਅਤੇ ਅੱਲਾਹ ਮੁੱਤਕੀਆਂ (ਰੱਬ ਦਾ ਡਰ ਰੱਖਣ ਵਾਲਿਆਂ) ਦਾ ਮਿੱਤਰ ਹੈ।
20਼ ਇਹ (.ਕੁਰਆਨ) ਲੋਕਾਂ ਲਈ ਹਿਦਾਇਤ ਵਾਲੀਆਂ ਦਲੀਲਾਂ ’ਤੇ ਆਧਾਰਿਤ ਹੈ ਅਤੇ ਉਹਨਾਂ ਲਈ ਹਿਦਾਇਤ ਅਤੇ ਰਹਿਮਤ ਹੈ ਜਿਹੜੇ ਇਸ ਉੱਤੇ ਵਿਸ਼ਵਾਸ ਰਖਦੇ ਹਨ।1
21਼ ਕੀ ਉਹ ਲੋਕ ਜਿਨ੍ਹਾਂ ਨੇ ਬੁਰਾਈਆਂ ਕੀਤੀਆਂ ਹਨ, ਇਹ ਸਮਝੀਂ ਬੈਠੇ ਹਨ ਕਿ ਅਸੀਂ ਉਹਨਾਂ ਨੂੰ ਅਤੇ ਈਮਾਨ ਲਿਆਉਣ ਵਾਲਿਆਂ ਤੇ ਭਲੇ ਕੰਮ ਕਰਨ ਵਾਲਿਆਂ ਨੂੰ ਇੱਕੋ ਜਿਹਾ ਕਰ ਦਿਆਂਗੇ ਕਿ ਉਹਨਾਂ ਦਾ ਜਿਊਣ ਮਰਨ ਇਕ ਬਰਾਬਰ ਹੋ ਜਾਵੇ ? ਉਹ ਬਹੁਤ ਹੀ ਭੈੜੇ ਫ਼ੈਸਲੇ ਕਰ ਰਹੇ ਹਨ।
22਼ ਅੱਲਾਹ ਨੇ ਅਕਾਸ਼ਾਂ ਤੇ ਧਰਤੀ ਨੂੰ ਹੱਕ ਦੇ ਆਧਾਰ ’ਤੇ ਸਾਜਿਆ ਹੈ, ਤਾਂ ਜੋ ਹਰੇਕ ਵਿਅਕਤੀ ਨੂੰ ਉਸ ਦੇ ਅਮਲਾਂ ਦਾ ਠੀਕ-ਠੀਕ ਬਦਲਾ ਦਿੱਤਾ ਜਾਵੇ। ਉਹਨਾਂ ਉੱਤੇ ਕੋਈ ਜ਼ੁਲਮ ਨਹੀਂ ਕੀਤਾ ਜਾਵੇਗਾ। 2
23਼ ਕੀ ਤੁਸੀਂ ਕਦੇ ਉਸ ਵਿਅਕਤੀ ਨੂੰ ਵੇਖਿਆ ਹੈ ਜਿਸ ਨੇ ਆਪਣੀ ਮਨੋਕਾਮਨਾ ਨੂੰ ਆਪਣਾ ਇਸ਼ਟ ਬਣਾ ਰੱਖਿਆ ਹੈ। ਅੱਲਾਹ ਨੇ ਉਸ ਨੂੰ ਕੁਰਾਹੇ ਪਾ ਸੁੱਟਿਆ ਅਤੇ ਉਸ ਦੇ ਕੰਨਾਂ ਅਤੇ ਦਿਲ (ਅਕਲ) ਉੱਤੇ ਮੋਹਰ ਲਾ ਛੱਡੀ ਹੈ ਅਤੇ ਉਸ ਦੀਆਂ ਅੱਖਾਂ ’ਤੇ ਪੜਦਾ ਪਾ ਦਿੱਤਾ, ਜਦ ਕਿ ਉਸ ਨੂੰ (ਹੱਕ-ਸੱਚ ਦਾ) ਗਿਆਨ ਸੀ। ਅੱਲਾਹ ਤੋਂ ਛੁੱਟ ਹੋਰ ਕੌਣ ਹੈ ਜਿਹੜਾ ਉਸ ਨੂੰ ਹਿਦਾਇਤ ਦੇਵੇ ? ਕੀ ਤੁਸੀਂ ਫੇਰ ਵੀ ਨਸੀਹਤ ਗ੍ਰਹਿਣ ਨਹੀਂ ਕਰਦੇ ?
24਼ ਉਹ ਲੋਕ ਆਖਦੇ ਹਨ ਕਿ ਸਾਡਾ ਜੀਵਨ ਤਾਂ ਬੱਸ ਇਹੋ (ਸੰਸਾਰਿਕ ਜੀਵਨ) ਹੈ, ਅਸੀਂ ਇੱਥੇ ਹੀ ਮਰਦੇ ਹਾਂ ਅਤੇ ਇੱਥੇ ਹੀ ਜਿਊਂਦੇ ਹਾਂ, ਸਮੇਂ ਦਾ ਫੇਰ ਹੀ ਸਾਨੂੰ ਹਲਾਕ ਕਰਦਾ ਹੈ।1 (ਹੇ ਨਬੀ) ਇਹਨਾਂ ਲੋਕਾਂ ਨੂੰ ਇਸ ਦੀ ਕੁੱਝ ਵੀ ਜਾਣਕਾਰੀ ਨਹੀਂ। ਇਹ ਲੋਕ ਤਾਂ ਨਿਰੀ ਅਟਕਲ ਦੇ ਆਧਾਰ ’ਤੇ ਹੀ ਗੱਲਾਂ ਕਰਦੇ ਹਨ।
25਼ ਜਦੋਂ ਇਹਨਾਂ ਨੂੰ ਸਾਡੀਆਂ ਸਪਸ਼ਟ ਆਇਤਾਂ ਸੁਣਾਈਆਂ ਜਾਂਦੀਆਂ ਹਨ, ਤਾਂ ਉਹਨਾਂ ਦੀ ਦਲੀਲ ਤਾਂ ਬੱਸ ਇਹੋ ਹੁੰਦੀ ਹੈ ਕਿ ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਸੱਚੇ ਹੋ ਤਾਂ ਸਾਡੇ ਪਿਓ ਦਾਦਿਆਂ ਨੂੰ ਉਠਾ ਲਿਆਓ।
26਼ (ਹੇ ਨਬੀ!) ਤੁਸੀਂ ਆਖ ਦਿਓ ਕਿ ਅੱਲਾਹ ਹੀ ਤੁਹਾਨੂੰ ਜਿਊਂਦਾ ਕਰਦਾ ਹੈ, ਉਹੀਓ ਤੁਹਾਨੂੰ ਮੌਤ ਦਿੰਦਾ ਹੈ, ਫੇਰ ਕਿਆਮਤ ਦਿਹਾੜੇ ਉਹੀਓ ਤੁਹਾਨੂੰ ਜਮ੍ਹਾਂ ਕਰੇਗਾ, ਜਿਸ ਦੇ ਆਉਣ ਵਿਚ ਕੁੱਝ ਵੀ ਸ਼ੱਕ ਨਹੀਂ। ਪਰ ਵਧੇਰੇ ਲੋਕ ਜਾਣਦੇ ਨਹੀਂ।
27਼ ਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਅੱਲਾਹ ਦੀ ਹੀ ਹੈ ਅਤੇ ਜਦੋਂ ਕਿਆਮਤ ਦੀ ਘੜੀ ਆਵੇਗੀ, ਉਸ ਦਿਨ ਝੂਠੇ ਲੋਕ ਘਾਟੇ ਵਿਚ ਰਹਿਣਗੇ।
28਼ (ਹੇ ਨਬੀ!) ਉਸ ਦਿਨ ਤੁਸੀਂ ਹਰੇਕ ਉੱਮਤ ਨੂੰ ਗੋਡਿਆਂ ਭਾਰ ਡਿੱਗਿਆ ਵੇਖੋਗੇ। ਹਰੇਕ ਉੱਮਤ ਨੂੰ ਉਸ ਦੀ ਕਰਮ-ਪਰਤੀ ਵੱਲ ਸੱਦਿਆ ਜਾਵੇਗਾ। (ਉਹਨਾਂ ਨੂੰ ਆਖਿਆ ਜਾਵੇਗਾ ਕਿ) ਅੱਜ ਤੁਹਾਨੂੰ ਉਹਨਾਂ ਕਰਮਾਂ ਦਾ ਬਦਲਾ ਦਿੱਤਾ ਜਾਵੇਗਾ ਜਿਹੜੇ ਤੁਸੀਂ (ਸੰਸਾਰ ਵਿਚ) ਕਰਦੇ ਹਰੇ ਸੀ।
29਼ ਆਖਿਆ ਜਾਵੇਗਾ ਕਿ ਇਹ (ਕਰਮ-ਪਤਰੀ) ਸਾਡੀ ਕਿਤਾਬ ਹੈ। ਇਹ ਤੁਹਾਡੇ ਬਾਰੇ ਸੱਚ ਬੋਲਦੀ ਹੈ। ਨਿਰਸੰਦੇਹ, ਅਸੀਂ ਉਹੀਓ ਲਿਖਵਾਉਂਦੇ ਸੀ ਜੋ ਤੁਸੀਂ ਕਰਮ ਕਰਦੇ ਰਹੇ ਹੋ।
30਼ ਪਰੰਤੂ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਕੰਮ ਵੀ ਭਲੇ ਕੀਤੇ ਅੱਲਾਹ ਉਹਨਾਂ ਨੂੰ ਆਪਣੀ ਮਿਹਰ (ਭਾਵ ਸਵਰਗ) ਵਿਚ ਦਾਖ਼ਿਲ ਕਰੇਗਾ। ਇਹੋ ਅਸਲੀ ਕਾਮਯਾਬੀ ਹੈ।
31਼ ਅਤੇ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਉਹਨਾਂ ਨੂੰ ਪੁੱਛਿਆ ਜਾਵੇਗਾ ਕਿ ਕੀ ਤੁਹਾਨੂੰ ਮੇਰੀਆਂ ਆਇਤਾਂ ਨਹੀਂ ਸੁਣਾਈਆਂ ਜਾਂਦੀਆਂ ਸੀ ? ਪਰ ਤੁਸੀਂ ਘਮੰਡ ਕੀਤਾ, ਕਿਉਂ ਜੋ ਤੁਸੀਂ ਅਪਰਾਧੀ ਸੀ।
32਼ ਜਦੋਂ ਤੁਹਾਨੂੰ ਆਖਿਆ ਜਾਂਦਾ ਸੀ ਕਿ ਅੱਲਾਹ ਦਾ ਵਾਅਦਾ ਸੱਚਾ ਹੈ, ਕਿਆਮਤ ਦੇ ਆਉਣ ਵਿਚ ਕੋਈ ਸ਼ੱਕ ਨਹੀਂ, ਤਾਂ ਤੁਸੀਂ ਆਖਦੇ ਸੀ ਕਿ ਅਸੀਂ ਨਹੀਂ ਜਾਣਦੇ ਕਿ ਕਿਆਮਤ ਕੀ ਹੈ ? ਸਾਨੂੰ ਤਾਂ ਬੱਸ ਇਕ ਭਰਮ ਜਿਹਾ ਹੈ, ਪਰ ਅਸੀਂ ਯਕੀਨ ਨਹੀਂ ਕਰ ਸਕਦੇ।
33਼ (ਉਸ ਦਿਹਾੜੇ) ਇਹਨਾਂ ਦੇ ਸਾਹਮਣੇ ਇਹਨਾਂ ਦੀਆਂ ਕਰਤੂਤਾਂ ਪ੍ਰਗਟ ਹੋ ਜਾਣਗੀਆਂ ਅਤੇ ਫੇਰ ਇਹਨਾਂ ਨੂੰ ਉਹ ਅਜ਼ਾਬ ਘੇਰ ਲਵੇਗਾ ਜਿਸ ਦਾ ਇਹ ਮਖੌਲ ਉਡਾਇਆ ਕਰਦੇ ਸਨ।
34਼ ਉਹਨਾਂ (ਨਰਕੀਆਂ) ਨੂੰ ਆਖਿਆ ਜਾਵੇਗਾ ਕਿ ਅੱਜ ਅਸੀਂ ਤੁਹਾਨੂੰ ਉਸੇ ਤਰ੍ਹਾਂ ਭੁੱਲ ਜਾਵਾਂਗੇ ਜਿਵੇਂ ਤੁਸੀਂ ਇਸ ਦਿਹਾੜੀ ਦੀ ਮਿਲਣੀ ਨੂੰ ਭੁੱਲ ਗਏ ਸੀ ਅਤੇ ਤੁਹਾਡਾ ਟਿਕਾਣਾ ਅੱਗ ਹੈ, ਜਿੱਥੇ ਤੁਹਾਡਾ ਕੋਈ ਵੀ ਸਹਾਈ ਨਹੀਂ ਹੋਵੇਗਾ।
35਼ (ਇਹ ਤੁਹਾਡਾ ਅੰਤ) ਇਸ ਲਈ ਹੋਇਆ ਹੈ ਕਿਉਂ ਜੋ ਤੁਸੀਂ ਅੱਲਾਹ ਦੀਆਂ ਆਇਤਾਂ (.ਕੁਰਆਨ) ਦਾ ਮਖੌਲ ਬਣਾ ਛੱਡਿਆ ਸੀ ਅਤੇ ਸੰਸਾਰਿਕ ਜੀਵਨ ਨੇ ਤੁਹਾਨੂੰ ਧੋਖੇ ਵਿਚ ਪਾ ਰੱਖਿਆ ਸੀ। ਸੋ ਅੱਜ ਉਹ ਇਸ ਨਰਕ ’ਚੋਂ ਕੱਢੇ ਨਹੀਂ ਜਾਣਗੇ ਤੇ ਨਾ ਹੀ ਉਹਨਾਂ ਤੋਂ ਅੱਲਾਹ ਨੂੰ ਰਾਜ਼ੀ ਕਰਨ (ਲਈ ਮੁਆਫ਼ੀ) ਦੀ ਮੰਗ ਕੀਤੀ ਜਾਵੇਗੀ।1
36਼ ਸੋ ਸਾਰੀਆਂ ਤਾਰੀਫ਼ਾ ਅੱਲਾਹ ਲਈ ਹੀ ਹਨ ਜਿਹੜਾ ਅਕਾਸ਼ਾਂ ਤੇ ਧਰਤੀ ਦਾ ਰੱਬ ਹੈ ਅਤੇ ਕੁੱਲ ਜਹਾਨਾਂ ਦਾ ਪਾਲਣਹਾਰ ਹੈ।
37਼ ਅਕਾਸ਼ਾਂ ਤੇ ਧਰਤੀ ਵਿਚ ਉਸੇ ਦੀ ਵਡਿਆਈ ਹੈ, ਉਹੀ ਵੱਡਾ ਜ਼ੋਰਾਵਰ ਅਤੇ ਯੁਕਤੀਮਾਨ ਹੈ।