The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe Event, The Inevitable [Al-Waqia] - Bunjabi translation
Surah The Event, The Inevitable [Al-Waqia] Ayah 96 Location Maccah Number 56
1਼ ਜਦ ਵਾਪਰਨ ਵਾਲੀ (ਕਿਆਮਤ) ਵਾਪਰੇਗੀ।
2਼ ਉਸ ਸਮੇਂ ਊਸ ਨੂੰ ਕੋਈ ਵੀ ਝੁਠਲਾਉਣ ਵਾਲਾ ਨਹੀਂ ਹੋਵੇਗਾ।
3਼ ਉਹ ਘਟਨਾ ਹੇਠਲੀ ਉੱਤੇ ਕਰ ਦੇਣ ਵਾਲੀ ਹੋਵੇਗੀ।
4਼ ਜਦੋਂ ਧਰਤੀ ਹਲੂਣ ਦਿੱਤੀ ਜਾਵੇਗੀ।
5਼ ਪਹਾੜ ਚੂਰਾ-ਚੂਰਾ ਕਰ ਦਿੱਤੇ ਜਾਣਗੇ।
6਼ ਫੇਰ ਉਹ ਪਹਾੜ ਖਿਲਰੀ ਧੂੜ ਜਹਿ ਹੋ ਜਾਣਗੇ।
7਼ ਤੁਸੀਂ ਲੋਕ ਤਿੰਨ ਟੋਲੀਆਂ ਵਿਚ ਹੋ ਜਾਓਗੇ।
8਼ (ਇਕ ਹਨ) ਸੱਜੇ ਹੱਥ ਵਾਲੇ, ਸੱਜੇ ਹੱਥ ਵਾਲਿਆਂ ਦਾ ਕੀ ਕਹਿਣਾ।
9਼ (ਦੂਜੇ ਹਨ) ਖੱਬੇ ਹੱਥ ਵਾਲੇ, ਕਿੰਨੇ ਮੰਦੇਭਾਗੀ ਹਨ ਖੱਬੇ ਹੱਥ ਵਾਲੇ।
10਼ (ਤੀਜੇ ਹਨ) ਅੱਗੇ ਰਹਿਣ ਵਾਲੇ ਤਾਂ ਅੱਗੇ ਹੀ ਰਹਿਣ ਵਾਲੇ ਹਨ।
11਼ ਇਹੋ ਲੋਕ (ਰੱਬ ਦੇ) ਨਿਕਟਵਰਤੀ ਹਨ।
12਼ ਇਹਨਾਂ ਲਈ ਨਿਅਮਤਾਂ ਭਰੇ ਬਾਗ਼ (ਜੰਨਤਾਂ) ਹਨ।
13਼ (ਇਹਨਾਂ ਵਿਚ) ਇਕ ਵੱਡਾ ਜੱਥਾ ਪਹਿਲਿਆਂ (ਭਾਵ ਸਹਾਬਾਂ) ਵਿੱਚੋਂ ਹੋਵੇਗਾ।
14਼ ਅਤੇ ਥੋੜ੍ਹੇ ਲੋਕ ਪਿਛਲਿਆਂ ਵਿੱਚੋਂ ਹੋਣਗੇ।
15਼ ਉਹ ਲੋਕ ਸੋਨੇ ਦੀਆਂ ਤਾਰਾਂ ਨਾਲ ਸਜੇ ਤਖਤਾਂ ਉੱਤੇ ਬੈਠੇ ਹੋਣਗੇ।
16਼ ਉਹ ਇਕ ਦੂਜੇ ਦੇ ਆਹਮਣੋ ਸਾਹਮਣੇ ਤਕੀਏ ਲਾਈਂ ਬੈਠੇ ਕੋਣਗੇ।
17਼ ਉਹਨਾਂ ਦੀ ਸੇਵਾ ਲਈ ਸਦੀਵੀ ਅਵਸਥਾ ਵਿਚ ਰਹਿਣ ਵਾਲੇ ਮੁੰਡੇ ਹੋਣਗੇ।
18਼ ਅਤੇ ਇਹ ਮੁੰਡੇ ਪਿਆਲੇ, ਤੇ ਸੁਰਾਹੀਆਂ ਤੇ ਸ਼ਰਾਬ ਦੇ ਵਗਦੇ ਸੋਮੇ ਦੀ ਸ਼ਰਾਬ ਨਾਲ ਡਕੋ-ਡਕ ਭਰੇ ਜਾਮ ਚੁੱਕੀ ਭੱਜੇ ਨੱਠੇ ਫਿਰਦੇ ਹੋਣਗੇ।
19਼ ਇਹ ਸ਼ਰਾਬ ਪੀਣ ਨਾਲ ਨਾ ਤਾਂ ਉਹਨਾਂ ਦੇ ਸਿਰਾਂ ਵਿਚ ਦਰਦ ਹੋਵੇਗਾ ਅਤੇ ਨਾ ਹੀ ਉਹਨਾਂ ਦੀ ਅਕਲ ਮਾਰੀ ਜਾਵੇਗੀ।
20਼ ਉਹਨਾਂ ਕੋਲ ਅਜਿਹੇ ਸੁਆਦਲੇ ਫਲ ਹੋਣਗੇ ਜਿਨ੍ਹਾਂ ਨੂੰ ਉਹ ਪਸੰਦ ਕਰਨਗੇ।
21਼ ਅਤੇ ਉਹਨਾਂ ਦੀ ਇੱਛਾ ਅਨੁਸਾਰ ਪੰਛੀਆਂ ਦਾ ਗੋਸ਼ਤ (ਮਾਸ) ਹੋਵੇਗਾ।
22਼ ਉਹਨਾਂ ਲਈ ਵੱਡੀਆਂ-ਵੱਡੀਆਂ ਸੋਹਣੀਆਂ ਅੱਖਾਂ ਵਾਲੀਆਂ ਹੂਰਾਂ ਹੋਣਗੀਆਂ।
23਼ ਜਿਵੇਂ ਗ਼ਲਾਫ਼ਾਂ ਵਿਚ ਸੁਰੱਖਿਅਤ ਰੱਖੇ ਮੋਤੀ।
24਼ ਇਹ ਉਹਨਾਂ ਦੇ ਕਰਮਾਂ ਦਾ ਬਦਲਾ ਹੈ।
25਼ ਉਹ ਜੰਨਤ ਵਿਚ ਨਾ ਕੋਈ ਬੇਕਾਰ ਗੱਲਾਂ ਸੁਣਨਗੇ ਨਾ ਹੀ ਗੁਨਾਹ ਦੀ ਗੱਲ ਸੁਣਨਗੇ।
26਼ ਹਾਂ ਇਕ ਬੋਲ ਸਲਾਮ, ਸਲਾਮ (ਬੋਲਿਆ ਜਾਵੇਗਾ)।
27਼ ਸੱਜੇ ਹੱਥ ਵਾਲੇ ਕਿੰਨੇ ਭਾਗਾਂ ਵਾਲੇ ਹਨ ਸੱਜੇ ਹੱਥ ਵਾਲੇ।
28਼ ਉਹ ਬਿਨਾਂ ਕੰਡਿਆਂ ਦੀਆਂ ਬੇਰੀਆਂ ਵਿਚ ਹੋਣਗੇ।
29਼ ਅਤੇ ਤਹਿ-ਪਰ-ਤਹਿ ਚੜ੍ਹੇ ਹੋਏ ਕੇਲਿਆਂ ਵਿਚ ਹੋਣਗੇ।
30਼ ਦੂਰ ਤਕ ਫੈਲੀਆਂ ਲੰਮੀਆਂ ਲੰਮੀਆਂ ਛਾਵਾਂ ਹੇਠ ਹੋਣਗੇ।
31਼ (ਉੱਥੇ) ਹਰ ਵੇਲੇ ਵਗਦੀਆਂ ਨਹਿਰਾਂ ਹੋਣਗੀਆਂ।
32਼ ਅਣਗ਼ਿਣਤ ਫਲ ਹੋਣਗੇ।
33਼ ਜਿਹੜੇ ਨਾ ਕਦੇ ਮੁੱਕਣਗੇ ਅਤੇ ਨਾ ਹੀ ਖਾਣ ਦੀ ਮਨਾਹੀ ਹੋਵੇਗੀ।
34਼ (ਬੇਠਣ ਲਈ) ਉੱਚੀਆਂ ਥਾਵਾਂ ਹੋਣਗੀਆਂ।
35਼ ਉਹਨਾਂ (ਸੱਜੇ ਹੱਥ ਵਾਲਿਆਂ) ਦੀਆਂ ਪਤਨੀਆਂ ਨੂੰ ਅਸੀਂ ਵਿਸ਼ੇਸ਼ ਤਰੀਕੇ ਨਾਲ ਪੈਦਾ ਕਰਾਂਗੇ।
36਼ ਅਸੀਂ ਉਹਨਾਂ ਨੂੰ ਕੁਆਰੀਆਂ ਬਣਾ ਦਿਆਂਗੇ।
37਼ ਜਿਹੜੀਆਂ ਮਨ ਮੁਹਣੀਆਂ ਅਤੇ (ਪਤੀ ਦੀਆਂ) ਹਾਣਨਾਂ ਹੋਣਗੀਆਂ।
38਼ ਇਹ ਸਭ ਕੁੱਝ ਸੱਜੇ ਹੱਥ ਵਾਲਿਆਂ ਲਈ ਹੈ।
39਼ ਇਹਨਾਂ ਦੀ ਵੱਡੀ ਗਿਣਤੀ ਪਹਿਲਿਆਂ (ਭਾਵ ਨਬੀ ਦੇ ਸਾਥੀਆਂ) ਵਿੱਚੋਂ ਹੀ ਹੈ।
40਼ ਅਤੇ ਪਿਛਲਿਆਂ ਵਿੱਚੋਂ ਵੀ ਇਕ ਵੱਡੀ ਗਿਣਤੀ ਹੋਵੇਗੀ।
41਼ ਅਤੇ ਖੱਬੇ ਹੱਥ ਵਾਲੇ! ਕਿੰਨੇ ਮੰਦਭਾਗੇ ਹਨ ਖੱਬੇ ਹੱਥ ਵਾਲੇ।
42਼ ਉਹ ਸਖ਼ਤ ਗਰਮ ਹਵਾ ਅਤੇ ਉੱਬਲਦੇ ਹੋਏ ਪਾਣੀ ਵਿਚ ਹੋਣਗੇ।
43਼ ਅਤੇ ਕਾਲੇ ਧੂੰਏਂ ਦੀ ਛਾਂ ਵਿਚ ਹੋਣਗੇ।
44਼ ਨਾ ਉਹ ਠੰਡੀ ਹੋਵੇਗੀ ਤੇ ਨਾ ਹੀ ਸੁੱਖਦਾਈ ਹੋਵੇਗੀ।
45਼ ਇਹ ਲੋਕ ਇਸ (ਕਿਆਮਤ ਦੇ ਵਾਪਰਣ ਤੋਂ ਪਹਿਲਾਂ) ਵੱਡੇ ਨਖਰਿਆਂ ਵਿਚ ਪਲੇ ਸਨ।
46਼ ਉਹ ਮਹਾ ਪਾਪ (ਭਾਵ ਸ਼ਿਰਕ) ਉੱਤੇ ਅੜਿਆ ਕਰਦੇ ਸਨ।
47਼ ਉਹ ਆਖਦੇ ਸਨ ਕਿ ਜਦੋਂ ਅਸੀਂ ਮਰ ਜਾਵਾਂਗੇ ਅਤੇ ਮਿੱਟੀ ਤੇ ਹੱਡੀਆਂ ਬਣ ਜਾਵਾਂਗੇ ਤਾਂ ਕੀ ਅਸੀਂ ਮੁੜ ਸੁਰਜੀਤ ਕੀਤੇ ਜਾਵਾਂਗੇ?
48਼ ਅਤੇ ਕੀ ਸਾਡੇ ਪਿਓ ਦਾਦਿਆਂ ਨੂੰ ਵੀ ਉਠਾਇਆ ਜਾਵੇਗਾ ?
49਼ (ਹੇ ਨਬੀ!) ਤੁਸੀਂ ਆਖ ਦਿਓ ਨਿਰਸੰਦੇਹ, ਪਹਿਲਾਂ ਵੀ ਅਤੇ ਪਿਛਲੇ ਵੀ (ਭਾਵ ਸਾਰੇ ਉਠਾਏ ਜਾਣਗੇ)।
50਼ ਬੇਸ਼ੱਕ ਇਹਨਾਂ ਸਭ ਨੂੰ ਇਕ ਨਿਸ਼ਚਿਤ ਦਿਹਾੜੇ ਇੱਕਤਰ ਕੀਤਾ ਜਾਵੇਗਾ।
51਼ ਹੇ ਕੁਰਾਹੀਓ ਅਤੇ ਇਨਕਾਰੀਓ!
52਼ ਤੁਸੀਂ ਲੋਕ ਥੋਹਰ ਦੇ ਰੱਖ ਅਵੱਸ਼ ਖਾਓਂਗੇ।
53਼ (ਤੁਸੀਂ) ਇਸ ਨਾਲ ਹੀ ਆਪਣਾ ਢਿੱਡ ਭਰੋਂਗੇ।
54਼ ਇਸ ਦੇ ਉੱਤੋਂ ਗਰਮ ਉੱਬਲਦਾ ਹੋਇਆ ਪਾਣੀ ਪਿਓਂਗੇ।
55਼ ਤੁਸੀਂ ਪਿਆਸੇ ਊਂਠ ਵਾਂਗ ਪਾਣੀ ਪਿਓਂਗੇ।
56਼ ਕਿਆਮਤ ਦਿਹਾੜੇ ਇਹੋ ਇਹਨਾਂ (ਖੱਬੇ ਹੱਥ ਵਾਲਿਆਂ) ਦੀ ਮਹਿਮਾਨਦਾਰੀ ਹੋਵੇਗੀ।
57਼ (ਹੇ ਇਨਕਾਰੀਓ!) ਅਸਾਂ ਹੀ ਤੁਹਾਨੂੰ ਸਭ ਨੂੰ ਪੈਦਾ ਕੀਤਾ ਹੈ। ਫੇਰ ਤੁਸੀਂ (ਮੁੜ ਜੀ ਉੱਠਣ ਦੀ) ਪੁਸ਼ਟੀ ਕਿਉਂ ਨਹੀਂ ਕਰਦੇ।
58਼ ਭਲਾਂ ਦੱਸੋ ਜਿਹੜਾ ਵੀਰਜ ਤੁਸੀਂ ਟਪਕਾਉਂਦੇ ਹੋ?
59਼ ਕੀ ਉਸ ਵੀਰਜ ਤੋਂ ਬੱਚਾ ਤੁਸੀਂ ਪੈਦਾ ਕਰਦੇ ਹੋ ਜਾਂ ਅਸੀਂ ਉਸ ਦੇ ਰਚਨਾਹਾਰ ਹਾਂ?
60਼ ਅਸੀਂ ਹੀ ਤੁਹਾਡੇ ਮੁਕੱਦਰ ਵਿਚ ਮੌਤ ਲਿਖੀ ਹੈ ਅਤੇ ਅਸਾਂ ਇੰਜ ਕਰਨ ਵਿਚ ਬੇਵਸ ਨਹੀਂ।
61਼ ਸਗੋਂ ਇਸ ਗੱਲ ਦੀ ਸਮਰਥਾ ਰੱਖਦੇ ਹਾਂ ਕਿ ਤੁਹਾਡੇ ਵਰਗੀ ਹੋਰ ਮਖਲੂਕ ਲੈ ਆਈਏ ਅਤੇ ਤੁਹਾਨੂੰ ਅਜਿਹਾ ਰੂਪ ਦੇ ਦਈਏ ਜਿਸ ਨੂੰ ਤੁਸੀਂ ਨਹੀਂ ਜਾਣਦੇ।
62਼ ਤੁਸੀਂ ਆਪਣੇ ਪਹਿਲੇ ਜਨਮ ਤੋਂ ਤਾਂ ਜਾਣੂ ਹੀ ਹੋ, ਤੁਸੀਂ ਨਸੀਹਤ ਗ੍ਰਹਿਣ ਕਿਉਂ ਨਹੀਂ ਕਰਦੇ ?
63਼ ਰਤਾ ਇਹ ਦੱਸੋ ਕਿ ਜੋ ਤੁਸੀਂ ਬੀਜਦੇ ਹੋ।
64਼ ਕੀ ਉਸ ਨੂੰ ਤੁਸੀਂ ਉਗਾਉਂਦੇ ਹੋ ਜਾਂ ਉਗਾਉਣ ਵਾਲੇ ਅਸੀਂ ਹਾਂ?
65਼ ਜੇ ਅਸੀਂ ਚਾਹੀਏ ਤਾਂ ਇਸ (ਫ਼ਸਲ) ਨੂੰ ਚੂਰਾ-ਚੂਰਾ ਕਰ ਕੇ ਰੱਖ ਦਈਏ ਫੇਰ ਤੁਸੀਂ ਰੁਰਾਨੀ ਨਾਲ ਗੱਲਾਂ ਕਰਦੇ ਰਹਿ ਜਾਓਗੇ।
66਼ ਤੁਸੀਂ ਆਖੋਗੇ ਕਿ ਸਾਡੇ ਉੱਤੇ ਤਾਂ ਪੁੱਠੀ ਚੱਟੀ ਪੈ ਗਈ।
67਼ (ਨਹੀਂ) ਸਗੋਂ ਇਹ ਵੀ ਆਖੋਗੇ ਕਿ ਸਾਡੇ ਤਾਂ ਭਾਗ ਹੀ ਫੁੱਟੇ ਹੋਏ ਸਨ।
68਼ ਭਲਾਂ ਇਹ ਦੱਸੋ ਕਿ ਇਹ ਪਾਣੀ ਜਿਹੜਾ ਤੁਸੀਂ ਪੀਂਦੇ ਹੋ।
69਼ ਕੀ ਇਸ (ਪਾਣੀ) ਨੂੰ ਬੱਦਲਾਂ ਤੋਂ ਤੁਸੀਂ ਉਤਾਰਿਆ ਹੈ ਜਾਂ ਉਸ ਨੂੰ ਉਤਾਰਨ ਵਾਲੇ ਅਸੀਂ ਹਾਂ।
70਼ ਜੇ ਅਸਾਂ ਚਾਹੀਏ ਤਾਂ ਇਸ (ਪਾਣੀ) ਨੂੰ ਖਾਰਾ ਬਣਾ ਦਈਏ। ਫੇਰ ਵੀ ਤੁਸੀਂ ਸ਼ੁਕਰ ਅਦਾ ਕਿਉਂ ਨਹੀਂ ਕਰਦੇ ?
71਼ ਭਲਾਂ ਇਹ ਦੱਸੋ ਕਿ ਜਿਹੜੀ ਅੱਗ ਤੁਸੀਂ ਸੁਲਗਾਉਂਦੇ ਹੋ।
72਼ ਕੀ ਉਸ ਦਾ ਰੁਖ ਤੁਸੀਂ ਪੈਦਾ ਕੀਤਾ ਹੈ ਜਾਂ ਅਸਾਂ ਪੈਦਾ ਕਰਨ ਵਾਲੇ ਹਾਂ ?
73਼ ਅਸਾਂ ਹੀ ਉਸ ਅੱਗ ਨੂੰ ਯਾਦ ਦੁਆਉਣ ਦਾ ਸਾਧਨ ਬਣਾਇਆ ਹੈ ਅਤੇ ਯਾਤਰੀਆਂ ਲਈ ਲਾਭਦਾਇਕ ਬਣਾਇਆ ਹੈ।
74਼ ਸੋ (ਹੇ ਨਬੀ!) ਤੁਸੀਂ ਆਪਣੇ ਰੱਬ ਦੇ ਨਾਂ ਦਾ ਸਿਮਰਨ ਕਰੋ, ਜਿਹੜਾ ਸਭ ਤੋਂ ਵੱਡਾ ਹੈ।
75਼ ਮੈਂ ਤਾਰਿਆਂ ਦੇ ਡਿਗਣ ਦੀ ਸੁੰਹ ਖਾਂਦਾ ਹਾਂ।
76਼ ਜੇ ਤੁਹਾਨੂੰ ਪਤਾ ਹੋਵੇ ਤਾਂ ਇਹ ਬਹੁਤ ਵੱਡੀ ਸੁੰਹ ਹੈ।
77਼ ਬੇਸ਼ੱਕ ਇਹ .ਕੁਰਆਨ ਅਤਿਅੰਤ ਸਤਿਕਾਰਯੋਗ ਤੇ ਆਦਰਮਾਨ ਵਾਲਾ ਹੈ।
78਼ ਇਕ ਸੁਰੱਖਿਅਤ ਕਿਤਾਬ (ਲੌਹੇ-ਮਹਫ਼ੂਜ਼) ਵਿਚ ਦਰਜ ਹੈ।
79਼ ਇਸ ਕਿਤਾਬ (.ਕੁਰਆਨ) ਨੂੰ ਪਾਕ ਪੱਵਿਤਰ ਫ਼ਰਿਸ਼ਤੇ ਹੀ ਛੂਅਦੇ ਹਨ।
80਼ ਇਹ (.ਕੁਰਆਨ) ਸਾਰੇ ਜਹਾਨਾਂ ਦੇ ਪਾਲਣਹਾਰ ਵੱਲੋਂ ਉਤਾਰਿਆ ਗਿਆ ਹੈ।
81਼ ਕੀ ਤੁਸੀਂ ਫੇਰ ਵੀ ਇਸ ਬਾਣੀ ਤੋਂ ਬੇਪਰਵਾਹੀ ਵਰਤਦੇ ਹੋ ?
82਼ ਤੁਸੀਂ ਇਸ ਨਿਅਮਤ (ਭਾਵ .ਕੁਰਆਨ) ਵਿਚ ਆਪਣਾ ਹਿੱਸਾ ਇਹੋ ਰੱਖਦੇ ਹੋ ਕਿ ਤੁਸੀਂ ਇਸ ਦਾ ਇਨਕਾਰ ਕਰਦੇ ਹੋ।
83਼ ਫੇਰ ਤੁਸੀਂ ਕਿਉਂ ਨਹੀਂ ਆਪਣੀ ਰੂਹ ਨੂੰ ਰੋਕ ਲੈਂਦੇ ਜਦੋਂ ਉਹ ਸੰਘ ਤਕ ਪੁੱਜ ਜਾਂਦੀ ਹੈ।
84਼ ਤੁਸੀਂ ਉਸ ਵੇਲੇ ਵੇਖ ਰਹੇ ਹੁੰਦੇ ਹੋ।
85਼ ਅਸੀਂ ਤੁਹਾਥੋਂ ਕਿਤੇ ਵੱਧ ਉਸ ਰੂਹ ਦੇ ਨੇੜੇ ਹੁੰਦੇ ਹਾਂ, ਪਰ ਤੁਹਾਨੂੰ ਦਿਸਦੇ ਨਹੀਂ।
86਼ ਜੇ ਤੁਸੀਂ ਕਿਸੇ ਦੇ ਅਧੀਨ ਨਹੀਂ।
87਼ ਤੁਸੀਂ ਉਸ (ਰੂਹ) ਨੂੰ ਮੋੜ ਲਿਆਉਂਦੇ, ਜੇ ਤੁਸੀਂ ਸੱਚੇ ਹੋ ?
88਼ ਜੇ ਉਹ (ਮਰਨ ਵਾਲਾ ਅੱਲਾਹ ਦੇ) ਨਿਕਟਵਰਤੀਆਂ ਵਿੱਚੋਂ ਹੋਵੇ।
89਼ ਫੇਰ ਤਾਂ (ਉਸ ਦੇ ਲਈ) ਸੁਖ-ਸੁਵਿਧਾ, ਸੁਗੰਦੇ ਅਤੇ ਨਿਅਮਤਾਂ ਵਾਲੇ ਬਾਗ਼ ਹਨ।
90਼ ਜੇ ਉਹ (ਮਰਨ ਵਾਲਾ) ਸੱਜੇ ਹੱਥ ਵਾਲਿਆਂ ਵਿੱਚੋਂ ਹੋਇਆ।
91਼ ਤਾਂ ਉਸ ਨੂੰ ਆਖਿਆ ਜਾਵੇਗਾ ਕਿ ਤੇਰੇ ਲਈ ਸਲਾਮਤੀ ਹੀ ਸਲਾਮਤੀ ਹੈ, ਬੇਸ਼ੱਕ ਤੂੰ ਸੱਜੇ ਹੱਥ ਵਾਲਿਆਂ ਵਿੱਚੋਂ ਹੈ।
92਼ ਪਰ ਜੇ ਉਹ ਇਨਕਾਰ ਕਰਨ ਵਾਲਾ ਕੁਰਾਹੇ ਪਏ ਲੋਕਾਂ ਵਿੱਚੋਂ ਹੋਇਆ।
93਼ ਤਾਂ ਉਸ ਦੀ ਸੇਵਾ ਉੱਬਲਦੇ ਹੋਏ ਪਾਣੀ ਹੋਵੇਗਾ।
94਼ ਅਤੇ ਉਸ ਨੂੰ ਨਰਕ ਵਿਚ ਹੀ ਜਾਣਾ ਹੈ।
95਼ ਨਿਰਸੰਦੇਹ, ਇਹ ਸਾਰਾ ਕੁੱਝ ਹੋਣਾ ਅਟੱਲ ਹੈ।
96਼ ਸੋ (ਹੇ ਨਬੀ!) ਤੁਸੀਂ ਅਤਿਅੰਤ ਮਹਾਨ ਰੱਬ ਦੇ ਨਾਂ ਦੀ ਤਸਬੀਹ ਕਰੋ।