The Noble Qur'an Encyclopedia
Towards providing reliable exegeses and translations of the meanings of the Noble Qur'an in the world languagesDefrauding [Al-Mutaffifin] - Bunjabi translation
Surah Defrauding [Al-Mutaffifin] Ayah 36 Location Maccah Number 83
1਼ ਡੰਡੀ ਮਾਰਨ (ਭਾਵ ਬੇ-ਇਨਸਾਫ਼ੀ ਕਰਨ) ਵਾਲਿਆਂ ਲਈ (ਆਖ਼ਿਰਤ ਵਿਚ) ਤਬਾਹੀ ਹੈ।
2਼ ਉਹ ਜਦੋਂ ਲੋਕਾਂ ਤੋਂ ਲੈਂਦੇ ਹਨ ਤਾਂ ਪੂਰਾ ਮਿਣ ਕੇ ਲੈਂਦੇ ਹਨ।
3਼ ਜਦੋਂ ਉਹ ਮਿਣ ਕੇ (ਜਾਂ ਤੌਲ ਕੇ) ਦਿੰਦੇ ਹਨ ਤਾਂ ਘੱਟ ਦਿੰਦੇ ਹਨ।
4਼ ਕੀ ਇਹਨਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਕਿ ਜ਼ਰੂਰ ਹੀ ਉਹ (ਕਬਰਾਂ ਵਿੱਚੋਂ) ਕੱਢੇ ਜਾਣਗੇ।
5਼ ਇਕ ਵੱਡੇ ਦਿਹਾੜੇ (ਕਿਆਮਤ) ਲਈ (ਵਿਸ਼ਵਾਸ ਨਹੀਂ ਕਰਦੇ)।
6਼ ਜਿਸ ਦਿਨ ਸਾਰੇ ਲੋਕ ਕੁੱਲ ਜਹਾਨਾਂ ਦੇ ਪਾਲਣਹਾਰ ਦੇ ਅੱਗੇ ਖੜੇ ਹੋਣਗੇ।
7਼ ਉੱਕਾ ਨਹੀਂ (ਹੋ ਸਕਦਾ ਕਿ ਰੱਬ ਤੁਹਾਡੇ ਕੀਤੇ ਕਰਮਾਂ ਨੂੰ ਨਾ ਜਾਣੇ) ਬੇਸ਼ੱਕ ਭੈੜੇ ਕਰਮਾਂ ਵਾਲਿਆਂ ਦੇ ਕਰਮ-ਪੱਤਰ ਸਿੱਜੀਨ ਵਿਚ ਹਨ।
8਼ ਅਤੇ ਤੁਸੀਂ ਕੀ ਜਾਣੋਂ ਕਿ ਸਿੱਜੀਨ ਕੀ ਹੈ।
9਼ ਇਹ ਇਕ ਲਿਖੀ ਹੋਈ ਕਿਤਾਬ ਹੈ (ਜਿਸ ਵਿੱਚੋਂ ਭੈੜੇ ਲੋਕਾਂ ਦੀ ਕਰਮ-ਪੱਤਰੀ) ਹੈ।
10਼ ਤਬਾਹੀ ਹੈ ਉਸ ਦਿਹਾੜੇ ਝੁਠਲਾਉਣ ਵਾਲਿਆਂ ਲਈ।
11਼ (ਉਹਨਾਂ ਲੋਕਾਂ) ਲਈ ਜਿਹੜੇ ਬਦਲੇ ਵਾਲੇ ਦਿਨ (ਕਿਆਮਤ) ਨੂੰ ਝੁਲਾਉਂਦੇ ਹਨ।
12਼ ਅਤੇ ਇਸ (ਦਿਹਾੜੇ) ਨੂੰ ਕੇਵਲ ਹੱਦੋਂ ਟੱਪਿਆ ਪਾਪੀ ਹੀ ਝੁਠਲਾਉਂਦਾ ਹੈ।
13਼ ਜਦੋਂ ਉਸ ਨੂੰ ਸਾਡੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਆਖਦਾ ਹੈ ਕਿ ਇਹ ਤਾਂ ਪਹਿਲੇ ਲੋਕਾਂ ਦੀਆਂ ਕਹਾਣੀਆਂ ਹਨ।
14਼ ਗੱਲ ਇਹ ਨਹੀਂ (ਅਸਲ ਵਿਚ) ਉਹਨਾਂ ਦੇ ਦਿਲਾਂ ਉੱਤੇ ਉਹਨਾਂ ਦੇ (ਭੈੜੇ) ਕਰਮਾਂ ਨੇ ਜਰ ਲਾ ਦਿੱਤਾ ਹੈ। 1
15਼ ਉੱਕਾ ਹੀ ਨਹੀਂ! ਬੇਸ਼ੱਕ ਉਸ ਦਿਨ ਉਹ (ਇਨਕਾਰੀ) ਆਪਣੇ ਰੱਬ (ਦੇ ਦਰਸ਼ਨਾਂ) ਤੋਂ ਵਾਂਝੇ ਰੱਖੇ ਜਾਣਗੇ।
16਼ ਫੇਰ ਉਹ ਜ਼ਰੂਰ ਹੀ ਨਰਕ ਵਿਚ ਜਾਣਗੇ।
17਼ ਫੇਰ ਉਹਨਾਂ ਨੂੰ ਕਿਹਾ ਜਾਵੇਗਾ ਕਿ ਇਹ ਉਹ ਚੀਜ਼ ਹੈ ਜਿਸ ਨੂੰ ਤੁਸੀਂ ਝੁਠਲਾਇਆ ਕਰਦੇ ਸੀ।
18਼ ਉੱਕਾ ਨਹੀਂ, ਬੇਸ਼ੱਕ ਨੇਕ ਲੋਕਾਂ ਦੀ ਕਰਮ-ਪੱਤਰੀ ਇੱਲੀਨ ਵਿਚ ਹੈ।
19਼ ਅਤੇ ਤੁਸੀਂ ਕੀ ਜਾਣੋਂ ਕਿ ਉਹ (ਇੱਲੀਨ) ਕੀ ਹੈ ?
20਼ (ਉਹ) ਇਕ ਲਿਖੀ ਹੋਈ ਕਿਤਾਬ ਹੈ (ਜਿਸ ਵਿਚ ਨੇਕ ਲੋਕਾਂ ਦੀਆਂ ਕਰਮ-ਪੱਤਰੀਆਂ ਹਨ)।
21਼ ਜਿਸ ਦੇ ਕੋਲ (ਰੱਬ ਦੇ) ਨਿਕਟਵਰਤੀ ਫ਼ਰਿਸ਼ਤੇ ਹਾਜ਼ਰ ਰਹਿੰਦੇ ਹਨ।
22਼ ਬੇਸ਼ੱਕ ਨੇਕ ਲੋਕ ਜ਼ਰੂਰ ਹੀ ਵੱਡੀਆਂ ਨਿਅਮਤਾਂ ਵਿਚ (ਆਨੰਦ ਮਾਣਦੇ) ਹੋਣਗੇ।
23਼ ਉੱਚੇ ਸਿੰਘਾਸਣਾਂ ’ਤੇ (ਬੈਠੇ) ਵੇਖ ਰਹੇ ਹੋਣਗੇ।
24਼ ਉਹਨਾਂ ਦੇ ਚਿਹਰਿਆਂ ’ਤੇ ਤੁਸੀਂ ਨਿਅਮਤਾਂ ਤੋਂ ਮਿਲੀ ਖ਼ੁਸ਼ਹਾਲੀ ਵੇਖੋਗੇ।
25਼ ਉਹਨਾਂ ਨੂੰ ਵਧੀਆ ਸੀਲਬੰਦ ਸ਼ਰਾਬ ਪਿਆਈ ਜਾਵੇਗੀ।
26਼ ਜਿਸ ਉੱਤੇ ਕਸਤੂਰੀ ਦੀ ਮੋਹਰ ਲੱਗੀ ਹੋਵੇਗੀ। ਸੋ ਸ਼ਰਾਬ ਪੀਣ ਦਾ ਸ਼ੋਕ ਰੱਖਣ ਵਾਲਿਆਂ ਨੂੰ ਉਸ ਦੀ ਇੱਛਾ ਰੱਖਣੀ ਚਾਹੀਦੀ ਹੈ।
27਼ ਉਸ (ਸ਼ਰਾਬ) ਵਿਚ ‘ਤਸਨੀਮ’ ਦੀ ਮਿਲਾਵਟ ਹੋਵੇਗੀ।
28਼ ਭਾਵ ਉਹ (ਤਸਨੀਮ) ਇਕ ਚਸ਼ਮਾਂ ਹੈ ਜਿਸ ਨੂੰ (ਅੱਲਾਹ) ਦੇ ਨਿਕਟਵਰਤੀ ਪੀਣਗੇ।
29਼ ਬੇਸ਼ੱਕ ਅਪਰਾਧੀ ਮੋਮਿਨਾਂ ਉੱਤੇ (ਸੰਸਾਰ ਵਿਚ) ਹੱਸਦੇ ਸੀ।
30਼ ਅਤੇ ਜਦੋਂ ਉਹ (ਮੁਸਲਮਾਨਾਂ) ਦੇ ਨੇੜੇ ਤੋਂ ਲੰਘਦੇ ਤਾਂ ਅੱਖਾਂ-ਅੱਖਾਂ ਵਿਚ ਇਸ਼ਾਰੇ (ਮਖੌਲ) ਕਰਦੇ ਸਨ।
31਼ ਅਤੇ ਜਦੋਂ ਉਹ ਆਪਣੇ ਪਰਿਵਾਰ (ਸਾਥੀਆਂ) ਵੱਲ ਪਰਤਦੇ ਤਾਂ ਦਿਲ ਪਰਚਾਵਾ ਕਰਦੇ ਹੋਏ ਪਰਤਦੇ ਸਨ।
32਼ ਅਤੇ ਜਦੋਂ ਉਹ (ਇਨਕਾਰੀ) ਇਹਨਾਂ (ਮੁਸਲਮਾਨਾਂ) ਨੂੰ ਵੇਖਦੇ ਤਾਂ ਆਖਦੇ ਕਿ ਇਹ ਕੁਰਾਹੇ ਪਏ ਹੋਏ ਲੋਕ ਹਨ।
33਼ ਹਾਲਾਂ ਕਿ ਉਹ (ਕਾਫ਼ਿਰ) ਉਹਨਾਂ ਉੱਤੇ ਨਿਗਰਾਨ ਬਣਾ ਕੇ ਨਹੀਂ ਭੇਜੇ ਗਏ ਸਨ।
34਼ ਸੋ ਅੱਜ (ਕਿਆਮਤ ਦਿਹਾੜੇ) ਈਮਾਨ ਵਾਲੇ ਕਾਫ਼ਿਰਾਂ ਉੱਤੇ ਹੱਸ ਰਹੇ ਹੋਣਗੇ।
35਼ ਸੰਘਾਸਣਾਂ ਉੱਤੇ ਬੈਠੇ ਉਹਨਾਂ ਨੂੰ ਵੇਖ ਰਹੇ ਹੋਣਗੇ।
36਼ (ਅਤੇ ਆਖਣਗੇ) ਕੀ ਇਨਕਾਰੀਆਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਮਿਲ ਗਿਆ ਜੋ ਉਹ (ਸੰਸਾਰ ਵਿਚ) ਕਰਦੇ ਸੀ ?