عربيEnglish

The Noble Qur'an Encyclopedia

Towards providing reliable exegeses and translations of the meanings of the Noble Qur'an in the world languages

The cattle [Al-Anaam] - Bunjabi translation

Surah The cattle [Al-Anaam] Ayah 165 Location Maccah Number 6

1਼ ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਸਾਜਿਆ ਹੇ, ਹਨੇਰਿਆਂ ਨੂੰ ਅਤੇ ਰੌਸ਼ਨੀ (ਨੂਰ) ਨੂੰ ਬਣਾਇਆ, ਫੇਰ ਵੀ ਕਾਫ਼ਿਰ ਲੋਕ (ਹੋਰਾਂ ਨੂੰ) ਆਪਣੇ ਪਾਲਣਹਾਰ ਦੇ ਬਰਾਬਰ ਦਰਜਾ ਦਿੰਦੇ ਹਨ।

2਼ ਉਹ (ਅੱਲਾਹ) ਉਹੀਓ ਰੁ ਜਿਸ ਨੇ ਤੁਹਾਨੂੰ (ਮਨੁੱਖਾਂ ਨੂੰ) ਮਿੱਟੀ ਤੋਂ ਪੈਦਾ ਕੀਤਾ ਹੇ, ਫੇਰ ਉਸ ਨੇ (ਤੁਹਾਡੇ ਲਈ) ਇਕ ਸਮਾਂ (ਮੌਤ) ਦਾ ਨਿਸ਼ਚਿਤ ਕੀਤਾ ਅਤੇ ਉਸ ਦੇ ਕੋਲ (ਕਿਆਮਤ ਦਾ) ਸਮਾਂ ਵੀ ਨਿਸ਼ਚਿਤ ਕੀਤਾ ਹੋਇਆ ਹੇ। (ਵਿਸ਼ੇਸ਼ ਕਿਆਮਤ ਦਾ ਸਮਾਂ ਅੱਲਾਹ ਨੂੰ ਹੀ ਪਤਾ ਹੇ) ਤੁਸੀਂ ਫੇਰ ਵੀ ਸ਼ੱਕ ਕਰਦੇ ਹੋ।

3਼ ਅਤੇ ਉਹੀਓ ਅੱਲਾਹ ਅਕਾਸ਼ਾਂ ਵਿਚ ਵੀ ਹੇ ਤੇ ਧਰਤੀ ਵਿਚ ਵੀ ਉਹੀਓ ਹੇ। ਉਹ ਤੁਹਾਡੀਆਂ ਗੁਪਤ ਗੱਲਾਂ ਨੂੰ ਵੀ ਅਤੇ ਤੁਹਾਡੇ ਜ਼ਾਹਿਰ (ਵਿਖਾਵੇ) ਨੂੰ ਵੀ ਜਾਣਦਾ ਹੇ ਅਤੇ ਉਹ ਸਭ ਉਹ ਵੀ ਜਾਣਦਾ ਹੇ ਜੋ ਤੁਸੀਂ ਕਰਦੇ ਹੋ।

4਼ ਅਤੇ ਇਹਨਾਂ ਕੋਲ ਇਹਨਾਂ ਦੇ ਰੱਬ ਦੀਆਂ ਨਿਸ਼ਾਨੀਆਂ ਵਿੱਚੋਂ ਕੋਈ ਵੀ ਨਿਸ਼ਾਨੀ ਅਜਿਹੀ ਨਹੀਂ ਆਈ ਜਿਸ ਤੋਂ ਇਹਨਾਂ ਨੇ ਮੂੰਹ ਨਾ ਮੋੜ੍ਹਿਆ ਹੋਵੇ।

5਼ ਜਦੋਂ ਉਹਨਾਂ ਕੋਲ ਹੱਕ (.ਕੁਰਆਨ) ਆ ਗਿਆ ਤਾਂ ਉਹਨਾਂ ਨੇ ਇਸ ਨੂੰ ਵੀ ਝੁਠਲਾਇਆ। ਸੋ ਛੇਤੀ ਹੀ ਉਹਨਾਂ (ਇਨਕਾਰੀਆਂ) ਨੂੰ (ਉਸ ਦੀ ਮੱਤਹਤਾ ਦਾ) ਪਤਾ ਲੱਗ ਜਾਵੇਗਾ ਜਿਸ ਚੀਜ਼ ਨਾਲ ਇਹ ਲੋਕ ਮਖੌਲ ਕਰਿਆ ਕਰਦੇ ਸਨ।1

6਼ ਕੀ ਉਹਨਾਂ ਨੇ ਨਹੀਂ ਵੇਖਿਆ ਕਿ ਇਹਨਾਂ ਤੋਂ ਪਹਿਲਾਂ ਅਸੀਂ ਕਿੰਨੀਆਂ ਹੀ ਕੌਮਾਂ ਨੂੰ ਹਲਾਕ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਅਸੀਂ ਧਰਤੀ ਉੱਤੇ ਇੰਨਾ ਸ਼ਕਤੀਸ਼ਾਲੀ ਬਣਾਇਆ ਸੀ ਕਿ ਤੁਹਾਨੂੰ ਤਾਂ ਉਹ ਸ਼ਕਤੀ ਦਿੱਤੀ ਹੀ ਨਹੀਂ। ਅਸੀਂ ਉਹਨਾਂ ਉੱਤੇ ਅਕਾਸ਼ ਤੋਂ ਮੋਸਲਾਧਾਰ ਬਾਰਿਸ਼ ਕੀਤੀ ਅਤੇ ਨਹਿਰਾਂ ਬਣਾਈਆਂ ਜਿਹੜੀਆਂ ਉਹਨਾਂ ਦੇ ਘਰਾਂ ਹੇਠ ਵਗਦੀਆਂ ਸਨ। ਫੇਰ ਅਸੀਂ ਉਹਨਾਂ ਦੇ ਪਾਪਾਂ ਕਾਰਨ ਉਹਨਾਂ ਨੂੰ ਹਲਾਕ ਕਰ ਦਿੱਤਾ ਅਤੇ ਉਹਨਾਂ ਦੀ ਥਾਂ ਦੂਜੀਆਂ ਕੌਮਾਂ ਪੈਦਾ ਕੀਤੀਆਂ।

7਼ (ਹੇ ਨਬੀ!) ਜੇ ਅਸੀਂ ਕਾਗ਼ਜ਼ ’ਤੇ ਲਿਖੀ ਹੋਈ ਕੋਈ ਕਿਤਾਬ ਤੁਹਾਡੇ ਉੱਤੇ ਨਾਜ਼ਿਲ ਕਰ ਦਿੰਦੇ, ਫੇਰ ਇਹ (ਮੱਕੇ ਦੇ ਕਾਫ਼ਿਰ) ਲੋਕ ਇਸ ਨੂੰ ਆਪਣੇ ਹੱਥੀਂ ਛੂ ਕੇ ਵੀ ਵੇਖ ਲੈਂਦੇ ਤਾਂ ਵੀ ਇਹ ਕਾਫ਼ਿਰ ਜ਼ਰੂਰ ਇਹੋ ਆਖਦੇ ਕਿ ਇਹ ਤਾਂ ਪਰਤੱਖ ਜਾਦੂ ਹੀ ਹੇ।

8਼ ਇਹ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਇਸ ਨਬੀ ਉੱਤੇ ਕੋਈ ਫ਼ਰਿਸ਼ਤਾ ਕਿਉਂ ਨਹੀਂ ਉਤਾਰਿਆ ਗਿਆ। (ਹੇ ਨਬੀ!) ਜੇ ਅਸੀਂ ਕੋਈ ਫ਼ਰਿਸ਼ਤਾ ਵੀ ਭੇਜ ਦਿੰਦੇ ਤਾਂ ਸਾਰਾ ਕਿੱਸਾ ਹੀ ਖ਼ਤਮ ਹੋ ਗਿਆ ਹੁੰਦਾ। ਫੇਰ ਇਹਨਾਂ ਨੂੰ ਕੋਈ ਢਿੱਲ ਵੀ ਨਾ ਮਿਲਦੀ।

9਼ ਜੇ ਅਸੀਂ ਇਸ (ਨਬੀ ਨੂੰ) ਫ਼ਰਿਸ਼ਤਾ ਬਣਾ ਕੇ ਉਤਾਰਦੇ ਤਾਂ ਵੀ ਉਹ ਮਨੁੱਖੀ ਰੂਪ ਵਿਚ ਹੀ ਆਉਂਦਾ। ਇਸੇ ਪ੍ਰਕਾਰ ਦਾ ਸ਼ੱਕ ਇਹ ਫੇਰ ਵੀ ਕਰਦੇ ਜਿਸ ਵਿਚ ਇਹ ਹੁਣ ਫਸੇ ਹੋਏ ਹਨ।

10਼ ਹੇ ਨਬੀ! ਤੁਹਾਥੋਂ ਪਹਿਲਾਂ ਜਿਹੜੇ ਵੀ ਪੈਗ਼ੰਬਰ ਹੋਏ ਹਨ, ਉਹਨਾਂ ਦਾ ਵੀ ਮਖੌਲ ਕੀਤਾ ਗਿਆ ਸੀ। ਫੇਰ ਇਹਨਾਂ ਵਿੱਚੋਂ ਜਿਹੜੇ ਲੋਕਾਂ ਨੇ ਮਖੌਲ ਕੀਤਾ ਸੀ, ਉਹਨਾਂ ਨੂੰ ਉਸ ਅਜ਼ਾਬ ਨੇ ਆ ਘੇਰਿਆ, ਜਿਸ ਦਾ ਉਹ ਮਖੌਲ ਉਡਾਇਆ ਕਰਦੇ ਸਨ।

11਼ (ਹੇ ਨਬੀ!) ਤੁਸੀਂ ਆਖ ਦਿਓ ਕਿ ਰਤਾ ਧਰਤੀ ਉੱਤੇ ਘੁੰਮ ਫਿਰ ਕੇ ਵੇਖੋ ਕਿ (ਰੱਬ ਦੇ) ਇਨਕਾਰੀਆਂ ਦਾ ਕਿਹੋ ਜਿਹਾ ਅੰਤ ਹੋਇਆ ਸੀ।

12਼ ਇਹਨਾਂ ਤੋਂ ਪੁੱਛੋ! ਕਿ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਮੌਜੂਦ ਹੇ ਉਹਨਾਂ ਸਭ ਦਾ ਮਾਲਿਕ ਕੌਣ ਹੇ? ਤੁਸੀਂ ਕਹੋ ਕਿ ਸਭ ਦਾ ਮਾਲਿਕ ਅੱਲਾਹ ਹੀ ਹੇ। ਅੱਲਾਹ ਨੇ (ਆਪਣੀ ਮਖ਼ਲੂਕ ਉੱਤੇ) ਮਿਹਰਬਾਨੀ1 ਕਰਨਾ ਆਪਣੇ ਲਈ ਲਾਜ਼ਮ ਕਰ ਲਿਆ ਹੇ। ਉਹ ਕਿਆਮਤ ਦਿਹਾੜੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਹੀ ਇਕੱਠਾ ਕਰੇਗਾ, ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ। ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਰੱਖਿਆ ਹੇ ਉਹ ਈਮਾਨ ਨਹੀਂ ਲਿਆਉਣਗੇ।

13਼ ਰਾਤ (ਦੇ ਹਨੇਰਿਆਂ) ਅਤੇ ਦਿਨ (ਦੇ ਉਜਾਲੇ) ਵਿਚ ਜੋ ਕੁਝ ਮੌਜੂਦ ਹੇ, ਉਹ ਸਭ ਅੱਲਾਹ ਦਾ ਹੀ ਹੇ। ਉਹ ਸਭ ਕੁੱਝ ਸੁਣਦਾ ਤੇ ਭਲੀ-ਭਾਂਤ ਜਾਣਦਾ ਹੇ।

14਼ (ਹੇ ਨਬੀ!) ਤੁਸੀਂ ਆਖ ਦਿਓ, ਕੀ ਮੈਂ ਉਸ ਅੱਲਾਹ ਤੋਂ ਛੁੱਟ ਕਿਸੇ ਹੋਰ ਨੂੰ ਅਪਣਾ ਇਸ਼ਟ ਬਣਾ ਲਵਾਂ? ਉਹੀਓ ਅਕਾਸ਼ਾਂ ਤੇ ਧਰਤੀ ਦਾ ਪੈਦਾ ਕਰਨ ਵਾਲਾ ਹੇ, ਉਹ (ਸਭ ਨੂੰ) ਖਾਣ ਨੂੰ ਦਿੰਦਾ ਹੇ ਅਤੇ ਉਸ ਨੂੰ ਕੋਈ ਖਾਣ ਨੂੰ ਨਹੀਂ ਦਿੰਦਾ। ਸੋ ਤੁਸੀਂ ਆਖ ਦਿਓ ਕਿ ਮੈਨੂੰ ਇਹ ਹੁਕਮ ਹੋਇਆ ਹੇ ਕਿ ਸਭ ਤੋਂ ਪਹਿਲਾਂ ਮੈਂ ਇਸਲਾਮ ਕਬੂਲ ਕਰਾਂ ਅਤੇ ਮੁਸ਼ਰਿਕਾਂ ਵਿਚ ਸ਼ਾਮਿਲ ਨਾ ਹੋਵਾਂ।

15਼ (ਹੇ ਨਬੀ!) ਤੁਸੀਂ ਆਖੋ ਕਿ ਜੇ ਮੈਂ ਅਪਣੇ ਰੱਬ ਦਾ ਕਹਿਣਾ ਨਾਂ ਮੰਨਿਆ ਤਾਂ ਮੈਂ ਇਕ ਵੱਡੇ (ਕਿਆਮਤ ਦੇ) ਦਿਨ ਦੇ ਅਜ਼ਾਬ ਭੋਗਣ ਤੋਂ ਡਰਦਾ ਹਾਂ।

16਼ ਜਿਸ ਵਿਅਕਤੀ ਤੋਂ ਉਸ ਦਿਨ (ਨਰਕ ਦਾ) ਅਜ਼ਾਬ ਹਟਾ ਦਿੱਤਾ ਜਾਵੇਗਾ, ਉਸ ਉੱਤੇ ਅੱਲਾਹ ਦਾ ਬਹੁਤ ਹੀ ਵੱਡਾ ਰਹਿਮ ਹੋਵੇਗਾ। ਇਹੋ ਅਸਲੀ ਕਾਮਯਾਬੀ ਹੇ।

17਼ ਜੇ ਤੁਹਾਨੂੰ ਅੱਲਾਹ ਵੱਲੋਂ ਕੋਈ ਦੁਖ-ਤਕਲੀਫ਼ ਆਵੇ ਤਾਂ ਉਸ ਦਾ ਦੂਰ ਕਰਨ ਵਾਲਾ ਵੀ ਅੱਲਾਹ ਤੋਂ ਛੁੱਟ ਹੋਰ ਕੋਈ ਨਹੀਂ। ਜੇ ਅੱਲਾਹ ਤੁਹਾਨੂੰ ਕਿਸੇ ਭਲਾਈ ਨਾਲ ਨਿਵਾਜ਼ੇ ਤਾਂ (ਉਹੀਓ ਦੇ ਸਕਦਾ ਹੇ ਕਿਉਂ ਜੋ) ਉਹ ਹਰ ਚੀਜ਼ ’ਤੇ ਕੁਦਰਤ ਰੱਖਣ ਵਾਲਾ ਹੇ।

18਼ ਉਹੀਓ ਆਪਣੇ ਬੰਦਿਆਂ ਉੱਤੇ ਪੂਰਨ ਅਧਿਕਾਰ ਰੱਖਦਾ ਹੇ ਅਤੇ ਉਹੀਓ ਵੱਡੀਆਂ ਹਿਕਮਤਾਂ ਵਾਲਾ ਅਤੇ ਸਾਰੀਆਂ ਖ਼ਬਰਾਂ ਰੱਖਣ ਵਾਲਾ ਹੇ।

19਼ (ਹੇ ਨਬੀ!) ਤੁਸੀਂ ਇਹਨਾਂ ਤੋਂ ਪੁੱਛੋ ਕਿ ਗਵਾਹੀ ਵਜੋਂ ਸਭ ਤੋਂ ਵੱਡੀ ਚੀਜ਼ ਕਿਹੜੀ ਹੇ ? ਤੁਸੀਂ ਆਖੋ ਕਿ ਮੇਰੇ ਤੇ ਤੁਹਾਡੇ ਵਿਚਕਾਰ ਅੱਲਾਹ ਹੀ ਗਵਾਹ ਹੇ ਅਤੇ ਮੇਰੇ ਵੱਲ ਇਹ ਵਹੀ (.ਕੁਰਆਨ) (ਜਿਬਰਾਈਲ ਨਾਂ ਦੇ ਫ਼ਰਿਸ਼ਤੇ ਦੁਆਰਾ) ਭੇਜੀ ਗਈ ਹੇ ਤਾਂ ਜੋ ਮੈਂ ਇਸ .ਕੁਰਆਨ ਦੁਆਰਾ ਤੁਹਾਨੂੰ ਅਤੇ ਜਿਸ ਤਕ ਵੀ ਇਹ (.ਕੁਰਆਨ) ਪਹੁੰਚੇ, ਉਹਨਾਂ ਸਭ ਨੂੰ (ਰੱਬ ਦੇ ਅਜ਼ਾਬ ਤੋਂ) ਡਰਾਵਾਂ। ਕੀ ਤੁਸੀਂ ਵਾਸਤਵ ਵਿਚ ਵੀ ਇਹ ਗਵਾਹੀ ਦੇਵੋਗੇ ਕਿ ਅੱਲਾਹ ਦੇ ਨਾਲ ਦੂਜੇ ਵੀ ਇਸ਼ਟ ਹਨ? (ਹੇ ਨਬੀ!) ਤੁਸੀਂ ਆਖ ਦਿਓ ਕਿ ਮੈਂ ਇਹ ਗਵਾਹੀ ਕਦੇ ਵੀ ਨਹੀਂ ਦਿੰਦਾ ਅਤੇ ਇਹ ਵੀ ਆਖ ਦਿਓ ਕਿ ਕੇਵਲ ਉਹੀਓ ਇੱਕੋ ਇਕ (ਅੱਲਾਹ ਹੀ) ਇਸ਼ਟ ਹੇ ਅਤੇ ਮੈਂ ਉਹਨਾਂ ਤੋਂ ਬਰੀ ਹਾਂ ਜਿਹੜੇ ਸ਼ਰੀਕ ਤੁਸੀਂ ਬਣਾ ਰਹੇ ਹੋ।

20਼ ਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬ (ਤੌਰੈਤ ਤੇ ਇੰਜੀਲ) ਦਿੱਤੀ ਉਹ ਇਸ (.ਕੁਰਆਨ ਤੇ ਰਸੂਲ ਨੂੰ) ਇੰਝ ਪਛਾਣਦੇ ਹਨ ਜਿਵੇਂ ਆਪਣੇ ਪੁੱਤਰਾਂ ਨੂੰ ਪਛਾਣਦੇ ਹਨ। ਜਿਨ੍ਹਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾ ਛੱਡਿਆ ਹੇ, ਉਹ ਈਮਾਨ ਨਹੀਂ ਲਿਆਉਣਗੇ।1

21਼ ਉਸ ਵਿਅਕਤੀ ਤੋਂ ਵੱਡਾ ਜ਼ਾਲਮ ਕੌਣ ਹੋਵੇਗਾ, ਜਿਹੜਾ ਅੱਲਾਹ ’ਤੇ ਝੂਠ ਥਾਪੇ ਜਾਂ ਅੱਲਾਹ ਦੀਆਂ ਆਇਤਾਂ (ਨਿਸ਼ਾਨੀਆਂ) ਨੂੰ ਝੂਠਾ ਆਖੇ ? ਅਜਿਹੇ ਜ਼ਾਲਮ ਕਦੇ ਵੀ ਸਫ਼ਲ ਨਹੀਂ ਹੋਣਗੇ।

22਼ ਉਹ ਸਮਾਂ ਵੀ ਯਾਦ ਕਰੋ ਜਦੋਂ ਅਸੀਂ ਸਾਰਿਆਂ ਨੂੰ (ਇਕ ਥਾਂ) ਇਕੱਠਾ ਕਰਾਂਗੇ, ਫੇਰ ਅਸੀਂ ਮੁਸ਼ਰਿਕਾਂ ਨੂੰ ਕਹਾਂਗੇ ਕਿ ਤੁਹਾਡੇ ਉਹ ਸ਼ਰੀਕ ਕਿੱਥੇ ਹਨ, ਜਿਨ੍ਹਾਂ ਨੂੰ ਤੁਸੀਂ ਅੱਲਾਹ ਦਾ ਸਾਂਝੀ ਵਿਚਾਰਦੇ ਸੀ।

23਼ ਇਸ (ਪੁੱਛ-ਗਿੱਛ) ’ਤੇ ਇਸ ਤੋਂ ਛੁੱਟ ਹੋਰ ਕੁੱਝ ਵੀ ਬਹਾਨਾ ਨਹੀਂ ਹੋਵੇਗਾ, ਕਿ ਉਹ ਇਹੋ ਆਖਣਗੇ ਕਿ ਹੇ ਅੱਲਾਹ! ਸਾਨੂੰ ਸਾਡੇ ਪਾਲਣਹਾਰ ਦੀ ਸੁੰਹ ਕਿ ਅਸੀਂ ਉੱਕਾ ਹੀ ਮੁਸ਼ਰਿਕ ਨਹੀਂ ਸੀ।

24਼ ਵੇਖਣਾ ਕਿ ਉਹ ਕਿਵੇਂ ਆਪਣੀਆਂ ਜਾਨਾਂ ਉੱਤੇ ਝੂਠ ਘੜ੍ਹਣਗੇ ਅਤੇ ਜਿਨ੍ਹਾਂ ਨੂੰ ਉਹ ਇਸ਼ਟ ਬਣਾਉਂਦੇ ਸੀ ਉਹ ਸਭ ਅਲੋਪ ਹੋ ਜਾਣਗੇ।

25਼ ਇਹਨਾਂ (ਮੱਕੇ ਦੇ ਕਾਫ਼ਿਰਾਂ) ਵਿੱਚੋਂ ਕੁੱਝ ਉਹ ਵੀ ਹਨ ਜਿਹੜੇ ਕੰਨ ਲਾ ਕੇ ਤੁਹਾਡੀਆਂ ਗੱਲਾਂ ਸੁਣਦੇ ਹਨ, ਜਦ ਕਿ ਅਸੀਂ ਉਹਨਾਂ ਦੇ ਦਿਲਾਂ ’ਤੇ ਪੜਦੇ ਪਾ ਛੱਡੇ ਹਨ ਤਾਂ ਜੋ ਉਹ ਸਮਝ ਹੀ ਨਾ ਸਕਣ ਅਤੇ ਉਹਨਾਂ ਦੇ ਕੰਨਾਂ ਵਿਚ ਡਾਟ ਪਾ ਰੱਖੀ ਹੇ, ਜੇਕਰ ਉਹ ਲੋਕ ਦਲੀਲਾਂ (ਨਿਸ਼ਾਨੀਆਂ) ਵੇਖ ਲੈਣ ਤਾਂ ਵੀ ਉਹ ਈਮਾਨ ਨਹੀਂ ਲਿਆਉਣਗੇ। ਜਦੋਂ ਇਹ ਲੋਕੀ ਤੁਹਾਡੇ ਕੋਲ ਆਉਂਦੇ ਹਨ ਤਾਂ ਤੁਹਾਡੇ ਨਾਲ ਮੱਲੋ-ਮੱਲੀ ਬਹਿਸਾਂ ਕਰਦੇ ਹਨ। ਇਹ ਲੋਕੀ ਜਿਹੜੇ ਕਾਫ਼ਿਰ ਹਨ, ਉਹ ਕਹਿੰਦੇ ਹਨ ਕਿ ਇਹ (.ਕੁਰਆਨ) ਤਾਂ ਕੁੱਝ ਵੀ ਨਹੀਂ ਕੇਵਲ ਬੇ-ਦਲੀਲ ਗੱਲਾਂ ਹਨ, ਜਿਹੜੀਆਂ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਹਨ।

26਼ ਇਹ (ਕਾਫ਼ਿਰ) ਦੂਜਿਆਂ ਨੂੰ ਵੀ ਇਸ (.ਕੁਰਆਨ) ਤੋਂ ਰੋਕਦੇ ਹਨ ਅਤੇ ਆਪ ਵੀ ਇਸ ਤੋਂ ਦੂਰ ਰਹਿੰਦੇ ਹਨ। ਇਹ ਲੋਕ ਆਪਣੇ ਆਪ ਨੂੰ ਹੀ ਤਬਾਹ ਕਰ ਰਹੇ ਹਨ ਅਤੇ ਇਹਨਾਂ ਨੂੰ ਇਸ ਦਾ ਪਤਾ ਵੀ ਨਹੀਂ।

27਼ ਜੇ ਤੁਸੀਂ ਇਹਨਾਂ ਕਾਫ਼ਿਰਾਂ ਨੂੰ ਉਸ ਵੇਲੇ ਵੇਖੋ ਜਦੋਂ ਇਹ ਨਰਕ ਵਿਚ ਖੜ੍ਹੇ ਕੀਤੇ ਜਾਣਗੇ, ਫੇਰ ਆਖਣਗੇ, ਕਾਸ਼! ਜੇ ਸਾਨੂੰ ਇਕ ਵਾਰ ਮੁੜ ਸੰਸਾਰ ਵਿਚ ਵਾਪਸ ਭੇਜਿਆ ਜਾਵੇ ਤਾਂ ਫੇਰ ਅਸੀਂ ਆਪਣੇ ਰੱਬ ਦੀਆਂ ਨਿਸ਼ਾਨੀਆਂ ਨੂੰ ਕਦੇ ਵੀ ਝੂਠਾ ਨਹੀਂ ਕਹਾਂਗੇ ਅਤੇ ਅਸੀਂ ਵੀ ਈਮਾਨ ਵਾਲਿਆਂ ਵਿੱਚੋਂ ਹੋਵਾਂਗੇ।

28਼ ਨਹੀਂ, ਸਗੋਂ ਇਹਨਾਂ ਦੀਆਂ ਉਹ ਕਰਤੂਤਾਂ ਅੱਜ ਪ੍ਰਗਟ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਉਹ ਪਹਿਲਾਂ (ਸੰਸਾਰ ਵਿਚ) ਲਕੋਇਆ ਕਰਦੇ ਸਨ। ਜੇ ਉਹਨਾਂ ਨੂੰ ਸੰਸਾਰ ਵਿਚ ਮੁੜ ਭੇਜ ਦਿੱਤਾ ਜਾਵੇ, ਫੇਰ ਵੀ ਉਹ ਉਹੀਓ ਕੰਮ ਕਰਨਗੇ ਜਿਨ੍ਹਾਂ ਤੋਂ ਉਹਨਾਂ ਨੂੰ ਰੋਕਿਆ ਗਿਆ ਸੀ। ਬੇਸ਼ੱਕ ਉਹ ਤਾਂ ਉੱਕਾ ਹੀ ਝੂਠੇ ਹਨ।

29਼ ਅਤੇ ਇਹ (ਕਾਫ਼ਿਰ) ਤਾਂ ਇਹ ਵੀ ਕਹਿੰਦੇ ਹਨ ਕਿ ਜੀਵਨ ਤਾਂ ਕੇਵਲ ਸੰਸਾਰਿਕ ਜੀਵਨ ਹੀ ਹੇ, ਅਸੀਂ ਮੁੜ ਜਿਊਂਦੇ ਨਹੀਂ ਕੀਤੇ ਜਾਵਾਂਗੇ।

30਼ (ਹੇ ਨਬੀ!) ਜੇ ਤੁਸੀਂ ਇਹਨਾਂ ਨੂੰ ਉਸ ਸਮੇਂ ਵੇਖੋਂ ਜਦੋਂ ਇਹ ਆਪਣੇ ਪਾਲਣਹਾਰ ਦੇ ਸਾਹਮਣੇ ਖੜੇ ਕੀਤੇ ਜਾਣਗੇ, ਤਦ ਉਹ (ਅੱਲਾਹ) ਫ਼ਰਮਾਏਗਾ, ਕੀ ਇਹ (ਮੁੜ ਜੀਉਣਾ) ਹੱਕ ਨਹੀਂ ਹੇ ? ਤਾਂ ਉਹ ਆਖਣਗੇ ਕਿ ਕਿਉਂ ਨਹੀਂ ਇਹੋ ਹੱਕ ਹੇ, ਆਪਣੇ ਰੱਬ ਦੀ ਸੁੰਹ। ਅੱਲਾਹ ਫ਼ਰਮਾਏਗਾ ਕਿ ਹੁਣ ਤੁਸੀਂ ਅਜ਼ਾਬ ਦਾ ਸੁਆਦ ਲਵੋ ਕਿਉਂ ਜੋ ਤੁਸੀਂ ਕੁਫ਼ਰ ਕਰਦੇ ਸੀ।

31਼ ਬੇਸ਼ੱਕ ਉਹੀ ਲੋਕ ਘਾਟੇ ਵਿਚ ਰਹੇ ਜਿਨ੍ਹਾਂ ਨੇ ਅੱਲਾਹ ਨਾਲ ਮੁਲਾਕਾਤ ਹੋਣ ਨੂੰ ਝੁਠਲਾਇਆ।1 ਪਰ ਜਦੋਂ ਕਿਆਮਤ ਦੀ ਘੜੀ ਅਚਣਚੇਤ ਉਹਨਾਂ ਕੋਲ ਆ ਜਾਵੇਗੀ, ਫੇਰ ਆਖਣਗੇ ਕਿ ਅਫ਼ਸੋਸ! ਇਸ ਸੰਬੰਧ ਵਿਚ ਸਾਥੋਂ ਵੱਡੀ ਭੁੱਲ ਹੋ ਗਈ ਅਤੇ ਉਹ ਆਪਣੀ ਪਿੱਠਾਂ ਉੱਤੇ (ਪਾਪਾਂ ਦਾ) ਭਾਰ ਚੁੱਕੀ ਫਿਰਨਗੇ। ਚੰਗੀ ਤਰ੍ਹਾਂ ਸੁਣ ਲਓ! ਕਿ ਬਹੁਤ ਹੀ ਭੈੜਾ ਹੇ ਉਹ ਭਾਰ ਜੋ ਉਹ (ਕਿਆਮਤ ਦਿਹਾੜੇ) ਚੁੱਕਣਗੇ।

32਼ ਸੰਸਾਰਿਕ ਜੀਵਨ ਤਾਂ ਸਿਵਾਏ ਖੇਡ-ਤਮਾਸ਼ੇ ਤੋਂ ਹੋਰ ਕੁੱਝ ਵੀ ਨਹੀਂ ਜਦ ਕਿ ਆਖ਼ਿਰਤ ਦਾ ਜੀਵਨ ਬੁਰਾਈਆਂ ਤੋਂ ਬਚਣ ਵਾਲਿਆਂ ਲਈ ਵਧੀਆ ਥਾਂ1 ਹੇ। ਕੀ ਤੁਸੀਂ ਸੋਚ ਵਿਚਾਰ ਨਹੀਂ ਕਰੋਗੇ ?

33਼ (ਹੇ ਨਬੀ!) ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਤੁਹਾਨੂੰ ਇਹਨਾਂ (ਕਾਫ਼ਿਰਾਂ) ਦੀਆਂ ਗੱਲਾਂ ਤੋਂ ਦੁਖ ਹੁੰਦਾ ਹੇ। ਇਹ ਲੋਕੀ ਤੁਹਾਨੂੰ ਝੂਠਾ ਨਹੀਂ ਕਹਿੰਦੇ, ਸਗੋਂ ਇਹ ਜ਼ਾਲਿਮ ਤਾਂ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕਰਦੇ ਹਨ।

34਼ (ਹੇ ਨਬੀ!) ਤੁਹਾਥੋਂ ਪਹਿਲਾਂ ਵੀ ਕਈ ਪੈਗ਼ੰਬਰਾਂ ਨੂੰ ਝੁਠਲਾਇਆ ਜਾ ਚੁੱਕਿਆ ਹੇ। ਪਰ ਉਹਨਾਂ ਨੇ ਝੁਠਲਾਉਣ ਅਤੇ ਤਸੀਹੇ ਦੇਣ ਉੱਤੇ ਸਬਰ ਕੀਤਾ ਸੀ ਇੱਥੋਂ ਤਕ ਕਿ ਉਹਨਾਂ ਨੂੰ ਸਾਡੀ (ਅੱਲਾਹ ਦੀ) ਮਦਦ ਆ ਪਹੁੰਚੀ। ਅੱਲਾਹ ਦੀਆਂ ਗੱਲਾਂ (ਫ਼ੈਸਲਿਆਂ) ਨੂੰ ਕੋਈ ਵੀ ਬਦਲਣ ਵਾਲਾ ਨਹੀਂ ਹੇ ਅਤੇ ਤੁਹਾਡੇ ਕੋਲ ਕੁੱਝ ਪੈਗ਼ੰਬਰਾਂ ਦੀਆਂ ਕੁੱਝ-ਕੁੱਝ ਖ਼ਬਰਾਂ ਪਹੁੰਚ ਵੀ ਚੁੱਕੀਆਂ ਹਨ।

35਼ (ਹੇ ਨਬੀ!) ਜੇ ਇਹਨਾਂ ਕਾਫ਼ਿਰਾਂ ਦਾ ਹੱਕ ਤੋਂ ਮੂੰਹ ਮੋੜਣਾ ਤੁਹਾਥੋਂ ਸਹਿਣ ਨਹੀਂ ਹੁੰਦਾ ਤਾਂ ਜੇ ਤੁਸੀਂ ਕਰ ਸਕਦੇ ਹੋ ਤਾਂ ਧਰਤੀ ਵਿਚ ਕੋਈ ਸੁਰੰਗ ਜਾਂ ਅਕਾਸ਼ ਵਿਚ ਜਾਣ ਲਈ ਕੋਈ ਪੌੜੀ ਲੱਭ ਲਓ, ਫੇਰ ਤੁਸੀਂ ਉਹਨਾਂ ਕੋਲ ਕੋਈ ਨਿਸ਼ਾਨੀ ਲੈ ਆਓ (ਜੇ ਤੁਸੀਂ ਕਰ ਸਕਦੇ ਹੋ ਤਾਂ ਕਰ ਵਿਖਾਓ) ਜੇ ਅੱਲਾਹ ਚਾਹੁੰਦਾ ਤਾਂ ਇਹਨਾਂ ਸਾਰਿਆਂ ਨੂੰ ਸਿੱਧੇ ਰਸਤੇ ਉੱਤੇ ਇਕੱਠਿਆਂ ਕਰ ਦਿੰਦਾ। ਸੋ ਤੁਸੀਂ ਨਾਦਾਨਾਂ ਵਿੱਚੋਂ ਨਾ ਹੋਵੋ (ਭਾਵ ਅੱਲਾਹ ਦੇ ਫ਼ੈਸਲਿਆਂ ਉੱਤੇ ਹੀ ਸਬਰ ਕਰੋ)।

36਼ ਉਹੀਓ ਲੋਕੀ ਸੱਚਾਈ (ਨਸੀਹਤ) ਕਬੂਲ ਕਰਦੇ ਹਨ ਜਿਹੜੇ ਸੁਣਦੇ ਹਨ। ਜਿੱਥੋਂ ਤਕ ਮੁਰਦਿਆਂ (ਕਾਫ਼ਿਰਾਂ) ਦਾ ਸੰਬੰਧ ਹੇ, ਅੱਲਾਹ ਉਹਨਾਂ ਨੂੰ ਜਿਉਂਦਿਆਂ ਕਰਕੇ ਉਠਾਵੇਗਾ, ਫੇਰ ਉਹ ਸਾਰੇ ਅੱਲਾਹ ਵੱਲ ਹੀ ਲਿਆਏ ਜਾਣਗੇ।

37਼ ਇਹ ਕਾਫ਼ਿਰ ਲੋਕ ਕਹਿੰਦੇ ਹਨ ਕਿ ਇਸ (ਮੁਹੰਮਦ ਸ:) ਉੱਤੇ ਕੋਈ ਵਡੀ ਨਿਸ਼ਾਨੀ ਕਿਉਂ ਨਹੀਂ ਉਤਾਰੀ ਗਈ ? (ਹੇ ਨਬੀ!) ਤੁਸੀਂ ਕਹਿ ਦਿਓ ਕਿ ਬੇਸ਼ੱਕ ਅੱਲਾਹ ਇਸ ਦੀ ਸਮਰਥਾ ਰੱਖਦਾ ਹੇ ਕਿ ਉਹ ਕੋਈ ਵੱਡੀ ਨਿਸ਼ਾਨੀ ਨਾਜ਼ਿਲ ਕਰੇ, ਪਰ ਬਹੁਤੇ ਲੋਕਾਂ ਨੂੰ ਇਸ ਦਾ ਗਿਆਨ ਨਹੀਂ।

38਼ ਧਰਤੀ ’ਤੇ ਚੱਲਣ ਵਾਲਾ ਕੋਈ ਜਾਨਵਰ ਅਤੇ ਦੋਵੇਂ ਖੰਬਾਂ ਨਾਲ ਉੱਡਣ ਵਾਲਾ ਕੋਈ ਵੀ ਪੰਛੀ ਅਜਿਹਾ ਨਹੀਂ ਜਿਹੜਾ ਤੁਹਾਡੇ (ਮਨੁੱਖਾਂ) ਵਾਂਗ ਵੱਖਰੀ ਉੱਮਤ ਨਾ ਹੋਵੇ। ਅਸੀਂ ਕਿਤਾਬ (.ਕੁਰਆਨ) ਵਿਚ ਕੋਈ ਚੀਜ਼ (ਬਿਨਾਂ ਚਰਚਾ ਕੀਤੇ) ਨਹੀਂ ਛੱਡੀ। ਫੇਰ ਉਹ ਸਾਰੇ ਆਪਣੇ ਰੱਬ ਦੇ ਹਜ਼ੂਰ ਇਕੱਤਰਤ ਕੀਤੇ ਜਾਣਗੇ।

39਼ ਜਿਹੜੇ ਲੋਕੀ ਸਾਡੀਆਂ ਆਇਤਾਂ (.ਕੁਰਆਨ) ਨੂੰ ਝੁਠਲਾਉਂਦੇ ਹਨ, ਉਹ ਗੁਮਰਾਹੀ ਦੇ ਹਨੇਰਿਆਂ ਕਾਰਨ ਬੋਲੇ ਤੇ ਗੁੰਗੇ ਹੋ ਗਏ ਹਨ। ਅੱਲਾਹ ਜਿਸ ਨੂੰ ਚਾਹਵੇ ਗੁਮਰਾਹ ਕਰ ਦਿੰਦਾ ਹੇ ਅਤੇ ਜਿਸ ਨੂੰ ਚਾਹਵੇ ਸਿੱਧੀ ਰਾਹ ਤੌਰ ਦਿੰਦਾ ਹੇ।

40਼ (ਹੇ ਨਬੀ!) ਤੁਸੀਂ (ਇਹਨਾਂ ਕਾਫ਼ਿਰਾਂ ਨੂੰ) ਪੁੱਛੋ ਕਿ ਜੇਕਰ ਤੁਹਾਡੇ ਉੱਤੇ ਅੱਲਾਹ ਦਾ ਕੋਈ ਅਜ਼ਾਬ ਆ ਜਾਵੇ ਜਾਂ ਤੁਹਾਡੇ ’ਤੇ ਕਿਆਮਤ ਹੀ ਆ ਜਾਵੇ ਤਾਂ ਕੀ ਤੁਸੀਂ ਅੱਲਾਹ ਨੂੰ ਛੱਡ ਕੇ ਕਿਸੇ ਹੋਰ ਨੂੰ (ਆਪਣੀ ਸਹਾਇਤਾ ਲਈ) ਪੁਕਾਰੋਗੇ ? ਜੇ ਤੁਸੀਂ ਸੱਚੇ ਹੋ (ਤਾਂ ਜਵਾਬ ਦਿਓ)।

41਼ ਸਗੋਂ ਤੁਸੀਂ ਕੇਵਲ ਉਸੇ (ਅੱਲਾਹ) ਨੂੰ ਹੀ (ਮਦਦ ਲਈ) ਸੱਦੋਗੇ। ਜੇ ਉਹ ਚਾਹੇਗਾ ਤਾਂ ਤੁਹਾਡੀ ਉਸ ਤਕਲੀਫ਼ ਨੂੰ ਦੂਰ ਕਰ ਦੇਵੇਗਾ, ਜਿਸ ਲਈ ਤੁਸੀਂ ਉਸ ਨੂੰ ਅਰਦਾਸ ਕਰੋਗੇ। ਫੇਰ ਤੁਸੀਂ ਉਹਨਾਂ ਸਭ ਨੂੰ ਭੁੱਲ ਜਾਵੋਗੇ, ਜਿਨ੍ਹਾਂ ਨੂੰ ਤੁਸੀਂ (ਰੱਬ ਦਾ) ਸ਼ਰੀਕ ਬਣਾਉਂਦੇ ਸੀ।

42਼ ਹੇ ਨਬੀ! ਅਸੀਂ ਤੁਹਾਥੋਂ ਪਹਿਲੀਆਂ ਉੱਮਤਾਂ ਵੱਲ ਵੀ ਪੈਗ਼ੰਬਰ ਭੇਜੇ। ਫੇਰ ਅਸੀਂ ਉਹਨਾਂ (ਉੱਮਤਾਂ) ਨੂੰ ਕਠਨਾਈਆਂ ਤੇ ਬਿਮਾਰੀਆਂ ਸਹਿਤ ਨੱਪ ਲਿਆ ਤਾਂ ਜੋ ਉਹ ਨਿਮਰਤਾ ਪੂਰਵਕ ਸਾਡੇ ਸਾਹਮਣੇ ਨਿੰਵ ਜਾਣ।

43਼ ਜਦੋਂ ਉਹਨਾਂ ਕੋਲ ਸਾਡਾ (ਚੇਤਾਵਨੀ ਭਰਿਆ) ਅਜ਼ਾਬ ਆਇਆ ਤਾਂ ਉਹਨਾਂ ਨੇ ਨਿਮਰਤਾ ਕਿਉਂ ਨਹੀਂ ਧਾਰੀ? ਸਗੋਂ ਉਹਨਾਂ ਦੇ ਮਨ ਕਠੋਰ ਹੋ ਗਏ ਅਤੇ ਉਹਨਾਂ ਦੇ ਅਮਲਾਂ ਵਿਚ ਸ਼ੈਤਾਨ ਨੇ ਖਿੱਚ ਪੈਦਾ ਕਰ ਦਿੱਤੀ।

44਼ ਫੇਰ ਜਦੋਂ ਉਹਨਾਂ ਨੇ ਉਸ ਨਸੀਹਤ ਨੂੰ ਹੀ ਭੁਲਾ ਛੱਡਿਆ ਜਿਹੜੀ ਉਹਨਾਂ ਨੂੰ ਕੀਤੀ ਗਈ ਸੀ ਤਾਂ ਅਸੀਂ ਹਰੇਕ ਤਰ੍ਹਾਂ (ਦੀ ਖ਼ੁਸ਼ਹਾਲੀ) ਦੇ ਬੂਹੇ ਉਹਨਾਂ ਲਈ ਖੋਲ ਦਿੱਤੇ, ਇੱਥੋਂ ਤਕ ਕਿ ਜਦੋਂ ਉਹਨਾਂ ਚੀਜ਼ਾਂ ’ਤੇ, ਜਿਹੜੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਸਨ, ਸ਼ੇਖ਼ੀਆਂ ਮਾਰਨ ਲੱਗ ਪਏ ਤਾਂ ਅਸੀਂ ਅਚਾਨਕ ਹੀ ਉਹਨਾਂ ਨੂੰ (ਅਜ਼ਾਬ ਵਿਚ) ਫੜ ਲਿਆ। ਫੇਰ ਉਹ ਹਰੇਕ (ਭਲਾਈ ਤੋਂ) ਨਿਰਾਸ਼ ਹੋ ਗਏ।

45਼ ਇਸ ਤਰ੍ਹਾਂ ਉਸ ਕੌਮ ਦੀ ਜੜ ਵੱਡ ਦਿੱਤੀ ਗਈ ਜਿਸ ਨੇ ਜ਼ੁਲਮ ਕਮਾਇਆ ਸੀ। ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ ਜਿਹੜਾ ਸਾਰੇ ਜਹਾਨਾਂ ਦਾ ਪਾਲਣਹਾਰ ਹੇ।

46਼ (ਹੇ ਨਬੀ!) ਤੁਸੀਂ ਪੁੱਛੋ ਕਿ ਰਤਾ ਇਹ ਤਾਂ ਦੱਸੋ ਕਿ ਜੇ ਅੱਲਾਹ ਤੁਹਾਡੀ ਸੁਣਨ ਸ਼ਕਤੀ ਅਤੇ ਤੁਹਾਡੀ ਵੇਖਣ ਸ਼ਕਤੀ ਖੋਹ ਲਵੇ ਅਤੇ ਤੁਹਾਡੇ ਦਿਲਾਂ ਉੱਤੇ ਮੋਹਰਾਂ ਲਾ ਦੇਵੇ ਤਾਂ ਅੱਲਾਹ ਤੋਂ ਛੁੱਟ ਹੋਰ ਕਿਹੜਾ ਇਸ਼ਟ ਹੇ ਜਿਹੜਾ ਇਹ ਸਭ ਤੁਹਾਨੂੰ ਵਾਪਸ ਲਿਆ ਦੇਵੇ ? ਤੁਸੀਂ ਵੇਖੋ ਤਾਂ ਸਹੀ ਕਿ ਅਸੀਂ ਦਲੀਲਾਂ ਨੂੰ ਕਿੱਦਾਂ ਵਖੋ-ਵੱਖ ਪੱਖ ਤੋਂ ਪੇਸ਼ ਕਰ ਰਹੇ ਹਾਂ, ਇਹ ਫੇਰ ਵੀ ਮੂੰਹ ਮੋੜੀ ਜਾਂਦੇ ਹਨ।

47਼ (ਹੇ ਨਬੀ!) ਤੁਸੀਂ ਕਹੋ ਕਿ ਇਹ ਤਾਂ ਦੱਸੋ ਕਿ ਜੇ ਤੁਹਾਡੇ ਉੱਤੇ ਰੱਬ ਦਾ ਅਜ਼ਾਬ ਅਚਾਨਕ ਜਾਂ ਐਲਾਨੀਆਂ ਆ ਜਾਵੇ ਤਾਂ ਕੀ ਜ਼ਾਲਿਮਾਂ ਤੋਂ ਛੁੱਟ ਹੋਰ ਵੀ ਹਲਾਕ ਕੀਤੇ ਜਾਣਗੇ? (ਉੱਕਾ ਹੀ ਨਹੀਂ।)

48਼ ਅਸੀਂ ਕੋਈ ਵੀ ਅਜਿਹਾ ਰਸੂਲ ਨਹੀਂ ਭੇਜਿਆ ਜਿਹੜਾ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਦੇਣ ਵਾਲਾ ਅਤੇ (ਨਰਕ ਤੋਂ) ਡਰਾਉਣ ਵਾਲਾ ਨਾ ਹੋਵੇ। ਫੇਰ ਜਿਹੜਾ ਕੋਈ ਈਮਾਨ ਲਿਆਏ ਅਤੇ ਆਪਣੇ (ਅਮਲਾਂ ਦਾ) ਸੁਧਾਰ ਕਰ ਲਵੇ ਤਾਂ (ਕਿਆਮਤ ਦਿਹਾੜੇ) ਉਹਨਾਂ ਲੋਕਾਂ ਨੂੰ ਨਾ ਕੋਈ ਡਰ-ਭੌ ਹੋਵੇਗਾ ਅਤੇ ਨਾ ਹੀ ਉਹ ਉਦਾਸ ਹੋਣਗੇ।

49਼ ਜਿਹੜੇ ਵੀ ਲੋਕ ਸਾਡੀਆਂ ਆਇਤਾਂ (ਨਿਸ਼ਾਨੀਆਂ) ਨੂੰ ਝੁਠਲਾਉਂਦੇ ਹਨ ਉਹਨਾਂ ਨੂੰ ਅਜ਼ਾਬ ਪਹੁੰਚੇਗਾ, ਕਿਉਂ ਜੋ ਉਹ ਨਾ-ਫ਼ਰਮਾਨੀਆਂ ਕਰਦੇ ਸਨ।

50਼ (ਹੇ ਨਬੀ!) ਤੁਸੀਂ ਆਖ ਦਿਓ ਕਿ ਨਾ ਤਾਂ ਮੈਂ ਤੁਹਾਨੂੰ ਇਹ ਕਹਿੰਦਾ ਹਾਂ ਕਿ ਮੇਰੇ ਕੋਲ ਅੱਲਾਹ ਦੇ ਖ਼ਜ਼ਾਨੇ ਹਨ ਤੇ ਨਾ ਹੀ ਮੈਂ ਗ਼ੈਬ (ਪਰੋਖ) ਨੂੰ ਜਾਣਦਾ ਹਾਂ ਅਤੇ ਨਾ ਮੈਂ ਤੁਹਾ` ਇਹ ਕਹਿੰਦਾ ਹਾਂ ਕਿ ਮੈਂ ਫ਼ਰਿਸ਼ਤਾ ਹਾਂ, ਮੈਂ ਤਾਂ ਕੇਵਲ ਜੋ ਮੇਰੇ ਵੱਲ ਵਹੀ (ਰੱਬੀ ਪੈਗ਼ਾਮ) ਆਉਂਦੀ ਹੇ ਉਸ ਦੀ ਪੈਰਵੀ ਕਰਦਾ ਹਾਂ। ਤੁਸੀਂ ਪੁੱਛੋ, ਕੀ ਅੰਨ੍ਹਾ ਤੇ ਸੁਜਾਖਾ ਦੋਵੇਂ ਇਕ ਬਰਾਬਰ ਹੋ ਸਕਦੇ ਹਨ ? ਕੀ ਤੁਸੀਂ ਸੋਚ ਵਿਚਾਰ ਨਹੀਂ ਕਰਦੇ?

51਼ (ਹੇ ਨਬੀ!) ਤੁਸੀਂ ਇਸ (.ਕੁਰਆਨ) ਰਾਹੀਂ ਉਹਨਾਂ ਲੋਕਾਂ ਨੂੰ ਡਰਾਓ ਜਿਹੜੇ ਇਸ ਗੱਲ ਤੋਂ ਡਰਦੇ ਹਨ ਕਿ ਆਪਣੇ ਰੱਬ ਦੀ ਹਜ਼ੂਰੀ ਵਿਚ ਇਸ ਹਾਲਤ ਵਿਚ ਇਕੱਠੇ ਕੀਤੇ ਜਾਣਗੇ, ਜਿੱਥੇ ਉਸ (ਅੱਲਾਹ) ਤੋਂ ਛੁੱਟ ਉਹਨਾਂ ਦਾ ਨਾ ਕੋਈ ਯਾਰ-ਮਿੱਤਰ ਹੋਵੇਗਾ ਅਤੇ ਨਾ ਹੀ ਕੋਈ ਸਿਫ਼ਾਰਸ਼ੀ ਹੋਵੇਗਾ। ਹੋ ਸਕਦਾ ਹੇ ਕਿ (ਇਸੇ ਡਰ ਕਾਰਨ) ਉਹ ਬੁਰਾਈਆਂ ਤੋਂ ਬਚਣ ਵਾਲੇ ਬਣ ਜਾਣ।

52਼ ਹੇ ਨਬੀ! ਉਹਨਾਂ ਲੋਕਾਂ ਨੂੰ ਆਪਣੇ ਤੋਂ ਦੂਰ ਨਾ ਕਰੋ ਜਿਹੜੇ ਸਵੇਰੇ-ਸ਼ਾਮ ਆਪਣੇ ਪਾਲਣਹਾਰ ਦੀ ਇਬਾਦਤ ਕਰਦੇ ਹਨ, ਕੇਵਲ ਉਸੇ ਦੀ ਰਜ਼ਾ ਚਾਹੁੰਦੇ ਹਨ। ਉਹਨਾਂ ਦੇ ਹਿਸਾਬ ਦਾ ਤੁਹਾਡੇ ’ਤੇ ਕੋਈ ਭਾਰ ਨਹੀਂ ਅਤੇ ਤੁਹਾਡੇ ਹਿਸਾਬ ਦਾ ਬੋਝ ਭਾਰ ਉਹਨਾਂ ’ਤੇ ਨਹੀਂ। ਜੇ ਤੁਸੀਂ ਉਹਨਾਂ ਨੂੰ ਆਪਣੇ ਤੋਂ ਦੂਰ ਕਰੋਂਗੇ ਤਾਂ ਤੁਸੀਂ ਵੀ ਜ਼ਾਲਮਾਂ ਵਿਚ ਗਿਣੇ ਜਾਓਗੇ।

53਼ ਇਸ ਤਰ੍ਹਾਂ ਅਸੀਂ ਕਈਆਂ ਨੂੰ ਕਈਆਂ ਰਾਹੀਂ ਅਜ਼ਮਾਇਸ਼ ਵਿਚ ਪਾਉਂਦੇ ਹਾਂ ਤਾਂ ਜੋ ਇਹ (ਮੱਕੇ ਦੇ ਸਰਦਾਰ) ਆਖਣ, ਕੀ ਇਹ ਉਹ ਲੋਕ ਹਨ ਜਿਨ੍ਹਾਂ ਉੱਤੇ ਸਾਡੇ ਵਿੱਚੋਂ ਅੱਲਾਹ ਨੇ ਫ਼ਜ਼ਲ ਕੀਤਾ ਹੇ ?ਹਾਂ, ਕੀ ਇਹ ਗੱਲ (ਸੱਚ) ਨਹੀਂ ਕਿ ਅੱਲਾਹ ਸ਼ੁਕਰਗੁਜ਼ਾਰ ਬੰਦਿਆਂ ਨੂੰ (ਇਹਨਾਂ ਕਾਫ਼ਿਰਾਂ) ਤੋਂ ਵੱਧ ਜਾਣਦਾ ਹੇ

54਼ (ਹੇ ਨਬੀ!) ਜਦੋਂ ਉਹ ਲੋਕ ਤੁਹਾਡੇ ਕੋਲ ਆਉਣ ਜਿਹੜੇ ਸਾਡੀਆਂ ਆਇਤਾਂ ਉੱਤੇ ਈਮਾਨ ਰੱਖਦੇ ਹਨ ਤਾਂ ਉਹਨਾਂ ਨੂੰ ਆਖੋ ਕਿ ਤੁਹਾਡੇ ’ਤੇ ਸਲਮਾਤੀ ਹੋਵੇ, ਤੁਹਾਡੇ ਰੱਬ ਨੇ ਮਿਹਰਾਂ ਕਰਨੀਆਂ ਆਪਣੇ ਜ਼ਿੰਮੇ ਲੈ ਰੱਖੀਆਂ ਹਨ। ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਨਾਦਾਨੀ ਨਾਲ ਕੋਈ ਭੈੜਾ ਕੰਮ ਕਰ ਬੈਠੇ, ਫੇਰ ਉਸ ਤੋਂ ਤੌਬਾ ਕਰਕੇ ਆਪਣਾ ਸੁਧਾਰ ਕਰ ਲਵੇ ਤਾਂ ਅੱਲਾਹ ਬਹੁਤ ਹੀ ਵੱਡਾ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੇ।

55਼ ਇਸੇ ਤਰ੍ਹਾਂ ਅਸੀਂ ਆਇਤਾਂ (ਹੁਕਮਾਂ) ਦੀ ਵਿਆਖਿਆ ਕਰਦੇ ਰਹਿੰਦੇ ਹਾਂ ਤਾਂ ਜੋ ਅਪਰਾਧੀਆਂ ਲਈ (ਨਰਕ ਵਿਚ ਜਾਣ ਵਾਲੀ ਰਾਹ) ਸਪਸ਼ਟ ਹੋ ਜਾਵੇ।

56਼ (ਹੇ ਨਬੀ!) ਤੁਸੀਂ ਆਖ ਦਿਓ ਕਿ ਮੈਨੂੰ ਇਸ ਗੱਲ ਤੋਂ ਰੋਕਿਆ ਗਿਆ ਹੇ ਕਿ ਮੈਂ ਵੀ ਉਸ ਦੀ ਇਬਾਦਤ ਕਰਾਂ ਜਿਨ੍ਹਾਂ ਦੀ ਤੁਸੀਂ (ਅੱਲਾਹ ਨੂੰ ਛੱਡ ਕੇ) ਇਬਾਦਤ ਕਰਦੇ ਹੋ। ਤੁਸੀਂ ਆਖੋ ਕਿ ਮੈਂ ਤੁਹਾਡੀਆਂ ਇੱਛਾਵਾਂ ਦੀ ਪੈਰਵੀ ਨਹੀਂ ਕਰਾਂਗਾ ਕਿਉਂ ਜੋ ਇੰਜ ਤਾਂ ਮੈਂ ਕੁਰਾਹੇ ਪੈ ਜਾਵਾਂਗਾ ਅਤੇ ਸਿੱਧੀ ਰਾਹ ’ਤੇ ਚੱਲਣ ਵਾਲਿਆਂ ਵਿੱਚੋਂ ਨਾ ਰਹਾਂਗਾ।

57਼ (ਹੇ ਨਬੀ!) ਤੁਸੀਂ ਆਖ ਦਿਓ ਕਿ ਮੈਂ ਆਪਣੇ ਰੱਬ ਵੱਲੋਂ ਇਕ ਸਪਸ਼ਟ ਦਲੀਲ ’ਤੇ ਕਾਇਮ ਹਾਂ ਅਤੇ ਤੁਸੀਂ ਉਸ ਦਲੀਲ ਨੂੰ ਝੁਠਲਾ ਰਹੇ ਹੋ, ਜਿਸ ਚੀਜ਼ (ਭਾਵ ਅਜ਼ਾਬ) ਦੀ ਤੁਸੀਂ ਛੇਤੀ ਕਰ ਰਹੇ ਹੋ ਉਸ ਦੇ ਫ਼ੈਸਲੇ ਦਾ ਅਧਿਕਾਰ ਅੱਲਾਹ ਨੂੰ ਹੀ ਹੇ। ਉਹੀਓ ਹੱਕ ਬਿਆਨ ਕਰਦਾ ਹੇ ਅਤੇ ਸਭ ਤੋਂ ਚੰਗਾ ਫ਼ੈਸਲਾ ਕਰਨ ਵਾਲਾ ਵੀ ਉਹੀਓ ਹੇ।

58਼ (ਹੇ ਨਬੀ!) ਤੁਸੀਂ ਆਖ ਦਿਓ ਕਿ ਜੇ ਮੇਰੇ ਵੱਸ ਵਿਚ ਉਹ ਚੀਜ਼ ਹੁੰਦੀ ਜਿਸ ਲਈ ਤੁਸੀਂ ਕਾਹਲੀ ਕਰਦੇ ਹੋ, ਤਾਂ ਮੇਰੇ ਅਤੇ ਤੁਹਾਡੇ ਵਿਚਾਲੇ ਕਦੋਂ ਦਾ ਫ਼ੈਸਲਾ ਹੋ ਗਿਆ ਹੁੰਦਾ। ਜ਼ਾਲਮਾਂ ਨੂੰ ਤਾਂ ਅੱਲਾਹ ਚੰਗੀ ਤਰ੍ਹਾਂ ਜਾਣਦਾ ਹੇ।

59਼ ਗ਼ੈਬ (ਪਰੋਖ) ਦੀਆਂ ਕੁੰਜੀਆਂ ਤਾਂ ਅੱਲਾਹ ਕੋਲ ਹੀ ਹਨ, ਉਹਨਾਂ ਨੂੰ ਉਸ ਤੋਂ ਛੁੱਟ ਕੋਈ ਨਹੀਂ ਜਾਣਦਾ। ਜਲ ਤੇ ਥਲ ਵਿਚ ਜੋ ਵੀ ਹੇ ਉਹ ਸਭ ਜਾਣਦਾ ਹੇ। ਕੋਈ ਵੀ ਰੁੱਖ ਤੋਂ ਗਿਰਨ ਵਾਲਾ ਪੱਤਾ ਅਜਿਹਾ ਨਹੀਂ ਜਿਸ ਦਾ ਉਸ ਨੂੰ ਗਿਆਨ ਨਾ ਹੋਵੇ। ਧਰਤੀ ਦੇ ਹਨੇਰਿਆਂ ਵਿਚ ਕੋਈ ਦਾਣਾ ਅਜਿਹਾ ਨਹੀਂ ਜਿਸ ਨੂੰ ਉਹ ਨਾ ਜਾਣਦਾ ਹੋਵੇ। ਗਿੱਲੀ, ਸੁੱਕੀ ਕੋਈ ਚੀਜ਼ ਅਜਿਹੀ ਨਹੀਂ ਜਿਹੜੀ ਖੱਲ੍ਹੀ ਕਿਤਾਬ (ਲੌਹੇ-ਮਹਿਫ਼ੂਜ) ਵਿਚ ਨਾ ਲਿਖੀ ਹੋਵੇ।

60਼ ਅਤੇ ਉਹੀਓ (ਅੱਲਾਹ) ਹੇ ਜਿਹੜਾ ਰਾਤ ਨੂੰ (ਸੌਂਦੇ ਹੋਏ) ਤੁਹਾਡੀਆਂ ਰੂਹਾਂ ਨੂੰ ਕਬਜ਼ ਕਰ ਲੈਂਦਾ ਹੇ। ਜੋ ਤੁਸੀਂ ਦਿਨ ਵਿਚ ਕਰਦੇ ਹੋ ਉਸ ਨੂੰ ਜਾਣਦਾ ਹੇ, ਫੇਰ ਦੂਜੇ ਦਿਨ ਉਹ ਤੁਹਾਨੂੰ ਜਗਾਉਂਦਾ ਹੇ, ਤਾਂ ਜੋ ਤੁਸੀਂ ਆਪਣੇ ਜੀਵਨ ਦਾ ਨਿਸ਼ਚਿਤ ਸਮਾਂ ਪੂਰਾ ਕਰ ਲਵੋ। ਤੁਸੀਂ ਸਭ ਨੇ ਉਸੇ ਵੱਲ ਜਾਣਾ ਹੇ, ਫੇਰ ਉਹ ਅੱਲਾਹ ਤੁਹਾਨੂੰ ਦੱਸੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ।

61਼ ਉਹੀਓ (ਅੱਲਾਹ) ਆਪਣੇ ਬੰਦਿਆਂ ਉੱਤੇ ਹਰ ਪੱਖੋਂ ਭਾਰੂ ਹੇ ਅਤੇ ਤੁਹਾਡੀ ਨਿਗਰਾਨੀ ਲਈ (ਫ਼ਰਿਸ਼ਤਿਆਂ ਨੂ) ਭੇਜਦਾ ਹੇ,1 ਇੱਥੋਂ ਤੀਕ ਕਿ ਜਦੋਂ ਤੁਹਾਡੇ ਵਿੱਚੋਂ ਕਿਸੇ ਦੀ ਮੌਤ ਦਾ ਸਮਾਂ ਆਉਂਦਾ ਹੇ, ਉਸ ਦੀ ਰੂਹ ਸਾਡੇ ਭੇਜੇ ਹੋਏ ਫ਼ਰਿਸ਼ਤੇ ਕਬਜ਼ ਕਰਦੇ ਹਨ। ਉਹ ਕੁੱਝ ਵੀ ਗ਼ਲਤੀ ਨਹੀਂ ਕਰਦੇ।

62਼ ਫੇਰ ਉਹ ਸਾਰੇ ਆਪਣੇ ਸੱਚੇ ਮਾਲਿਕ ਵੱਲ ਪਰਤਾਏ ਜਾਣਗੇ। ਚੰਗੀਂ ਤਰ੍ਹਾਂ ਸੁਣ ਲਵੋ ਕਿ ਫ਼ੈਸਲਿਆਂ ਦਾ ਸਾਰਾ ਅਧਿਕਾਰ ਅੱਲਾਹ ਨੂੰ ਹੀ ਪ੍ਰਾਪਤ ਹੇ ਅਤੇ ਉਹ ਹਿਸਾਬ ਲੈਣ ਵਿਚ ਬਹੁਤ ਹੀ ਛੇਤੀ ਕਰਦਾ ਹੇ।

63਼ (ਹੇ ਨਬੀ!) ਤੁਸੀਂ ਇਹਨਾਂ ਨੂੰ ਪੁੱਛੋ ਕਿ ਉਹ ਕੌਣ ਹੇ ਜਿਹੜਾ ਤੁਹਾਨੂੰ ਥਲ (ਧਰਤੀ) ਅਤੇ ਜਲ (ਦਰਿਆਵਾਂ) ਦੇ ਹਨੇਰਿਆਂ ਦੇ ਖ਼ਤਰਿਆਂ ਤੋਂ ਬਚਾਉਂਦਾ ਹੇ ? ਤੁਸੀਂ ਉਸੇ ਨੂੰ ਮਿੰਨਤਾਂ ਤਰਲੇ ਪਾ ਕੇ ਅਤੇ ਹੌਲੀ-ਹੌਲੀ ਅਰਦਾਸਾਂ ਕਰਦੇ ਹੋ ਕਿ ਜੇ ਉਹ ਸਾਨੂੰ ਇਹਨਾਂ (ਮੁਸੀਬਤਾਂ) ਤੋਂ ਬਚਾ ਲਵੇ ਤਾਂ ਅਸੀਂ ਜ਼ਰੂਰ ਹੀ ਧੰਨਵਾਦੀ ਹੋਵਾਂਗੇ।

64਼ ਤੁਸੀਂ ਆਖ ਦਿਓ ਕਿ ਅੱਲਾਹ ਹੀ ਤੁਹਾਨੂੰ ਇਸ (ਮੁਸੀਬਤ) ਤੋਂ ਅਤੇ ਹਰ ਤਕਲੀਫ਼ ਤੋਂ ਮੁਕਤ ਕਰਦਾ ਹੇ, ਫੇਰ ਵੀ ਤੁਸੀਂ ਉਸ ਦੇ ਨਾਲ ਸ਼ਿਰਕ ਕਰਨ ਲੱਗ ਜਾਂਦੇ ਹੋ!

65਼ (ਹੇ ਨਬੀ!) ਤੁਸੀਂ ਕਹੋ ਕਿ ਇਹ ਗੱਲ ਦੀ ਵੀ ਉਸੇ ਨੂੰ ਕੁਦਰਤ ਹੇ ਕਿ ਤੁਹਾਡੇ ਉੱਤੇ ਕੋਈ ਅਜ਼ਾਬ ਉਪਰੋਂ (ਅਕਾਸ਼ੋ) ੳਤਾਰ ਦੇਵੇ ਜਾਂ ਤੁਹਾਡੇ ਪੈਰਾਂ ਹੇਠੋਂ (ਧਰਤੀਓਂ) ਕੱਢ ਲਿਆਵੇ ਜਾਂ ਤੁਹਾਨੂੰ ਵੱਖ-ਵੱਖ ਟੋਲਿਆਂ ਵਿਚ ਵੰਡ ਕੇ ਇਕ ਦੂਜੇ ਦੀ ਸ਼ਕਤੀ ਦਾ ਸੁਆਦ ਚਖਾਵੇ। ਤੁਸੀਂ ਵੇਖੋ ਤਾਂ ਸਹੀ ਕਿ ਅਸੀਂ ਕਿਵੇਂ ਵੱਖੋ-ਵੱਖ ਢੰਗ ਨਾਲ ਦਲੀਲਾਂ ਦਿੰਦੇ ਹਾਂ ਤਾਂ ਜੋ ਉਹ (ਇਨਕਾਰੀ) ਸਮਝ ਸਕਣ।

66਼ ਅਤੇ ਤੁਹਾਡੀ ਕੌਮ ਇਸ (.ਕੁਰਆਨ) ਨੂੰ ਝੁਠਲਾਉਂਦੀ ਹੇ ਜਦ ਕਿ ਉਹ ਹੱਕ ਹੇ। ਤੁਸੀਂ ਕਹਿ ਦਿਓ ਕਿ ਮੈਂ ਤੁਹਾਡੇ ਉੱਤੇ ਕੋਈ ਨਿਗਰਾਨ ਨਹੀਂ ਹਾਂ।

67਼ ਹਰੇਕ ਖ਼ਬਰ ਦੇ ਪ੍ਰਗਟ ਹੋਣ ਦਾ ਇਕ ਸਮਾਂ ਨਿਸ਼ਚਿਤ ਹੇ ਅਤੇ ਤੁਹਾਨੂੰ ਛੇਤੀ ਹੀ ਪਤਾ ਲੱਗ ਜਾਵੇਗਾ (ਜਦੋਂ ਕਿਆਮਤ ਆਵੇਗੀ)।

68਼ (ਹੇ ਨਬੀ!) ਜਦੋਂ ਤੁਸੀਂ ਵੇਖੋ ਕਿ ਇਹ (ਕਾਫ਼ਿਰ) ਲੋਕ ਸਾਡੀਆਂ ਆਇਤਾਂ (ਆਦੇਸ਼ਾ) ਦੀ ਨਿੰਦਾ ਕਰਦੇ ਹਨ ਤਾਂ ਇਹਨਾਂ ਲੋਕਾਂ ਤੋਂ ਦੂਰ ਹੱਟ ਜਾਓ। ਜਦੋਂ ਤਕ ਕਿ ਉਹ ਦੂਜੀਆਂ ਗੱਲਾਂ ਵਿਚ ਨਾ ਰੁਝ ਜਾਣ। ਜੇ ਸ਼ੈਤਾਨ ਤੁਹਾਨੂੰ ਇਹ ਗੱਲ ਭੁਲਾ ਵੀ ਦੇਵੇ ਤਾਂ ਯਾਦ ਆਉਣ ’ਤੇ ਇਹਨਾਂ ਜ਼ਾਲਮਾਂ ਨਾਲ ਨਾ ਬੈਠੋ।

69਼ ਜਿਹੜੇ ਲੋਕੀ ਪਰਹੇਜ਼ਗਾਰ ਹਨ ਉਹਨਾਂ ’ਤੇ ਉਹਨਾਂ (ਕਾਫ਼ਿਰਾਂ) ਦੇ ਲੇਖੇ ’ਚੋਂ ਕਿਸੇ ਗੱਲ ਦੀ ਕੋਈ ਜ਼ਿੰਮੇਵਾਰੀ ਨਹੀਂ, ਪਰ ਨਸੀਹਤ ਕਰਨਾ ਉਹਨਾਂ ਦਾ ਫ਼ਰਜ਼ ਹੇ। ਹੋ ਸਕਦਾ ਹੇ ਕਿ ਉਹ (ਕਾਫ਼ਿਰ) ਵੀ (ਰੱਬ ਤੋਂ) ਡਰਨ ਵਾਲੇ ਬਣ ਜਾਣ।

70਼ (ਹੇ ਨਬੀ!) ਅਜਿਹੇ ਲੋਕਾਂ ਦਾ ਖਹਿੜਾ ਛੱਡੋ ਦਿਓ ਜਿਨ੍ਹਾਂ ਨੇ ਆਪਣੇ ਧਰਮ ਨੂੰ ਖੇਡ-ਤਮਾਸ਼ਾ ਬਣਾ ਛੱਡਿਆ ਹੇ ਅਤੇ ਸੰਸਾਰਿਕ ਜੀਵਨ ਨੇ ਉਹਨਾਂ ਨੂੰ ਧੋਖੇ ਵਿਚ ਪਾ ਛੱਡਿਆ ਹੇ (ਕਿ ਜੀਵਨ ਤਾਂ ਬਸ ਇਹੋ ਹੇ)। ਤੁਸੀਂ ਇਸ .ਕੁਰਆਨ ਦੁਆਰਾ ਨਸੀਹਤ ਕਰਦੇ ਰਹੋ ਤਾਂ ਜੋ ਕੋਈ ਵਿਅਕਤੀ ਆਪਣੀਆਂ ਹੀ ਕਰਤੂਤਾਂ ਕਾਰਨ ਰਾਹੀਂ ਬਰਬਾਦ ਨਾ ਹੋ ਜਾਵੇ। ਫੇਰ ਛੁੱਟ ਅੱਲਾਹ ਤੋਂ ਨਾ ਤਾਂ ਉਸ ਦਾ ਕੋਈ ਸਹਾਈ ਹੋਵੇਗਾ ਅਤੇ ਨਾ ਹੀ ਸਿਫ਼ਾਰਸ਼ੀ ਹੋਵੇਗਾ। ਜੇ ਉਹ ਦੁਨੀਆਂ ਭਰ ਦੀਆਂ ਸੰਭਵ ਚੀਜ਼ਾਂ ਵੀ (ਆਪਣੇ ਬਚਾਓ ਦੇ) ਬਦਲੇ ਵਿਚ ਦੇ ਦੇਣ ਤਾਂ ਵੀ ਉਸ ਤੋਂ ਕੁੱਝ ਨਹੀਂ ਲਿਆ ਜਾਵੇਗਾ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਉਹਨਾਂ ਦੇ ਕਰਮਾਂ ਕਾਰਨ ਹਲਾਕ ਕੀਤਾ ਗਿਆ ਹੇ ਅਤੇ ਜਿਹੜਾ ਉਹ ਕੁਫ਼ਰ ਕਰਦੇ ਰਹੇ ਉਸ ਕਾਰਨ ਉਹਨਾਂ ਨੂੰ ਨਰਕ ਵਿਚ ਉਬਲਦਾ ਹੋਇਆ ਪਾਣੀ ਪੀਣ ਲਈ ਮਿਲੇਗਾ ਅਤੇ ਦਰਦਨਾਕ ਸਜ਼ਾ ਮਿਲੇਗੀ।

71਼ (ਹੇ ਨਬੀ!) ਤੁਸੀਂ ਆਖ ਦਿਓ! ਕੀ ਅਸੀਂ ਅੱਲਾਹ ਨੂੰ ਛੱਡ ਕੇ ਉਹਨਾਂ ਨੂੰ ਪੁਕਾਰੀਏ ਜੋ ਨਾ ਸਾਨੂੰ ਕੋਈ ਲਾਭ ਦੇ ਸਕਦੇ ਹਨ ਤੇ ਨਾ ਹੀ ਹਾਨੀ ? ਕੀ ਅਸੀਂ ਅੱਲਾਹ ਦੀ ਹਿਦਾਇਤ ਤੋਂ ਬਾਅਦ ਵੀ ਪੁੱਠੇ ਤੁਰੀਏ? ਜਾਂ ਅਸੀਂ ਉਸ ਵਿਅਕਤੀ ਵਾਂਗ ਹੋ ਜਾਈਏ ਜਿਸ ਨੂੰ ਜੰਗਲ ਵਿਚ ਸ਼ੈਤਾਨ ਨੇ ਰਾਹ ਤੋਂ ਬੇਰਾਹ ਕਰ ਦਿੱਤਾ ਹੋਵੇ ਅਤੇ ਉਹ ਰੁਰਾਨ ਪਰੇਸ਼ਾਨ ਭਟਕਦਾ ਫਿਰਦਾ ਹੋਵੇ, ਉਸ ਦੇ ਕੁੱਝ ਸਾਥੀ ਵੀ ਹੋਣ ਜਿਹੜੇ ਉਸ ਨੂੰ ਠੀਕ ਰਸਤੇ ਵੱਲ ਬੁਲਾ ਰਹੇ ਹੋਣ ਕਿ ਸਾਡੇ ਨਾਲ ਆ ਜਾ (ਇਹੋ ਸਿੱਧੀ ਰਾਹ ਹੇ)। (ਹੇ ਨਬੀ!) ਤੁਸੀਂ ਕਹੋ ਕਿ ਹਕੀਕਤ ਇਹੋ ਹੇ ਕਿ ਸਿੱਧੀ ਰਾਹ ਉਹੀਓ ਹੇ ਜਿਹੜੀ ਖ਼ਾਸ ਅੱਲਾਹ ਵੱਲ ਹੀ ਜਾਂਦੀ ਹੋਵੇ ਅਤੇ ਸਾਨੂੰ ਇਹ ਵੀ ਹੁਕਮ ਹੋਇਆ ਹੇ ਕਿ ਅਸੀਂ ਕੁੱਲ ਜਹਾਨ ਦੇ ਪਾਲਣਹਾਰ ਦੀ ਅਧੀਨਗੀ ਇਖ਼ਤਿਆਰ ਕਰੀਏ।

72਼ ਅਤੇ ਇਹ ਵੀ (ਹੁਕਮ ਹੋਇਆ ਹੇ) ਕਿ ਨਮਾਜ਼ਾਂ ਦੀ ਪਾਬੰਦੀ ਕਰੀਏ ਅਤੇ ਉਸੇ ਅੱਲਾਹ ਤੋਂ ਹੀ ਡਰੀਏ ਹੇ ਜਿਸ ਦੇ ਕੋਲ ਸਭ ਨੇ ਇਕਠਿਆਂ ਹੋਣਾ ਹੇ।

73਼ ਉਹੀਓ ਹੇ ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਹੱਕ ਸੱਚ ਨਾਲ ਪੈਦਾ ਕੀਤਾ ਹੇ ਅਤੇ ਜਿਸ ਦਿਨ ਅੱਲਾਹ ਆਖੇਗਾ ਕਿ ‘ਹੋ ਜਾ’ ਬਸ ਉਹ (ਕਿਆਮਤ) ਹੋ ਜਾਵੇਗੀ। ਉਸ ਦਾ ਕਹਿਣਾ ਹੀ ਸੱਚ ਹੇ। (ਕਿਆਮਤ ਦਿਹਾੜੇ ਸਾਰੀ ਹਕੂਮਤ ਅੱਲਾਹ ਦੀ ਹੀ ਹੋਵੇਗੀ) ਜਦੋਂ ਸੂਰ (ਨਰਸਿੰਘਾ) ਵਿਚ ਫੂਂਕ ਮਾਰੀ ਜਾਵੇਗੀ। ਉਹ ਗੁਪਤ ਗੱਲਾਂ ਦਾ ਵੀ ਅਤੇ ਪ੍ਰਗਟ ਹੋਣ ਵਾਲੀਆਂ ਸਾਰੀਆਂ ਗੱਲਾਂ ਦਾ ਜਾਣਨਹਾਰ ਹੇ ਅਤੇ ਉਹੀਓ ਹਿਕਮਤਾਂ ਵਾਲਾ ਅਤੇ ਪੂਰੀ ਜਾਣਕਾਰੀ ਰੱਖਣ ਵਾਲਾ ਹੇ।

74਼ ਉਹ ਸਮਾਂ ਵੀ ਯਾਦ ਰੱਖਣ ਯੋਗ ਹੇ ਜਦੋਂ ਇਬਰਾਹੀਮ ਨੇ ਆਪਣੇ ਪਿਤਾ ਆਜ਼ਰ ਨੂੰ ਕਿਹਾ ਸੀ, ਕੀ ਤੁਸੀਂ ਬੁਤਾਂ ਨੂੰ ਇਸ਼ਟ ਬਣਾਉਂਦੇ ਹੋ ? ਮੈਂ ਤੁਹਾਨੂੰ ਅਤੇ ਤੁਹਾਡੀ ਸਾਰੀ ਬਰਾਦਰੀ ਨੂੰ ਗੁਮਰਾਹੀ ਵਿਚ ਪਿਆ ਵੇਖ ਰਿਹਾ ਹਾਂ।1

75਼ ਅਸੀਂ ਇਬਰਾਹੀਮ ਨੂੰ ਅਕਾਸ਼ਾਂ ਤੇ ਧਰਤੀ ਦੀਆਂ ਸਾਰੀਆਂ ਚੀਜ਼ਾਂ ਇਸ ਲਈ ਵਿਖਾਉਂਦੇ ਸੀ ਤਾਂ ਜੋ ਉਹ ਪੂਰਨ ਵਿਸ਼ਵਾਸ ਕਰਨ ਵਾਲਿਆਂ ਵਿੱਚੋਂ ਹੋ ਜਾਵੇ।

76਼ ਜਦੋਂ ਰਾਤ ਦਾ ਹਨੇਰਾ ਉਹਨਾਂ ਉੱਤੇ ਛਾ ਗਿਆ ਤਾਂ ਉਸ (ਇਬਰਾਹੀਮ) ਨੇ ਇਕ ਤਾਰਾ ਵੇਖਿਆ ਅਤੇ ਆਖਿਆ ਕਿ ਇਹੋ ਮੇਰਾ ਰੱਬ ਹੇ, ਪਰ ਜਦੋਂ ਉਹ ਡੁੱਬ ਗਿਆ ਤਾਂ ਆਖਿਆ ਕਿ ਮੈਂ ਡੁੱਬਣ ਵਾਲਿਆਂ ਨਾਲ ਮੁਹੱਬਤ ਨਹੀਂ ਰੱਖਦਾ।

77਼ ਫੇਰ ਜਦੋਂ ਚੰਨ ਨੂੰ ਚਮਕਦਾ ਦੇਖਿਆ ਤਾਂ ਕਿਹਾ ਕਿ ਇਹ ਮੇਰਾ ਰੱਬ ਹੇ। ਪ੍ਰੰਤੂ ਜਦੋਂ ਉਹ ਵੀ ਡੁੱਬ ਗਿਆ ਤਾਂ ਆਪ ਨੇ ਕਿਹਾ ਕਿ ਜੇ ਮੈਨੂੰ ਮੇਰੇ ਰੱਬ ਨੇ ਹਿਦਾਇਤ ਨਾ ਬਖ਼ਸ਼ੀ ਤਾਂ ਮੈਂ ਵੀ ਕੁਰਾਹੇ ਪੈਣ ਵਾਲਿਆਂ ਵਿੱਚੋਂ ਹੋ ਜਾਵਾਂਗਾ।

78਼ ਫੇਰ ਜਦੋਂ ਉਸ ਨੇ ਸੂਰਜ ਨੂੰ ਲਿਸ਼ਕਾਰੇ ਮਾਰਦਾ ਹੋਇਆ ਵੇਖਿਆ ਤਾਂ ਆਖਿਆ ਕਿ ਇਹ ਮੇਰਾ ਰੱਬ ਹੇ, ਇਹ ਤਾਂ ਸਾਰਿਆਂ ਤੋਂ ਵੱਡਾ ਹੇ। ਜਦੋਂ ਉਹ ਵੀ ਡੁੱਬ ਗਿਆ ਤਾਂ ਆਪ (ਇਬਰਾਹੀਮ) ਨੇ ਆਖਿਆ ਕਿ ਹੇ ਮੇਰੀ ਕੌਮ! ਬੇਸ਼ੱਕ ਮੈਂ ਤੁਹਾਡੀਆਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਬੇਜ਼ਾਰ ਹਾਂ ਜਿਨ੍ਹਾਂ ਨੂੰ ਤੁਸੀਂ ਰੱਬ ਦਾ ਸਾਂਝੀ ਬਣਾਇਆ ਹੋਇਆ ਹੇ।

79਼ ਮੈਂ ਨੇ ਆਪਣਾ ਮੂੰਹ ਉਸ ਹਸਤੀ ਵੱਲ ਹੀ ਕਰ ਲਿਆ ਹੇ ਜਿਸ ਨੇ ਅਕਾਸ਼ਾਂ ਨੂੰ ਅਤੇ ਧਰਤੀ ਨੂੰ ਸਾਜਿਆ ਹੇ। ਮੈਂ ਉਸੇ (ਅੱਲਾਹ) ਦਾ ਪਰਸਤਾਰ ਹਾਂ ਅਤੇ ਸ਼ਿਰਕ ਕਰਨ ਵਾਲਿਆਂ ਵਿੱਚੋਂ ਨਹੀਂ ਹਾਂ।

80਼ ਜਦੋਂ ਉਹ ਦੀ ਕੌਮ ਉਸ ਨਾਲ ਝਗੜਨ ਲੱਗੀ ਤਾਂ ਉਸ ਨੇ ਕੌਮ ਨੂੰ ਆਖਿਆ, ਕੀ ਤੁਸੀਂ ਅੱਲਾਹ ਦੇ ਮਾਮਲੇ ਵਿਚ ਮੇਰੇ ਨਾਲ ਝਗੜਦੇ ਹੋ? ਜਦ ਕਿ ਉਸੇ (ਅੱਲਾਹ) ਨੇ ਮੈਨੂੰ ਹਿਦਾਇਤ ਬਖ਼ਸ਼ੀ ਹੇ। ਮੈਂ ਉਹਨਾਂ ਤੋਂ ਨਹੀਂ ਡਰਦਾ ਜਿਨ੍ਹਾਂ ਨੂੰ ਤੁਸੀਂ ਅੱਲਾਹ ਦਾ ਸ਼ਰੀਕ ਬਣਾਇਆ ਹੇ। ਹਾਂ! ਜੇ ਮੇਰਾ ਰੱਬ ਹੀ ਕੁੱਝ ਚਾਹੇ ਤਾਂ ਉਹ ਕਰ ਸਕਦਾ ਹੇ। ਮੇਰੇ ਰੱਬ ਦੇ ਗਿਆਨ ਦੇ ਘੇਰੇ ਵਿਚ ਹਰ ਚੀਜ਼ ਹੇ। ਕੀ ਤੁਸੀਂ ਫੇਰ ਵੀ ਨਹੀਂ ਵਿਚਾਰ ਕਰਦੇ ?

81਼ ਮੈਂ ਉਹਨਾਂ (ਇਸ਼ਟਾਂ) ਤੋਂ ਕਿਵੇਂ ਡਰਾਂ ਜਿਨ੍ਹਾਂ ਨੂੰ ਤੁਸੀਂ (ਰੱਬ ਦਾ) ਸ਼ਰੀਕ ਬਣਾਇਆ ਹੇ, ਜਦ ਕਿ ਤੁਸੀਂ ਇਸ ਗੱਲ ਤੋਂ ਨਹੀਂ ਡਰਦੇ ਕਿ ਤੁਸੀਂ ਉਹਨਾਂ ਨੂੰ ਅੱਲਾਹ ਦਾ ਸ਼ਰੀਕ ਬਣਾਇਆ ਹੇ ਜਿਨ੍ਹਾਂ ਲਈ ਉਸ ਨੇ ਕੋਈ ਦਲੀਲ ਨਹੀਂ ਉਤਾਰੀ? ਸੋ ਇਹਨਾਂ ਦੋਹਾਂ (ਮੁਸ਼ਰਿਕ ਤੇ ਮੋਮਿਨ) ਧੜ੍ਹਿਆਂ ਵਿੱਚੋਂ ਕੌਣ ਵਧੇਰੇ ਨਿਸ਼ਚਿੰਤ ਹੋਣ ਦਾ ਅਧਿਕਾਰ ਰੱਖਦਾ ਹੇ, ਜੇ ਤੁਸੀਂ ਜਾਣਦੇ ਹੋ (ਤਾਂ ਦੱਸੋ)?

82਼ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਆਪਣੇ ਈਮਾਨ ਨੂੰ ਜ਼ੁਲਮ (ਸ਼ਿਰਕ) ਨਾਲ ਨਹੀਂ ਲਬੇੜ੍ਹਿਆ ਉਹਨਾਂ ਲਈ ਹੀ ਅਮਨ ਹੇ ਅਤੇ ਸਿੱਧੇ ਰਾਹ ’ਤੇ ਵੀ ਇਹੋ ਚੱਲ ਰਹੇ ਹਨ।

83਼ ਇਹ ਸਾਡੀ (ਅੱਲਾਹ ਦੀ) ਦਲੀਲ ਸੀ ਜਿਹੜੀ ਅਸੀਂ ਇਬਰਾਹੀਮ ਨੂੰ ਉਸ ਦੀ ਕੌਮ ਦਾ ਮੁਕਾਬਲਾ ਕਰਨ ਲਈ ਬਖ਼ਸ਼ੀ ਸੀ। ਅਸੀਂ ਜਿਸ ਨੂੰ ਵੀ ਚਾਹੁੰਦੇ ਹਾਂ ਉਸ ਦੇ ਮਰਤਬੇ ਉੱਚੇ ਕਰ ਦਿੰਦੇ ਹਾਂ। ਬੇਸ਼ੱਕ (ਹੇ ਨਬੀ!) ਤੁਹਾਡਾ ਰੱਬ ਬਹੁਤ ਹੀ ਹਿਕਮਤ ਤੇ ਗਿਆਨ ਵਾਲਾ ਹੇ।

84਼ ਅਸੀਂ ਉਸ (ਇਬਰਾਹੀਮ) ਨੂੰ ਇਸਹਾਕ (ਪੁੱਤਰ) ਦਿੱਤਾ ਅਤੇ ਯਾਕੂਬ (ਪੋਤਰਾ) ਦਿੱਤਾ ਅਤੇ ਅਸੀਂ ਸਭ ਨੂੰ ਹਿਦਾਇਤ (ਭਾਵ ਨਬੂੱਵਤ) ਬਖ਼ਸ਼ੀ। ਇਸ ਤੋਂ ਪਹਿਲਾਂ ਅਸੀਂ ਨੂਹ ਨੂੰ ਹਿਦਾਇਤ ਬਖ਼ਸ਼ੀ ਸੀ ਅਤੇ ਉਸ ਦੀ ਔਲਾਦ ਵਿੱਚੋਂ ਦਾਊਦ, ਸੁਲੈਮਾਨ, ਅਯੂੱਬ, ਯੂਸੁਫ਼, ਮੂਸਾ ਤੇ ਹਾਰੂਨ ਨੂੰ ਵੀ ਹਿਦਾਇਤ ਬਖ਼ਸ਼ੀ ਸੀ, ਨੇਕੀ ਕਰਨ ਵਾਲਿਆਂ ਨੂੰ ਅਸੀਂ ਇੰਜ ਹੀ ਚੰਗਾ ਬਦਲਾ ਦਿਆ ਕਰਦੇ ਹਾਂ।

85਼ ਇਸੇ ਤਰ੍ਹਾਂ ਜ਼ਕਰੀਆ, ਯਾਹੱਯਾ, ਈਸਾ ਅਤੇ ਇਲਯਾਸ ਨੂੰ ਵੀ ਹਿਦਾਇਤ ਬਖ਼ਸ਼ੀ, ਇਹ ਸਾਰੇ ਹੀ ਨੇਕ ਲੋਕਾਂ (ਨਬੀਆਂ) ਵਿੱਚੋਂ ਸਨ।

86਼ (ਉਸੇ ਦੇ ਵੰਸ਼ ਵਿੱਚੋਂ ਅਸੀਂ) ਇਸਮਾਈਲ, ਅਲ-ਯਸਾਅ, ਯੂਨੁਸ ਅਤੇ ਲੂਤ ਨੂੰ ਵੀ ਹਿਦਾਇਤ (ਨਬੂੱਵਤ) ਬਖ਼ਸ਼ੀ ਅਤੇ ਇਹਨਾਂ ਸਾਰਿਆਂ ਨੂੰ ਸਮੂਹ ਸੰਸਾਰ ਵਾਸੀਆਂ ਉੱਤੇ ਵਡਿਆਈ ਬਖ਼ਸ਼ੀ।

87਼ ਇਸ ਦੇ ਨਾਲ ਹੀ ਉਹਨਾਂ ਦੇ ਪਿਓ ਦਾਦਿਆਂ, ਉਹਨਾਂ ਦੀ ਔਲਾਦ ਅਤੇ ਉਹਨਾਂ ਦੇ ਭਰਾਵਾਂ ਵਿੱਚੋਂ ਕੁੱਝ ਨੂੰ ਅਸੀਂ (ਆਪਣੀ ਸੇਵਾ ਲਈ) ਚੁਣ ਲਿਆ ਅਤੇ ਸਿੱਧੇ ਰਾਹ ਵੱਲ ਉਹਨਾਂ ਦੀ ਅਗਵਾਈ ਕੀਤੀ।

88਼ ਇਹ ਅੱਲਾਹ ਦੀ ਹਿਦਾਇਤ ਹੀ ਹੇ, ਉਹ ਆਪਣੇ ਬੰਦਿਆਂ ਵਿੱਚੋਂ ਜਿਸ ਨੂੰ ਚਾਹੁੰਦਾ ਹੇ ਇਸ ਵੱਲ ਅਗਵਾਈ ਕਰਦਾ ਹੇ। ਜੇ ਕੀਤੇ ਉਹ ਲੋਕ ਵੀ ਸ਼ਿਰਕ ਕਰਦੇ ਤਾਂ ਜੋ ਵੀ ਉਹ ਨੇਕੀ ਕਰਦੇ ਉਹ ਸਾਰੀ ਕੀਤੀ ਕੱਤਰੀ ਅਜਾਈਂ ਚੱਲੀ ਜਾਂਦੀ।

89਼ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਅਸੀਂ ਕਿਤਾਬ, ਹਿਕਮਤ ਅਤੇ ਨਬੁਵੱਤ ਰਾਹੀਂ ਨਿਵਾਜ਼ਿਆ ਸੀ। ਜੇ ਇਹ ਲੋਕ ਇਸ (ਰੱਬੀ ਹਿਦਾਇਤ) ਦਾ ਇਨਕਾਰ ਕਰਦੇ ਹਨ ਤਾਂ ਅਸੀਂ ਇਸ (ਨਿਅਮਤ) ਦੀ ਸੰਭਾਲ ਲਈ ਇਕ ਅਜਿਹੀ ਕੌਮ ਤਿਆਰ ਕਰ ਰੱਖੀ ਹੇ ਜਿਹੜੀ ਇਹਨਾਂ (ਹਿਦਾਇਤਾਂ) ਦਾ ਇਨਕਾਰ ਕਰਨ ਵਾਲੀ ਨਹੀਂ ਹੋਵੇਗੀ।

90਼ ਇਹੋ ਉਹ ਲੋਕ ਹਨ ਜਿਨ੍ਹਾਂ ਦੀ ਹਿਦਾਇਤ ਅੱਲਾਹ ਵੱਲੋਂ ਹੋਈ ਸੀ। ਸੋ (ਹੇ ਮੁਹੰਮਦ ਸ:!) ਤੁਸੀਂ ਵੀ ਉਹਨਾਂ ਦੇ ਹੀ ਰਾਹ ’ਤੇ ਟੁਰੋ ਅਤੇ ਆਖ ਦਿਓ! ਕਿ ਮੈਂ ਤੁਹਾਥੋਂ ਇਸ ਕੰਮ (ਹਿਦਾਇਤ ਦੇਣ) ਦਾ ਕੋਈ ਬਦਲਾ ਨਹੀਂ ਚਾਹੁੰਦਾ। ਇਹ ਤਾਂ ਸਾਰੇ ਜਹਾਨ ਵਾਲਿਆਂ ਲਈ ਇਕ ਨਸੀਹਤ ਹੇ।

91਼ ਇਹਨਾਂ ਲੋਕਾਂ (ਕਾਫ਼ਿਰਾਂ) ਨੇ ਅੱਲਾਹ ਦੀ ਉਹ ਕਦਰ ਨਹੀਂ ਕੀਤੀ ਜਿਸ ਦਾ ਉਹ ਹੱਕਦਾਰ ਸੀ, ਜਦੋਂ ਉਹਨਾਂ ਨੇ ਇਹ ਕਿਹਾ ਕਿ ਅੱਲਾਹ ਨੇ ਕਿਸੇ ਮਨੁੱਖ ਉੱਤੇ ਕੋਈ ਵੀ ਚੀਜ਼ (.ਕੁਰਆਨ) ਨਾਜ਼ਿਲ ਨਹੀਂ ਕੀਤੀ। (ਹੇ ਮੁਹੰਮਦ!) ਤੁਸੀਂ ਇਹਨਾਂ ਤੋਂ ਇਹ ਪੁੱਛੋ ਕਿ ਉਹ ਕਿਤਾਬ ਕਿਸ ਨੇ ਨਾਜ਼ਿਲ ਕੀਤੀ ਸੀ ਜਿਸ ਨੂੰ ਮੂਸਾ ਲਿਆਏ ਸੀ ਜਿਹੜੀ ਸਾਰੇ ਲੋਕਾਂ ਲਈ ਇਕ ਨੂਰ ਅਤੇ ਹਿਦਾਇਤ ਸੀ। ਜਿਸ (ਦੀਆਂ ਹਿਦਾਇਤਾਂ) ਨੂੰ ਤੁਸੀਂ (ਆਪਣੀ ਇੱਛਾ ਅਨੁਸਾਰ) ਵੱਖਰੇ-ਵੱਖਰੇ ਪਤਰਿਆਂ ਉੱਤੇ ਨਕਲ ਕਰਦੇ ਰਹੇ ਹੋ। ਇਹਨਾਂ ਵਿੱਚੋਂ ਕੁੱਝ ਹੁਕਮਾਂ ਨੂੰ ਸਾਹਮਣੇ ਲਿਆਉਂਦੇ ਹੋ ਅਤੇ ਕੁੱਝ ਨੂੰ ਲੁਕਾ ਲੈਂਦੇ ਹੋ (ਉਸ ਕਿਤਾਬ ਤੌਰੈਤ ਰਾਹੀਂ) ਤੁਹਾਨੂੰ ਉਹ ਗਿਆਨ ਦਿੱਤਾ ਗਿਆ ਜਿਹੜਾ ਨਾ ਤੁਹਾਡੇ ਕੋਲ ਸੀ ਅਤੇ ਨਾ ਹੀ ਤੁਹਾਡੇ ਪਿਓ ਦਾਦਿਆਂ ਨੂੰ ਹੀ ਸੀ। ਸੋ (ਹੇ ਨਬੀ!) ਤੁਸੀਂ ਆਖ ਦਿਓ ਕਿ ਉਹ (ਤੌਰੈਤ ਦਾ ਗਿਆਨ) ਅੱਲਾਹ ਨੇ ਹੀ ਉਤਾਰਿਆ ਸੀ। ਫੇਰ ਇਹਨਾਂ ਨੂੰ (ਇਹਨਾਂ ਦੇ ਹਾਲ ’ਤੇ) ਛੱਡ ਦਿਓ, ਉਹ ਆਪਣੀਆਂ ਦਲੀਲ ਬਾਜ਼ੀਆਂ ਵਿਚ ਖੇਡਦੇ ਰਹਿਣ।

92਼ ਇਹ ਕਿਤਾਬ (.ਕੁਰਆਨ) ਨੂੰ ਅਸੀਂ ਉਤਾਰਿਆ ਹੇ, ਜਿਹੜੀ ਬਹੁਤ ਹੀ ਬਰਕਤਾਂ ਵਾਲੀ ਹੇ ਅਤੇ ਆਪਣੇ ਤੋਂ ਪਹਿਲੀਆਂ (ਕਿਤਾਬਾਂ) ਦੀ ਪੁਸ਼ਟੀ ਕਰਦੀ ਹੇ। ਤਾਂ ਜੋ ਤੁਸੀਂ ਇਸ ਦੁਆਰਾ ਮੱਕੇ ਵਾਲਿਆਂ ਨੂੰ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਡਰਾਓ। ਜਿਹੜੇ ਲੋਕੀ ਆਖ਼ਿਰਤ ਉੱਤੇ ਵਿਸ਼ਵਾਸ ਰੱਖਦੇ ਹਨ ਅਜਿਹੇ ਲੋਕ ਹੀ ਇਸ (.ਕੁਰਆਨ) ਉੱਤੇ ਈਮਾਨ ਰੱਖਦੇ ਹਨ ਅਤੇ ਆਪਣੀਆਂ ਨਮਾਜ਼ਾਂ ਦੀ ਰਖਵਾਲੀ ਕਰਦੇ ਹਨ।

93਼ ਉਸ ਵਿਅਕਤੀ ਤੋਂ ਵੱਧ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ਉੱਤੇ ਝੂਠੀ ਊਜ ਲਾਵੇ ਜਾਂ ਇਹ ਕਹੇ ਕਿ ਮੇਰੇ ਉੱਤੇ ਵੀ ਵਹੀ ਨਾਜ਼ਿਲ ਕੀਤੀ ਗਈ ਹੇ, ਜਦੋਂ ਕਿ ਉਸ ਕੋਲ ਰੱਬ ਵੱਲੋਂ ਕੋਈ ਵੀ ਵਹੀ ਨਾਜ਼ਿਲ ਨਹੀਂ ਹੋਈ ਜਾਂ ਜਿਹੜਾ ਵਿਅਕਤੀ ਇਹ ਕਹੇ ਕਿ ਜਿਹੋ ਜਿਹਾ ਕਲਾਮ ਅੱਲਾਹ ਨੇ ਉਤਾਰਿਆ ਹੇ ਮੈਂ ਵੀ ਇਸੇ ਪ੍ਰਕਾਰ ਦਾ ਲਿਆ ਸਕਦਾ ਹਾਂ। ਜਦੋਂ ਤੁਸੀਂ ਇਹਨਾਂ ਜ਼ਾਲਮਾਂ ਨੂੰ ਮੌਤ ਦੀਆਂ ਸਖ਼ਤੀਆਂ ਵਿਚ ਗਿਰਫ਼ਤਾਰ ਵੇਖੋਗੇ ਅਤੇ ਫ਼ਰਿਸ਼ਤੇ ਇਹ ਕਹਿੰਦੇ ਹੋਏ ਆਪਣੇ ਹੱਥ ਵਧਾ ਰਹੇ ਹੋਣਗੇ ਕਿ ਕੱਢੋ ਆਪਣੀਆਂ ਜਾਨਾਂ, ਅੱਜ ਤੁਹਾਨੂੰ ਜ਼ਲੀਲ ਕਰਨ ਵਾਲੀ ਸਜ਼ਾ ਦਿੱਤੀ ਜਾਵੇਗੀ1 ਕਿਉਂ ਜੋ ਤੁਸੀਂ ਅੱਲਾਹ ’ਤੇ ਊਜਾਂ ਲਾਕੇ ਅਣ-ਹੱਕੀਆਂ ਗੱਲਾਂ ਘੜ੍ਹਦੇ ਸੀ ਅਤੇ ਉਸ ਦੀਆਂ ਆਇਤਾਂ ਤੋਂ ਤਕੱਬਰ (ਘਮੰਡ ਵਿਚ ਆ ਕੇ ਇਨਕਾਰ) ਕਰਦੇ ਸੀ।

94਼ ਅੱਜ ਤੁਸੀਂ ਸਾਡੇ ਕੋਲ ਉਸੇ ਤਰ੍ਹਾਂ ਇਕੱਲੇ-ਇਕੱਲੇ ਆਏ ਹੋ ਜਿਵੇਂ ਅਸੀਂ ਤੁਹਾਨੂੰ ਪਹਿਲੀ ਵਾਰ ਇਕੱਲਾ ਪੈਦਾ ਕੀਤਾ ਸੀ। ਜੋ ਕੁੱਝ ਅਸੀਂ ਤੁਹਾਨੂੰ (ਮਾਲ ਔਲਾਦ ਆਦਿ) ਦਿੱਤਾ ਸੀ ਉਸ ਨੂੰ ਆਪਣੇ ਪਿੱਛੇ ਛੱਡ ਆਏ ਹੋ। ਅੱਜ ਅਸੀਂ ਤੁਹਾਡੇ ਨਾਲ ਤੁਹਾਡੇ ਉਹਨਾਂ ਸਿਫ਼ਾਰਸ਼ੀਆਂ ਨੂੰ ਨਹੀਂ ਵੇਖਦੇ ਜਿਨ੍ਹਾਂ ਬਾਰੇ ਤੁਸੀਂ ਦਾਅਵਾ ਕਰਦੇ ਸੀ ਕਿ ਉਹ (ਤੁਹਾਡੀ ਬੰਦਗੀ ਵਿਚ) ਅੱਲਾਹ ਦੇ ਸ਼ਰੀਕ ਹਨ। ਅੱਜ ਤੁਹਾਡੇ ਸਾਰੇ ਆਪਸੀ ਸੰਪਰਕ ਟੱਟ ਗਏ ਹਨ। ਅੱਜ ਉਹ ਸਾਰੇ ਤੁਹਾਥੋਂ ਖੁੱਸ ਗਏ ਜਿਨ੍ਹਾਂ ਨੂੰ ਤੁਸੀਂ ਆਪਣਾ ਇਸ਼ਟ ਸਮਝਦੇ ਸੀ।

95਼ ਬੇਸ਼ੱਕ ਅੱਲਾਹ ਹੀ ਦਾਣੇ ਅਤੇ ਗੁਠਲੀ ਨੂੰ ਫ਼ਾੜਣ ਵਾਲਾ ਹੇ। ਉਹ ਜਾਨਦਾਰ ਨੂੰ ਬੇਜਾਨ ਵਿਚੋਂ ਅਤੇ ਬੇਜਾਨ ਨੂੰ ਜਾਨਦਾਰ ਵਿੱਚੋਂ ਕੱਢਦਾ ਹੇ। ਇਹ ਹੇ ਅੱਲਾਹ, ਸਾਰੇ ਕੰਮ ਕਰਨ ਵਾਲਾ, ਸੋ ਤੁਸੀਂ ਕਿੱਧਰ ਭਟਕੇ ਫਿਰ ਰਹੇ ਹੋ।

96਼ ਉਹ ਸਵੇਰ ਦਾ ਚਾਨਣ (ਰਾਤ ਵਿੱਚੋਂ) ਕੱਢਦਾ ਹੇ। ਉਸੇ ਨੇ ਰਾਤ ਨੂੰ ਆਰਾਮ ਦਾ ਸਾਧਨ ਬਣਾਇਆ, ਸੂਰਜ ਤੇ ਚੰਨ ਨੂੰ ਸਮੇਂ ਦਾ ਇਕ ਹਿਸਾਬ ਰੱਖਣ ਦਾ ਸਾਧਨ ਬਣਾਇਆ। ਇਹ ਸਭ ਗੱਲਾਂ ਉਸੇ ਜ਼ੋਰਾਵਰ ਤੇ ਜਾਣਨਹਾਰ ਦੇ ਨਿਸ਼ਚਿਤ ਕੀਤੇ ਹੋਏ ਅਨੁਮਾਨ ਹਨ।

97਼ ਅਤੇ ਉਹੀਓ ਹੇ ਜਿਸ ਨੇ ਤੁਹਾਡੇ ਲਈ ਤਾਰੇ ਬਣਾਏ ਤਾਂ ਜੋ ਤੁਸੀਂ ਇਹਨਾਂ ਦੁਆਰਾ ਜਲ ਤੇ ਥਲ1 ਦੇ ਹਨੇਰਿਆਂ ਵਿਚ ਰਸਤਾ ਲਭ ਸਕੋ। ਬੇਸ਼ੱਕ ਅਸੀਂ ਸਾਰੀਆਂ ਆਇਤਾਂ (ਨਿਸ਼ਾਨੀਆਂ) ਗਿਆਨ ਰੱਖਣ ਵਾਲਿਆਂ ਲਈ ਵਿਸਥਾਰ ਨਾਲ ਬਿਆਨ ਕਰ ਦਿੱਤੀਆਂ ਹਨ।

98਼ ਉਹੀਓ ਹੇ ਜਿਸ ਨੇ ਤੁਹਾਨੂੰ ਇਕ ਜਾਨ ਤੋਂ ਪੈਦਾ ਕੀਤਾ ਫੇਰ ਹਰੇਕ ਲਈ ਇਕ ਥਾਂ ਰਹਿਣ ਵਾਲੀ (ਭਾਵ ਆਖ਼ਿਰਤ) ਹੇ ਅਤੇ ਦੂਜੀ ਥਾਂ ਅਮਾਨਤ ਵਜੋਂ (ਭਾਵ ਸੰਸਾਰ) ਹੇ। ਬੇਸ਼ੱਕ ਅਸੀਂ ਸਾਰੀਆਂ ਦਲੀਲਾਂ ਖੋਲ ਖੋਲ ਕੇ ਬਿਆਨ ਕਰਦੇ ਹਾਂ, ਉਹਨਾਂ ਲੋਕਾਂ ਲਈ, ਜਿਹੜੇ ਸੂਝ-ਬੂਝ ਰੱਖਦੇ ਹਨ।

99਼ ਉਹੀਓ ਹੇ ਜਿਸ ਨੇ ਅਕਾਸ਼ ਤੋਂ ਪਾਣੀ ਬਰਸਾਇਆ, ਉਸ ਦੁਆਰਾ ਅਸੀਂ ਹਰ ਪ੍ਰਕਾਰ ਦੀ ਪੈਦਾਵਾਰ ਉਗਾਈ, ਫੇਰ ਇਸੇ ਨਾਲ ਹਰੀਆਂ ਭਰੀਆਂ ਖੇਤੀਆਂ ਉਗਾਈਆਂ ਜਿਨ੍ਹਾਂ ਤੋਂ ਉੱਪਰ ਥੱਲੇ ਦਾਣੇ ਕੱਢਦੇ ਹਾਂ ਅਤੇ ਖਜੂਰ ਦੇ ਦਰਖ਼ਤਾਂ ਤੋਂ ਫਲਾਂ ਦੇ ਗੁੱਛੇ ਦੇ ਗੁੱਛੇ ਪੈਦਾ ਕੀਤੇ ਜਿਹੜੇ ਭਾਰ ਕਾਰਨ ਝੁਕ ਜਾਂਦੇ ਹਨ। ਅੰਗੂਰ, ਜ਼ੈਤੂਨ ਤੇ ਅਨਾਰ ਦੇ ਬਾਗ਼ ਲਾਏ ਜਿਨ੍ਹਾਂ ਦੇ ਫਲ ਇਕ ਦੂਜੇ ਨਾਲ ਰਲਦੇ-ਮਿਲਦੇ ਹਨ, ਪਰ ਹਰੇਕ ਦੀ ਵਿਸ਼ੇਸ਼ਤਾ ਵੱਖੋ-ਵੱਖ ਹੇ। ਜਦੋਂ ਇਹ ਦਰਖ਼ਤ ਫਲ ਦੇਣ ਲੱਗਦੇ ਹਨ ਫੇਰ ਉਹਨਾਂ ਦੇ ਫਲ ਦੇਣ ਅਤੇ ਪੱਕਣ ਦੀ ਹਾਲਤ ਵੱਲ ਧਿਆਨ ਦਿਓ। ਇਹਨਾਂ ਵਿਚ ਦਲੀਲਾਂ ਹਨ ਉਹਨਾਂ ਲੋਕਾਂ ਲਈ ਜਿਹੜੇ ਈਮਾਨ ਰੱਖਦੇ ਹਨ।

100਼ ਪਰ ਫੇਰ ਵੀ ਲੋਕਾਂ ਨੇ ਜਿੰਨਾਂ ਨੂੰ ਅੱਲਾਹ ਦਾ ਸ਼ਰੀਕ ਬਣਾ ਰੱਖਿਆ ਹੇ ਜਦੋਂ ਕਿ ਇਹਨਾਂ ਸਾਰਿਆਂ ਨੂੰ ਅੱਲਾਹ ਨੇ ਹੀ ਪੈਦਾ ਕੀਤਾ ਹੇ ਅਤੇ ਇਹਨਾਂ ਲੋਕਾਂ ਨੇ ਬਿਨਾਂ ਗਿਆਨ ਤੋਂ ਅੱਲਾਹ ਲਈ ਪੁੱਤਰ ਤੇ ਧੀਆਂ ਥਾਪ ਦਿੱਤੀਆਂ ਹਨ।1 ਉਹ (ਅੱਲਾਹ) ਪਾਕ ਹੇ, ਉਹਨਾਂ ਸਾਰੀਆਂ ਗੱਲਾਂ ਤੋਂ ਉੱਚਾ ਹੇ ਜਿਹੜੀਆਂ ਉਹ ਕਰਦੇ ਹਨ।

101਼ ਉਹ ਅਕਾਸ਼ਾਂ ਤੇ ਧਰਤੀ ਦਾ ਰਚਣਹਾਰ ਹੇ। ਉਸ ਦੇ ਔਲਾਦ ਕਿਵੇਂ ਹੋ ਸਕਦੀ ਹੇ ਜਦ ਕਿ ਉਸ ਦੀ ਕੋਈ ਪਤਨੀ ਹੀ ਨਹੀਂ ? ਉਹੀਓ ਹਰ ਚੀਜ਼ ਨੂੰ ਪੈਦਾ ਕਰਨ ਵਾਲਾ ਨੂੰ ਅਤੇ ਉਹ ਹਰ ਚੀਜ਼ ਨੂੰ ਭਲੀ-ਭਾਂਤ ਜਾਣਦਾ ਹੇ।

102਼ ਇਹ ਅੱਲਾਹ ਤੁਹਾਡਾ ਰੱਬ ਹੇ। ਇਸ ਤੋਂ ਛੁੱਟ ਹੋਰ ਕੋਈ ਇਬਾਦਤ ਦੇ ਯੋਗ ਨਹੀਂ ਹੇ। ਉਹ ਹਰ ਚੀਜ਼ ਦਾ ਪੈਦਾ ਕਰਨ ਵਾਲਾ ਹੇ, ਤੁਸੀਂ ਉਸੇ ਦੀ ਇਬਾਦਤ ਕਰੋ ਅਤੇ ਉਹੀਓ ਹਰ ਚੀਜ਼ ਦਾ ਨਿਗਰਾਨ ਹੇ।

103਼ ਉਸ ਤਕ ਕਿਸੇ ਦੀਆਂ ਨਜ਼ਰਾਂ ਨਹੀਂ ਪਹੁੰਚ ਸਕਦੀਆਂ, ਪਰ ਉਹ (ਸਭ ਦੀਆਂ ਨਜ਼ਰਾਂ ਤੱਕ) ਪਹੁੰਚ ਰਖਦਾ ਹੇ। ਉਹ ਬਹੁਤ ਬਰੀਕੀ ਨਾਲ ਹਰ ਗੱਲ ਦੀ ਖ਼ਬਰ ਰੱਖਦਾ ਹੇ।

104਼ ਬੇਸ਼ੱਕ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਖੁੱਲ੍ਹੀਆਂ ਦਲੀਲਾਂ ਆ ਚੁੱਕੀਆਂ ਹਨ। ਜਿਹੜਾ ਸੂਝ-ਬੂਝ ਤੋਂ ਕੰਮ ਲਵੇਗਾ ਉਸ ਦਾ ਆਪਣਾ ਹੀ ਲਾਭ ਹੇ, ਪਰ ਜਿਹੜਾ (ਅਕਲੋਂ) ਅੰਨ੍ਹਾ ਬਣਿਆ ਰਿਹਾ ਉਸ ਦਾ ਆਪਣਾ ਹੀ ਨੁਕਸਾਨ ਹੇ। (ਹੇ ਮੁਹੰਮਦ!) ਤੁਸੀਂ ਆਖ ਦਿਓ ਕਿ ਮੈਂ ਤੁਹਾਡੇ ਉੱਤੇ ਨਿਗਰਾਨੀ ਕਰਨ ਵਾਲਾ ਨਹੀਂ। (ਮੈਂ ਤਾਂ ਤੁਹਾਨੂੰ ਖ਼ਬਰਦਾਰ ਕਰਨ ਲਈ ਆਇਆ ਹਾਂ)।

105਼ ਇਸੇ ਪ੍ਰਕਾਰ ਅਸੀਂ ਆਪਣੀਆਂ ਆਇਤਾਂ ਘੜੀ-ਮੁੜੀ ਵੱਖੋ-ਵੱਖ ਢੰਗ ਨਾਲ ਬਿਆਨ ਕਰਦੇ ਹਾਂ ਤਾਂ ਜੋ ਕਾਫ਼ਿਰ ਆਖਣ ਕਿ ਤੁਸੀਂ (ਹੇ ਮੁਹੰਮਦ ਸ:!) ਕਿਸੇ ਤੋਂ ਪੜ੍ਹ ਕੇ ਆਏ ਹੋ ਅਤੇ ਜਿਹੜੇ ਲੋਕ ਗਿਆਨਵਾਨ ਹਨ ਅਸੀਂ ਉਹਨਾਂ ਉੱਤੇ (ਸੱਚਾਈ) ਪ੍ਰਗਟ ਕਰ ਦਈਏ।

106਼ (ਹੇ ਨਬੀ!) ਤੁਸੀਂ ਇਸੇ ਵਹੀ ਦੀ ਪਾਲਣਾ ਕਰਦੇ ਰਹੋ ਜਿਹੜੀ ਤੁਹਾਡੇ ਵੱਲ ਤੁਹਾਡੇ ਰੱਬ ਵੱਲੋਂ ਆਈ ਹੇ। ਉਸ ਤੋਂ ਛੁੱਟ ਹੋਰ ਕੋਈ ਇਬਾਦਤ ਦੇ ਯੋਗ ਨਹੀਂ। ਮੁਸ਼ਰਿਕਾਂ ਵੱਲ ਉੱਕਾ ਹੀ ਧਿਆਨ ਨਾ ਦੇਵੋ।

107਼ ਜੇ ਅੱਲਾਹ ਚਾਹੁੰਦਾ ਤਾਂ ਇਹ ਸ਼ਿਰਕ ਨਾ ਕਰਦੇ ਅਤੇ ਅਸੀਂ ਤੁਹਾਨੂੰ ਇਹਨਾਂ ਦੀ ਨਿਗਰਾਨੀ ਕਰਨ ਲਈ ਨਹੀਂ ਭੇਜਿਆ ਅਤੇ ਨਾ ਹੀ ਤੁਸੀਂ ਇਹਨਾਂ ਦੇ ਜ਼ਿੰਮੇਵਾਰ ਹੋ।

108਼ (ਹੇ ਮੁਸਲਮਾਨੋ!) ਮੁਸ਼ਰਿਕ ਲੋਕ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਦੀ ਪੂਜਾ ਕਰਦੇ ਹਨ, ਤੁਸੀਂ ਉਹਨਾਂ ਨੂੰ ਬੁਰਾ ਭਲਾ ਨਾ ਆਖੋ ਕਿਉਂ ਜੋ ਜਹਾਲਤ ਦੀਆਂ ਹੱਦਾਂ ਟੱਪਦੇ ਹੋਏ ਇਹ ਲੋਕ ਵੀ ਅੱਲਾਹ ਦੀ ਸ਼ਾਨ ਵਿਚ ਗ਼ੁਸਤਾਖੀਆਂ ਕਰਨਗੇ। ਅਸੀਂ ਇਸ ਪ੍ਰਕਾਰ ਹਰ ਉੱਮਤ (ਧਰਮ ਵਾਲਿਆਂ) ਲਈ ਉਹਨਾਂ ਦੇ ਕਰਮਾਂ ਵਿਚ ਖਿੱਚ ਪੈਦਾ ਕਰ ਛੱਡੀ ਹੇ। ਉਹਨਾਂ ਨੇ ਪਰਤ ਕੇ ਆਉਣਾ ਤਾਂ ਆਪਣੇ ਰੱਬ ਵੱਲ ਹੀ ਹੇ, ਫੇਰ ਉਹ ਉਹਨਾਂ ਨੂੰ ਦੱਸੇਗਾ ਕਿ ਉਹ (ਸੰਸਾਰ ਵਿਚ) ਕੀ ਕਰਦੇ ਸੀ?

109਼ ਉਹਨਾਂ ਲੋਕਾਂ ਨੇ ਪੱਕੀਆਂ ਕਸਮਾਂ ਅੱਲਾਹ ਦੇ ਨਾਂ ਦੀਆਂ ਖਾਦੀਆਂ ਕਿ ਜੇ ਉਹਨਾਂ ਕੋਲ ਕੋਈ ਨਿਸ਼ਾਨੀ (ਨਬੀ ਹੋਣ ਦੀ) ਆ ਜਾਵੇ ਤਾਂ ਉਹ ਜ਼ਰੂਰ ਹੀ ਈਮਾਨ ਲਿਆਉਣਗੇ। (ਹੇ ਨਬੀ!) ਤੁਸੀਂ ਆਖੋ ਕਿ ਨਿਸ਼ਾਨੀਆਂ ਤਾਂ ਸਾਰੀਆਂ ਅੱਲਾਹ ਦੇ ਕਬਜ਼ੇ ਵਿਚ ਹਨ, ਤੁਹਾਨੂੰ ਇਹ ਗੱਲ ਕੌਣ ਸਮਝਾਵੇ ਕਿ ਜਦੋਂ ਉਹ ਨਿਸ਼ਾਨੀ ਆ ਜਾਵੇਗੀ ਇਹ ਲੋਕ ਫੇਰ ਵੀ ਈਮਾਨ ਨਹੀਂ ਲਿਆਉਣਗੇ।

110਼ ਅਸੀਂ ਉਸੇ ਤਰ੍ਹਾਂ ਇਹਨਾਂ ਦੇ ਦਿਲਾਂ ਨੂੰ ਅਤੇ ਇਹਨਾਂ ਦੀਆਂ ਨਜ਼ਰਾਂ ਨੂੰ ਫੇਰ ਦਿਆਂਗੇ ਜਿਸ ਤਰ੍ਹਾਂ ਇਹ ਪਹਿਲੀ ਵਾਰ ਇਸ (.ਕੁਰਆਨ) ’ਤੇ ਈਮਾਨ ਨਹੀਂ ਲਿਆਏ ਸਨ। ਅਸੀਂ ਇਹਨਾਂ ਦੀ ਸਰਕਸ਼ੀ ਵਿਚ ਹੀ ਇਹਨਾਂ ਨੂੰ ਭਟਕਣ ਲਈ ਛੱਡ ਦੇਵਾਂਗੇ।

111਼ ਜੇਕਰ ਅਸੀਂ (ਅੱਲਾਹ) ਇਹਨਾਂ ਵੱਲ (ਕਾਫ਼ਿਰਾਂ ਦੀ ਮੰਗ ’ਤੇ) ਫ਼ਰਿਸ਼ਤੇ ਭੇਜ ਦਿੰਦੇ ਅਤੇ ਇਹਨਾਂ ਨਾਲ ਮੁਰਦੇ ਗੱਲਾਂ ਕਰਨ ਲਗ ਜਾਂਦੇ ਅਤੇ ਅਸੀਂ ਉਹ ਸਾਰੀਆਂ ਨਿਸ਼ਾਨੀਆਂ (ਜੋ ਉਹ ਮੰਗ ਕਰਦੇ ਹਨ) ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਮਾਂ ਕਰ ਦਿੰਦੇ ਤਾਂ ਵੀ ਇਹ ਲੋਕ ਈਮਾਨ ਨਹੀਂ ਲਿਆਉਣਗੇ। ਹਾਂ! ਜੇ ਅੱਲਾਹ ਹੀ ਚਾਹਵੇ ਤਾਂ ਵੱਖਰੀ ਗੱਲ ਹੇ। ਪਰ ਇਹਨਾਂ ਵਿਚ ਬਹੁਤੇ ਲੋਕ ਤਾਂ ਨਾ-ਸਮਝੀ ਦੀਆਂ ਗੱਲਾਂ ਕਰਦੇ ਹਨ।

112਼ ਇਸੇ ਤਰ੍ਹਾਂ ਅਸੀਂ ਹਰ ਨਬੀ ਦੇ ਦੁਸ਼ਮਨ ਮਨੁੱਖਾਂ ਤੇ ਜਿੰਨਾਂ ਵਿੱਚੋਂ ਬਣਾਏ, ਜਿਹੜੇ ਇਕ ਦੂਜੇ ਦੇ ਕੰਨਾਂ ਵਿਚ ਸੋਹਣੀਆਂ ਜਾਪਣ ਵਾਲੀਆਂ ਗੱਲਾਂ ਪਾਉਂਦੇ ਰਹਿੰਦੇ ਹਨ, ਤਾਂ ਜੋ ਉਸ ਨੂੰ ਧੋਖੇ ਵਿਚ ਰੱਖਿਆ ਜਾ ਸਕੇ। (ਹੇ ਨਬੀ!) ਜੇ ਅੱਲਾਹ ਚਾਹੁੰਦਾ ਤਾਂ ਇਹ ਅਜਿਹਾ ਨਾ ਕਰਦੇ। ਸੋ ਤੁਸੀਂ ਇਹਨਾਂ ਲੋਕਾਂ ਨੂੰ ਅਤੇ ਜੋ ਇਹ ਬੁਹਤਾਨ ਲਗਾ ਰਹੇ ਹਨ ਉਸ ਨੂੰ (ਉਹਨਾਂ ਦੇ ਹਾਲ ’ਤੇ) ਛੱਡ ਦਿਓ।

113਼ ਤਾਂ ਜੋ ਜਿਹੜੇ ਲੋਕ ਆਖ਼ਿਰਤ ਉੱਤੇ ਈਮਾਨ ਨਹੀਂ ਲਿਆਉਂਦੇ ਉਹਨਾਂ ਦੇ ਮਨ ਉਸ ਝੂਠ ਵੱਲ ਝੁਕ ਜਾਣ ਅਤੇ ਉਹ ਇਸ ਝੂਠ ਨੂੰ ਪਸੰਦ ਕਰਦੇ ਰਹਿਣ ਅਤੇ ਜਿਹੜੇ ਭੈੜੇ ਕੰਮ ਉਹ ਕਰ ਰਹੇ ਹਨ ਉਹ ਕਰਦੇ ਰਹਿਣ।

114਼ (ਹੇ ਨਬੀ!) ਆਖੋ, ਕੀ ਮੈਂ ਅੱਲਾਹ ਤੋਂ ਛੁੱਟ ਕਿਸੇ ਹੋਰ ਹਾਕਮ ਦੀ ਭਾਲ ਕਰਾਂ? ਹਾਲਾਂ ਕਿ ਉਹੀਓ ਹੇ ਜਿਸ ਨੇ ਇਹ ਕਿਤਾਬ ਵਿਸਥਾਰ ਨਾਲ ਤੁਹਾਡੇ ਵੱਲ ਭੇਜੀ। ਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬ ਦਿੱਤੀ ਹੇ ਉਹ ਇਸ ਗੱਲ ਨੂੰ ਯਕੀਨ ਨਾਲ ਜਾਣਦੇ ਹਨ ਕਿ ਇਹ ਤੁਹਾਡੇ ਰੱਬ ਵੱਲੋਂ ਹੱਕ ਸੱਚ ਨਾਲ ਨਾਜ਼ਿਲ ਹੋਈ ਹੇ, ਸੋ ਤੁਸੀਂ ਸ਼ੱਕ ਕਰਨ ਵਾਲਿਆਂ ਵਿੱਚੋਂ ਨਾ ਹੋ ਜਾਈਓ।

115਼ ਤੁਹਾਡੇ ਰੱਬ ਦਾ ਕਲਾਮ ਸੱਚਾਈ ਤੇ ਇਨਸਾਫ਼ ਪੱਖੋਂ ਮੁੱਕਮਲ ਹੇ ਅਤੇ ਇਸ ਦੀਆਂ ਗੱਲਾਂ ਨੂੰ ਕੋਈ ਬਦਲਣ ਵਾਲਾ ਨਹੀਂ। ਉਹ ਭਲੀ-ਭਾਂਤ ਸੁਣਨ ਵਾਲਾ ਤੇ ਜਾਣਨ ਵਾਲਾ ਹੇ।

116਼ ਜੇ ਤੁਸੀਂ (ਹੇ ਨਬੀ!) ਧਰਤੀ ’ਤੇ ਵਸਨ ਵਾਲੀ ਬਹੁਗਿਣਤੀ ਦੇ ਆਖੇ ਲੱਗੋਗੇ ਤਾਂ ਉਹ ਤੁਹਾਨੂੰ ਰਾਹੋ ਬੇ-ਰਾਹ ਕਰ ਦੇਵੇਗੀ। ਉਹ ਤਾਂ ਕੇਵਲ ਭਰਮਾਂ ਉੱਤੇ ਚਲਦੇ ਹਨ ਅਤੇ ਖ਼ਿਆਲੀ ਗੱਲਾਂ ਹੀ ਕਰਦੇ ਹਨ।

117਼ (ਹਕੀਕਤ ਇਹ ਹੇ) ਕਿ ਤੁਹਾਡਾ ਰੱਬ ਉਸ ਵਿਅਕਤੀ ਨੂੰ ਚੰਗੀ ਤਰ੍ਹਾਂ ਜਾਣਦਾ ਹੇ ਜਿਹੜਾ ਉਸ ਦੀ ਰਾਹ ਤੋਂ ਬੇਰਾਹ ਹੋ ਜਾਂਦਾ ਹੇ ਅਤੇ ਉਹ ਹਿਦਾਇਤ ਵਾਲੇ ਲੋਕਾਂ ਨੂੰ ਵੀ ਜਾਣਦਾ ਹੇ (ਜਿਹੜੇ ਉਸ ਦੀ ਰਾਹ ’ਤੇ ਹੀ ਚਲਦੇ ਹਨ।)

118਼ ਸੋ ਤੁਸੀਂ ਉਸ (ਜਾਨਵਰ) ਦਾ ਮਾਸ ਖਾਓ ਜਿਸ ਉੱਤੇ ਅੱਲਾਹ ਦਾ ਨਾਂ (ਜ਼ਿਬਹ ਕਰਨ ਸਮੇਂ) ਲਿਆ ਗਿਆ ਹੋਵੇ। ਜੇ ਤੁਸੀਂ ਉਸ ਦੇ ਹੁਕਮਾਂ ਨੂੰ ਮੰਨਦੇ ਹੋ।

119਼ ਕੀ ਕਾਰਨ ਹੇ ਕਿ ਤੁਸੀਂ ਉਸ ਜਾਨਵਰ ਦਾ (ਮਾਸ) ਨਹੀਂ ਖਾਂਦੇ ਜਿਸ ’ਤੇ ਅੱਲਾਹ ਦਾ ਨਾਂ ਲਿਆ ਗਿਆ ਹੇ। ਹਾਲਾਂ ਕਿ ਅੱਲਾਹ ਨੇ ਉਹਨਾਂ ਸਾਰੇ ਜਾਨਵਰਾਂ ਦੀ ਜਾਣਕਾਰੀ ਦੇ ਰਖੀ ਹੇ ਜਿਹੜੇ ਤੁਹਾਡੇ ਲਈ ਹਰਾਮ ਹਨ, ਪਰ ਜੇ ਸਖ਼ਤ ਮਜਬੂਰੀ ਦੀ ਗੱਲ ਹੋਵੇ ਤਾਂ ਉਹ (ਹਰਾਮ) ਵੀ ਹਲਾਲ (ਜਾਇਜ਼) ਹੇ ਅਤੇ ਇਹ ਵੀ ਗੱਲ ਲਾਜ਼ਮੀ ਹੇ ਕਿ ਲੋਕਾਂ ਦੀ ਬਹੁਗਿਣਤੀ ਆਪਣੀਆਂ ਇੱਛਾਵਾਂ ਕਾਰਨ ਬਿਨਾਂ ਕਿਸੇ ਦਲੀਲ ਤੋਂ ਦੂਜਿਆਂ ਨੂੰ ਗੁਮਰਾਹ ਕਰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਲਾਹ ਹੱਦਾ ਟੱਪਣ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੇ।

120਼ ਤੁਸੀਂ ਖ਼ੁੱਲੇ ਗੁਨਾਹਾਂ ਤੋਂ ਵੀ ਬਚੋ ਅਤੇ ਲੁਕਵੇਂ ਗੁਨਾਹਾਂ ਤੋਂ ਵੀ ਬਚੋ। ਬੇਸ਼ੱਕ ਜਿਹੜੇ ਲੋਕੀ ਗੁਨਾਹ ਕਰ ਰਹੇ ਹਨ ਉਹਨਾਂ ਨੂੰ ਉਹਨਾਂ ਦੇ ਕਰਮਾਂ ਦਾ ਬਦਲਾ ਜ਼ਰੂਰ ਮਿਲੇਗਾ।

121਼ ਅਜਿਹੇ ਜਾਨਵਰ ਨਾ ਖਾਓ ਜਿਨ੍ਹਾਂ ਉੱਤੇ (ਜ਼ਿਬਹ ਕਰਦੇ ਹੋਏ) ਅੱਲਾਹ ਦਾ ਨਾਂ ਨਹੀਂ ਲਿਆ ਗਿਆ, ਇਹ ਕੰਮ ਨਾ-ਫ਼ਰਮਾਨੀ ਵਾਲਾ ਹੇ ਅਤੇ ਸ਼ੈਤਾਨ ਆਪਣੇ ਸਾਥੀਆਂ ਦੇ ਮਨਾਂ ਵਿਚ ਸ਼ੰਕਾ ਪਾਉਂਦਾ ਹੇ ਤਾਂ ਜੋ ਇਹ ਤੁਹਾਡੇ ਨਾਲ ਝਗੜਣ। (ਹੇ ਨਬੀ!) ਜੇ ਤੁਸੀਂ ਇਹਨਾਂ ਲੋਕਾਂ ਦੀ ਪੈਰਵੀ ਕਰੋਗੇ ਤਾਂ ਤੁਸੀਂ ਵੀ ਮੁਸ਼ਰਿਕ ਬਣ ਜਾਓਗੇ।1

122਼ ਉਹ ਵਿਅਕਤੀ ਜਿਹੜਾ ਪਹਿਲਾਂ ਮੁਰਦਾ (ਭਾਵ ਈਮਾਨ ਤੋਂ ਖਾਲੀ) ਸੀ ਫੇਰ ਅਸੀਂ ਉਸ ਨੂੰ (ਈਮਾਨ ਬਖ਼ਸ਼ ਕੇ) ਜਿਊਂਦਾ ਕਰ ਦਿੱਤਾ ਅਤੇ ਉਸ ਨੂੰ ਅਜਿਹਾ ਨੂਰ (ਈਮਾਨ) ਦਿੱਤਾ ਜਿਸ ਦੀ ਰੌਸ਼ਨੀ ਵਿਚ ਲੋਕਾਂ ਵਿਚਾਲੇ ਤੁਰਦਾ ਫਿਰਦਾ ਹੇ, ਕੀ ਉਹ ਉਸ ਵਿਅਕਤੀ ਵਾਂਗ ਹੋ ਸਕਦਾ ਹੇ ਜਿਹੜਾ ਹਨੇਰਿਆਂ ਵਿਚ ਫਸਿਆ ਹੋਇਆ ਹੇ ਅਤੇ ਇਹਨਾਂ ਵਿੱਚੋਂ ਨਿੱਕਲ ਵੀ ਨਹੀਂ ਸਕਦਾ ? ਇਸੇ ਪ੍ਰਕਾਰ ਕਾਫ਼ਿਰਾਂ ਲਈ ਉਹਨਾਂ ਦੀਆਂ ਕਰਤੂਤਾਂ ਵਿਚ ਖਿੱਚ ਪੈਦਾ ਕਰ ਦਿੱਤੀ ਗਈ ਹੈ।

123਼ ਇਸੇ ਤਰ੍ਹਾਂ ਅਸੀਂ ਹਰੇਕ ਬਸਤੀ ਵਿਚ ਉਸ ਦੇ ਵੱਡੇ-ਵੱਡੇ ਅਪਰਾਧੀਆਂ ਨੂੰ ਉਸ ਬਸਤੀ ਵਿਚ ਆਪਣੇ ਛਲ-ਕਪਟ ਦਾ ਜਾਲ ਫ਼ੈਲਾਉਣ ਲਈ ਛੱਡਿਆ ਹੋਇਆ ਹੇ। ਅਸਲ ਵਿਚ ਉਹ ਆਪਣੇ ਕਪਟ ਦੇ ਜਾਲ ਵਿਚ ਆਪ ਹੀ ਫਸਦੇ ਹਨ ਪਰ ਉਹਨਾਂ ਨੂੰ ਇਸ ਦੀ ਸਮਝ ਹੀ ਨਹੀਂ।

124਼ ਜਦੋਂ ਉਹਨਾਂ ਕੋਲ ਕੋਈ ਆਇਤ (ਨਿਸ਼ਾਨੀ) ਆਉਂਦੀ ਹੇ ਤਾਂ ਇਹ ਕਹਿੰਦੇ ਹਨ ਕਿ ਅਸੀਂ ਉੱਕਾ ਹੀ ਈਮਾਨ ਨਹੀਂ ਲਿਆਉਂਦੇ ਜਦੋਂ ਤੀਕ ਸਾਨੂੰ ਵੀ ਅਜਿਹੀ ਚੀਜ਼ ਨਾ ਦਿੱਤੀ ਜਾਵੇ ਜਿਹੜੀ ਰਸੂਲਾਂ ਨੂੰ ਦਿੱਤੀ ਗਈ ਹੇ। ਇਹ ਗੱਲ ਤਾਂ ਅੱਲਾਹ ਹੀ ਜਾਣਦਾ ਹੇ ਕਿ ਆਪਣੀ ਪੈਗ਼ੰਬਰੀ ਦਾ ਕੰਮ ਕਿਸ ਤੋਂ ਲਵੇ। ਛੇਤੀ ਹੀ ਉਹ ਅਪਰਾਧੀ ਲੋਕ ਅੱਲਾਹ ਕੋਲ ਜਾ ਕੇ ਜ਼ਲੀਲ ਹੋਣਗੇ ਅਤੇ ਉਹਨਾਂ ਦੀਆਂ ਚਾਲਾਂ ਦੇ ਬਦਲੇ ਵਿਚ ਜੋ ਉਹ ਕਰਦੇ ਸਨ ਕਰੜੀ ਸਜ਼ਾ ਮਿਲੇਗੀ।

125਼ ਸੋ ਜਿਸ ਵਿਅਕਤੀ ਨੂੰ ਅੱਲਾਹ ਨੇ ਰਾਹ ’ਤੇ ਪਾਉਣਾ ਹੁੰਦਾ ਹੈ ਉਸ ਦਾ ਸੀਨਾ (ਦਿਲ) ਇਸਲਾਮ ਲਈ ਖੋਲ੍ਹ ਦਿੰਦਾ ਹੈ1 ਅਤੇ ਜਿਸ ਨੂੰ ਬੇਰਾਹ ਕਰਨਾ ਹੁੰਦਾ ਹੈ ਉਸ ਦੇ ਸੀਨੇ ਨੂੰ ਤੰਗ ਕਰ ਦਿੰਦਾ ਹੈ। ਜਿਵੇਂ ਕੋਈ ਅਕਾਸ਼ ਵੱਲ ਚੜ੍ਹਦਾ ਹੋਵੇ (ਭਾਵ ਦਮ ਘੁਟਣ ਕਾਰਨ ਮਰ ਰਿਹਾ ਹੋਵੇ)। ਇਸ ਤਰ੍ਹਾਂ ਅੱਲਾਹ ਈਮਾਨ ਨਾ ਲਿਆਉਣ ਵਾਲਿਆਂ ਉੱਤੇ (ਗੁਮਰਾਹੀ ਦੀ) ਗੰਦਗੀ ਸੁੱਟ ਦਿੰਦਾ ਹੈ।

126਼ ਇਹੋ ਤੇਰੇ ਰੱਬ ਦਾ ਸਿੱਧਾ ਰਾਹ ਹੇ। ਨਸੀਹਤ ਲੈਣ ਵਾਲਿਆਂ ਲਈ ਅਸੀਂ ਇਹਨਾਂ (.ਕੁਰਆਨ ਦੀਆਂ) ਆਇਤਾਂ ਨੂੰ ਖੋਲ੍ਹ-ਖੋਲ੍ਹ ਕੇ ਬਿਆਨ ਕਰਦੇ ਹਾਂ।

127਼ ਉਹਨਾਂ (ਈਮਾਨ ਲਿਆਉਣ ਵਾਲੇ) ਲੋਕਾਂ ਲਈ ਉਹਨਾਂ ਦੇ ਰੱਬ ਦੇ ਕੋਲ ਸਲਾਮਤੀ ਵਾਲਾ ਘਰ (ਸਵਰਗ) ਹੇ। ਅੱਲਾਹ ਨੂੰ ਉਹਨਾਂ ਨਾਲ ਉਹਨਾਂ ਦੇ ਨੇਕ ਕੰਮਾਂ ਕਾਰਨ ਮੁਹੱਬਤ ਹੇ।

128਼ ਜਿਸ ਦਿਨ ਉਹ ਉਹਨਾਂ ਸਾਰਿਆਂ ਨੂੰ ਇਕੱਠਾ ਕਰੇਗਾ ਅਤੇ ਆਖੇਗਾ ਕਿ ਹੇ ਜਿੰਨੋ! ਤੁਸੀਂ ਮਨੁੱਖਾਂ ਵਿੱਚੋਂ ਕਈਆਂ ਨੂੰ ਕੁਰਾਹੇ ਪਾਇਆ ਸੀ ਅਤੇ ਮਨੁੱਖਾਂ ’ਚੋਂ ਉਹਨਾਂ (ਜਿੰਨਾਂ) ਦੇ ਮਿੱਤਰ ਆਖਣਗੇ ਹੇ ਸਾਡੇ ਰੱਬਾ! ਅਸੀਂ ਇਕ ਦੂਜੇ ਤੋਂ ਲਾਭ ਖੱਟਿਆ ਸੀ। ਅੱਜ ਅਸੀਂ ਉਸ ਸਮੇਂ ਨੂੰ ਪਹੁੰਚ ਗਏ ਹਾਂ ਜਿਹੜਾ ਤੁਸੀਂ ਸਾਡੇ ਲਈ ਨਿਸ਼ਚਿਤ ਕੀਤਾ ਸੀ। ਹੁਣ ਅੱਲਾਹ ਫ਼ਰਮਾਏਗਾ ਕਿ ਤੁਹਾਡਾ ਸਾਰਿਆਂ ਦਾ ਟਿਕਾਣਾ ਨਰਕ ਹੇ, ਜਿੱਥੇ ਤੁਸੀਂ ਸਦਾ ਰਹੋਗੇ, ਹਾਂ ਜੇ ਅੱਲਾਹ ਨੂੰ ਹੀ (ਤੁਹਾਡੀ ਰਿਹਾਈ) ਮਨਜ਼ੂਰ ਹੋਵੇ ਤਾਂ ਗੱਲ ਵੱਖਰੀ ਹੇ। ਬੇਸ਼ੱਕ ਤੁਹਾਡਾ ਰੱਬ ਵੱਡੀਆਂ ਹਿਕਮਤਾਂ ਵਾਲਾ ਅਤੇ ਗਿਆਨ ਵਾਲਾ ਹੇ।

129਼ ਇਸ ਪ੍ਰਕਾਰ ਅਸੀਂ (ਆਖ਼ਿਰਤ ਵਿਚ) ਕੁੱਝ ਜ਼ਾਲਮਾਂ ਨੂੰ ਦੂਜੇ (ਜ਼ਾਲਮਾਂ) ਦਾ ਸਾਥੀ ਬਣਾਵਾਗੇ ਇਹ ਸਭ ਉਹਨਾਂ ਦੀਆਂ ਕਰਤੂਤਾਂ ਕਾਰਨ ਹੀ ਹੋਵੇਗਾ।

130਼ ਹੇ ਜਿੰਨੋ ਤੇ ਮਨੁੱਖਾਂ ਦੀ ਟੋਲੀਓ! ਕੀ ਤੁਹਾਡੇ ਕੋਲ ਤੁਹਾਡੇ ਹੀ ਵਿੱਚੋਂ ਪੈਗ਼ੰਬਰ ਨਹੀਂ ਆਏ ਸਨ ਜੋ ਤੁਹਾਨੂੰ ਮੇਰੇ ਆਦੇਸ਼ ਸੁਣਾਉਂਦੇ ਸਨ ਅਤੇ ਤੁਹਾਨੂੰ ਇਸ (ਕਿਆਮਤ ਦੇ) ਦਿਨ ਦੀ ਮਿਲਣੀ ਤੋਂ ਡਰਾਉਂਦੇ ਸਨ? ਉਹ ਆਖਣਗੇ ਕਿ ਅਸੀਂ ਇਸ ਗੱਲ ਨੂੰ ਮੰਨਦੇ ਹਾਂ। ਉਹਨਾਂ ਨੂੰ ਸੰਸਾਰਿਕ ਜੀਵਨ ਨੇ ਭੁਲੇਖੇ ਵਿਚ ਪਾ ਰੱਖਿਆ ਸੀ। ਇਹ ਲੋਕ ਆਪ ਆਪਣੇ ਵਿਰੁੱਧ ਗਵਾਹੀ ਦੇਣਗੇ ਕਿ ਉਹ ਇਨਕਾਰੀ ਸਨ।

131਼ ਇਹ ਰਸੂਲ ਇਸ ਲਈ ਭੇਜੇ ਗਏ ਕਿ ਤੁਹਾਡਾ ਰੱਬ ਕਿਸੇ ਵੀ ਬਸਤੀ ਨੂ ਜ਼ੁਲਮ ਕਾਰਨ ਉਦੋਂ ਤਕ ਹਲਾਕ ਨਹੀਂ ਕਰਦਾ ਜਦੋਂ ਤਕ ਉਸ ਦੇ ਵਸਨੀਕ ਹਕੀਕਤ ਤੋਂ ਅਣਜਾਨ ਹਨ।

132਼ ਹਰ ਇਕ ਨੂ ਉਹਨਾਂ ਦੇ ਕਰਮਾਂ ਅਨੁਸਾਰ (ਆਖ਼ਿਰਤ ਵਿਚ) ਦਰਜੇ ਮਿਲਣਗੇ ਅਤੇ ਤੁਹਾਡਾ ਰੱਬ ਉਹਨਾਂ ਦੇ ਅਮਲਾਂ ਤੋਂ ਬੇਖ਼ਬਰ ਨਹੀਂ ਹੇ।

133਼ ਅਤੇ ਤੁਹਾਡਾ ਰੱਬ ਕਿਸੇ ਦਾ ਮੁਥਾਜ ਨਹੀਂ ਸਗੋਂ ਮਿਹਰਾਂ ਕਰਦਾ ਹੇ। ਜੇ ਉਹ ਚਾਹਵੇ ਤਾਂ ਤੁਹਾਨੂੰ ਸਭ ਨੂੰ ਚੁੱਕ ਲਵੇ (ਭਾਵ ਖ਼ਤਮ ਕਰ ਦੇਵੇ) ਅਤੇ ਤੁਹਾਥੋਂ ਬਾਅਦ ਜਿਸ ਨੂੰ ਚਾਹੇ ਤੁਹਾਡਾ ਉੱਤਰ-ਅਧਿਕਾਰੀ ਬਣਾ ਦੇਵੇ ਜਿਵੇਂ ਉਸ ਨੇ ਤੁਹਾਨੂੰ ਦੂਜੀ ਕੌਮ ਦੀ ਨਸਲ ਵਿੱਚੋਂ ਪੈਦਾ ਕੀਤਾ ਹੇ।

134਼ ਜਿਸ ਚੀਜ਼ ਕਿਆਮਤ ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾ ਰਿਹਾ ਹੇ ਉਹ ਲਾਜ਼ਮੀ ਆਉਣ ਵਾਲੀ ਸ਼ੈਅ ਹੇੈ। ਤੁਸੀਂ (ਅੱਲਾਹ ਨੂੰ) ਆਜਿਜ਼ ਭਾਵ ਬੇਵਸ ਨਹੀਂ ਕਰ ਸਕਦੇ।

135਼ (ਹੇ ਨਬੀ!) ਤੁਸੀਂ ਕਹਿ ਦਿਓ ਕਿ ਹੇ ਮੇਰੀ ਕੌਮ! ਤੁਸੀਂ ਆਪਣਾ ਕੰਮ ਕਰਦੇ ਰਹੋ ਮੈਂ ਆਪਣਾ ਕੰਮ ਕਰ ਰਿਹਾ ਹਾਂ। ਤੁਹਾਨੂੰ ਛੇਤੀ ਹੀ ਪਤਾ ਲੱਗ ਜਾਵੇਗਾ ਕਿ ਇਸ ਆਖ਼ਿਰਤ ਦਾ ਅੰਤ ਕਿਸ ਲਈ ਚੰਗਾ ਹੈ। ਇਹ ਗੱਲ ਸੱਚ ਹੈ ਕਿ ਜ਼ਾਲਮਾਂ ਨੂੰ ਕਦੇ ਵੀ ਕਾਮਯਾਬੀ ਨਹੀਂ ਮਿਲਦੀ।

136਼ ਅੱਲਾਹ ਨੇ ਜੋ ਵੀ ਖੇਤੀ ਅਤੇ ਪਸ਼ੂਆਂ ਦੇ ਰੂਪ ਵਿਚ ਪੈਦਾ ਕੀਤਾ ਹੈ ਇਹਨਾਂ ਲੋਕਾਂ ਨੇ ਆਪਣੇ ਗੁਮਾਨ ਅਨੁਸਾਰ ਉਹਨਾਂ ਵਿੱਚੋਂ ਕੁੱਝ ਹਿੱਸਾ ਅੱਲਾਹ ਲਈ ਨਿਸ਼ਚਿਤ ਕੀਤਾ ਹੈ ਅਤੇ ਆਖਦੇ ਹਨ ਕਿ ਇਹ ਅੱਲਾਹ ਲਈ ਹੈ ਅਤੇ ਇਹ ਸਾਡੇ ਇਸ਼ਟਾਂ ਲਈ ਹੈ, ਫਿਰ ਜਿਹੜਾ ਹਿੱਸਾ ਉਹਨਾਂ ਦੇ ਇਸ਼ਟਾਂ ਦਾ ਹੁੰਦਾ ਹੈ ਉਹ ਤਾਂ ਅੱਲਾਹ ਕੋਲ ਨਹੀਂ ਪੁੱਜਦਾ ਪਰ ਜਿਹੜਾ ਅੱਲਾਹ ਦਾ ਹਿੱਸਾ ਹੁੰਦਾ ਹੈ ਉਹ ਉਹਨਾਂ ਦੇ ਇਸ਼ਟਾਂ ਨੂੰ ਮਿਲ ਜਾਂਦਾ ਹੈ। ਕਿੰਨੀ ਬੇਇਨਸਾਫ਼ੀ ਦੇ ਫ਼ੈਸਲੇ ਕਰਦੇ ਹਨ!

137਼ ਇਸੇ ਤਰ੍ਹਾਂ ਬਹੁਤ ਸਾਰੇ ਮੁਸ਼ਰਿਕਾਂ ਲਈ ਉਹਨਾਂ ਦੀ ਸੰਤਾਨ ਦਾ ਕਤਲ ਕਰਨਾ ਉਹਨਾਂ ਦੇ ਸ਼ਰੀਕਾਂ ਨੇ ਸੋਹਣਾ ਬਣਾ ਛੱਡਿਆ ਹੈ ਤਾਂ ਜੋ ਉਹਨਾਂ ਨੂੰ ਬਰਬਾਦ ਕਰ ਦੇਣ ਅਤੇ ਉਹਨਾਂ ਦੇ ਧਰਮ ਨੂੰ ਸ਼ੱਕ-ਸ਼ੁਬਹ ਵਿਚ ਪਾ ਦੇਣ। ਜੇ ਅੱਲਾਹ ਨੂੰ ਮਨਜ਼ੂਰ ਹੁੰਦਾ ਤਾਂ ਇਹ ਇੰਜ ਨਾ ਕਰਦੇ। ਸੋ ਤੁਸੀਂ (ਹੇ ਨਬੀ!) ਇਹਨਾਂ ਨੂੰ ਅਤੇ ਇਨ੍ਹਾਂ ਦੇ ਝੂਠ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿਓ।

138਼ ਉਹ ਇਹ ਵੀ ਵਿਚਾਰ ਰੱਖਦੇ ਹਨ ਕਿ ਇਹ ਡੰਗਰ-ਪਸ਼ੂ ਅਤੇ ਖੇਤੀਆਂ (ਨੂੰ ਖਾਣਾ) ਮਨ੍ਹਾ ਹੈ, ਇਹਨਾਂ ਨੂੰ ਕੇਵਲ ਉਹੀਓ ਖਾ ਸਕਦਾ ਹੈ ਜਿਸ ਨੂੰ ਅਸੀਂ ਚਾਹੀਏ। ਫੇਰ ਕੁੱਝ ਜਾਨਵਰ ਹਨ ਜਿਨ੍ਹਾਂ ਉੱਤੇ ਸਵਾਰੀ ਕਰਨੀ ਹਰਾਮ ਕਰ ਦਿੱਤੀ ਗਈ ਹੈ ਅਤੇ ਕੁੱਝ ਜਾਨਵਰ ਅਜਿਹੇ ਹਨ ਜਿਨ੍ਹਾਂ ਉੱਤੇ (ਜ਼ਿਬਹ ਕਰਦੇ ਹੋਏ) ਅੱਲਾਹ ਦਾ ਨਾਂ ਨਹੀਂ ਲੈਂਦੇ। ਇਹ ਸਭ ਉਹਨਾਂ ਨੇ ਅੱਲਾਹ ਦੇ ਨਾਂ ’ਤੇ ਝੂਠ ਘੜ੍ਹਿਆ ਹੈ ਅਤੇ ਉਹ ਛੇਤੀ ਹੀ ਉਹਨਾਂ ਨੂੰ ਇਸ ਝੂਠ ਘੜ੍ਹਣ ਦੀ ਸਜ਼ਾ ਦੇਵੇਗਾ।

139਼ ਉਹ (ਮੁਸ਼ਰਿਕ) ਆਖਦੇ ਹਨ ਕਿ ਜਿਹੜੀ ਚੀਜ਼ ਇਹਨਾਂ ਹਰਾਮ (ਕੀਤੇ ਹੋਏ) ਜਾਨਵਰਾਂ ਦੇ ਗਰਭ ਵਿਚ ਹੈ, ਉਹ ਖ਼ਾਸ ਸਾਡੇ ਮਰਦਾਂ ਲਈ ਹੈ ਅਤੇ ਔਰਤਾਂ ਲਈ ਹਰਾਮ ਹੈ। ਜੇ ਉਹ ਮੁਰਦਾ ਬੱਚਾ ਹੋਵੇ ਤਾਂ ਦੋਵੇਂ ਉਸ ਦੇ ਖਾਣ ਵਿਚ ਸਾਰੇ ਬਰਾਬਰ ਹਨ। ਛੇਤੀ ਹੀ ਅੱਲਾਹ ਇਹਨਾਂ ਨੂੰ ਇਹਨਾਂ ਦੀਆਂ ਮਨ ਘੜਤ ਗੱਲਾਂ ਦਾ ਬਦਲਾ ਦੇਵੇਗਾ। ਬੇਸ਼ੱਕ ਉਹ ਹਿਕਮਤ ਵਾਲਾ ਅਤੇ ਸਾਰੀਆਂ ਗੱਲਾਂ ਦੀ ਖ਼ਬਰ ਰੱਖਦਾ ਹੈ।

140਼ ਜ਼ਰੂਰ ਹੀ ਉਹ ਲੋਕ ਘਾਟੇ ਵਿਚ ਹਨ ਜਿਹੜੇ ਆਪਣੀ ਔਲਾਦ ਨੂੰ ਮੂਰਖਤਾ ਅਤੇ ਅਗਿਆਨਤਾ ਕਾਰਨ ਕਤਲ ਕਰ ਦਿੰਦੇ ਹਨ ਅਤੇ ਜਿਹੜਾ ਰਿਜ਼ਕ ਅੱਲਾਹ ਨੇ ਉਹਨਾਂ ਨੂੰ (ਖਾਣ-ਪੀਣ ਲਈ) ਬਖ਼ਸ਼ਿਆ ਹੈ, ਅੱਲਾਹ ਉੱਤੇ ਝੂਠ ਮੜ੍ਹ ਕੇ ਉਸ ਨੂੰ ਹਰਾਮ ਬਣਾ ਲੈਂਦੇ ਹਨ। ਬੇਸ਼ੱਕ ਇਹ ਲੋਕੀ ਗੁਮਰਾਹੀ ਵਿਚ ਜਾ ਪਏ ਅਤੇ ਹੁਣ ਉਹ ਸਿੱਧੇ ਰਸਤੇ ਨਹੀਂ ਆਉਣਗੇ।

141਼ ਅਤੇ ਉਹੀਓ ਹੈ ਜਿਸ ਨੇ ਛੱਪਰਾਂ ’ਤੇ ਚਾੜ੍ਹੇ ਹੋਏ ਅਤੇ ਬਿਨਾਂ ਛੱਪਰਾਂ ’ਤੇ ਚਾੜ੍ਹੇ ਬਾਗ਼ ਪੈਦਾ ਕੀਤੇ। ਖਜੂਰਾਂ ਤੇ (ਦੂਜੇ ਫਲਾਂ ਦੀਆਂ) ਫ਼ਸਲਾਂ ਉਗਾਈਆਂ, ਇਹਨਾਂ ਦੇ ਫਲਾਂ ਦਾ ਸੁਆਦ ਵੱਖੋ-ਵੱਖ ਹੁੰਦਾ ਹੈ। ਜ਼ੈਤੂਨ ਤੇ ਅਨਾਰ ਪੈਦਾ ਕੀਤੇ ਜਿਹੜੇ ਵੇਖਣ ਵਿਚ ਰਲਦੇ-ਮਿਲਦੇ ਹੁੰਦੇ ਹਨ ਤੇ ਸੁਆਦ ਵਿਚ ਵੱਖਰੇ। ਜਦੋਂ ਇਹਨਾਂ (ਰੁੱਖਾਂ) ’ਤੇ ਫਲ ਆਉਣ ਤਾਂ ਤੁਸੀਂ ਇਹਨਾਂ ਦੇ ਫਲ ਖਾਓ। ਇਹਨਾਂ ਫਲਾਂ ਦੀ ਵਾਢੀ ਸਮੇਂ ਅੱਲਾਹ ਦਾ ਹੱਕ ਅਦਾ ਕਰੋ। ਫ਼ਜ਼ੂਲ ਖ਼ਰਚੀ ਨਾ ਕਰੋ, ਬੇਸ਼ੱਕ ਅੱਲਾਹ ਫ਼ਜ਼ੂਲ ਖ਼ਰਚੀ (ਲੋੜ ਤੋਂ ਵੱਧ ਖ਼ਰਚ) ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।

142਼ ਉਸੇ ਨੇ ਭਾਰ ਦੀ ਢੋਆ-ਢੁਆਈ ਲਈ ਛੋਟੇ ਕੱਦ ਦੇ ਜਾਨਵਰ ਪੈਦਾ ਕੀਤੇ। ਅੱਲਾਹ ਨੇ ਤੁਹਾਨੂੰ ਜਿਹੜਾ ਰਿਜ਼ਕ ਬਖ਼ਸ਼ਿਆ ਹੈ ਉਸ ਵਿੱਚੋਂ ਖਾਓ ਅਤੇ ਸ਼ੈਤਾਨ ਦੀ ਪੈਰਵੀ ਨਾ ਕਰੋ, ਕਿਉਂ ਜੋ ਉਹ ਤੁਹਾਡਾ ਵੈਰੀ ਹੈ।

143਼ ਇਹ ਅੱਠ ਪ੍ਰਕਾਰ ਦੇ ਨਰ ਤੇ ਮਦੀਨ ਹਨ, ਦੋ ਭੇਡ ਦੀ ਨਸਲੋਂ ਅਤੇ ਦੋ ਬਕਰੀ ਦੀ ਨਸਲ ਵਿੱਚੋਂ। (ਹੇ ਨਬੀ!) ਤੁਸੀਂ ਇਹਨਾਂ ਤੋਂ ਪੁੱਛੋ, ਕੀ ਦੋਵਾਂ ਦੇ ਨਰ ਹਰਾਮ ਕੀਤੇ ਹਨ ਜਾਂ ਮਦੀਨ ਜਾਂ ਉਹ ਬੱਚੇ ਜਿਹੜੇ ਦੋਵੇਂ (ਨਸਲਾਂ) ਦੇ ਮਦੀਨ ਦੇ ਢਿੱਡਾਂ ਵਿਚ ਹਨ? ਜੇ ਤੁਸੀਂ ਸੱਚੇ ਹੋ ਤਾਂ ਮੈਨੂੰ ਸ਼ੁੱਧ ਗਿਆਨ ਸਹਿਤ ਦੱਸੋ।

144਼ ਦੋ ਨਸਲਾਂ ਊਂਠ ਦੀਆਂ ਅਤੇ ਦੋ ਹੀ ਗਊ ਦੀਆਂ ਹਨ।1 (ਹੇ ਨਬੀ!) ਰਤਾ ਪੂੱਛੋ, ਕੀ ਅੱਲਾਹ ਨੇ ਦੋਵਾਂ ਦੇ ਨਰ ਹਰਾਮ ਕੀਤੇ ਹਨ ਜਾਂ ਦੋਵਾਂ ਦੇ ਮਦੀਨ ਜਾਂ ਉਹ ਬੱਚੇ ਜਿਹੜੇ ਦੋਵਾਂ ਮਦੀਨ ਦੇ ਢਿੱਡਾਂ ਵਿਚ ਹਨ? ਕੀ ਉਸ ਸਮੇਂ ਤੁਸੀਂ ਹਾਜ਼ਰ ਸੀ ਜਦੋਂ ਅੱਲਾਹ ਤੁਹਾਨੂੰ ਹੁਕਮ ਦੇ ਰਿਹਾ ਸੀ? ਇਸ ਤੋਂ ਵੱਡਾ ਜ਼ਾਲਮ ਕੌੌਣ ਹੋਵਗਾ ਜਿਹੜਾ ਅੱਲਾਹ ਦੇ ਸਿਰ ਬਿਨਾਂ ਕਿਸੇ ਦਲੀਲ ਤੋਂ ਝੂਠ ਮੜ੍ਹੇ ਤਾਂ ਜੋ ਲੋਕਾਂ ਨੂੰ ਇਹ ਬਿਨਾਂ ਗਿਆਨ ਤੋਂ ਗੁਮਰਾਹ ਕਰ ਸਕੇ। ਬੇਸ਼ੱਕ ਜ਼ਾਲਮਾਂ ਨੂੰ ਅੱਲਾਹ ਸਿੱਧੀ ਰਾਹ ਨਹੀਂ ਵਿਖਾਉਂਦਾ।

145਼ (ਹੇ ਨਬੀ!) ਤੁਸੀਂ ਕਹੋ ਕਿ ਜੋ ਵੀ ਵਹੀ (ਰੱਬੀ ਆਦੇਸ਼) ਮੇਰੇ ਵੱਲ ਆਈ ਹੈ ਮੈਂ ਇਸ ਵਿੱਚੋਂ ਕੁੱਝ ਵੀ ਅਜਿਹਾ ਨਹੀਂ ਵੇਖਦਾ ਜੋ ਕਿਸੇ ਖਾਣ ਵਾਲੇ ਲਈ, ਜੋਵੀ ਉਸ ਨੂੰ ਖਾਏ, ਹਰਾਮ ਹੋਵੇ ਪਰ ਹਾਂ! ਮੁਰਦਾਰ, ਵਗਦਾ ਖ਼ੂਨ, ਸੂਰ ਦਾ ਮਾਸ ਕਿਉਂ ਜੋ ਇਹ ਨਾ-ਪਾਕ ਹਨ (ਇਸ ਲਈ ਇਹ ਹਰਾਮ ਹਨ) ਜਾਂ ਉਹ ਜਾਨਵਰ ਜਿਸ ’ਤੇ ਜ਼ਿਬਹ ਕਰਦੇ ਸਮੇਂ ਛੁੱਟ ਅੱਲਾਹ ਤੋਂ ਕਿਸੇ ਹੋਰ ਦਾ ਨਾਂ ਲਿਆ ਗਿਆ ਹੋਵੇ। ਫੇਰ ਜੇ ਕੋਈ ਵਿਅਕਤੀ (ਭੁੱਖ ਤੋਂ) ਮਜਬੂਰ ਹੋ ਜਾਵੇ ਪਰ ਉਹ ਨਾ-ਫ਼ਰਮਾਨ ਤੇ (ਸ਼ਰੀਅਤ ਦੀਆਂ) ਸੀਮਾਵਾਂ ਟੱਪਣ ਵਾਲਾ ਨਾ ਹੋਵੇ (ਜੇ ਅਜਿਹਾ ਵਿਅਕਤੀ ਹਰਾਮ ਖਾ ਲਵੇ) ਤਾਂ ਬੇਸ਼ੱਕ ਤੁਹਾਡਾ ਰੱਬ ਅਤਿ ਬਖ਼ਸ਼ਣਹਾਰ ਤੇ ਰਹਿਮ ਵਾਲਾ ਹੈ।

146਼ ਯਹੂਦੀਆਂ ਲਈ ਅਸੀਂ ਸਾਰੇ ਹੀ ਨੌਹਾਂ ਵਾਲੇ ਜਾਨਵਰ ਹਰਾਮ ਕੀਤੇ ਸੀ ਅਤੇ ਗਊ ਤੇ ਬਕਰੀਆਂ ਦੀ ਚਰਬੀ ਵੀ ਉਹਨਾਂ ਲਈ ਹਰਾਮ ਕੀਤਾ ਸੀ, ਛੁੱਟ ਉਸ ਚਰਬੀ ਤੋਂ ਜਿਹੜੀ ਉਹਨਾਂ ਦੀਆਂ ਪਿੱਠਾਂ ਜਾਂ ਆਂਤੜੀਆਂ ਜਾਂ ਹੱਡੀ ਨਾਲ ਚਿੰਬੜੀ ਰਹਿ ਜਾਵੇ। ਅਸੀਂ ਉਹਨਾਂ ਨੂੰ ਇਹ ਸਜ਼ਾ ਉਹਨਾਂ ਦੀਆਂ ਨਾ-ਫ਼ਰਮਾਨੀਆਂ ਕਾਰਨ ਦਿੱਤੀ ਸੀ।

147਼ (ਹੇ ਨਬੀ!) ਜੇ ਇਹ ਤੁਹਾਨੂੰ ਝੂਠਾ ਕਹਿਣ ਤਾਂ ਤੁਸੀਂ ਇਹਨਾਂ ਨੂੰ ਆਖੋ ਕਿ ਤੁਹਾਡਾ ਰੱਬ ਬਹੁਤ ਹੀ ਖੁੱਲ੍ਹੀ-ਡੁੱਲ੍ਹੀ ਰਹਿਮਤ ਵਾਲਾ ਹੈ ਅਤੇ ਉਸ ਦਾ ਅਜ਼ਾਬ ਅਪਰਾਧੀਆਂ ਤੋਂ ਟਲਿਆ ਨਹੀਂ ਕਰਦਾ।

148਼ ਛੇਤੀ ਹੀ ਇਹ ਮੁਸ਼ਰਿਕ ਆਖਣਗੇ ਕਿ ਜੇ ਅੱਲਾਹ ਨੂੰ ਮਨਜ਼ੂਰ ਹੁੰਦਾ ਤਾਂ ਨਾ ਅਸੀਂ ਸ਼ਿਰਕ ਕਰਦੇ ਅਤੇ ਨਾ ਹੀ ਸਾਡੇ ਬਾਪ ਦਾਦਾ ਅਤੇ ਨਾ ਹੀ ਅਸੀਂ ਕਿਸੇ ਚੀਜ਼ ਨੂੰ ਹਰਾਮ ਕਹਿੰਦੇ। ਇਸੇ ਪ੍ਰਕਾਰ ਜਿਹੜੇ ਲੋਕੀ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ ਉਹਨਾਂ ਨੇ ਵੀ (ਨਬੀਆਂ ਨੂੰ) ਝੁਠਲਾਇਆ ਸੀ ਇੱਥੋਂ ਤਕ ਕਿ ਉਹਨਾਂ ਨੇ ਸਾਡੇ ਅਜ਼ਾਬ ਦਾ ਸੁਆਦ ਲੈ ਲਿਆ। ਤੁਸੀਂ ਕਹੋ ਕਿ ਤੁਹਾਡੇ ਕੋਲ ਜੇ ਕੋਈ ਦਲੀਲ ਹੈ ਤਾਂ ਸਾਡੇ ਸਾਹਮਣੇ ਹਾਜ਼ਰ ਕਰੋ। ਤੁਸੀਂ ਲੋਕ ਕੇਵਲ ਖ਼ਿਆਲੀ ਗੱਲਾਂ ’ਤੇ ਚੱਲ ਰਹੇ ਹੋ ਅਤੇ ਤੁਸੀਂ ਬਿਲਕੁਲ ਹੀ ਬੇਤੁਕੀਆਂ ਗੱਲਾਂ ਤੋਂ ਕੰਮ ਲੈਂਦੇ ਹੋ।

149਼ (ਹੇ ਨਬੀ!) ਤੁਸੀਂ ਆਖੋ ਕਿ ਸੱਚੀ ਦਲੀਲ ਤਾਂ ਅੱਲਾਹ ਦੀ ਹੀ ਹੈ ਫਿਰ ਜੇ ਉਹ ਚਾਹੁੰਦਾ ਤਾਂ ਤੁਹਾਨੂੰ ਸਾਰਿਆਂ ਨੂੰ ਸਿੱਧੇ ਰਸਤੇ ਪਾ ਦਿੰਦਾਂ।

150਼ (ਹੇ ਨਬੀ!) ਤੁਸੀਂ ਇਹਨਾਂ ਨੂੰ ਆਖੋ ਕਿ ਤੁਸੀਂ ਆਪਣੇ ਉਹਨਾਂ ਗਵਾਹਾਂ ਨੂੰ ਲੈ ਆਓ ਜਿਹੜੇ ਇਸ ਗੱਲ ਦੀ ਗਵਾਹੀ ਦੇਣ ਕਿ ਅੱਲਾਹ ਨੇ ਇਹਨਾਂ ਚੀਜ਼ਾਂ ਨੂੰ ਹਰਾਮ ਕੀਤਾ ਹੈ। ਜੇ ਉਹ ਗਵਾਹੀ ਦੇਣ ਤਾਂ ਵੀ ਤੁਸੀਂ ਗਵਾਹੀ ਨਾ ਦਿਓ ਅਤੇ ਨਾ ਹੀ ਅਜਿਹੇ ਝੂਠੇ ਵਿਚਾਰਾਂ ਵਾਲੇ ਲੋਕਾਂ ਦੀ ਪੈਰਵੀ ਕਰੋ, ਜਿਹੜੇ ਸਾਡੀਆਂ ਆਇਤਾਂ ਦਾ ਇਨਕਾਰ ਕਰਦੇ ਹਨ, ਨਾ ਹੀ ਆਖ਼ਿਰਤ ’ਤੇ ਈਮਾਨ ਰੱਖਦੇ ਹਨ ਅਤੇ ਦੂਜਿਆਂ ਨੂੰ ਆਪਣੇ ਰੱਬ ਦਾ ਭਾਈਭਾਲ ਬਣਾਉਂਦੇ ਹਨ।

151਼ (ਹੇ ਨਬੀ!) ਤੁਸੀਂ (ਮੁਸ਼ਰਿਕਾਂ ਤੇ ਕਾਫ਼ਿਰਾਂ ਨੂੰ) ਆਖੋ ਕਿ ਆਓ ਮੈਂ ਤੁਹਾਨੂੰ ਉਹ ਚੀਜ਼ਾਂ ਪੜ੍ਹ ਕੇ ਸੁਣਾਵਾਂ ਜਿਨ੍ਹਾਂ ਨੂੰ ਤੁਹਾਡੇ ਰੱਬ ਨੇ ਤੁਹਾਡੇ ਲਈ ਹਰਾਮ ਕੀਤਾ ਹੈ ਉਹ ਇਹ ਹੈ ਕਿ ਉਸ ਦੇ ਨਾਲ ਕਿਸੇ ਚੀਜ਼ ਨੂੰ ਸ਼ਰੀਕ ਨਾ ਕਰੋ, ਮਾਂ-ਬਾਪ ਨਾਲ ਇਹਸਾਨ (ਵਧੀਆ ਵਰਤਾਓ) ਕਰੋ, ਗ਼ਰੀਬੀ ਤੋਂ ਡਰਦੇ ਹੋਏ ਆਪਣੀ ਔਲਾਦ ਨੂੰ ਕਤਲ ਨਾ ਕਰੋ, ਅਸੀਂ ਤੁਹਾਨੂੰ ਵੀ ਅਤੇ ਉਹਨਾਂ (ਬੱਚਿਆਂ) ਨੂੰ ਵੀ ਰਿਜ਼ਕ ਦਿੰਦੇ ਹਾਂ, ਅਸ਼ਲੀਲਤਾ ਦੇ ਨੇੜੇ ਵੀ ਨਾ ਜਾਓ, ਭਾਵੇਂ ਉਹ ਗੁਪਤ ਹੈ ਜਾਂ ਖੁੱਲ੍ਹੇ ਆਮ ਹੈ, ਜਿਸ ਦਾ ਕਤਲ ਕਰਨਾ ਅੱਲਾਹ ਨੇ ਹਰਾਮ ਕੀਤਾ ਹੈ ਉਸ ਨੂੰ ਕਤਲ ਨਾ ਕਰੋ ਛੁੱਟ ਉਸ ਤੋਂ ਜਿਸਦਾ ਕਤਲ ਕਰਨਾ ਹੱਕ ਹੋਵੇ। ਇਹ ਉਹ ਗਲਾਂ ਹਨ ਜਿਨ੍ਹਾਂ ਦਾ ਹੁਕਮ ਤੁਹਾਨੂੰ ਦਿੱਤਾ ਜਾਂਦਾ ਹੈ ਤਾਂ ਜੋ ਤੁਸੀਂ ਸੂਝ ਬੂਝ ਤੋਂ ਕੰਮ ਲਵੋਂ।

152਼ ਯਤੀਮ ਦੇ ਮਾਲ ਦੇ ਨੇੜੇ ਵੀ ਨਾਂ ਜਾਓ ਪਰ ਅਜਿਹੇ ਤਰੀਕੇ ਨਾਲ ਜਾਓ ਜਿਹੜਾ ਸਭ ਤੋਂ ਵਧੀਆ ਹੈ, ਇੱਥੋਂ ਤਕ ਕਿ ਉਹ ਆਪਣੀ ਜਵਾਨੀ ਦੀ ਉਮਰ ਨੂੰ ਪੁੱਜ ਜਾਣ। ਨਾਪ-ਤੋਲ ਵਿਚ ਇਨਸਾਫ਼ ਕਰੋ। ਅਸੀਂ ਕਿਸੇ ਵਿਅਕਤੀ ਉੱਤੇ ਉਸ ਦੀ ਸਮਰਥਾ ਤੋਂ ਵੱਧ ਜ਼ਿੰਮੇਵਾਰ ਨਹੀਂ ਪਾਉਂਦੇ। ਜਦੋਂ ਕੋਈ ਵੀ ਗੱਲ (ਫ਼ੈਸਲਾ) ਕਰੋ ਤਾਂ ਇਨਸਾਫ਼ ਦਾ ਹੀ ਕਰੋ ਭਾਵੇਂ ਉਹ (ਮਾਮਲਾ ਤੁਹਾਡੇ) ਸਕੇ-ਸੰਬੰਧੀ ਦਾ ਹੋਵੇ। ਅੱਲਾਹ ਨਾਲ ਕੀਤੇ ਵਚਨਾਂ ਨੂੰ ਪੂਰਾ ਕਰੋ। ਇਹਨਾਂ (ਗੱਲਾਂ) ਦਾ ਅੱਲਾਹ ਨੇ ਤੁਹਾਨੂੰ ਕਰਨ ਲਈ ਹੁਕਮ ਦਿੱਤਾ ਹੈ ਤਾਂ ਜੋ ਤੁਸੀਂ ਯਾਦ ਰੱਖੋ।

153਼ (ਅਤੇ ਇਹ ਵੀ ਹੁਕਮ ਦਿੱਤਾ ਹੈ) ਕਿ ਇਹ (ਦੀਨ ਇਸਲਾਮ) ਮੇਰੀ ਰਾਹ ਹੈ ਜਿਹੜਾ ਸਿੱਧਾ ਹੈ, ਸੋ ਤੁਸੀਂ ਇਸੇ ਰਾਹ ’ਤੇ ਚੱਲੋ ਅਤੇ ਦੂਜੀਆਂ ਰਾਹਾਂ ’ਤੇ ਨਾ ਤੁਰੋ, ਉਹ ਰਾਹਾਂ ਤੁਹਾਨੂੰ ਅੱਲਾਹ ਤੋਂ ਜੁਦਾ ਕਰ ਦੇਣਗੀਆਂ। ਅੱਲਾਹ ਨੇ ਤੁਹਾਨੂੰ ਇਸ ਦਾ ਆਦੇਸ਼ ਦਿੱਤਾ ਹੈ ਤਾਂ ਜੋ ਤੁਸੀਂ ਬੁਰਾਈਆਂ ਤੋਂ ਬਚ ਸਕੋ।

154਼ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਇਸ ਲਈ ਦਿੱਤੀ ਸੀ ਕਿ ਚੰਗੇ ਕਰਮ ਕਰਨ ਵਾਲਿਆਂ ਉੱਤੇ ਮੇਰੀਆਂ ਨਿਅਮਤਾਂ ਪੂਰੀਆਂ ਹੋਣ ਅਤੇ ਹਰ ਗੱਲ ਦੀ ਵਿਸਥਾਰ ਨਾਲ ਚਰਚਾ ਕਰਨ ਲਈ ਇਹ ਹਿਦਾਇਤ ਅਤੇ ਰਹਿਮਤਾਂ ਦਾ ਸਾਧਨ ਹੈ। ਤਾਂ ਜੋ ਉਹ ਲੋਕ ਆਪਣੇ ਰੱਬ ਨਾਲ ਮੁਲਾਕਾਤ ਦਾ ਯਕੀਨ ਕਰ ਲੈਣ।

155਼ ਅਤੇ ਇਹ (.ਕੁਰਆਨ) ਇਕ ਉੱਚ ਕੋਟੀ ਦੀ ਕਿਤਾਬ ਹੈ ਜਿਸ ਨੂੰ ਅਸੀਂ ਨਾਜ਼ਿਲ ਕੀਤਾ ਹੈ। ਇਹ ਬਰਕਤਾਂ ਵਾਲੀ ਹੈ। ਸੋ ਤੁਸੀਂ ਇਸੇ ਦੀ ਪੈਰਵੀ ਕਰੋ ਅਤੇ ਪਰਹੇਜ਼ਗਾਰ ਬਣੋ ਤਾਂ ਜੋ ਤੁਹਾਡੇ ’ਤੇ ਮਿਹਰਾਂ ਕੀਤੀਆਂ ਜਾਣ।

156਼ ਤਾਂ ਜੋ ਤੁਸੀਂ ਇਹ ਨਾ ਕਹਿ ਸਕੋਂ ਕਿ ਕਿਤਾਬ ਤਾਂ ਸਾਥੋਂ ਪਹਿਲੇ ਦੋ ਫ਼ਿਰਕਿਆਂ (ਯਹੂਦੀ ਤੇ ਈਸਾਈ) ਉੱਤੇ ਹੀ ਉਤਾਰੀ ਗਈ ਸੀ ਅਤੇ ਅਸੀਂ ਤਾਂ ਉਹਨਾਂ ਦੇ ਪੜ੍ਹਣ ਪੜ੍ਹਾਉਣ ਤੋਂ ਬੇਖ਼ਬਰ ਸੀ।

157਼ ਜਾਂ ਤੁਸੀਂ (ਇਹ ਨਾ ਕਹੋ) ਕਿ ਜੇ ਸਾਡੇ ਉੱਤੇ ਕੋਈ ਕਿਤਾਬ ਨਾਜ਼ਿਲ ਹੋਈ ਹੁੰਦੀ ਤਾਂ ਅਸੀਂ ਇਹਨਾਂ ਤੋਂ ਵੀ ਕਿਤੇ ਵੱਧ ਸਿੱਧੇ ਰਸਤੇ ’ਤੇ ਹੁੰਦੇ। ਸੋ ਹੁਣ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਇਕ ਖੁੱਲੀ ਕਿਤਾਬ ਆ ਗਈ ਹੈ ਜਿਹੜੀ ਰਾਹਨੁਮਾਈ ਦਾ ਸਾਧਨ ਹੈ ਅਤੇ ਰਹਿਮਤ ਵੀ ਹੈ। ਉਸ ਵਿਅਕਤੀ ਤੋਂ ਵਧਕੇ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ਦੀਆਂ ਆਇਤਾਂ ਤੋਂ ਮੂੰਹ ਮੋੜਦਾ ਹੈ ? ਅਸੀਂ ਛੇਤੀ ਹੀ ਇਹਨਾਂ ਲੋਕਾਂ ਨੂੰ ਅਜ਼ਾਬ ਦੀ ਸ਼ਕਲ ਵਿਚ ਸਜ਼ਾ ਦੇਵਾਂਗੇ ਕਿਉਂ ਜੋ ਉਹ ਹੱਕ ਤੋਂ ਮੂੰਹ ਮੋੜਦੇ ਸਨ।

158਼ ਕੀ ਇਹ ਲੋਕ ਇਸ ਗੱਲ ਦੀ ਉਡੀਕ ਵਿਚ ਹਨ ਕਿ ਇਹਨਾਂ ਕੋਲ ਫ਼ਰਿਸ਼ਤੇ ਆਉਣ ਜਾਂ ਤੁਹਾਡਾ ਰੱਬ ਆਵੇ ਜਾਂ ਤੁਹਾਡੇ ਰੱਬ ਵੱਲੋਂ ਕੋਈ ਨਿਸ਼ਾਨੀ ਆਵੇ? ਜਿਸ ਦਿਨ ਤੁਹਾਡੇ ਰੱਬ ਵੱਲੋਂ ਕੋਈ ਵੱਡੀ ਨਿਸ਼ਾਨੀ ਆ ਜਾਵੇਗੀ ਤਾਂ ਕਿਸੇ ਵੀ ਅਜਿਹੇ ਵਿਅਕਤੀ ਦਾ ਈਮਾਨ ਉਸ ਦੇ ਕੰਮ ਨਹੀਂ ਆਵੇਗਾ ਜਿਹੜਾ ਇਸ (ਨਿਸ਼ਾਨੀ ਆਉਣ ਤੋਂ) ਪਹਿਲਾਂ ਈਮਾਨ ਨਹੀਂ ਰੱਖਦਾ ਸੀ,1 ਜਾਂ ਉਸ ਨੇ ਆਪਣੇ ਈਮਾਨ ਵਿਚ ਰਹਿੰਦੇ ਹੋਏ ਕੋਈ ਨੇਕ ਅਮਲ ਨਾ ਕੀਤਾ ਹੋਵੇ। (ਹੇ ਨਬੀ!) ਤੁਸੀਂ ਆਖੋ ਕਿ ਤੁਸੀਂ ਵੀ (ਰੱਬੀ ਫੈਸਲੇ ਦੀ) ਉਡੀਕ ਕਰੋ ਅਸੀਂ ਵੀ ਉਡੀਕ ਕਰਦੇ ਹਾਂ।

159਼ ਜਿਨ੍ਹਾਂ ਲੋਕਾਂ ਨੇ ਆਪਣੇ ਦੀਨ ਨੂੰ ਅੱਡ-ਅੱਡ ਕਰ ਰੱਖਿਆ ਹੈ ਅਤੇ ਧੜ੍ਹਿਆਂ ਵਿਚ ਵੰਡੇ ਹੋਏ ਹਨ। ਹੇ ਨਬੀ! ਤੁਹਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ, ਉਹਨਾਂ ਦਾ ਮਾਮਲਾ ਅੱਲਾਹ ਦੇ ਹਵਾਲੇ ਹੈ1 ਫੇਰ ਉਹ ਉਹਨਾਂ ਨੂੰ ਦੱਸੇਗਾ ਜਿਹੜੇ ਕੰਮ ਉਹ ਕਰਿਆ ਕਰਦੇ ਸਨ।

160਼ ਜਿਹੜਾ ਵਿਅਕਤੀ ਅੱਲਾਹ ਦੇ ਹਜ਼ੂਰ ਇਕ ਨੇਕੀ ਲੈ ਕੇ ਹਾਜ਼ਰ ਹੋਵੇਗਾ ਉਸ ਨੂੰ ਉਸ ਦਾ ਦਸ ਗੁਣਾ ਬਦਲਾ ਮਿਲੇਗਾ। ਜਿਹੜਾ ਇਕ ਬੁਰਾਈ ਕਰੇਗਾ ਉਸ ਨੂੰ ਉਸ ਦੇ ਬਰਾਬਰ ਸਜ਼ਾ ਮਿਲੇਗੀ। 2 ਕਿਸੇ ’ਤੇ ਕੋਈ ਜ਼ੁਲਮ ਨਹੀਂ ਕੀਤਾ ਜਾਵੇਗਾ।

161਼ (ਹੇ ਨਬੀ!) ਤੁਸੀਂ ਆਖੋ ਕਿ ਬੇਸ਼ੱਕ ਮੇਰੇ ਰੱਬ ਨੇ ਮੈ` ਸਿੱਧੀ ਰਾਹ ਵੱਲ ਚੱਲਣ ਦੀ ਹਿਦਾਇਤ ਦਿੱਤੀ ਹੈ ਜੋ ਕਿ ਉੱਚੀਆਂ ਕਦਰਾਂ ਵਾਲਾ ਦੀਨ ਹੈ, ਜਿਹੜਾ ਇਕ ਰੱਬ ਦੀ ਬੰਦਗੀ ਕਰਨ ਵਾਲੇ ਇਬਰਾਹੀਮ ਦਾ ਦੀਨ ਹੈ ਅਤੇ ਉਹ ਮੁਸ਼ਰਿਕਾਂ ਵਿੱਚੋਂ ਨਹੀਂ ਸੀ।

162਼ (ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰੀ ਨਮਾਜ਼, ਮੇਰੀ ਕੁਰਬਾਨੀ, ਮੇਰਾ ਜੀਨਾ ਤੇ ਮੇਰਾ ਮਰਨਾ, ਇਹ ਸਭ ਅੱਲਾਹ ਵਾਸਤੇ ਹੀ ਹੈ ਜਿਹੜਾ ਸਾਰੀ ਸਰਿਸ਼ਟੀ ਦਾ ਮਾਲਿਕ ਹੈ।

163਼ ਉਸ ਦਾ ਕੋਈ ਸਾਂਝੀ ਨਹੀਂ ਅਤੇ ਮੈਨੂੰ ਇਸੇ ਦਾ ਹੁਕਮ ਹੋਇਆ ਹੈ ਅਤੇ ਸਭ ਤੋਂ ਪਹਿਲਾਂ ਮੈਂ (ਉਸ ਦੇ ਹੁਕਮਾਂ ਨੂੰ) ਮੰਣਨ ਵਾਲਾ ਹਾਂ।

164਼ (ਹੇ ਨਬੀ!) ਤੁਸੀਂ ਕਹੋ, ਕੀ ਮੈਂ ਅੱਲਾਹ ਨੂੰ ਛੱਡ ਕੇ ਕਿਸੇ ਹੋਰ ਨੂੰ ਰੱਬ ਬਣਾਉਣ ਲਈ ਭਾਲਦਾ ਫਿਰਾਂ, ਜਦ ਕਿ ਉਹ ਹਰ ਚੀਜ਼ ਦਾ ਮਾਲਿਕ ਹੈ। ਕੋਈ ਵੀ ਵਿਅਕਤੀ ਅਜਿਹਾ (ਗੁਨਾਹ) ਨਹੀਂ ਕਮਾਉਂਦਾ ਜਿਸ ਦਾ ਬੋਝ-ਭਾਰ ਉਸੇ ’ਤੇ ਨਾ ਹੋਵੇ। ਕੋਈ ਵੀ ਭਾਰ ਚੁੱਕਣ ਵਾਲਾ ਕਿਸੇ ਦੂਜੇ ਦਾ ਭਾਰ ਨਹੀਂ ਚੁੱਕੇਗਾ। ਤੁਸੀਂ ਸਭ ਨੇ ਆਪਣੇ ਰੱਬ ਦੇ ਕੋਲ ਹੀ ਜਾਣਾ ਹੈ, ਫੇਰ ਉਹ ਤੁਹਾਨੂੰ ਦੱਸੇਗਾ ਜਿਸ ਚੀਜ਼ ਵਿਚ ਤੁਸੀਂ ਮਤਭੇਦ ਰੱਖਦੇ ਸੀ।

165਼ ਅਤੇ ਉਹੀਓ ਰੁ ਜਿਸ ਨੇ ਧਰਤੀ ’ਤੇ ਤੁਹਾਨੂੰ ਇਕ ਦੂਜੇ ਦਾ ਉੱਤਰ-ਅਧਿਕਾਰੀ ਬਣਾਇਆ ਅਤੇ ਤੁਹਾਡੇ ਵਿੱਚੋਂ ਕਈਆਂ ਨੂੰ ਉੱਚੇ ਦਰਜੇ ਬਖ਼ਸ਼ੇ ਤਾਂ ਜੋ ਉਹ ਉਹਨਾਂ ਨਿਅਮਤਾਂ ਦੁਆਰਾ ਤੁਹਾਡੀ ਪਰਖ ਕਰੇ ਜਿਹੜੀਆਂ ਉਸ ਨੇ ਤੁਹਾਨੂੰ ਬਖ਼ਸ਼ੀਆਂ ਹਨ। ਤੁਹਾਡਾ ਰੱਬ ਸਜ਼ਾ ਦੇਣ ਵਿਚ ਬਹੁਤ ਤੇਜ਼ ਹੈ ਅਤੇ ਬੇਸ਼ੱਕ ਉਹ ਅਤਿ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ਹੈ।