The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe reality [Al-Haaqqa] - Bunjabi translation
Surah The reality [Al-Haaqqa] Ayah 52 Location Maccah Number 69
1਼ ਵਾਪਰਨ ਵਾਲੀ, ਹੁਣੇ ਵਾਪਰਨ ਵਾਲੀ ਹੈ।
2਼ ਕੀ ਹੈ, ਉਹ ਵਾਪਰਨ ਵਾਲੀ?
3਼ ਤੁਹਾਨੂੰ ਵਾਪਰਨ ਵਾਲੀ ਦੀ ਖ਼ਬਰ ਕਿਸ ਨੇ ਦਿੱਤੀ ਹੈ ?
4਼ ‘ਸਮੂਦ’ ਅਤੇ ‘ਆਦ’ ਨੇ ਇਸ ਬਰਬਾਦ ਕਰਨ ਵਾਲੀ ਕਿਆਮਤ ਨੂੰ ਝੁਠਲਾਇਆ।
5਼ ਜਿਹੜੇ ‘ਸਮੂਦੀ’ ਸਨ ਉਹ ਇਕ ਵੱਡੀ ਤੇਜ਼ ਡਰਾਉਣ ਵਾਲੀ ਆਵਾਜ਼ ਨਾਲ ਹਲਾਕ ਕਰ ਦਿੱਤੇ ਗਏ।
6਼ ਅਤੇ ਜਿਹੜੇ ‘ਆਦੀ’ ਸਨ ਉਹ ਤੇਜ਼ ਸ਼ੂਕਦੀ ਹਨੇਰੀ ਨਾਲ ਬਰਬਾਦ ਹੋ ਗਏ।
7਼ ਅੱਲਾਹ ਨੇ ਉਹਨਾਂ ’ਤੇ ਲਗਾਤਾਰ ਸੱਤ ਰਾਤਾਂ ਅਤੇ ਅੱਠ ਦਿਨ ਇਸ (ਹਨੇਰੀ) ਨੂੰ ਚਾੜ੍ਹੀਂ ਰੱਖਿਆ, ਜੇ ਤੁਸੀਂ ਉੱਥੇ ਹੁੰਦੇ ਤਾਂ ਤੁਸੀਂ ਉਸ ਕੌਮ ਨੂੰ ਇੰਜ ਬਰਬਾਦ ਪਏ ਵੇਖਦੇ ਜਿਵੇਂ ਉਹ ਖਜੂਰ ਦੇ ਪੋਲੇ ਹੋ ਚੁੱਕੇ ਮੋਛੇ ਹੋਣ।
8਼ ਕੀ ਤੁਸੀਂ ਉਹਨਾਂ ਕੌਮਾਂ ਦਾ ਕੁੱਝ ਵੀ ਬਾਕੀ ਬਚਿਆ ਹੋਇਆ ਵੇਖਦੇ ਹੋ?
9਼ ਅਤੇ ਫ਼ਿਰਔਨ ਜਿਹੜਾ ਇਹਨਾਂ ਤੋਂ ਪਹਿਲਾਂ ਸੀ ਅਤੇ ਉੱਪਰ ਥੱਲੇ ਕੀਤੀਆਂ ਗਈਆਂ ਬਸਤੀਆਂ ਵਾਲੇ ਵੀ ਪਾਪ ਕਰਦੇ ਸਨ।
10਼ ਉਹਨਾਂ ਨੇ ਆਪਣੇ ਰੱਬ ਦੇ ਰਸੂਲ ਦੀ ਨਾ-ਫ਼ਰਮਾਨੀ ਕੀਤੀ ਤਾਂ ਉਹਨਾਂ ਦੇ ਰੱਬ ਨੇ ਉਹਨਾਂ ਨੂੰ ਕਰੜਾਈ ਨਾਲ ਫੜ ਲਿਆ।
11਼ ਬੇਸ਼ੱਕ ਜਦੋਂ ਪਾਣੀ ਦਾ ਹੜ੍ਹ ਆਇਆ ਤਾਂ ਅਸੀਂ ਤੁਹਾਨੂੰ (ਨੂਹ ਤੇ ਉਸ ਦੇ ਸਾਥੀਆਂ ਨੂੰ) ਚਲਦੀ ਬੇੜੀ ਵਿਚ ਸਵਾਰ ਕਰ ਦਿੱਤਾ।
12਼ ਤਾਂ ਜੋ ਅਸੀਂ ਤੁਹਾਡੀ ਇਸ ਘਟਨਾ ਨੂੰ ਸਿੱਖਿਆਦਾਈ ਬਣਾ ਦੇਈਏ, ਤਾਂ ਜੋ ਚੇਤੇ ਰੱਖਣ ਵਾਲੇ ਕੰਨ ਇਸ ਨੂੰ ਯਾਦ ਰੱਖਣ।
13਼ ਫੇਰ ਜਦੋਂ ਸੂਰ (ਨਰਸਿੰਘੇ) ਵਿਚ ਇਕ ਹੀ ਵਾਰ ਫੂਂਕ ਮਾਰੀ ਜਾਵੇਗੀ।
14਼ ਅਤੇ ਧਰਤੀ ਤੇ ਪਹਾੜ ਚੁੱਕ ਕੇ ਇਕ ਹੀ ਸੱਟ ਵਿਚ ਚੂਰ ਚੂਰ ਕਰ ਦਿੱਤੇ ਜਾਣਗੇ।
15਼ ਉਸ ਦਿਹਾੜੇ ਵਾਪਰਨ ਵਾਲੀ ਘਟਨਾ (ਕਿਆਮਤ) ਵਾਪਰੇਗੀ।
16਼ ਅਤੇ ਅਕਾਸ਼ ਫੱਟ ਜਾਵੇਗਾ ਉਸ ਦਿਨ ਉਹ ਬੋਦਾ ਹੋ ਜਾਵੇਗਾ।
17਼ ਅਤੇ ਫ਼ਰਿਸ਼ਤੇ ਉਸ ਦੇ ਕੰਢਿਆਂ ’ਤੇ ਹੋਣਗੇ ਅਤੇ ਉਸ ਦਿਨ ਅੱਠ ਫ਼ਰਿਸ਼ਤੇ ਤੁਹਾਡੇ ਰੱਬ ਦਾ ਅਰਸ਼ ਆਪਣੇ ਉੱਤੇ ਚੁੱਕੀ ਹੋਣਗੇ।
18਼ ਉਸ ਦਿਹਾੜੇ ਤੁਹਾਡੀ ਪੇਸ਼ੀ (ਰੱਬ ਦੇ ਹਜ਼ੂਰ) ਹੋਵੇਗੀ, ਤੇ ਤੁਹਾਡਾ ਕੋਈ ਵੀ ਭੇਤ ਲੁਕਿਆ ਨਹੀਂ ਰਹੇਗਾ।
19਼ ਉਸ ਵੇਲੇ ਜਿਸ ਦੀ ਕਰਮ-ਪੱਤਰੀ ਉਸ ਦੇ ਸੱਜੇ ਹੱਥ ਵਿਚ ਦਿੱਤੀ ਜਾਵੇਗੀ, ਉਹ ਆਖੇਗਾ, ਲਓ ਮੇਰੀ ਕਰਮ-ਪੱਤਰੀ ਪੜ੍ਹੋ।
20਼ ਬੇਸ਼ੱਕ ਮੈਨੂੰ ਭਰੋਸਾ ਸੀ ਕਿ ਮੈਨੂੰ ਆਪਣੇ ਲੇਖੇ ਜੋਖੇ ਨਾਲ ਮਿਲਣਾ ਹੈ।
21਼ ਸੋ ਉਹ ਮਨ ਭਾਉਂਦੀ ਜੀਵਨੀ ਵਿਚ ਹੋਵੇਗਾ।
22਼ ਉੱਚੀਆਂ ਜੰਨਤਾਂ ਵਿਚ ਹੋਵੇਗਾ।
23਼ ਜਿਸ ਦੇ ਫਲਾਂ ਦੇ ਗੁੱਛੇ ਕੋਲ ਹੀ ਝੁੱਕੇ ਹੋਣਗੇ।
24਼ ਆਖਿਆ ਜਾਵੇਗਾ ਕਿ ਮੌਜਾਂ ਨਾਲ ਖਾਓ ਪੀਓ ਆਪਣੇ ਉਹਨਾਂ ਕਰਮਾਂ ਦੇ ਬਦਲੇ ਜਿਹੜੇ ਤੁਸੀਂ ਬੀਤੇ ਸਮੇਂ ਵਿਚ ਅੱਗੇ ਭੇਜੇ ਸਨ।
25਼ ਪਰ ਜਿਸ ਦੀ ਕਰਮ-ਪੱਤਰੀ ਉਸ ਦੇ ਖੱਬੇ ਹੱਥ ਵਿਚ ਦਿੱਤੀ ਗਈ ਉਹ ਆਖੇਗਾ, ਕਾਸ਼ ਮੈਨੂੰ ਮੇਰੀ ਕਰਮ-ਪੱਤਰੀ ਨਾ ਦਿੱਤੀ ਜਾਂਦੀ।
26਼ ਮੈਨੂੰ ਪਤਾ ਹੀ ਨਾ ਹੁੰਦਾ ਕਿ ਮੇਰਾ ਲੇਖਾ-ਜੋਖਾ ਕੀ ਹੈ ?
27਼ ਕਾਸ਼! ਉਹੀਓ (ਜਿਹੜੀ ਸੰਸਾਰ ਵਿਚ ਮੌਤ ਆਈ ਸੀ) ਨਿਰਨਾਇਕ ਸਿੱਧ ਹੁੰਦੀ।
28਼ ਮੈਨੂੰ ਮੇਰੇ ਮਾਲ ਨੇ ਕੁੱਝ ਵੀ ਲਾਭ ਨਹੀਂ ਦਿੱਤਾ।
29਼ ਮੇਰੀ ਹੁਕਮਰਾਨੀ ਮੈਥੋਂ ਖੁਸ ਗਈ।
30਼ ਹੁਕਮ ਹੋਵੇਗਾ ਕਿ ਇਸ ਨੂੰ ਫੜ ਲਵੋ ਅਤੇ ਇਸ ਦੇ ਸੰਗਲ ਪਾ ਦਿਓ।
31਼ ਫੇਰ ਇਸ ਨੂੰ ਨਰਕ ਦੀ ਅੱਗ ਵਿਚ ਸੁੱਟ ਦਿਓ।
32਼ ਫੇਰ ਇਕ ਜ਼ੰਜੀਰ ਵਿਚ, ਜਿਹੜੀ ਸੱਤਰ ਗਜ਼ ਲੰਮੀ ਹੈ, ਇਸ ਨੂੰ ਜਕੜ ਦਿਓ।
33਼ ਬੇਸ਼ੱਕ ਉਹ ਅੱਲਾਹ ਉੱਤੇ, ਜੋ ਕਿ ਸਰਵੁਚ ਹੈ, ਈਮਾਨ ਨਹੀਂ ਲਿਆਇਆ ਸੀ।
34਼ ਅਤੇ ਨਾ ਹੀ ਮੁਥਾਜ ਨੂੰ ਖਾਣਾ ਖਵਾਉਣ ਲਈ ਪ੍ਰੇਰਨਾ ਦਿੰਦਾ ਸੀ।1
35਼ ਸੋ ਅੱਜ ਇੱਥੇ ਕੋਈ ਉਸ ਦਾ ਹਮਦਰਦ ਦੋਸਤ ਨਹੀਂ।
36਼ ਅਤੇ ਨਾ ਹੀ ਜ਼ਖਮਾਂ ਦੇ ਧੋਣ ਤੋਂ ਛੁੱਟ ਕੋਈ ਭੋਜਨ ਹੈ।
37਼ ਛੁੱਟ ਅਪਰਾਧੀਆਂ ਤੋਂ ਇਸ ਨੂੰ ਕੋਈ ਨਹੀਂ ਖਾਂਦਾ।
38਼ ਸੋ ਮੈਂ ਉਹਨਾਂ ਚੀਜ਼ਾਂ ਦੀ ਸਹੁੰ ਖਾਂਦਾ ਹਾਂ ਜੋ ਤੁਸੀਂ ਵੇਖਦੇ ਹੋ।
39਼ ਅਤੇ ਉਹਨਾਂ ਦੀ ਵੀ ਜੋ ਤੁਸੀਂ ਨਹੀਂ ਵੇਖਦੇ।
40਼ ਬੇਸ਼ੱਕ ਇਹ (.ਕੁਰਆਨ) ਇਕ ਸਤਿਕਾਰਯੋਗ ਰਸੂਲ ਦਾ ਕਥਨ ਹੈ।
41਼ ਇਹ ਕਿਸੇ ਕਵੀ ਦਾ ਕਥਨ ਨਹੀਂ, ਪਰ ਤੁਸੀਂ ਲੋਕ ਘੱਟ ਹੀ ਈਮਾਨ ਲਿਆਉਂਦੇ ਹੋ।
42਼ ਅਤੇ ਨਾ ਹੀ ਕਿਸੇ ਪਾਂਧੇ ਦਾ ਕਥਨ ਹੈ, ਪਰ ਤੁਸੀਂ ਲੋਕ ਘੱਟ ਹੀ ਨਸੀਹਤ ਗ੍ਰਹਿਣ ਕਰਦੇ ਹੋ।
43਼ ਇਹ (.ਕੁਰਆਨ) ਤਾਂ ਸਾਰੇ ਹੀ ਜਹਾਨਾਂ ਦੇ ਪਾਲਣਹਾਰ ਵੱਲੋਂ ਉੱਤਾਰਿਆ ਗਿਆ ਹੈ।
44਼ ਜੇਕਰ ਇਹ (ਮੁਹੰਮਦ ਸ:) ਸਾਡੇ ਨਾਂ ਨਾਲ ਕੋਈ ਗੱਲ ਘੜ੍ਹ ਲਿਆਉਂਦਾ।
45਼ ਤਾਂ ਅਸੀਂ ਉਸ ਦਾ ਸੱਜਾ ਹੱਥ ਨੱਪ ਲੈਂਦੇ।
46਼ ਫੇਰ ਅਸੀਂ ਉਸਦੀ ਘੰਡੀ ਵੱਢ ਸੁੱਟਦੇ।
47਼ ਫੇਰ ਤੁਹਾਡੇ ਵਿੱਚੋਂ ਕੋਈ ਵੀ ਸਾਨੂੰ (ਭਾਵ ਅੱਲਾਹ ਨੂੰ) ਇਸ ਕੰਮ ਤੋਂ ਰੋਕਣ ਵਾਲਾ ਨਹੀਂ ਸੀ।
48਼ ਨਿਰਸੰਦੇਹ, ਇਹ .ਕੁਰਆਨ ਮੁੱਤਕੀਆਂ (ਬੁਰਾਈਆਂ ਤੋਂ ਬਚਣ ਵਾਲਿਆਂ) ਲਈ ਇਕ ਨਸੀਹਤ ਹੈ।
49਼ ਬੇਸ਼ੱਕ ਅਸੀਂ ਜਾਣਦੇ ਹਾਂ ਕਿ ਤੁਹਾਡੇ ਵਿੱਚੋਂ ਕੁੱਝ ਲੋਕ ਇਸ ਨੂੰ ਝੁਠਲਾਉਂਦੇ ਹਨ।
50਼ ਅਤੇ ਬੇਸ਼ੱਕ ਉਹ (ਝੁਠਲਾਉਣਾ) ਕਾਫ਼ਿਰਾਂ ਲਈ ਪਛਤਾਵੇ ਦਾ ਕਾਰਨ ਹੈ।1
51਼ ਨਿਰਸੰਦੇਹ, ਇਹ ਇਕ ਅਟੱਲ ਸੱਚਾਈ ਹੈ।2
52਼ ਸੋ (ਹੇ ਨਬੀ!) ਤੁਸੀਂ ਆਪਣੇ ਸਰਵੁਚ ਤੇ ਮਹਾਨ ਰੱਬ ਦੇ ਨਾਂ ਦੀ ਤਸਬੀਹ ਕਰੋ।