The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe Ascending stairways [Al-Maarij] - Bunjabi translation
Surah The Ascending stairways [Al-Maarij] Ayah 44 Location Maccah Number 70
1਼ ਇਕ ਮੰਗਣ ਵਾਲੇ ਨੇ ਅਜ਼ਾਬ ਮੰਗਿਆ ਹੈ, ਜਿਹੜਾ ਵਾਪਰਨ ਵਾਲਾ ਹੈ।
2਼ ਇਹ ਅਜ਼ਾਬ ਕਾਫ਼ਿਰਾਂ ਲਈ ਹੈ, ਕੋਈ ਇਸ ਨੂੰ ਟਾਲਣ ਵਾਲਾ ਨਹੀਂ।
3਼ ਅਤੇ (ਇਹ ਅਜ਼ਾਬ) ਉਸ ਅੱਲਾਹ ਵੱਲੋਂ ਹੈ ਜਿਹੜਾ ਉੱਚੇ ਮਰਤਬਿਆਂ ਵਾਲਾ ਹੈ।
4਼ ਫ਼ਰਿਸ਼ਤੇ ਅਤੇ ਰੂਹ (ਜਿਬਰਾਈਲ) ਉਸ ਦੇ ਹਜ਼ੂਰ ਇਕ ਅਜਿਹੇ ਦਿਨ ਚੜ੍ਹ ਕੇ ਜਾਂਦੇ ਹਨ ਜਿਸ ਦੀ ਮਿਣਤੀ ਪੰਜਾਹ ਹਜ਼ਾਰ ਸਾਲ ਹੈ।
5਼ ਸੋ (ਹੇ ਨਬੀ!) ਤੁਸੀਂ ਸੋਹਣੇ ਢੰਗ ਨਾਲ ਸਬਰ ਤੋਂ ਕੰਮ ਲਓ।
6਼ ਬੇਸ਼ੱਕ ਇਹ ਲੋਕ ਉਸ (ਕਿਆਮਤ) ਨੂੰ ਦੂਰ ਵੇਖਦੇ ਹਨ।
7਼ ਜਦ ਕਿ ਅਸੀਂ ਉਸ ਨੂੰ ਨੇੜੇ ਵੇਖਦੇ ਹਾਂ।
8਼ ਜਿਸ ਦਿਨ ਅਕਾਸ਼ ਪਿਘਲੇ ਹੋਏ ਤਾਂਬੇ ਵਾਂਗ ਹੋ ਜਾਵੇਗਾ।
9਼ ਅਤੇ ਪਹਾੜ ਧੁਣਖੀ ਹੋਈ ਰੰਗ-ਬਰੰਗੀ ਉੱਨ ਵਾਂਗ ਹੋ ਜਾਣਗੇ।
10਼ ਕੋਈ ਵੀ ਦੋਸਤ ਆਪਣੇ ਜਿਗਰੀ ਦੋਸਤ ਨੂੰ ਨਹੀਂ ਪੁੱਛੇਗਾ।
11਼ ਜਦ ਕਿ ਉਹ (ਦੋਸਤ) ਇਕ ਦੂਜੇ ਨੂੰ ਵਿਖਾ ਵੀ ਦਿੱਤੇ ਜਾਣਗੇ। ਅਪਰਾਧੀ ਚਾਹੇਗਾ ਕਿ ਕਾਸ਼। ਅਜ਼ਾਬ ਤੋਂ ਬਚਣ ਲਈ ਆਪਣੇ ਪੁੱਤਰਾਂ ਨੂੰ ਛੁਡਵਾਈ ਵਜੋਂ ਦੇ ਦੇਵੇ।
12਼ ਆਪਣੀ ਪਤਨੀ ਤੇ ਆਪਣੇ ਭਰਾ ਨੂੰ ਵੀ।
13਼ ਅਤੇ ਆਪਣੇ ਪਰਿਵਾਰ ਨੂੰ ਵੀ ਜਿਹੜਾ ਉਸ ਨੂੰ ਸ਼ਰਨ ਦਿੰਦਾ ਸੀ।
14਼ ਅਤੇ ਧਰਤੀ ਉੱਤੇ ਜਿੱਨੇ ਵੀ ਵਸਨੀਕ ਹਨ ਉਹਨਾਂ ਸਾਰਿਆਂ ਨੂੰ ਛੁਡਵਾਈ ਵਜੋਂ ਦੇ ਦੇਵੇ ਤਾਂ ਜੋ ਉਸ ਨੂੰ (ਅਜ਼ਾਬ ਤੋਂ) ਮੁਕਤੀ ਮਿਲ ਜਾਵੇ।1
15਼ ਕਦੇ ਵੀ ਨਹੀਂ (ਬਚ ਸਕੇਗਾ) ਬੇਸ਼ੱਕ ਉਹ ਤਾਂ ਇਕ ਭੜਕਦੀ ਹੋਈ ਅੱਗ ਹੈ।
16਼ ਜਿਹੜੀ ਚਮੜੀਆਂ ਨੂੰ ਉਧੇੜ ਦੇਣ ਵਾਲੀ ਹੈ।
17਼ ਅਤੇ ਉਹ ਹਰ ਉਸ ਵਿਅਕਤੀ ਨੂੰ, ਜਿਸ ਨੇ ਵੀ (ਹੱਕ ਤੋਂ) ਪਿੱਠ ਫੇਰੀ ਅਤੇ ਮੂੰਹ ਮੋੜ੍ਹਿਆ, ਹਾਕਾਂ ਮਾਰ-ਮਾਰ ਕੇ ਆਪਣੇ ਵੱਲ ਸੱਦੇਗੀ।
18਼ ਅਤੇ ਧਨ ਇਕੱਠਾ ਕੀਤਾ ਅਤੇ ਉਸ ਨੂੰ ਸੈਂਤ-ਸੈਂਤ ਕੇ ਰੱਖਿਆ।
19਼ ਬੇਸ਼ੱਕ ਮਨੁੱਖ ਨੂੰ ਬੇ-ਸਬਰਾ (ਥੁੜ-ਦਿਲਾ) ਪੈਦਾ ਕੀਤਾ ਗਿਆ ਹੈ।
20਼ ਜਦੋਂ ਉਸ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਉਹ ਘਬਰਾ ਜਾਂਦਾ ਹੈ।
21਼ ਜਦੋਂ ਕੋਈ ਭਲਾਈ ਮਿਲਦੀ ਹੈ, ਤਾਂ ਉਹ ਕੰਜੂਸੀ ਕਰਨ ਲੱਗਦਾ ਹੈ।
22਼ ਪਰ ਉਹ ਨਮਾਜ਼ੀ।
23਼ ਜਿਹੜੇ ਆਪਣੀਆਂ ਨਮਾਜ਼ਾਂ ਉੱਤੇ ਸਦਾ ਕਾਇਮ ਰਹਿੰਦੇ ਹਨ।
24਼ ਅਤੇ ਜਿਨ੍ਹਾਂ ਦੇ ਮਾਲਾਂ ਵਿਚ (ਦੂਜੇ ਲੋਕਾਂ ਦਾ) ਹੱਕ ਨਿਸ਼ਚਿਤ ਹੈ।
25਼ (ਜਿਵੇਂ) ਮੰਗਣ ਵਾਲੇ ਅਤੇ ਮਹਿਰੂਮਾਂ ਦਾ (ਹਿੱਸਾ ਹੈ)।
26਼ ਅਤੇ ਜਿਹੜੇ ਲੋਕ ਬਦਲੇ ਵਾਲੇ ਦਿਨ (ਭਾਵ ਕਿਆਮਤ) ਦੀ ਪੁਸ਼ਟੀ ਕਰਦੇ ਹਨ।
27਼ ਅਤੇ ਜਿਹੜੇ ਆਪਣੇ ਰੱਬ ਦੇ ਅਜ਼ਾਬ ਤੋਂ ਡਰਨ ਵਾਲੇ ਹਨ।
28਼ ਬੇਸ਼ੱਕ ਉਹਨਾਂ ਦੇ ਰੱਬ ਦਾ ਅਜ਼ਾਬ ਕੋਈ ਨਾ ਡਰਨ ਵਾਲੀ ਚੀਜ਼ ਨਹੀਂ।
29਼ ਜਿਹੜੇ ਆਪਣੀਆਂ ਗੁਪਤ-ਇੰਦਰੀਆਂ ਦੀ ਰਾਖੀ ਕਰਨ ਵਾਲੇ ਹਨ।
30਼ ਛੁੱਟ ਆਪਣੀਆਂ ਪਤਨੀਆਂ ਜਾਂ ਆਪਣੀਆਂ ਗੋਲੀਆਂ ਤੋਂ (ਜੇ ਰਾਖੀ ਨਹੀਂ ਕਰਦੇ) ਤਾਂ ਉਹਨਾਂ ਦਾ ਕੋਈ ਦੋਸ਼ ਨਹੀਂ।
31਼ ਪਰ ਜਿਹੜਾ ਕੋਈ ਇਹਨਾਂ (ਦੋਵਾਂ) ਤੋਂ ਛੁੱਟ ਹੋਰ (ਔਰਤਾਂ) ਚਾਹਵੇ ਉਹੀਓ ਹੱਦਾਂ ਤੋਂ ਟੱਪਣ ਵਾਲੇ ਹਨ।
32਼ ਅਤੇ ਜਿਹੜੇ ਆਪਣੀ ਅਮਾਨਤਾਂ ਦੀ ਰਾਖੀ ਤੇ ਆਪਣੇ ਵਚਨਾਂ ਦੀ ਪਾਲਣਾ ਕਰਨ ਵਾਲੇ ਹਨ।
33਼ ਅਤੇ ਜਿਹੜੇ ਆਪਣੀਆਂ ਗਵਾਹੀਆਂ ਉੱਤੇ ਕਾਇਮ ਰਹਿੰਦੇ ਹਨ।
34਼ ਅਤੇ ਜਿਹੜੇ ਆਪਣੀਆਂ ਨਮਾਜ਼ਾਂ ਦੀ ਰਾਖੀ ਕਰਦੇ ਹਨ।1
35਼ ਉਹੀਓ ਲੋਕ ਬਾਗ਼ਾਂ (ਭਾਵ ਜੰਨਤਾਂ) ਵਿਚ ਆਦਰ-ਮਾਨ ਵਾਲੇ ਹੋਣਗੇ।
36਼ (ਹੇ ਨਬੀ!) ਕਾਫ਼ਿਰਾਂ ਨੂੰ ਕੀ ਹੋ ਗਿਆ ਹੈ ਕਿ ਉਹ ਤੁਹਾਡੇ ਵੱਲ ਨੱਸੇ ਆ ਰਹੇ ਹਨ।
37਼ ਸੱਜਿਓਂ ਵੀ ਅਤੇ ਖੱਬਿਓਂ ਵੀ ਟੋਲੇ ਦੇ ਟੋਲੇ (ਆ ਰਹੇ ਹਨ)।
38਼ ਕੀ ਇਹਨਾਂ ਵਿੱਚੋਂ ਹਰੇਕ ਵਿਅਕਤੀ ਨੂੰ ਇਹ ਲੋਭ ਹੈ ਕਿ ਉਸ ਨੂੰ ਨਿਅਮਤਾਂ ਭਰੀਆਂ ਜੰਨਤਾਂ ਵਿਚ ਦਾਖ਼ਲ ਕੀਤਾ ਜਾਵੇਗਾ।
39਼ ਉੱਕਾ ਹੀ ਨਹੀਂ! ਬੇਸ਼ੱਕ ਅਸੀਂ ਉਹਨਾਂ ਨੂੰ ਉਸ ਚੀਜ਼ ਤੋਂ ਸਾਜਿਆ ਹੈ, ਜਿਸ ਨੂੰ ਉਹ ਜਾਣਦੇ ਹਨ।
40਼ ਸੋ ਮੈਂ ਪੂਰਬਾਂ ਅਤੇ ਪੱਛਮਾਂ ਦੇ ਮਾਲਿਕ ਦੀ ਸਹੁੰ ਖਾਂਦਾ ਹਾਂ ਕਿ ਅਸੀਂ ਹੀ ਸਮਰਥਾ ਰੱਖਦੇ ਹਾਂ।
41਼ ਅਸਾਂ ਇਹਨਾਂ ਦੀ ਥਾਂ ਇਹਨਾਂ ਤੋਂ ਵਧੀਆ ਲੋਕਾਂ ਨੂੰ ਲਿਆਈਏ। ਸਾਨੂੰ ਇਸ ਕੰਮ ਤੋਂ ਰੋਕਣ ਵਾਲਾ ਕੋਈ ਨਹੀਂ ਅਤੇ ਨਾ ਹੀ ਸਾਡੇ ਉੱਤੇ ਕੋਈ ਭਾਰੂ ਹੈ।
42਼ ਸੋ (ਹੇ ਨਬੀ!) ਤੁਸੀਂ ਉਹਨਾਂ ਦੀ ਚਿੰਤਾ ਕਰਨੀ ਛੱਡ ਦਿਓ, ਉਹ ਗੱਲਾਂ ਬਣਾਉਣ ਤੇ ਖੇਡਣ ਵਿਚ ਰੁੱਝੇ ਰਹਿਣ ਇੱਥੋਂ ਤਕ ਕਿ ਉਹ ਆਪਣੇ ਉਸ ਦਿਨ ਨੂੰ ਪੁੱਜ ਜਾਣ ਜਿਸਦਾ ਇਹਨਾਂ ਨਾਲ ਵਾਅਦਾ ਕੀਤਾ ਗਿਆ ਹੈ।
43਼ ਜਿਸ ਦਿਨ ਉਹ ਕਬਰਾਂ ਵਿੱਚੋਂ ਨਿੱਕਲ ਕੇ ਨੱਸੇ ਜਾਣਗੇ, ਜਿਵੇਂ ਉਹ ਆਪਣੇ ਅਸਥਾਨਾਂ ਵੱਲ ਨੱਸ ਰਹੇ ਹੋਣ।
44਼ ਉਹਨਾਂ ਦੀਆਂ ਨਜ਼ਰਾਂ ਨੀਵੀਆਂ ਹੋਣਗੀਆਂ ਤੇ ਉਹਨਾਂ ’ਤੇ ਹੀਣਤਾ ਛਾ ਰਹੀ ਹੋਵੇਗੀ, ਇਹੋ ਉਹ ਦਿਨ ਹੈ ਜਿਸ ਦਾ ਉਹਨਾਂ ਨਾਲ ਵਾਅਦਾ ਕੀਤਾ ਗਿਆ ਹੈ।