The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe Iron [Al-Hadid] - Bunjabi translation
Surah The Iron [Al-Hadid] Ayah 29 Location Madanah Number 57
1਼ ਅਕਾਸ਼ਾਂ ਤੇ ਧਰਤੀ ਵਿਚ ਜਿਹੜੀ ਵੀ ਚੀਜ਼ ਹੈ, ਉਹ ਅੱਲਾਹ ਦੀ ਤਸਬੀਹ ਕਰਦੀ ਹੈ। ਉਹੀਓ ਅਤਿਅੰਤ ਜ਼ੋਰਾਵਰ ਅਤੇ ਯੁਕਤੀਮਾਨ ਹੈ।
2਼ ਅਕਾਸ਼ਾਂ ਤੇ ਧਰਤੀ ਦਾ ਪਾਤਸ਼ਾਹੀ ਉਸੇ ਲਈ ਹੈ, ਉਹੀਓ ਜਿਊਂਦਾ ਕਰਦਾ ਹੈ, ਉਹੀਓ ਮੌਤ ਦਿੰਦਾ ਹੈ ਅਤੇ ਉਹੀਓ ਹਰ ਕੰਮ ਕਰਨ ਦੀ ਸਮਰਥਾ ਰਖਦਾ ਹੈ।
3਼ ਉਹੀਓ (ਸ੍ਰਿਸ਼ਟੀ ਦਾ) ਆਰੰਭ ਹੈ ਅਤੇ ਉਹੀਓ ਅੰਤ ਹੈ। ਉਹੀਓ ਪ੍ਰਗਟ ਹੈ ਤੇ ਗੁਪਤ ਵੀ ਉਹੀਓ ਹੀ ਹੈ ਅਤੇ ਉਹ ਹਰ ਚੀਜ਼ ਦਾ ਜਾਣਨਹਾਰ ਹੈ।
4਼ ਉਹੀ ਹੈ ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਛੇ ਦਿਨਾਂ ਵਿਚ ਸਾਜਿਆ, ਫੇਰ ਅਰਸ਼ (ਰਾਜ ਸਿੰਘਾਸਨ) ਉੱਤੇ ਜਾ ਬੈਠਿਆ। ਉਹ ਜਾਣਦਾ ਹੈ, ਜੋ ਚੀਜ਼ ਧਰਤੀ ਵਿਚ ਜਾਂਦੀ ਹੈ ਅਤੇ ਜੋ ਇਸ ਵਿੱਚੋਂ ਨਿੱਕਲਦੀ ਹੈ ਅਤੇ ਜੋ ਚੀਜ਼ ਅਕਾਸ਼ ਵਿੱਚੋਂ ਉੱਤਰਦੀ ਹੈ ਤੇ ਜੋ ਉਸ ਵਿਚ ਚੜ੍ਹਦੀ ਹੈ। ਤੁਸੀਂ ਜਿੱਥੇ ਵੀ ਹੁੰਦੇ ਹੋ ਉਹ ਤੁਹਾਡੇ ਅੰਗ-ਸੰਗ ਹੁੰਦਾ ਹੈ। ਤੁਸੀਂ ਜੋ ਵੀ ਕਰਦੇ ਹੋ ਅੱਲਾਹ ਉਸ ਨੂੰ ਚੰਗੀ ਤਰ੍ਹਾਂ ਵੇਖਦਾ ਹੈ।
5਼ ਅੱਲਾਹ ਲਈ ਹੀ ਅਕਾਸ਼ ਅਤੇ ਧਰਤੀ ਦੀ ਪਾਤਸ਼ਾਹੀ ਹੈ ਅਤੇ ਸਾਰੇ ਮਾਮਲੇ (ਨਿਬੇੜਣ ਲਈ) ਉਸੇ ਵੱਲ ਪਰਤਾਏ ਜਾਂਦੇ ਹਨ।
6਼ ਉਹੀਓ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਦਾਖ਼ਲ ਕਰਦਾ ਹੈ। ਉਹ ਦਿਲਾਂ ਦੇ ਭੇਤਾਂ ਨੂੰ ਵੀ ਜਾਣਦਾ ਹੈ।
7਼ (ਹੇ ਲੋਕੋ) ਅੱਲਾਹ ਅਤੇ ਉਸ ਦੇ ਰਸੂਲ ’ਤੇ ਈਮਾਨ ਲੈ ਆਓ ਅਤੇ ਉਸ ਮਾਲ ਵਿੱਚੋਂ ਖ਼ਰਚ ਕਰੋ ਜਿਸ ਦਾ ਉਸ (ਅੱਲਾਹ) ਨੇ ਤੁਹਾਨੂੰ ਜਾਨਸ਼ੀਨ ਬਣਾਇਆ ਹੈ। ਤੁਹਾਡੇ ਵਿੱਚੋਂ ਜੋ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ (ਅੱਲਾਹ ਦੀ ਰਾਹ ਵਿਚ) ਖ਼ਰਚ ਕੀਤਾ ਉਹਨਾਂ ਲਈ ਵੱਡਾ ਬਦਲਾ ਹੈ।
8਼ ਤੁਹਾਨੂੰ ਕੀ ਹੋ ਗਿਆ ਕਿ ਤੁਸੀਂ ਅੱਲਾਹ ਉੱਤੇ ਈਮਾਨ ਨਹੀਂ ਲਿਆਉਂਦੇ? ਜਦੋਂ ਕਿ ਰਸੂਲ ਤੁਹਾਨੂੰ ਸੱਦਾ ਦੇ ਰਿਹਾ ਹੈ ਕਿ ਤੁਸੀਂ ਆਪਣੇ ਪਾਲਣਹਾਰ ’ਤੇ ਈਮਾਨ ਲੈ ਆਓ ਜਦ ਕਿ ਉਹ ਤੁਹਾਥੋਂ (ਪਹਿਲਾਂ ਹੀ) ਪੱਕਾ ਵਚਨ ਲੈ ਚੁੱਕਿਆ ਹੈ, ਜੇ ਤੁਸੀਂ ਈਮਾਨਦਾਰ ਹੋ। (ਤਾਂ ਮੰਨ ਲਓ)
9਼ ਉਹੀ ਤਾਂ ਹੈ ਜਿਹੜਾ ਆਪਣੇ ਬੰਦੇ (ਮੁਹੰਮਦ ਸ:) ਉੱਤੇ ਸਪਸ਼ਟ ਆਇਤਾਂ (ਆਦੇਸ਼) ਉਤਾਰਦਾ ਹੈ ਤਾਂ ਜੋ ਉਹ (ਰਸੂਲ) ਤੁਹਾਨੂੰ ਹਨੇਰ੍ਹਿਆਂ ਤੋਂ ਉਜਾਲੇ ਵੱਲ ਕੱਢ ਲਿਆਵੇ। ਬੇਸ਼ੱਕ ਅੱਲਾਹ ਤੁਹਾਡੇ ’ਤੇ ਅਤਿਅੰਤ ਮਿਹਰਬਾਨ ਤੇ ਰਹਿਮ ਕਰਨ ਵਾਲਾ ਹੈ।
10਼ ਤੁਹਾਨੂੰ ਕੀ ਹੋ ਗਿਆ ਕਿ ਤੁਸੀਂ ਅੱਲਾਹ ਦੀ ਰਾਹ ਵਿਚ ਖ਼ਰਚ ਨਹੀਂ ਕਰਦੇ? ਜਦੋਂ ਕਿ ਅਕਾਸ਼ਾਂ ਤੇ ਧਰਤੀ ਦੀ ਮਲਕੀਅਤ ਅੱਲਾਹ ਲਈ ਹੈ। ਤੁਹਾਡੇ ਵਿੱਚੋਂ ਜਿਨ੍ਹਾਂ ਲੋਕਾਂ ਨੇ ਮੱਕੇ ਦੀ ਫ਼ਤਿਹ ਤੋਂ ਪਹਿਲਾਂ ਖ਼ਰਚ ਕੀਤਾ ਤੇ ਜਿਹਾਦ ਕੀਤਾ, ਇਹ ਉਹਨਾਂ ਲੋਕਾਂ ਦੇ ਬਰਾਬਰ ਨਹੀਂ ਜਿਨ੍ਹਾਂ ਨੇ ਮੱਕਾ ਫ਼ਤਿਹ ਹੋਣ ਤੋਂ ਬਾਅਦ ਇਹੋ ਕੰਮ ਕੀਤਾ। ਉਹ (ਪਹਿਲਾਂ ਖ਼ਰਚ ਕਰਨ ਵਾਲੇ) ਲੋਕ ਦਰਜੇ ਵਿਚ ਉਹਨਾਂ ਲੋਕਾਂ ਤੋਂ ਉੱਚੇ ਹਨ, ਜਿਨ੍ਹਾਂ ਨੇ ਇਸ (ਫ਼ਤਿਹ) ਤੋਂ ਬਾਅਦ ਖ਼ਰਚ ਕੀਤਾ ਤੇ ਜਿਹਾਦ ਵੀ ਕੀਤਾ। ਅੱਲਾਹ ਨੇ ਹਰੇਕ ਨੂੰ ਵਧੀਆ ਬਦਲਾ ਦੇਣ ਦਾ ਵਾਅਦਾ ਕੀਤਾ ਹੈ। ਅੱਲਾਹ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਅਮਲ ਕਰਦੇ ਹੋ।
11਼ ਉਹ ਕੌਣ ਹੈ ਜਿਹੜਾ ਅੱਲਾਹ ਨੂੰ ਸੋਹਣਾ ਕਰਜ਼ ਦੇਵੇ ਤਾਂ ਜੋ ਅੱਲਾਹ ਉਸ (ਦੇ ਧੰਨ) ਵਿੱਚ ਹੋਰ ਵਾਧਾ ਕਰੇ ਤੇ ਉਸ ਦੇ (ਕਰਜ਼ ਦੇਣ ਵਾਲੇ) ਲਈ ਇਹੋ ਵਧੀਆ ਬਦਲਾ ਹੈ।
12਼ (ਹੇ ਨਬੀ!) ਉਸ (ਕਿਆਮਤ) ਦਿਹਾੜੇ ਤੁਸੀਂ ਈਮਾਨ ਵਾਲੇ ’ਤੇ ਈਮਾਨ ਵਾਲੀਆਂ ਨੂੰ ਵੇਖੋਗੇ ਕਿ ਉਹਨਾਂ ਦਾ ਨੂਰ ਉਹਨਾਂ ਦੇ ਅੱਗੇ-ਅੱਗੇ ਤੇ ਉਹਨਾਂ ਦੇ ਸੱਜੇ ਪਾਸੇ ਨੱਸਦਾ ਹੋਵੇਗਾ। ਆਖਿਆ ਜਾਵੇਗਾ ਕਿ ਅੱਜ ਤੁਹਾਨੂੰ ਅਜਿਹੇ ਬਾਗ਼ਾਂ ਦੀ ਖ਼ੁਸ਼ਖ਼ਬਰੀ ਹੈ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ। ਉਹ ਉਹਨਾਂ ਵਿਚ ਸਦਾ ਰਹਿਣਗੇ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ।
13਼ ਉਸ ਦਿਨ ਮੁਨਾਫ਼ਿਕ (ਪਖੰਡੀ) ਪੁਰਸ਼ ਅਤੇ ਮੁਨਾਫ਼ਿਕ ਇਸਤਰੀਆਂ ਈਮਾਨ ਲਿਆਉਣ ਵਾਲਿਆਂ ਨੂੰ ਆਖਣਗੇ ਕਿ ਤੁਸੀਂ ਸਾਡੀ ਉਡੀਕ ਕਰੋ ਕਿ ਅਸੀਂ ਵੀ ਤੁਹਾਡੇ ਨੂਰ ਵਿੱਚੋਂ ਕੁੱਝ ਚਾਨਣ ਪ੍ਰਾਪਤ ਕਰ ਲਈਏ। ਉਹਨਾਂ ਨੂੰ ਆਖਿਆ ਜਾਵੇਗਾ ਕਿ ਆਪਣੇ ਪਿੱਛਾਂਹ ਮੁੜ ਜਾਓ ਤੇ ਫੇਰ ਨੂਰ ਨੂੰ ਲੱਭੋ। ਫੇਰ ਉਹਨਾਂ ਵਿਚਾਲੇ ਇਕ ਕੰਧ ਖੜੀ ਕਰ ਦਿੱਤੀ ਜਾਵੇਗੀ ਜਿਸ ਦਾ ਇਕ ਬੂਹਾ ਹੋਵੇਗਾ, ਉਸ ਦੇ ਅੰਦਰ ਰਹਿਮਤਾਂ ਹੋਣਗੀਆਂ ਤੇ ਉਸ ਦੇ ਬਾਹਰ ਅਜ਼ਾਬ ਹੋਵੇਗਾ।
14਼ ਉਹ (ਮੁਨਾਫ਼ਿਕ) ਇਹਨਾਂ (ਮੋਮਿਨਾਂ) ਨੂੰ ਆਖਣਗੇ, ਕੀ (ਸੰਸਾਰ) ਵਿਚ ਅਸੀਂ ਤੁਹਾਡੇ ਸੰਗ ਨਹੀਂ ਸੀ? ਉਹ ਆਖਣਗੇ ਕਿ ਹਾਂ! ਕਿਉਂ ਨਹੀਂ! ਪਰ ਤੁਸੀਂ ਆਪਣੇ ਆਪ ਨੂੰ ਅਜ਼ਮਾਇਸ਼ਾਂ ਵਿਚ ਪਾ ਲਿਆ ਸੀ ਅਤੇ ਤੁਸੀਂ ਈਮਾਨ ਵਾਲਿਆਂ ਪ੍ਰਤੀ (ਭੈੜੇ) ਸਮੇਂ ਦੀ ਉਡੀਕ ਵਿਚ ਸੀ। ਤੁਸੀਂ (ਦੀਨ ਵਿਚ) ਸ਼ੱਕ ਵੀ ਕੀਤਾ ਅਤੇ ਤੁਹਾਨੂੰ ਤੁਹਾਡੀਆਂ ਇੱਛਾਵਾਂ ਨੇ ਧੋਖੇ ਵਿਚ ਰੱਖਿਆ, ਇੱਥੋਂ ਤਕ ਕਿ ਅੱਲਾਹ ਦਾ ਹੁਕਮ ਆ ਪਹੁੰਚਿਆ ਅਤੇ ਧੋਖੇਬਾਜ਼ ਸ਼ੈਤਾਨ ਨੇ ਤੁਹਾਨੂੰ ਅੱਲਾਹ ਦੇ ਬਾਰੇ ਧੋਖਾ ਦਿੱਤਾ।
15਼ ਸੋ ਅੱਜ ਨਾ ਤੁਹਾਥੋਂ ਅਤੇ ਨਾ ਹੀ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਕੁਫ਼ਰ ਕੀਤਾ ਸੀ ਕੋਈ ਛੁਡਵਾਈ ਕਬੂਲ ਕੀਤੀ ਜਾਵੇਗੀ। ਤੁਹਾਡਾ ਟਿਕਾਣਾ ਤਾਂ ਅੱਗ ਹੈ। ਤੁਹਾਡੇ ਯੋਗ ਤਾਂ ਇਹੀਓ ਟਿਕਾਣਾ ਹੈ ਅਤੇ ਇਹ ਬਹੁਤ ਹੀ ਭੈੜਾ ਪਰਤਨ ਟਿਕਾਣਾ ਹੈ।
16਼ ਕੀ ਈਮਾਨ ਵਾਲਿਆਂ ਲਈ ਅਜਿਹੇ ਉਹ ਸਮਾਂ ਨਹੀਂ ਆਇਆ ਕਿ ਉਹਨਾਂ ਦੇ ਦਿਲ ਅੱਲਾਹ ਦੀ ਯਾਦ ਨਾਲ ਝੁੱਕ ਜਾਣ ਅਤੇ (ਇਸ .ਕੁਰਆਨ ਦੇ ਲਈ) ਜੋ ਹੱਕ (ਅੱਲਾਹ) ਵੱਲੋਂ ਉਤਾਰਿਆ ਗਿਆ ਹੈ। ਉਹ ਉਹਨਾਂ ਲੋਕਾਂ ਵਾਂਗ ਨਾ ਹੋ ਜਾਣ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਕਿਤਾਬ (ਤੌਰੈਤ) ਦਿੱਤੀ ਗਈ ਸੀ। ਫੇਰ ਉਹਨਾਂ ’ਤੇ ਇਕ ਲੰਮਾ ਸਮਾਂ ਬੀਤ ਗਿਆ ਤਾਂ ਉਹਨਾਂ ਦੇ ਦਿਲ ਕਠੋਰ ਹੋ ਗਏ ਅਤੇ ਇਹਨਾਂ ਵਿੱਚੋਂ ਬਹੁਤੇ ਤਾਂ ਝੂਠੇ ਹਨ।
17਼ ਤੁਸੀਂ ਚੰਗੀ ਤਰ੍ਹਾਂ ਇਹ ਜਾਣ ਲਓ ਕਿ ਬੇਸ਼ੱਕ ਅੱਲਾਹ ਹੀ ਧਰਤੀ ਨੂੰ ਉਸ ਦੀ ਮੌਤ (ਬੰਜਰ) ਪਿੱਛੋਂ ਸੁਰਜੀਤ (ਉਪਜਾਊ) ਕਰਦਾ ਹੈ। ਸੋ ਅਸੀਂ ਆਪਣੀਆਂ ਆਇਤਾਂ (ਆਦੇਸ਼) ਤੁਹਾਡੇ ਲਈ ਬਿਆਨ ਕਰ ਦਿੱਤੇ ਹਨ ਤਾਂ ਜੋ ਤੁਸੀਂ ਕੁੱਝ ਸਮਝ ਸਕੋਂ।
18਼ ਬੇਸ਼ੱਕ ਸਦਕਾ (ਸੱਚੇ ਮਨੋ ਪੁੰਨ-ਦਾਣ) ਦੇਣ ਵਾਲੇ ਪੁਰਸ਼, ਇਸਤੀਆਂ ਅਤੇ ਜਿਨ੍ਹਾਂ ਨੇ ਅੱਲਾਹ ਨੂੰ ਕਰਜ਼ੇ-ਹਸਨਾ (ਸੋਹਣਾ ਕਰਜ਼ਾ) ਦਿੱਤਾ ਹੈ, ਨਿਰਸੰਦੇਹ, ਉਹਨਾਂ ਨੂੰ ਕਈ ਗੁਣਾ ਵਧਾ ਕੇ (ਵਾਪਿਸ ਕਰ) ਦਿੱਤਾ ਜਾਵੇਗਾ ਅਤੇ ਉਹਨਾਂ ਲਈ ਬਹੁਤ ਹੀ ਸੋਹਣਾ ਬਦਲਾ ਹੈ।
19਼ ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲਾਂ ’ਤੇ ਈਮਾਨ ਲਿਆਏ ਉਹੀਓ ਆਪਣੇ ਰੱਬ ਦੀਆਂ ਨਜ਼ਰਾਂ ਵਿਚ ਸਿੱਦੀਕ (ਸਚਿਆਰਾ) ਅਤੇ ਸ਼ਹੀਦ ਹਨ। ਉਹਨਾਂ ਲਈ ਉਹਨਾਂ ਦੇ ਅਮਲਾਂ ਦਾ ਸੋਹਣਾ ਬਦਲਾ ਹੋਵੇਗਾ ਅਤੇ (ਉਹਨਾਂ ਦੇ ਸੰਗ) ਉਹਨਾਂ ਦਾ ਨੂਰ ਹੋਵੇ। ਅਤੇ ਜਿਨ੍ਹਾਂ ਲੋਕਾਂ ਨੇ (ਸਾਡੇ ਹੁਕਮਾਂ ਦਾ) ਇਨਕਾਰ ਕੀਤਾ ਅਤੇ ਸਾਡੀਆਂ ਆਇਤਾਂ (.ਕੁਰਆਨ) ਨੂੰ ਝੁਠਲਾਇਆ ਹੈ, ਉਹ ਸਭ ਨਰਕੀ ਹਨ।
20਼ (ਹੇ ਲੋਕੋ!) ਤੁਸੀਂ ਇਹ ਗੱਲ ਜਾਣ ਲਓ! ਕਿ ਸੰਸਾਰਿਕ ਜੀਵਨ ਕੇਵਲ ਇਕ ਖੇਡ ਤਮਾਸ਼ਾ ਤੇ ਸਜਾਵਟ ਦੀ ਚੀਜ਼ ਹੈ। ਆਪੋ ਵਿਚ ਘਮੰਡ ਕਰਨਾ ਅਤੇ ਮਾਲ ਦੌਲਤ ਤੇ ਸੰਤਾਨ ਪੱਖੋਂ ਇਕ ਦੂਜੇ ਉੱਤੇ ਵਡਿਆਈ ਜਤਾਉਣਾ ਹੈ। (ਇਸ ਦੀ ਉਦਾਹਰਨ ਤਾਂ ਇੰਜ ਹੈ) ਜਿਵੇਂ ਵਰਖਾ, ਜਿਸ ਤੋਂ ਮਗਰੋਂ ਉਪਜਣ ਵਾਲੀ ਪੈਦਾਵਾਰ ਕਿਸਾਨਾਂ ਨੂੰ ਖ਼ੁਸ਼ ਕਰਦੀ ਹੈ। ਫੇਰ ਉਹ (ਪੈਦਾਵਾਰ) ਸੁੱਕ ਜਾਂਦੀ ਹੈ ਭਾਵ ਪੱਕ ਜਾਂਦੀ ਹੈ ਤਾਂ ਤੁਸੀਂ ਉਸ ਨੂੰ ਪੀਲੀ (ਮੁਰਝਾਈ) ਹੁੰਦੀ ਵੇਖਦੇ ਹੋ, ਫੇਰ ਉਹ ਚੂਰਾ-ਚੂਰਾ ਹੋ ਜਾਂਦੀ ਹੈ। ਐਵੇਂ ਹੀ ਆਖ਼ਿਰਤ ਵਿਚ (ਕਾਫ਼ਿਰਾਂ ਲਈ) ਕਰੜਾ ਅਜ਼ਾਬ ਹੈ ਅਤੇ (ਈਮਾਨ ਵਾਲਿਆਂ ਲਈ) ਅੱਲਾਹ ਵੱਲੋਂ ਬਖ਼ਸ਼ਿਸ਼ ਅਤੇ ਉਸ ਦੀ ਰਜ਼ਾਮੰਦੀ ਹੈ। ਸੰਸਾਰਿਕ ਜੀਵਨ ਤਾਂ ਧੋਖਾ ਦੇਣ ਦਾ ਇਕ ਸਾਧਨ ਹੈ।
21਼ ਸੋ (ਹੇ ਈਮਾਨ ਵਾਲਿਓ!) ਤੁਸੀਂ ਆਪਣੇ ਰੱਬ ਦੀ ਬਖ਼ਸ਼ਿਸ਼ ਤੇ ਉਸ ਜੰਨਤ ਵੱਲ ਦੌੜੋ ਜਿਸ ਦੀ ਵਿਸ਼ਾਲਤਾ ਅਕਾਸ਼ ਤੇ ਧਰਤੀ ਜਿਹੀ ਹੈ। ਇਹ ਉਹਨਾਂ ਲੋਕਾਂ ਲਈ ਤਿਆਰ ਕੀਤੀ ਗਈ ਹੈ ਜਿਹੜੇ ਅੱਲਾਹ ਤੇ ਉਸ ਦੇ ਰਸੂਲਾਂ ’ਤੇ ਈਮਾਨ ਲਿਆਏ ਹਨ। ਇਹ ਅੱਲਾਹ ਦਾ ਫ਼ਜ਼ਲ (ਕ੍ਰਿਪਾਲਤਾ) ਹੈ, ਉਹ ਜਿਸ ਨੂੰ ਚਾਹੁੰਦਾ ਹੈ ਦਿੰਦਾ ਹੈ, ਅੱਲਾਹ ਬਹੁਤ ਵੱਡਾ ਕ੍ਰਿਪਾਲੂ ਹੈ।
22਼ ਧਰਤੀ ’ਤੇ ਜਾਂ ਤੁਹਾਡੀਆਂ ਜਾਨਾਂ ਉੱਤੇ ਜਿਹੜੀ ਵੀ ਬਿਪਤਾ ਆਉਂਦੀ ਹੈ ਉਹ ਤਾਂ ਤੁਹਾਡੇ ਜਨਮ ਤੋਂ ਪਹਿਲਾਂ ਹੀ ਕਿਤਾਬ ਵਿਚ ਲਿਖੀ ਹੋਈ ਹੈ। ਇੰਜ ਕਰਨਾ ਅੱਲਾਹ ਲਈ ਬਹੁਤ ਹੀ ਸੌਖਾ ਹੈ।
23਼ ਇਹ ਸਭ ਇਸ ਲਈ ਦੱਸਿਆ ਜਾ ਰਿਹਾ ਹੈ ਤਾਂ ਜੋ ਜੇ ਕੋਈ ਚੀਜ਼ ਤੁਹਾਡੇ ਹੱਥੋਂ ਖੁਸ ਜਾਵੇ ਤਾਂ ਤੁਸੀਂ ਦੁਖੀ ਨਾ ਹੋਵੋ ਅਤੇ ਜੇ ਉਹ (ਅੱਲਾਹ) ਤੁਹਾਨੂੰ ਨਵਾਜ਼ਦਾ ਹੈ ਤਾਂ ਤੁਸੀਂ ਸ਼ੇਖ਼ੀਆਂ ਨਾ ਮਾਰਦੇ ਫਿਰੋ। ਅੱਲਾਹ ਕਿਸੇ ਵੀ ਸ਼ੇਖ਼ੀਖ਼ੋਰੇ ਅਤੇ ਘਮੰਡੀ ਨੂੰ ਪਸੰਦ ਨਹੀਂ ਕਰਦਾ।
24਼ (ਅਤੇ ਨਾ ਹੀ ਅੱਲਾਹ ਉਹਨਾਂ ਨੂੰ ਪਸੰਦ ਕਰਦਾ ਹੈ) ਜਿਹੜੇ ਆਪੇ ਵੀ ਕੰਜੂਸੀ ਕਰਦੇ ਹਨ ਤੇ ਦੂਜਿਆਂ ਨੂੰ ਵੀ ਕੰਜੂਸੀ ਕਰਨ ਲਈ ਪ੍ਰੇਰਿਤ ਕਰਦੇ ਹਨ। ਜਿਹੜਾ ਕੋਈ ਵਿਅਕਤੀ (ਅੱਲਾਹ ਦੇ ਹੁਕਮਾਂ ਤੋਂ) ਮੂੰਹ ਮੋੜਦਾ ਹੈ ਤਾਂ ਅੱਲਾਹ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ, ਉਹ ਤਾਂ ਆਪ ਹੀ ਅਤਿਅੰਤ ਸ਼ਲਾਘਾਯੋਗ ਹੈ।
25਼ ਬੇਸ਼ੱਕ ਅਸਾਂ ਆਪਣੇ ਰਸੂਲਾਂ ਨੂੰ ਸਪਸ਼ਟ ਨਿਸ਼ਾਨੀਆਂ ਨਾਲ ਭੇਜਿਆ ਅਤੇ ਅਸੀਂ ਉਹਨਾਂ ਨਾਲ ਕਿਤਾਬ (ਰੱਬੀ ਬਾਣੀ) ਤੇ ਮੀਜ਼ਾਨ (ਇਨਸਾਫ਼ ਕਰਨ ਵਾਲੀ ਤਕੜੀ) ਉਤਾਰੀ ਤਾਂ ਜੋ ਲੋਕ ਇਨਸਾਫ਼ ’ਤੇ ਕਾਇਮ ਰਹਿਣ। ਅਸੀਂ ਲੋਹਾ ਪੈਦਾ ਕੀਤਾ, ਇਸ ਵਿਚ ਬਹੁਤ ਸ਼ਕਤੀ ਹੈ1 ਅਤੇ ਲੋਕਾਂ ਲਈ ਅਨੇਕਾਂ ਲਾਭ ਹਨ। ਤਾਂ ਜੋ ਅੱਲਾਹ ਨੂੰ ਗਿਆਨ ਹੋ ਜਾਵੇ ਕਿ ਕੌਣ ਬਿਨ ਵੇਖਿਆਂ ਉਸ ਦੀ ਤੇ ਉਸ ਦੇ ਪੈਗ਼ੰਬਰਾਂ ਦੀ ਮਦਦ ਕਰਦਾ ਹੈ। ਬੇਸ਼ੱਕ ਅੱਲਾਹ ਅਤਿਅੰਤ ਸ਼ਕਤੀਸ਼ਾਲੀ ਅਤੇ ਜ਼ੋਰਾਵਰ ਹੈ।
26਼ ਬੇਸ਼ੱਕ ਅਸੀਂ ਨੂਹ ਨੂੰ ਅਤੇ ਇਬਰਾਹੀਮ ਨੂੰ (ਰਸੂਲ ਬਣਾ ਕੇ) ਭੇਜਿਆ। ਅਸੀਂ ਉਹਨਾਂ ਦੋਹਾਂ ਦੀ ਸੰਤਾਨ ਵਿਚ ਪੈਗ਼ੰਬਰੀ ਅਤੇ (ਰੱਬੀ) ਕਿਤਾਬ ਰੱਖ ਦਿੱਤੀ, ਫੇਰ ਇਹਨਾਂ ਵਿੱਚੋਂ ਹੀ ਕੁੱਝ ਹਿਦਾਇਤ ਪ੍ਰਾਪਤ ਕਰਨ ਵਾਲੇ ਹਨ ਅਤੇ ਇਹਨਾਂ ਵਿੱਚੋਂ ਹੀ ਬਹੁਤੇ ਲੋਕ ਨਾ-ਫ਼ਰਮਾਨ ਹਨ।
27਼ ਫੇਰ ਅਸੀਂ ਇਹਨਾਂ ਦੇ ਪਿੱਛੇ ਲੜੀਵਾਰ ਰਸੂਲ ਭੇਜੇ ਅਤੇ ਇਹਨਾਂ ਸਭ ਦੇ ਪਿੱਛੇ ਮਰੀਅਮ ਦੇ ਪੁੱਤਰ ਈਸਾ ਨੂੰ ਭੇਜਿਆ। ਉਸ ਨੂੰ ਅਸੀਂ ਇੰਜੀਲ ਦਿੱਤੀ ਅਤੇ ਉਹਨਾਂ ਦੇ ਦਿਲਾਂ ਵਿਚ ਜਿਨ੍ਹਾਂ ਨੇ ਉਹਨਾਂ ਦੀ ਪੈਰਵੀ ਕੀਤੀ, ਨਰਮੀ ਤੇ ਮੁਹੱਬਤ ਰੱਖ ਦਿੱਤੀ। ਸੰਸਾਰ ਤਿਆਗ ਪ੍ਰਥਾ ਤਾਂ ਉਹਨਾਂ ਦੀ ਆਪਣੀ ਬਣਾਈ ਹੋਈ ਹੈ, ਅਸੀਂ ਉਹਨਾਂ ਲਈ ਇਹ ਫ਼ਰਜ਼ ਨਹੀਂ ਸੀ ਕੀਤਾ, ਪਰ ਅੱਲਾਹ ਦੀ ਰਜ਼ਾ ਦੀ ਤਲਾਸ਼ ਵਿਚ ਉਹਨਾਂ ਨੇ ਆਪ ਹੀ ਇਹ ਸਭ ਕੀਤਾ ਸੀ। ਉਹਨਾਂ ਨੇ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਜਿਵੇਂ ਕਿ ਰਖਣਾ ਚਾਹੀਦਾ ਸੀ। ਫੇਰ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਵਿੱਚੋਂ ਈਮਾਨ ਲਿਆਏ, ਉਹਨਾਂ ਦੇ (ਈਮਾਨ ਦਾ) ਬਦਲਾ ਦਿੱਤਾ ਅਤੇ ਇਹਨਾਂ ਵਿੱਚੋਂ ਵਧੇਰੇ ਲੋਕ ਤਾਂ ਝੂਠੇ ਹਨ।
28਼ ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਤੋਂ ਡਰੋ ਅਤੇ ਉਸ ਦੇ ਰਸੂਲਾਂ ਉੱਤੇ ਈਮਾਨ ਲਿਆਓ, ਅੱਲਾਹ ਤੁਹਾਨੂੰ ਆਪਣੀ ਮਿਹਰ ਦਾ ਦੁਹਰਾ ਹਿੱਸਾ ਬਖ਼ਸ਼ੇਗਾ1 ਅਤੇ ਤੁਹਾਡੇ ਲਈ ਅਜਿਹਾ ਨੂਰ ਬਣਾਵੇਗਾ ਜਿਸ ਦੀ ਰੌਸ਼ਨੀ ਵਿਚ ਤੁਸੀਂ ਚੱਲੋਂਗੇ ਅਤੇ ਉਹ ਤੁਹਾਨੂੰ ਬਖ਼ਸ਼ ਦੇਵੇਗਾ। ਅੱਲਾਹ ਮੁਆਫ਼ ਕਰਨ ਵਾਲਾ ਅਤੇ ਅਤਿਅੰਤ ਰਹਿਮ ਫ਼ਰਮਾਉਣ ਵਾਲਾ ਹੈ।
29਼ ਤਾਂ ਜੋ ਕਿਤਾਬ ਵਾਲੇ (ਯਹੂਦੀ ਅਤੇ ਈਸਾਈ) ਇਹ ਜਾਣ ਲੈਣ ਕਿ ਉਹ ਅੱਲਾਹ ਦੀ ਕ੍ਰਿਪਾਲਤਾ ਨਾਲ ਕਿਸੇ ਸ਼ੈਅ ’ਤੇ ਕੁਦਰਤ ਨਹੀਂ ਰੱਖਦੇ। ਬੇਸ਼ੱਕ ਸਾਰੇ ਫ਼ਜ਼ਲ (ਕ੍ਰਿਪਾਲਤਾ ਤੇ ਬਖ਼ਸ਼ਿਸ਼ਾਂ) ਅੱਲਾਹ ਦੇ ਹੱਥ ਵਿਚ ਹੀ ਹਨ। ਉਹ ਜਿਸ ਨੂੰ ਚਾਹੁੰਦਾ ਹੈ (ਆਪਣੀ ਕ੍ਰਿਪਾ ਨਾਲ) ਦੇ ਦਿੰਦਾ ਹੈ ਅਤੇ ਅੱਲਾਹ ਅਤਿਅੰਤ ਕ੍ਰਿਪਾਲੂ ਹੈ।