The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe victory [Al-Fath] - Bunjabi translation
Surah The victory [Al-Fath] Ayah 29 Location Madanah Number 48
1਼ (ਹੇ ਨਬੀ!) ਬੇਸ਼ੱਕ ਅਸੀਂ ਤੁਹਾਨੂੰ ਖੱਲ੍ਹੀ ਫ਼ਤਿਹ ਬਖ਼ਸ਼ ਦਿੱਤੀ ਹੈ।
2਼ ਤਾਂ ਜੋ ਅੱਲਾਹ ਤੁਹਾਡੀਆਂ ਸਾਰੀਆਂ ਅਗਲੀਆਂ ਪਿਛਲੀਆਂ ਭੁੱਲਾਂ ਨੂੰ ਮੁਆਫ਼ ਕਰ ਦੇਵੇ 1 ਅਤੇ ਤੁਹਾਡੇ ਉੱਤੇ ਆਪਣੀ ਨਿਅਮਤ (ਇਨਾਮ) ਨੂੰ ਪੂਰੀ ਕਰੇ ਅਤੇ ਤੁਹਾਨੂੰ ਸਿੱਧੀ ਰਾਹ ਦੀ ਹਿਦਾਇਤ ਬਖ਼ਸ਼ੇ।
3਼ ਅਤੇ ਅੱਲਾਹ ਤੁਹਾਡੀ ਭਰਪੂਰ ਮਦਦ ਕਰੇ।
4਼ ਉਹੀਓ (ਅੱਲਾਹ) ਹੈ ਜਿਸ ਨੇ ਮੋਮਿਨਾਂ ਦੇ ਦਿਲਾਂ ਵਿਚ ਸਕੀਨਤ (ਮਨ ਦੀ ਸ਼ਾਂਤੀ) ਉਤਾਰੀ ਤਾਂ ਜੋ ਉਹਨਾਂ ਦੇ ਈਮਾਨ ਵਿਚ ਹੋਰ ਵਾਧਾ ਹੋਵੇ। ਅਕਾਸ਼ ਤੇ ਧਰਤੀ ਦੀਆਂ ਸਾਰੀਆਂ ਫ਼ੌਜਾਂ ਅੱਲਾਹ ਦੇ ਹੀ ਅਧੀਨ ਹਨ। ਅੱਲਾਹ ਵੱਡਾ ਜਾਣਨਹਾਰ ਤੇ ਯੁਕਤੀਮਾਨ ਹੈ।
5਼ (ਇਹ ਸਭ ਕੁੱਝ ਇਸ ਲਈ ਕੀਤਾ ਹੈ) ਤਾਂ ਜੋ ਉਹ ਮੋਮਿਨ ਪੁਰਸ਼ਾਂ ਨੂੰ ਤੇ ਮੋਮਿਨ ਇਸਤਰੀਆਂ ਨੂੰ ਅਜਿਹੇ ਬਾਗ਼ਾਂ ਵਿਚ ਦਾਖ਼ਲ ਕਰੇ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ। ਉਹ ਸਦਾ ਉਹਨਾਂ ਬਾਗ਼ਾਂ ਵਿਚ ਹੀ ਰਹਿਣਗੇ ਅਤੇ ਉਹਨਾਂ ਦੀਆਂ ਬੁਰਾਈਆਂ ਨੂੰ ਉਹਨਾਂ ਤੋਂ ਦੂਰ ਕਰ ਦੇਵੇਗਾ। ਅੱਲਾਹ ਦੀ ਨਜ਼ਰ ਵਿਚ ਇਹ ਬਹੁਤ ਵੱਡੀ ਕਾਮਯਾਬੀ ਹੈ।
6਼ ਤਾਂ ਜੋ ਮੁਨਾਫ਼ਿਕ (ਪਖੰਡੀ) ਪੁਰਸ਼ ਅਤੇ ਮੁਨਾਫ਼ਿਕ ਇਸਤਰੀਆਂ ਅਤੇ ਮੁਸ਼ਰਿਕ ਪੁਰਸ਼ ਅਤੇ ਮੁਸ਼ਰਿਕ ਇਸਤਰੀਆਂ ਨੂੰ ਅਜ਼ਾਬ (ਸਜ਼ਾ) ਦੇਵੇ ਜਿਹੜੇ ਅੱਲਾਹ ਦੇ ਸੰਬੰਧ ਵਿਚ ਭੈੜੇ ਵਿਚਾਰ ਰੱਖਦੇ ਹਨ। ਬੁਰਾਈ ਦੇ ਫੇਰ ਵਿਚ ਉਹ ਆਪੇ ਹੀ ਹਨ। ਉਹਨਾਂ ਉੱਤੇ ਅੱਲਾਹ ਦੀ ਕਰੋਪੀ ਹੋਈ ਅਤੇ ਉਸ ਨੇ ਉਹਨਾਂ ਉੱਤੇ ਫਿਟਕਾਰ ਪਾਈ ਅਤੇ ਉਸ ਨੇ ਉਹਨਾਂ ਲਈ ਨਰਕ ਤਿਆਰ ਕਰ ਰੱਖੀ ਹੈ ਅਤੇ ਉਹ ਬਹੁਤ ਹੀ ਭੈੜਾ ਪਰਤਨ ਵਾਲਾ ਟਿਕਾਣਾ ਹੈ।
7਼ ਅਕਾਸ਼ਾਂ ਤੇ ਧਰਤੀ ਦੀਆਂ ਸਾਰੀਆਂ ਫ਼ੌਜਾਂ ਅੱਲਾਹ ਦੇ ਹੀ ਅਧੀਨ ਹਨ। ਅੱਲਾਹ ਵੱਡਾ ਜ਼ੋਰਾਵਰ ਅਤੇ ਹਿਕਮਤ ਵਾਲਾ (ਯੁਕਤੀਮਾਨ) ਹੈ।
8਼ (ਹੇ ਮੁਹੰਮਦ ਸ:!) ਬੇਸ਼ੱਕ ਅਸੀਂ ਤੁਹਾਨੂੰ (ਹੱਕ ਦੀ) ਗਵਾਹੀ ਦੇਣ ਵਾਲਾ, (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਅਤੇ (ਨਰਕ ਤੋਂ) ਡਰਾਉਣ ਵਾਲਾ ਬਣਾ ਕੇ ਭੇਜਿਆ ਹੈ।1
9਼ (ਸੋ ਹੇ ਲੋਕੋ!) ਤੁਸੀਂ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ ਸ:) ਉੱਤੇ ਈਮਾਨ ਲਿਆਓ, ਤੁਸੀਂ ਉਸ (ਰਸੂਲ) ਦੀ ਮਦਦ ਕਰੋ ਅਤੇ ਉਸ ਦਾ ਸਤਿਕਾਰ ਕਰੋ ਅਤੇ ਸਵੇਰੇ-ਸ਼ਾਮ (ਹਰ ਵੇਲੇ) ਉਸ (ਅੱਲਾਹ) ਦੀ ਪਾਕੀ ਬਿਆਨ ਕਰੋ।
10਼ (ਹੇ ਨਬੀ!) ਬੇਸ਼ੱਕ ਜਿਹੜੇ ਲੋਕ ਤੁਹਾਡੇ ਨਾਲ ‘ਬੈਅਤ’ (ਪ੍ਰਤਿੱਗਿਆ) ਕਰ ਰਹੇ ਹਨ, ਅਸਲ ਵਿਚ ਉਹ ਅੱਲਾਹ ਨਾਲ ‘ਬੈਅਤ’ ਕਰ ਰਹੇ ਹਨ। ਅੱਲਾਹ ਦਾ ਹੱਥ ਉਹਨਾਂ ਦੇ ਹੱਥਾਂ ਉੱਤੇ ਹੈ। ਹੁਣ ਜਿਹੜਾ ਆਪਣੀ ਪ੍ਰਤਿੱਗਿਆ ਨੂੰ ਤੋੜੇਗਾ, ਉਸ ਦੀ ਪ੍ਰਤਿੱਗਿਆ ਤੋੜਨ ਦਾ ਦੋਸ਼ ਉਸ ਦੇ ਆਪਣੇ ਹੀ ਸਿਰ ਹੋਵੇਗਾ। ਅਤੇ ਜਿਹੜਾ ਉਸ ‘ਬੈਅਤ’ ਨੂੰ ਤੋੜ ਨਿਭਾਏਗਾ ਜੋ ਉਸ ਨੇ ਅੱਲਾਹ ਨਾਲ ਕੀਤੀ ਹੈ ਤਾਂ ਅੱਲਾਹ ਉਸ ਨੂੰ ਛੇਤੀ ਹੀ ਵੱਡਾ-ਉੱਚਾ ਬਦਲਾ ਦੇਵੇਗਾ।
11਼ (ਹੇ ਨਬੀ!) ਅਰਬ-ਬੱਦੂਆਂ ਵਿੱਚੋਂ (ਜੰਗ ਵਿਚ) ਪਿੱਛੇ ਰਹਿ ਜਾਣ ਵਾਲੇ ਲੋਕ ਤੁਹਾਨੂੰ ਜ਼ਰੂਰ ਆਖਣਗੇ ਕਿ ਸਾਨੂੰ ਸਾਡੇ ਮਾਲ-ਪਦਾਰਥਾਂ ਅਤੇ ਬਾਲ-ਬੱਚਿਆਂ ਨੇ ਰੁਝੇਵਿਆਂ ਵਿਚ ਪਾ ਰੱਖਿਆ ਸੀ, ਸੋ ਤੁਸੀਂ ਸਾਡੇ ਲਈ ਬਖ਼ਸ਼ਿਸ਼ ਦੀ ਦੁਆ ਕਰੋ। ਉਹ ਆਪਣੇ ਮੂੰਹੋਂ ਉਹ ਗੱਲਾਂ ਆਖ ਰਹੇ ਹਨ ਜੋ ਉਹਨਾਂ ਦੇ ਦਿਲਾਂ ਵਿਚ ਨਹੀਂ। ਤੁਸੀਂ ਉਹਨਾਂ ਨੂੰ ਆਖੋ ਕਿ ਉਹ ਕੌਣ ਹੈ ਜਿਹੜਾ ਤੁਹਾਡੇ ਮਾਮਲੇ ਵਿਚ ਅੱਲਾਹ ਵੱਲੋਂ ਕੀਤੇ ਗਏ ਫ਼ੈਸਲਿਆਂ ਦੇ ਸੰਬੰਧ ਵਿਚ ਕੋਈ ਅਧਿਕਾਰ ਰਖਦਾ ਹੈ, ਜੇ ਉਹ ਤੁਹਾਨੂੰ ਕੋਈ ਹਾਨੀ ਪਹੁੰਚਾਉਣਾ ਚਾਹੇ ਜਾਂ ਕੋਈ ਲਾਭ ਦੇਣਾ ਚਾਹੇ? (ਇਹ ਅਧਿਕਾਰ ਕਿਸੇ ਨੂੰ ਵੀ ਨਹੀਂ)। ਸਗੋਂ ਅੱਲਾਹ ਹੀ ਤੁਹਾਡੇ ਕਰਮਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ?
12਼ ਸਗੋਂ ਤੁਹਾਡੀ ਸੋਚ ਤਾਂ ਇਹ ਸੀ ਕਿ ਰਸੂਲ ਤੇ ਈਮਾਨ ਵਾਲੇ ਕਦੇ ਵੀ ਪਰਤ ਕੇ ਆਪਣੇ ਪਰਿਵਾਰ ਵੱਲ ਨਹੀਂ ਆ ਸਕਣਗੇ ਅਤੇ ਇਹ ਵਿਚਾਰ ਤੁਹਾਡੇ ਦਿਲਾਂ ਨੂੰ ਸੋਹਣਾ ਜਾਪਦਾ ਸੀ। ਤੁਸੀਂ ਬਹੁਤ ਹੀ ਭੈੜਾ ਗੁਮਾਨ ਕੀਤਾ ਸੀ। (ਹੇ ਮੁਨਾਫ਼ਿਕੋ!) ਤੁਸੀਂ ਤਾਂ ਬਰਬਾਦ ਹੋਣ ਵਾਲੇ ਲੋਕ ਹੋ।
13਼ ਜਿਹੜਾ ਵਿਅਕਤੀ ਅੱਲਾਹ ਤੇ ਉਸ ਦੇ ਰਸੂਲ ਉੱਤੇ ਈਮਾਨ ਨਹੀਂ ਲਿਆਇਆ 1 ਤਾਂ ਅਸੀਂ ਅਜਿਹੇ ਕਾਫ਼ਿਰਾ ਲਈ ਭੜਕਦੀ ਹੋਈ ਅੱਗ ਤਿਆਰ ਕਰ ਰੱਖੀ ਹੈ।
14਼ ਅਕਾਸ਼ਾਂ ਅਤੇ ਧਰਤੀ ਦੀ ਪਾਤਸ਼ਾਹੀ ਅੱਲਾਹ ਲਈ ਹੀ ਹੈ। ਉਹ ਜਿਸ ਨੂੰ ਚਾਹੇ ਮੁਆਫ਼ ਕਰ ਦੇਵੇ ਤੇ ਜਿਸ ਨੂੰ ਚਾਹੇ ਅਜ਼ਾਬ (ਸਜ਼ਾ) ਦੇਵੇ। ਅੱਲਾਹ ਅਤਿਅੰਤ ਬਖ਼ਸ਼ਣਹਾਰ ਤੇ ਰਹਿਮ ਫ਼ਰਮਾਉਣ ਵਾਲਾ ਹੈ।
15਼ (ਹੇ ਨਬੀ!) ਤੁਸੀਂ ਛੇਤੀ ਹੀ ਮਾਲੇ-ਗ਼ਨੀਮਤ ਪ੍ਰਾਪਤ ਕਰਨ ਲਈ (ਖ਼ੈਬਰ ਵੱਲ) ਜਾਓਗੇ ਤਾਂ ਪਿੱਛੇ ਛੱਡੇ ਜਾਣ ਵਾਲੇ ਲੋਕ ਤੁਹਾਨੂੰ ਜ਼ਰੂਰ ਆਖਣਗੇ ਕਿ ਸਾਨੂੰ ਵੀ ਆਪਣੇ ਨਾਲ ਚੱਲਣ ਦੀ ਆਗਿਆ ਦਿਓ। ਉਹ ਅੱਲਾਹ ਦੇ ਹੁਕਮ ਨੂੰ ਬਦਲ ਦੇਣਾ ਚਾਹੁੰਦੇ ਹਨ। ਸੋ ਤੁਸੀਂ ਆਖ ਦਿਓ! ਕਿ ਤੁਸੀਂ ਕਦੇ ਵੀ ਸਾਡੇ ਨਾਲ ਨਹੀਂ ਚੱਲੋਗੇ, ਕਿਉਂ ਜੋ ਅੱਲਾਹ ਇਹ ਹੁਕਮ ਪਹਿਲਾਂ ਹੀ ਫ਼ਰਮਾ ਚੁੱਕਿਆ ਹੈ। ਫੇਰ ਉਹ ਆਖਣਗੇ ਕਿ ਇਹ ਗੱਲ ਨਹੀਂ, ਸਗੋਂ ਤੁਸੀਂ ਤਾਂ ਸਾਡੇ ਨਾਲ ਈਰਖਾ ਕਰਦੇ ਹੋ (ਜਦੋਂ ਕਿ ਅਜਿਹਾ ਨਹੀਂ)। ਇਹ ਲੋਕ ਠੀਕ ਗਲ ਨੂੰ ਘੱਟ ਹੀ ਸਮਝਦੇ ਹਨ।
16਼ (ਹੇ ਨਬੀ!) ਤੁਸੀਂ ਇਹਨਾਂ ਪਿੱਛੇ ਛੱਡੇ ਜਾਣ ਵਾਲੇ ਦਿਹਾਤੀਆਂ (ਅਰਬ-ਬੱਦੂਆਂ) ਨੂੰ ਆਖ ਦਿਓ ਕਿ ਛੇਤੀ ਹੀ ਤੁਹਾਨੂੰ ਇਕ ਲੜਾਕੂ ਕੌਮ ਨਾਲ ਯੁੱਧ ਕਰਨ ਲਈ ਸੱਦਿਆ ਜਾਵੇਗਾ ਜਾਂ ਤੁਸੀਂ ਉਹਨਾਂ ਨਾਲ ਲੜਦੇ ਹੀ ਰਹੋਗੇ ਜਾਂ ਉਹ ਮੁਸਲਮਾਨ (ਭਾਵ ਆਗਿਆਕਾਰੀ) ਬਣ ਜਾਣਗੇ। ਸੋ ਜੇ ਤੁਸੀਂ (ਅੱਲਾਹ ਦੇ) ਹੁਕਮਾਂ ਦੀ ਪਾਲਣਾ ਕਰੋਗੇ ਤਾਂ ਅੱਲਾਹ ਤੁਹਾਨੂੰ ਸੋਹਣਾ ਬਦਲਾ ਦੇਵੇਗਾ। ਪਰ ਜੇ ਤੁਸੀਂ ਮੂੰਹ ਮੋੜ੍ਹਿਆ (ਭਾਵ ਅਵਗਿਆਕਾਰੀ ਕੀਤੀ) ਜਿਵੇਂ ਕਿ ਤੁਸੀਂ ਪਹਿਲਾਂ (ਹੁਦੈਬੀਆ ਵੇਲੇ) ਮੂੰਹ ਮੋੜ੍ਹਿਆ ਸੀ, ਤਾਂ ਅੱਲਾਹ ਤੁਹਾਨੂੰ ਦੁਖਦਾਈ ਅਜ਼ਾਬ ਦੇਵੇਗਾ।
17਼ ਹਾਂ ਜੇ ਅੰਨ੍ਹਾ, ਲੂਲਾ-ਲੰਗੜਾ ਤੇ ਰੋਗੀ (ਜਿਹਾਦ ਲਈ) ਨਾ ਜਾਵੇ ਤਾਂ ਕੋਈ ਗੁਨਾਹ ਨਹੀਂ। ਜਿਹੜਾ ਵੀ ਕੋਈ ਅੱਲਾਹ ਤੇ ਉਸ ਦੇ ਰਸੂਲ ਹਜ਼ਰਤ (ਮੁਹੰਮਦ ਸ:) ਦੇ ਆਖੇ ਲੱਗੇਗਾ, ਅੱਲਾਹ ਉਸ ਨੂੰ ਅਜਿਹੇ ਬਾਗ਼ਾਂ ਵਿਚ ਰੱਖੇਗਾ ਜਿਸ ਦੇ ਹੇਠ ਨਹਿਰਾਂ ਵਗਦੀਆਂ ਹਨ ਅਤੇ ਜਿਹੜਾ ਕੋਈ (ਹੱਕ ਸੱਚ ਤੋਂ) ਮੂੰਹ ਫੇਰੇਗਾ ਤਾਂ ਉਹ (ਅੱਲਾਹ) ਉਸ ਨੂੰ ਦੁਖਦਾਈ ਸਜ਼ਾ ਦੇਵੇਗਾ।
18਼ ਬੇਸ਼ੱਕ ਅੱਲਾਹ ਈਮਾਨ ਵਾਲਿਆਂ ਨਾਲ ਉਸੇ ਸਮੇਂ ਰਾਜ਼ੀ ਹੋ ਗਿਆ ਸੀ ਜਦੋਂ ਉਹ ਇਕ ਰੁੱਖ ਦੇ ਹੇਠ ਤੁਹਾਡੇ (ਮੁਹੰਮਦ ਸ:) ਨਾਲ ਪ੍ਰਤਿੱਗਿਆ ਕਰ ਰਹੇ ਸਨ। ਸੋ ਜੋ ਉਹਨਾਂ ਦੇ ਮਨਾਂ ਵਿਚ ਸੀ, ਅੱਲਾਹ ਨੇ ਉਸ ਨੂੰ ਵੇਖ ਲਿਆ ਸੀ। ਫੇਰ ਅੱਲਾਹ ਨੇ ਉਹਨਾਂ ਉੱਤੇ ਸਕੀਨਤ (ਮਨਾਂ ਦੀ ਸ਼ਾਂਤੀ) ਉਤਾਰੀ ਅਤੇ ਬਦਲੇ ਵਿਚ ਨਿਕਟ ਭਵਿੱਖ ਵਿਚ ਪ੍ਰਾਪਤ ਹੋਣ ਵਾਲੀ ਜਿੱਤ (ਦੀ ਖ਼ੁਸ਼ਖ਼ਬਰੀ) ਦਿੱਤੀ।
19਼ ਅਤੇ ਢੇਰ ਸਾਰਾ ਮਾਲੇ-ਗ਼ਨੀਮਤ ਵੀ ਬਖ਼ਸ਼ਿਆ, ਜੋ ਉਹ ਪ੍ਰਾਪਤ ਕਰ ਲੈਣਗੇ। ਅੱਲਾਹ ਬਹੁਤ ਹੀ ਜ਼ੋਰਾਵਰ ਤੇ ਯੁਕਤੀਮਾਨ ਹੈ।
20਼ ਅੱਲਾਹ ਨੇ ਤੁਹਾਨੂੰ ਢੇਰ ਸਾਰੇ ਮਾਲੇ-ਗ਼ਨੀਮਤ ਦਾ ਵਚਨ ਦਿੱਤਾ ਹੈ ਕਿ ਤੁਸੀਂ ਉਸ ਨੂੰ (ਜੰਗ ਵਿਚ) ਪ੍ਰਾਪਤ ਕਰੋਗੇ, ਸੋ ਉਸ ਨੇ ਛੇਤੀ ਹੀ ਤੁਹਾਨੂੰ (ਖ਼ੈਬਰ ਵਿਚ) ਉਹ (ਮਾਲ ਪਦਾਰਥ) ਬਖ਼ਸ਼ ਦਿੱਤੇ। ਲੋਕਾਂ ਦੇ ਹੱਥ ਤੁਹਾਡੇ ਵਿਰੁਧ ਉੱਠਣ ਤੋਂ ਰੋਕ ਦਿੱਤੇ ਤਾਂ ਜੋ ਇਹ ਈਮਾਨ ਵਾਲਿਆਂ ਲਈ ਇਕ ਨਿਸ਼ਾਨੀ ਬਣ ਜਾਵੇ ਅਤੇ ਉਹ (ਅੱਲਾਹ) ਤੁਹਾਨੂੰ ਸਿੱਧੇ ਰਾਹ ਦੀ ਹਿਦਾਇਤ ਬਖ਼ਸ਼ੇ।
21਼ ਦੂਜੀਆਂ ਗ਼ਨੀਮਤਾਂ ਵੀ ਬਖ਼ਸ਼ੀਆਂ, ਜਿਨ੍ਹਾਂ ’ਤੇ ਤੁਸੀਂ ਕਾਬੂ ਨਹੀਂ ਸੀ ਪਾ ਸਕਦੇ। ਪਰ ਅੱਲਾਹ ਨੇ ਉਹਨਾਂ ਸਭ ਨੂੰ ਆਪਣੇ ਘੇਰੇ ਵਿਚ ਕਰ ਰੱਖਿਆ ਹੈ। ਅੱਲਾਹ ਨੂੰ ਹਰ ਪ੍ਰਕਾਰ ਦੀ ਸਮਰਥਾ ਪ੍ਰਾਪਤ ਹੈ।
22਼ ਜੇ (ਖ਼ੈਬਰ ਵਿਚ) ਉਹ ਕਾਫ਼ਿਰ ਤੁਹਾਡੇ ਨਾਲ ਲੜਦੇ ਤਾਂ ਫੇਰ ਉਹ ਜ਼ਰੂਰ ਹੀ ਪਿੱਠ ਵਿਖਾ ਜਾਂਦੇ। ਫੇਰ ਉਹਨਾਂ ਨੂੰ ਨਾ ਕੋਈ ਮਿੱਤਰ ਤੇ ਨਾ ਹੀ ਕੋਈ ਸਹਾਈ ਲਭਦਾ।
23਼ ਇਹੋ ਅੱਲਾਹ ਦੀ ਮਰਿਆਦਾ ਹੈ ਜੋ ਮੁੱਢੋਂ ਚੱਲੀ ਆ ਰਹੀ ਹੈ। ਤੁਸੀਂ ਅੱਲਾਹ ਦੀ ਮਰਿਆਦਾ ਵਿਚ ਕਦੇ ਵੀ ਤਬਦੀਲੀ ਨਹੀਂ ਵੇਖੋਗੇ।
24਼ ਉਹ ਅੱਲਾਹ ਹੀ ਹੈ ਜਿਸ ਨੇ ਮੱਕੇ ਦੀ ਘਾਟੀ ਵਿਚ ਉਹਨਾਂ (ਕਾਫ਼ਿਰਾਂ) ਦੇ ਹੱਥ ਤੁਹਾਥੋਂ ਅਤੇ ਤੁਹਾਡੇ ਹੱਥ ਉਹਨਾਂ ਤੋਂ ਰੋਕ ਦਿੱਤੇ (ਭਾਵ ਲੜਾਈ ਨਹੀਂ ਹੋਈ), ਜਦੋਂ ਕਿ ਇਸ ਦੇ ਮਗਰੋਂ ਉਸ (ਅੱਲਾਹ) ਨੇ ਤੁਹਾਨੂੰ ਉਹਨਾਂ ਉੱਤੇ ਭਾਰੂ ਕਰ ਛੱਡਿਆ ਸੀ। ਅੱਲਾਹ ਉਹ ਸਭ ਕੁੱਝ ਵੇਖ ਰਿਹਾ ਹੈ ਜੋ ਤੁਸੀਂ ਕਰ ਰਹੇ ਹੋ।
25਼ ਇਹ ਉਹ ਲੋਕ ਹਨ ਜਿਨ੍ਹਾਂ ਨੇ (ਤੁਹਾਡਾ) ਇਨਕਾਰ ਕੀਤਾ ਅਤੇ ਤੁਹਾਨੂੰ ਸਤਿਕਾਰਯੋਗ ਮਸੀਤ (ਖ਼ਾਨਾ-ਕਾਅਬਾ) ਜਾਣ ਤੋਂ ਰੋਕਿਆ ਅਤੇ ਕੁਰਬਾਨੀ ਦੇ ਜਾਨਵਰਾਂ ਨੂੰ ਵੀ ਕੁਰਬਾਨਗਾਹ ਜਾਣ ਤੋਂ ਰੋਕੀਂ ਰੱਖਿਆ। ਜੇ (ਮੱਕੇ ਵਿਖੇ) ਕੁੱਝ ਈਮਾਨ ਵਾਲੇ ਪੁਰਸ਼ ਅਤੇ ਈਮਾਨ ਵਾਲੀ ਇਸਤਰੀਆਂ ਨਾ ਹੁੰਦੀਆਂ ਜਿਨ੍ਹਾਂ (ਦੇ ਈਮਾਨ) ਨੂੰ ਤੁਸੀਂ ਜਾਣਦੇ ਵੀ ਨਹੀਂ ਸੀ, (ਜੇ ਇਹ ਖ਼ਤਰਾ ਨਾ ਹੁੰਦਾ ਕਿ) ਤੁਸੀਂ (ਕਾਫ਼ਿਰਾਂ ਨਾਲ ਲੜਦੇ ਹੋਏ) ਉਹਨਾਂ (ਈਮਾਨ ਵਾਲਿਆਂ) ਨੂੰ ਵੀ ਲਤਾੜ ਸੁੱਟੋਗੇ ਤੇ ਅਣਜਾਣਪੁਣੇ ਵਿਚ ਹੋਏ ਉਹਨਾਂ ਦੇ ਕਤਲ ਕਾਰਨ ਤੁਹਾਨੂੰ ਦੁੱਖ ਹੁੰਦਾ (ਤਾਂ ਤੁਹਾਨੂੰ ਲੜਨ ਦੀ ਆਗਿਆ ਦੇ ਦਿੱਤੀ ਜਾਂਦੀ, ਪਰ ਇੰਜ ਨਹੀਂ ਕੀਤਾ) ਤਾਂ ਜੋ ਅੱਲਾਹ ਜਿਸ ਨੂੰ ਚਾਹੇ ਆਪਣੀਆਂ ਮਿਹਰਾਂ ਵਿਚ ਦਾਖ਼ਲ ਕਰ ਲਵੇ। ਜੇ ਉਹ (ਈਮਾਨ ਵਾਲੇ ਤੇ ਇਨਕਾਰੀ) ਵਖਰੇ-ਵਖਰੇ ਹੋ ਜਾਂਦੇ ਤਾਂ ਜਿਹੜੇ ਉਹਨਾਂ ਵਿੱਚੋਂ ਇਨਕਾਰੀ ਸੀ, ਅਸੀਂ ਉਹਨਾਂ ਨੂੰ ਦੁਖਦਾਈ ਸਜ਼ਾ ਦਿੰਦੇ।
26਼ ਜਿਹੜੇ ਲੋਕਾਂ ਨੇ ਕੁਫ਼ਰ ਕੀਤਾ ਜਦੋਂ ਉਹਨਾਂ ਨੇ ਆਪਣੇ ਦਿਲਾਂ ਵਿਚ ਹਟਧਰਮੀ ਪੈਦਾ ਕਰ ਲਈ, ਹਟਧਰਮੀ ਵੀ ਅਗਿਆਨਤਾ ਵਾਲੀ, ਤਾਂ ਅੱਲਾਹ ਨੇ ਆਪਣੇ ਰਸੂਲ ਤੇ ਮੋਮਿਨਾਂ ਉੱਤੇ ਸਕੀਨਤ (ਸ਼ਾਂਤੀ) ਉਤਾਰੀ ਅਤੇ ਉਹਨਾਂ ਨੂੰ ਅੱਲਾਹ ਦੇ ਡਰ ਉੱਤੇ ਕਾਇਮ ਰੱਖਿਆ, ਕਿਉਂ ਜੋ ਉਹੀਓ ਉਸ ਦੇ ਵਧੇਰੇ ਹੱਕਦਾਰ ਤੇ ਯੋਗ ਸਨ। ਅੱਲਾਹ ਹਰੇਕ ਚੀਜ਼ ਦਾ ਗਿਆਨ ਰਖਦਾ ਹੈ।
27਼ ਬੇਸ਼ੱਕ ਅੱਲਾਹ ਨੇ ਆਪਣੇ ਰਸੂਲ ਨੂੰ ਸੁਪਨੇ ਵਿਚ ਹੱਕ-ਸੱਚ ਨਾਲ ਸੂਚਨਾ ਦਿੱਤੀ ਸੀ ਕਿ ਜੇ ਅੱਲਾਹ ਨੇ ਚਾਹਿਆ ਤਾਂ ਤੁਸੀਂ ਆਪਣੇ ਸਿਰ ਮੁਨਵਾਉਂਦੇ ਹੋਏ ਅਤੇ ਆਪਣੇ ਵਾਲ ਕੁਤਰਵਾਉਂਦੇ ਹੋਏ ਸਤਿਕਾਰਯੋਗ ਮਸੀਤ (ਖ਼ਾਨਾ-ਕਾਅਬਾ) ਵਿਖੇ ਜ਼ਰੂਰ ਹੀ ਪ੍ਰਵੇਸ਼ ਕਰੋਗੇ। ਤੁਹਾਨੂੰ (ਕਿਸੇ ਦਾ ਵੀ) ਕੋਈ ਡਰ ਨਹੀਂ ਹੋਵੇਗਾ। ਅੱਲਾਹ ਉਹ ਗੱਲਾਂ ਜਾਣਦਾ ਹੈ ਜੋ ਤੁਸੀਂ ਨਹੀਂ ਜਾਣਦੇ। ਸੋ ਉਸ ਅੱਲਾਹ ਨੇ ਉਸ (ਫਤਿਹ ਮੁੱਕਾ) ਤੋਂ ਪਹਿਲਾਂ ਤੁਹਾਨੂੰ ਇਕ ਨੇੜੇ ਦੀ ਫ਼ਤਿਹ (ਭਾਵ ਸੁਲੇਹ ਹੁਦੈਬੀਆ) ਬਖ਼ਸ਼ੀ ਹੈ।
28਼ ਉਹ ਅੱਲਾਹ ਹੀ ਤਾਂ ਹੈ ਜਿਸ ਨੇ ਆਪਣੇ ਰਸੂਲ ਨੂੰ ਹਿਦਾਇਤ ਅਤੇ ਸੱਚਾ ਧਰਮ ਦੇ ਕੇ ਘੱਲਿਆ ਹੈ ਤਾਂ ਜੋ ਉਹ ਇਸ ਧਰਮ (ਇਸਲਾਮ) ਨੂੰ ਸਾਰੇ ਧਰਮਾਂ ਉੱਤੇ ਗ਼ਾਲਿਬ (ਭਾਰੂ) ਕਰ ਦੇਵੇ ਅਤੇ ਇਸ ਦੇ ਹੱਕ ਹੋਣ ’ਤੇ ਅੱਲਾਹ ਦੀ ਗਵਾਹੀ ਕਾਫ਼ੀ ਹੈ।
29਼ ਮੁਹੰਮਦ (ਸ:) ਅੱਲਾਹ ਦੇ ਰਸੂਲ ਹਨ ਅਤੇ ਜਿਹੜੇ ਲੋਕ ਉਹਨਾਂ ਨਾਲ (ਭਾਵ ਸਹਾਬੀ) ਹਨ, ਉਹ ਕਾਫ਼ਿਰਾਂ ਲਈ ਤਾਂ ਬਹੁਤ ਕਰੜੇ ਤੇ ਕਠੋਰ ਹਨ ਪਰ ਆਪੋ ਵਿਚ ਅਤਿਅੰਤ ਮਿਹਰਬਾਨ ਹਨ। ਤੁਸੀਂ ਉਹਨਾਂ ਨੂੰ ਰੁਕੂਅ ਤੇ ਸਿਜਦਾ ਕਰਦੇ ਹੋਏ ਵੇਖੋਗੇ ਅਤੇ ਉਹ ਅੱਲਾਹ ਦੀ ਕ੍ਰਿਪਾਲਤਾ ਤੇ ਰਜ਼ਾ ਦੀ ਭਾਲ ਵਿਚ ਰੁਝੇ ਰਹਿੰਦੇ ਹਨ। ਉਹਨਾਂ ਦੀ ਵਿਸ਼ੇਸ਼ ਪਛਾਣ ਉਹਨਾਂ ਦੇ ਮੱਥਿਆਂ ਉੱਤੇ ਸਿਜਦਿਆਂ ਦੇ ਨਿਸ਼ਾਨ ਹਨ। ਉਹਨਾਂ ਦੀ ਇਹੋ ਸਿਫ਼ਤ ਤੌਰੈਤ ਵਿਚ ਹੈ ਅਤੇ ਇੰਜੀਲ ਵਿਚ ਉਹਨਾਂ ਦੀ ਇਹ ਸਿਫ਼ਤ ਉਸ ਖੇਤੀ ਵਾਂਗ ਹੈ ਜਿਸ ਨੇ ਆਪਣੀ ਪਹਿਲੀ ਤੂਈ ਕੱਢੀ, ਫੇਰ ਉਸ ਨੂੰ ਪਕਿਆਈ ਦਿੱਤੀ, ਫੇਰ ਉਹ ਗਦਰਾਈ ਅਤੇ ਫੇਰ ਆਪਣੀ ਨਾਲੀ ਉੱਤੇ ਖਲੋ ਗਈ। ਕਿਸਾਨਾਂ ਨੂੰ ਉਹ (ਖੇਤੀ) ਖ਼ੁਸ਼ ਕਰ ਦਿੰਦੀ ਹੈ। ਅੱਲਾਹ ਨੇ ਇਹ ਇਸ ਲਈ ਕੀਤਾ ਹੈ ਤਾਂ ਜੋ ਇਹਨਾਂ (ਸਹਾਬਾ) ਦੇ ਕਾਰਨ ਕਾਫ਼ਿਰ ਸੜ ਜਾਣ। ਅੱਲਾਹ ਨੇ ਉਹਨਾਂ ਲੋਕਾਂ ਲਈ (ਜਿਹੜੇ ਈਮਾਨ ਲਿਆਏ ਅਤੇ ਨੇਕ ਤੇ ਭਲੇ ਕੰਮ ਕੀਤੇ) ਬਖ਼ਸ਼ਿਸ਼ ਅਤੇ ਵੱਡੇ ਉੱਚੇ ਦਰਜੇ ਦਾ ਬਦਲਾ ਦੇਣ ਦਾ ਵਚਨ ਦਿੱਤਾ ਹੈ।